ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਇਸ ਵਾਰ 11 ਅਗਸਤ ਦਿਨ ਐਤਵਾਰ ਨੂੰ ਨਵੀਂ ਜਗ੍ਹਾ ਟੋਬਰਮੋਰੀ ਆਈਲੈਂਡ ਦਾ ਟੂਰ ਲਗਾਇਆ ਗਿਆ। ਇਸ ਟੂਰ ਦਾ ਸਫ਼ਰ ਕਿਉਂਕਿ ਕਾਫ਼ੀ ਲੰਬਾ ਸੀ, ਇਸ ਦੇ ਲਈ ਪ੍ਰਬੰਧਕਾਂ ਵੱਲੋਂ ਏ.ਸੀ. ਬੱਸ ਦਾ ਪ੍ਰਬੰਧ ਕੀਤਾ ਗਿਆ। ਟੂਰ ‘ਤੇ ਜਾਣ ਵਾਲੇ ਸਾਰੇ ਮੈਂਬਰ ਸਵੇਰੇ 7.30 ਵਜੇ ਸ਼ਾਮ ਪਬਲਿਕ ਸਕੂਲ ਦੀ ਪਾਰਕਿੰਗ ਵਿਚ ਇਕੱਠੇ ਹੋ ਗਏ ਅਤੇ ਬੱਸ ਦੇ ਉੱਥੇ ਪਹੁੰਚਣ ‘ਤੇ ਆਪੋ ਆਪਣੀਆਂ ਸੀਟਾਂ ਉੱਪਰ ਬੈਠ ਗਏ। ਉਥੋਂ ਬੱਸ ਸਵੇਰੇ ਅੱਠ ਵਜੇ ਬੱਸ ਆਪਣੀ ਮੰਜ਼ਿਲ ਵੱਲ ਚੱਲ ਪਈ। ਬੱਸ ਵਿਚ ਸਾਰੇ ਮੈਂਬਰਾਂ ਨੂੰ ਬਿਸਕੁੱਟਾਂ ਦੇ 2-2 ਪੈਕਟ ਅਤੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ ਅਤੇ ਰਸਤੇ ਵਿਚ ਭੁੱਖ/ਪਿਆਸ ਆਦਿ ਲੱਗਣ ਕਾਰਨ ਰੁਕਣਾ ਨਹੀਂ ਪਿਆ। ਵਾਸ਼ਰੂਮ ਦਾ ਪ੍ਰਬੰਧ ਬੱਸ ਵਿਚ ਹੀ ਹੋਣ ਕਾਰਨ ਮੈਂਬਰਾਂ ਨੂੰ ਇਸ ਦੀ ਕਾਫ਼ੀ ਸਹੂਲਤ ਰਹੀ। ਬੱਸ ਦਾ ਸਫ਼ਰ ਬਹੁਤ ਹੀ ਆਰਾਮਦਾਇਕ ਅਤੇ ਸੁਹਾਵਣਾ ਸੀ।
ਰਸਤੇ ਦੇ ਖ਼ੂਬਸੂਰਤ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦਿਆਂ ਹੋਇਆਂ ਸਾਰੇ ਮੈਂਬਰ ਲੱਗਭੱਗ ਸਾਢੇ ਗਿਆਰਾਂ ਵਜੇ ਮੈਂਬਰ ਟੋਬਨਮੋਰੀ ਪਹੁੰਚ ਗਏ। ਉੱਥੇ ਇਨਫ਼ਮੇਸ਼ਨ ਸੈਂਟਰ ‘ਤੇ ਪਹੁੰਚ ਕੇ ਸਾਰਿਆਂ ਨੇ ਆਪਣੇ ਨਾਲ ਲਿਆਂਦਾ ਹੋਇਆ ਭੋਜਨ ਛਕਿਆ ਅਤੇ ਇਕ ਵਜੇ ਦੇ ਕਰੀਬ ਪਹਿਲਾਂ ਹੀ ਕਲੱਬ ਵੱਲੋਂ ਐਡਵਾਂਸ ਬੁੱਕ ਕਰਵਾਈਆਂ ਹੋਈਆਂ ਟਿਕਟਾਂ ਪ੍ਰਾਪਤ ਕਰਕੇ ਸਾਰੇ ਮੈਂਬਰ 1.30 ਵਜੇ ਫ਼ੈਰੀ ਵਿਚ ਸਵਾਰ ਹੋ ਗਏ। ਫ਼ੈਰੀ ਦਾ ਸਫ਼ਰ ਬਹੁਤ ਹੀ ਰਮਣੀਕ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸੀ। ਇਸ ਥਾਂ ‘ਤੇ ਪਾਣੀ ਬਿਲਕੁਲ ਸਾਫ਼ ਹੋਣ ਕਾਰਨ ਡੁੱਬੇ ਹੋਏ ਕਈ ਪੁਰਾਣੇ ਜਹਾਜ਼ ਸਾਫ਼ ਨਜ਼ਰ ਆ ਰਹੇ ਸਨ। ਆਮ ਫ਼ੈਰੀਆਂ ਨਾਲੋਂ ਇਸ ਫ਼ੇਰੀ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਸੀ। ਫ਼ੈਰੀ ਦੇ ਇਸ ਸੁਹਾਣੇ ਸਫ਼ਰ ਦੌਰਾਨ ਸਾਰੇ ਮੈਂਬਰਾਂ ਨੂੰ ਕੌਫ਼ੀ ਪਿਆਈ ਗਈ। ਸੱਭਨਾਂ ਨੇ ਆਪਣੇ ਮੋਬਾਇਲ ਫ਼ੋਨਾਂ ਨਾਲ ਕੁਦਰਤੀ ਨਜ਼ਾਰਿਆਂ ਦੀਆਂ ਖ਼ੂਬ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਬਣਾਈਆਂ।
ਚਾਰ ਵਜੇ ਦੇ ਲੱਗਭੱਗ ਵਾਪਸੀ ਸ਼ੁਰੂ ਹੋ ਗਈ। ਵਾਪਸੀ ‘ਤੇ ਫਿਰ ਸਾਰੇ ਮੈਂਬਰਾਂ ਨੂੰ ਚਾਹ/ਕਾਫ਼ੀ ਪਿਆਈ ਗਈ। ਕੁੱਲ ਮਿਲਾ ਕੇ ਸਾਰੇ ਮੈਂਬਰਾਂ ਵੱਲੋਂ ਇਸ ਟੂਰ ਦੀ ਭਾਰੀ ਸਰਾਹਨਾ ਕੀਤੀ ਗਈ ਅਤੇ ਸਮੂਹ ਮੈਂਬਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਅਗਲੇ ਟੂਰ ਦਾ ਵੀ ਇੰਜ ਹੀ ਪ੍ਰਬੰਧ ਕੀਤਾ ਜਾਏਗਾ। ਇਸ ਟੂਰ ਨੂੰ ਸਫ਼ਲ ਬਣਾਉਣ ਲਈ ਪਰਮਜੀਤ ਸਿੰਘ ਕਾਲੇਕੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਫ਼ੋਟੋਗ੍ਰਾਫ਼ੀ ਬਲਵੀਰ ਸਿੰਘ ਧਾਰੀਵਾਲ ਵੱਲੋਂ ਕੀਤੀ ਗਈ। ਕਲੱਬ ਦੇ ਡਾਇਰੈੱਕਟਰ ਗੁਰਮੇਲ ਸਿੰਘ ਗਿੱਲ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਕਲੱਬ ਦਾ ਇਹ ਟੂਰ ਬਹੁਤ ਹੀ ਕਾਮਯਾਬ ਰਿਹਾ ਜਿਸ ਦੇ ਲਈ ਸਾਰੇ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …