ਅੰਮ੍ਰਿਤਸਰ : ਪਾਕਿ ਸਰਕਾਰ ਵਲੋਂ ਪਿਛਲੇ ਕਰੀਬ 50 ਵਰ੍ਹਿਆਂ ਵਿਚ 5 ਪ੍ਰਮੁੱਖ ਸ਼ਹਿਰਾਂ ਸਮੇਤ 50 ਤੋਂ ਵਧੇਰੇ ਕਸਬਿਆਂ ਅਤੇ 400 ਦੇ ਕਰੀਬ ਹਿੰਦੂ ਸਿੱਖ ਤੇ ਅੰਗਰੇਜ਼ ਸ਼ਾਸਕਾਂ ਦੇ ਨਾਂ ਵਾਲੀਆਂ ਆਬਾਦੀਆਂ ਦੇ ਨਾਂ ਬਦਲਦਿਆਂ ਇਤਿਹਾਸ ਵਿਚ ਇਕ ਵੱਡਾ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਬਦਲੇ ਨਾਂ ਵਾਲੇ ਸ਼ਹਿਰਾਂ, ਤਹਿਸੀਲਾਂ, ਕਸਬਿਆਂ ਅਤੇ ਆਬਾਦੀਆਂ ਦੇ ਨਾਵਾਂ ਨੂੰ ਲੈ ਕੇ ਪਾਕਿਸਤਾਨੀ ਨਾਗਰਿਕ ਅਤੇ ਵਿਸ਼ੇਸ਼ ਤੌਰ ‘ਤੇ ਦੇਸ਼ ਵੀ ਵੰਡ ਦੇ ਬਾਅਦ ਸਰਹੱਦ ਦੇ ਉਸ ਪਾਰ ਤੋਂ ਹਿਜ਼ਰਤ ਕਰਕੇ ਭਾਰਤ ਆ ਕੇ ਵਸੇ ਪਰਿਵਾਰ ਭੰਬਲਭੂਸੇ ਵਿਚ ਹਨ। ਦੱਸਣਯੋਗ ਹੈ ਕਿ ਸੰਨ 1966-1977 ਦੇ ਦਰਮਿਆਨ ਪਾਕਿਸਤਾਨ ਸਰਕਾਰ ਵਲੋਂ ਖ਼ਾਲਸਾ ਰਾਜ ਅਤੇ ਉਸ ਦੇ ਬਾਅਦ ਬ੍ਰਿਟਿਸ਼ ਸ਼ਾਸਨ ਦੌਰਾਨ ਰੱਖੇ ਸ਼ਹਿਰਾਂ ਅਤੇ ਕਸਬਿਆਂ ਦੇ ਨਾਂ ਬਦਲਦਿਆਂ, ਗੁਜ਼ਰਾਂਵਾਲਾ ਦੇ ਰਾਮ ਨਗਰ ਦਾ ਨਾਂ ਰਸੂਲ ਨਗਰ, ਭਾਈ ਫੇਰੂ ਨਗਰ ਦਾ ਫ਼ੁਲ ਨਗਰ, ਮਿੰਟਗੁਮਰੀ ਦਾ ਸਾਹੀਵਾਲ ਅਤੇ ਲਾਇਲਪੁਰ ਦਾ ਫ਼ੈਸਲਾਬਾਦ ਰੱਖ ਦਿੱਤਾ ਗਿਆ ਹੈ, ਪਰ ਸ. ਟੇਕ ਸਿੰਘ ਦੀ ਸ਼ਖ਼ਸੀਅਤ ਨੂੰ ਮੁੱਖ ਰੱਖਦੇ ਹੋਏ ਚਰਮਪੰਥੀਆਂ ਦੀ ਵਾਰ-ਵਾਰ ਮੰਗ ਦੇ ਬਾਵਜੂਦ ਜ਼ਿਲ੍ਹਾ ਟੋਬਾ ਟੇਕ ਸਿੰਘ ਦਾ ਨਾਂ ਨਹੀਂ ਬਦਲਿਆ ਗਿਆ। ਲਾਹੌਰ ਤੋਂ ਕਰੀਬ 250 ਕਿਲੋਮੀਟਰ ਦੂਰ ਸੰਨ 1865 ਵਿਚ ਤਤਕਾਲੀ ਲੈਫ਼ਟੀਨੈਂਟ ਗਵਰਨਰ ਪੰਜਾਬ ਸਰ ਰਾਬਰਟ ਮਿੰਟਗੁਮਰੀ ਦੇ ਨਾਂ ‘ਤੇ ਮਿੰਟਗੁਮਰੀ ਸ਼ਹਿਰ ਆਬਾਦ ਕੀਤਾ ਗਿਆ, ਪਰ ਫਿਰ ਅਚਾਨਕ ਸੰਨ 1967 ਵਿਚ ਉੱਥੋਂ ਦੇ ਮੂਲ ਨਿਵਾਸੀ ਖ਼ਰਲ ਜੱਟਾਂ ਦੇ ਸਾਹੀ ਕਬੀਲੇ ਤੋਂ ਇਸ ਸ਼ਹਿਰ ਦਾ ਨਾਂ ਸਾਹੀਵਾਲ ਰੱਖ ਦਿੱਤਾ ਗਿਆ। ਇਸੇ ਪ੍ਰਕਾਰ ਸੰਨ 1904 ਵਿਚ ਤਤਕਾਲੀ ਲੈਫ਼ਟੀਨੈਂਟ ਗਵਰਨਰ ਪੰਜਾਬ ਸਰ ਜੈਮਸ ਬਰਾਉਡਵੁੱਡ ਲਾਇਲ ਦੇ ਨਾਂ ‘ਤੇ ਆਬਾਦ ਕੀਤੇ ਗਏ ਲਾਇਲਪੁਰ ਸ਼ਹਿਰ ਦਾ ਨਾਂ ਸੰਨ 1977 ਵਿਚ ਸਾਉਦੀ ਅਰਬ ਦੇ ਬਾਦਸ਼ਾਹ ਫੈਜ਼ਲ ਦੇ ਨਾਂ ‘ਤੇ ਫ਼ੈਸਲਾਬਾਦ ਰੱਖ ਦਿੱਤਾ ਗਿਆ। ਸੂਬਾ ਸਿੰਧ ਦੇ ਨਾਰੂਨ ਕੋਟ ਦਾ ਨਾਂ ਹੈਦਰਾਬਾਦ, ਸਾਲ 2008 ਵਿਚ ਨਵਾਬਸ਼ਾਹ ਦਾ ਸ਼ਹੀਦ ਬੇਨਜ਼ੀਰਾਬਾਦ, ਜੁਲਾਈ 1976 ਵਿਚ ਕਿਲ੍ਹਾ ਸੰਡੇਮਨ ਦਾ ਨਾਂ ਜ਼ਹੂਬ, ਸਾਲ 2004 ਵਿਚ ਜ਼ਿਲ੍ਹਾ ਸ਼ਹਿਨਸ਼ਾਹ ਦਾ ਨਾਂ ਹੁਸੈਨ ਸ਼ਾਹ, ਸੂਬਾ ਨਾਰਥ ਵੈਸਟ ਫ੍ਰੰਟੀਅਰ ਪੋਸਟ ਦਾ ਨਾਂ ਖ਼ੈਬਰ ਪਖ਼ਤੂਨਖ਼ਵਾਹ ਅਤੇ ਸੂਬੇ ਦੇ ਬੰਨੂੰ ਸ਼ਹਿਰ ਵਿਚਲੇ ਕਿਲ੍ਹਾ ਦਲੀਪ ਗੜ੍ਹ ਦਾ ਨਾਂ ਪਹਿਲਾਂ ਕਿਲ੍ਹਾ ਐਡਵਰਡ ਅਤੇ ਹੁਣ ਕਿਲ੍ਹਾ ਬੰਨੂੰ ਰੱਖ ਦਿੱਤਾ ਗਿਆ ਹੈ। ਇਸੇ ਕਾਰਵਾਈ ਦੇ ਚਲਦਿਆਂ ਸੂਬਾ ਸਿੰਧ ਦੇ ਸੱਖਰ ਸ਼ਹਿਰ ਦੀ ਧਾਰਮਿਕ ਤੇ ਸਮਾਜਿਕ ਹਸਤੀ ਸੇਠ ਟੇਕ ਚੰਦ ਬੁਲ ਚੰਦ ਵਲੋਂ ਉਸਾਰੇ ਆਲੀਸ਼ਾਨ ਪਾਰਕ ਦਾ ਨਾਂ ਉੱਥੋਂ ਦੀਆਂ ਹਿੰਦੂ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਦੂਆ ਫ਼ੈਮਲੀ ਪਾਰਕ ਰੱਖ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿ ਦੇ ਚਰਮਪੰਥੀਆਂ ਦੇ ਦਬਾਅ ਦੇ ਚਲਦਿਆਂ ਹੀ ਦੇਸ਼ ਦੀ ਵੰਡ ਦੇ ਤੁਰੰਤ ਬਾਅਦ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਨਾਲ ਲਗਦੀ ਮੋਹਨ ਲਾਲ ਰੋਡ ਦਾ ਨਾਂ ਬਦਲ ਕੇ ਉਰਦੂ ਬਾਜ਼ਾਰ ਅਤੇ ਉਸ ਦੇ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ ਜਨਰਲ ਜ਼ਿਆ-ਉਲ-ਹੱਕ ਦੇ ਸ਼ਾਸਨ ਸਮੇਂ ਤੇ ਫਿਰ ਸੰਨ 1992 ਵਿਚ ਭਾਰਤ ਵਿਚ ਉੱਠੇ ਬਾਬਰੀ ਮਸਜਿਦ ਵਿਵਾਦ ਦੌਰਾਨ ਲਾਹੌਰ ਦੇ ਹਿੰਦੂ-ਸਿੱਖ ਨਾਵਾਂ ਵਾਲੇ ਜ਼ਿਆਦਾਤਰ ਇਲਾਕਿਆਂ ਨੂੰ ਇਸਲਾਮਿਕ ਸ਼ਖ਼ਸੀਅਤਾਂ ਦੇ ਨਾਂ ਦੇ ਦਿੱਤੇ ਗਏ। ਜਿਸ ਦੇ ਚਲਦਿਆਂ ਲਾਹੌਰ ਦੀ ਕਿਲ੍ਹਾ ਗੁਜ਼ਰ ਸਿੰਘ ਆਬਾਦੀ ਦਾ ਨਾਂ ਕਿਲ੍ਹਾ ਸ਼ਾਹ ਫ਼ੈਸਲ (ਸਾਉਦੀ ਅਰਬ ਦਾ ਸਾਬਕਾ ਰਾਜਾ), ਮੁੱਖ ਰਾਜਗੜ੍ਹ ਰੋਡ ਦਾ ਨਾਂ ਕਰੀਮ ਬਖ਼ਸ਼ ਰੋਡ, ਪੁੰਛ ਰੋਡ ਦਾ ਚੌਧਰੀ ਸਰਵਰ ਗੁਜ਼ਰ ਰੋਡ, ਜੈਨ ਮੰਦਰ ਚਾਕ ਦਾ ਬਾਬਰੀ ਚਾਕ, ਗੁਮਤੀ ਬਾਜ਼ਾਰ ਦੇ ਕੂਚਾ ਕਾਲੀ ਮਾਤਾ ਦਾ ਕੂਚਾ ਔਰੰਗਜ਼ੇਬ, ਕ੍ਰਿਸ਼ਨ ਨਗਰ ਅਤੇ ਦੇਵ ਸਮਾਜ ਨਗਰ ਦਾ ਇਸਲਾਮਪੁਰਾ, ਸੰਤ ਨਗਰ ਦਾ ਨਾਂ ਸੁੰਨਤ ਨਗਰ ਰੱਖ ਦਿੱਤਾ ਗਿਆ। ਇਸੇ ਪ੍ਰਕਾਰ ਸ਼ਾਦਮਨ ਚਾਕ, ਜਿਸ ਦਾ ਸਿਰਫ਼ ਇਕ ਦਿਨ ਲਈ ਨਾਂ ਭਗਤ ਸਿੰਘ ਚਾਕ ਰੱਖਿਆ ਗਿਆ ਸੀ, ਦਾ ਨਾਂ ਵੀ ਚਰਮਪੰਥੀ ਸੰਗਠਨ ਜਮਾਤ-ਉਦ-ਦਾਵਾ ਦੁਆਰਾ ਬਦਲ ਕੇ ਹੁਰਮਤ-ਏ-ਰੁਸੂਲ ਰੱਖ ਦਿੱਤਾ ਗਿਆ। ਉਕਤ ਦੇ ਬਾਵਜੂਦ ਲਾਹੌਰ ਦੀ ਗਵਾਲ ਮੰਡੀ ਇਲਾਕੇ ਦੀ ਕ੍ਰਿਸ਼ਨਾ ਸਟਰੀਟ ਦੇ ਅੰਦਰੂਨੀ ਇਲਾਕਿਆਂ ਗਾਂਧੀ ਸਟਰੀਟ ਅਤੇ ਗਾਂਧੀ ਸਕਵੇਅਰ, ਪਟੇਲ ਨਗਰ, ਗੁਰੂ ਅਰਜਨ ਦੇਵ ਨਗਰ, ਮੰਦਰ ਵਾਲਾ ਮੁਹੱਲਾ ਸਹਿਤ ਲਕਸ਼ਮੀ ਬਿਲਡਿੰਗ, ਦਿਆਲ ਸਿੰਘ ਮੈਨਸ਼ਨ, ਬਾਵਾ ਸਿੰਘ ਬਿਲਡਿੰਗ, ਦਿਆਲ ਸਿੰਘ ਕਾਲਜ, ਗੰਗਾ ਰਾਮ ਹਸਪਤਾਲ, ਗੁਲਾਬ ਦੇਵੀ ਹਸਪਤਾਲ, ਜਾਨਕੀ ਦੇਵੀ ਹਸਪਤਾਲ ਸਮੇਤ ਬਹੁਤ ਸਾਰੇ ਨਾਂ ਅਜਿਹੇ ਹਨ, ਜਿਨ੍ਹਾਂ ਦੀ ਬਦੌਲਤ ਲਾਹੌਰ ਵਿਚ ਆਪਣੇਪਣ ਦੀ ਕੁਝ ਮਹਿਕ ਅਜੇ ਕਾਇਮ ਹੈ। ਪਾਕਿਸਤਾਨੀ ਵਿਰਾਸਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਲਾਹੌਰ ਪ੍ਰਸ਼ਾਸਨ ਨੇ ਬਾਹਰੀ ਦਬਾਅ ਦੇ ਚਲਦਿਆਂ ਸ਼ਹਿਰ ਦੇ ਹਿੰਦੂ-ਸਿੱਖ ਨਾਵਾਂ ਵਾਲੇ ਮੁਹੱਲਿਆਂ, ਸੜਕਾਂ, ਬਾਜ਼ਾਰਾਂ ਅਤੇ ਹੋਰਨਾਂ ਸਥਾਨਾਂ ਦਾ ਨਾਂ ਬਦਲੀ ਕਰਕੇ ਕੌਮਾਂਤਰੀ ਪੱਧਰ ‘ਤੇ ਆਪਣੀ ਤੰਗ ਸੋਚ ਦਾ ਮੁਜ਼ਾਹਰਾ ਕੀਤਾ ਹੈ। ਉੱਧਰ ਲਾਹੌਰ ਪ੍ਰਸ਼ਾਸਨ ਨੇ ਇਸ ਬਾਰੇ ਸਫ਼ਾਈ ਦਿੱਤੀ ਹੈ ਕਿ ਹਿੰਦੂ-ਸਿੱਖ ਨਾਵਾਂ ਵਾਲੇ ਸਥਾਨਾਂ ਦੀ ਪਛਾਣ ਨੂੰ ਨਹੀਂ ਬਦਲਿਆ ਗਿਆ, ਸਗੋਂ ਉਨ੍ਹਾਂ ਇਲਾਕਿਆਂ ਦਾ ਨਾਂ ਲਾਹੌਰ ਦੇ ਮੌਜੂਦਾ ਪ੍ਰਮੁੱਖ ਮੁਸਲਮਾਨ ਸ਼ਹਿਰੀਆਂ ਅਤੇ ਰਈਸਾਂ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ‘ਨਾਮ-ਪਰਿਵਰਤਣ’ ਲਹਿਰ ਨੂੰ ਵਿਰਾਸਤ ਪ੍ਰੇਮੀ ਸੰਸਥਾਵਾਂ ਦੁਆਰਾ ਸਮਰਥਨ ਨਾ ਦਿੰਦਿਆਂ ਭਾਵੇਂ ਕਿ ਕਿਤੇ-ਕਿਤੇ ਇਸ ਲਹਿਰ ਦਾ ਡੱਟ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ, ਪਰ ਚਰਮਪੰਥੀਆਂ ਦੇ ਦਬਾਅ ਦੇ ਚਲਦਿਆਂ ਪਾਕਿਸਤਾਨ ਵਿਚ ਇਸ ਮੰਦਭਾਗੀ ਕਾਰਵਾਈ ਦਾ ਨਿਰਵਿਘਨ ਜਾਰੀ ਰਹਿਣਾ ਲਗਭਗ ਤਹਿ ਹੀ ਹੈ ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …