ਟਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਕਿਊਬਕ ਵਿਖੇ ਮਾਂਟਰੀਅਲ ਸ਼ਹਿਰ ਨੇੜੇ ਹਾਦਸਾਗ੍ਰਸਤ ਹੋਈ ਕੈਡੀਲਾਕ ਗੱਡੀ ਦੀ ਪੁਲਿਸ ਵਲੋਂ ਮੁਕੰਮਲ ਤਕਨੀਕੀ ਜਾਂਚ ਕਰਵਾਈ ਜਾ ਰਹੀ ਹੈ ਤਾਂ ਕਿ ਪਿਛਲੇ ਦਿਨੀਂ ਹੋਏ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਨੂੰ ਲਿਜਾ ਰਹੀ ਕਾਲੇ ਰੰਗ ਦੀ ਐਸਯੂਵੀ ਦੀਆਂ ਹਾਈਵੇ 30 ‘ਤੇ (ਨਿਊਜਰਸੀ ਤੋਂ ਮਾਂਟਰੀਅਲ) ਜਾਂਦੇ ਸਮੇਂ ਅਚਾਨਕ ਪਲਟੀਆਂ ਵੱਜ ਗਈਆਂ, ਜਿਸ ਦੌਰਾਨ ਪਿਛਲੀ ਸੀਟ ‘ਤੇ ਬੈਠੇ ਬਾਬਾ ਹਰਦੇਵ ਸਿੰਘ ਅਤੇ ਉਨ੍ਹਾਂ ਨਾਲ ਬੈਠਾ 28 ਸਾਲਾ ਨੌਜਵਾਨ ਬਾਹਰ ਨਿਕਲ ਕੇ ਜਾ ਡਿੱਗੇ। ਜਾਂਚ ਕਰ ਰਹੇ ਪੁਲਿਸ ਅਫਸਰਾਂ ਨੇ ਸ਼ੰਕਾ ਪ੍ਰਗਟ ਕੀਤੀ ਹੈ ਕਿ ਪਿਛਲੀ ਸੀਟ ‘ਤੇ ਬੈਠੇ ਦੋਵਾਂ ਸਵਾਰਾਂ ਨੇ ਸੀਟ ਬੈਲਟਾਂ ਨਹੀਂ ਸਨ ਲਗਾਈਆਂ, ਜਿਸ ਕਰਕੇ ਉਹ ਪਲਟਦੀ ਗੱਡੀ ਵਿਚੋਂ ਨਿਕਲ ਕੇ ਡਿਗ ਪਏ। ਹਾਦਸੇ ਵਿਚ ਬਾਬਾ ਹਰਦੇਵ ਸਿੰਘ ਦੀ ਤਾਂ ਮੌਤ ਹੋ ਗਈ ਸੀ, ਜਦ ਕਿ ਡਰਾਈਵਰ ਸਮੇਤ ਜ਼ਖ਼ਮੀ ਨੌਜਵਾਨ ਹਸਪਤਾਲ ਵਿਚ ਹਨ। ਪਤਾ ਲੱਗਾ ਹੈ ਕਿ ਕਿਊਬਕ ਵਿਚ ਪੁਏਟ ਕਲੇਰ ਵਿਖੇ ਨਿਰੰਕਾਰੀ ਸੈਂਟਰ ਹੈ, ਜਿੱਥੇ ਬਾਬਾ ਹਰਦੇਵ ਸਿੰਘ ਦੋ ਕੁ ਸਾਲਾਂ ਬਾਅਦ ਜਾਇਆ ਕਰਦੇ ਸਨ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ 12 ਮਈ ਨੂੰ ਸ਼ਾਮ 7 ਕੁ ਵਜੇ ਵਾਪਰਿਆ, ਜਿਸ ਦੌਰਾਨ ਹਾਈਵੇ ‘ਤੇ ਖੱਬੀ ਲਾਈਨ ਵਿਚ ਜਾ ਰਹੀ ਕੈਡੀਲਾਕ ਗੱਡੀ ਅਚਾਨਕ ਸੱਜੀ ਲਾਈਨ ਵਿਚ ਜਾ ਵੜੀ ਅਤੇ ਖੱਡ ਵਿਚ ਜਾ ਪਲਟੀ। ਡਰਾਈਵਰ ਅਤੇ ਉਸ ਨਾਲ ਬੈਠੇ ਨੌਜਵਾਨ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ, ਕਿਉਂਕਿ ਉਨ੍ਹਾਂ ਦੇ ਸੀਟ ਬੈਲਟਾਂ ਲੱਗੀਆਂ ਹੋਈਆਂ ਸਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …