ਜੇ ਅੱਜ ਕੈਨੇਡਾ ‘ਚ ਚੋਣਾਂ ਕਰਵਾਈਆਂ ਜਾਣ ਤਾਂ ਲਿਬਰਲ ਦੇ ਮੁਕਾਬਲੇ ਕੰਸਰਵੇਟਿਵ ਪਾਰਟੀ ਨੂੰ ਮਿਲਣਗੀਆਂ ਵੱਧ ਸੀਟਾਂ
ਓਟਵਾ/ਬਿਊਰੋ ਨਿਊਜ਼ : ਨੈਨੋਜ ਰਿਸਰਚ ਵੱਲੋਂ ਕੀਤੇ ਗਏ ਨਵੇਂ ਅਧਿਐਨ ਅਨੁਸਾਰ ਜੇ ਅੱਜ ਦੀ ਤਰੀਕ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਲਿਬਰਲਾਂ ਦੇ ਮੁਕਾਬਲੇ ਕੰਸਰਵੇਟਿਵ ਪਾਰਟੀ ਨੂੰ ਜ਼ਿਆਦਾ ਸੀਟਾਂ ਹਾਸਲ ਹੋ ਸਕਦੀਆਂ ਹਨ।
ਪਿਛਲੀਆਂ ਦੋ ਫੈਡਰਲ ਚੋਣਾਂ ਵਿੱਚ ਕੰਸਰਵੇਟਿਵ ਪੌਪੂਲਰ ਵੋਟ ਵਿੱਚ ਤਾਂ ਲਿਬਰਲਾਂ ਨੂੰ ਪਿੱਛੇ ਛੱਡਣ ਵਿੱਚ ਕਾਮਯਾਬ ਹੋ ਗਏ ਪਰ ਬਹੁਤੀਆਂ ਸੀਟਾਂ ਹਾਸਲ ਕਰਨ ਵਿੱਚ ਅਸਫਲ ਰਹੇ। ਇਸ ਨਾਲ ਜਸਟਿਨ ਟਰੂਡੋ ਮਾਇਨੌਰਿਟੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ।
ਟਰੈਂਡ ਲਾਈਨ ਦੇ ਤਾਜਾ ਐਪੀਸੋਡ ਵਿੱਚ ਨੈਨੋਜ ਰਿਸਰਚ ਦੇ ਨਿੱਕ ਨੈਨੋਜ ਨੇ ਆਖਿਆ ਕਿ ਪਿਛਲੀ ਵਾਰੀ ਵੀ ਕੰਸਰਵੇਟਿਵ ਮੂਹਰੇ ਚੱਲ ਰਹੇ ਸਨ ਪਰ ਅਖੀਰ ਵਿੱਚ ਉਹ ਬਹੁਤੀਆਂ ਸੀਟਾਂ ਹਾਸਲ ਕਰਨ ਤੋਂ ਅਸਫਲ ਰਹੇ। ਪਰ ਇਸ ਵਾਰੀ ਸੀਟਾਂ ਸਬੰਧੀ ਲਗਾਏ ਜਾ ਰਹੇ ਕਿਆਫਿਆਂ ਅਨੁਸਾਰ ਕੰਸਰਵੇਟਿਵਾਂ ਦੇ ਲਿਬਰਲਾਂ ਨਾਲੋਂ ਵੱਧ ਸੀਟਾਂ ਜਿੱਤਣ ਦੀ ਸੰਭਾਵਨਾ ਹੈ। ਇਸ ਤੋਂ ਭਾਵ ਹੈ ਕਿ ਨਾ ਸਿਰਫ ਕੰਸਰਵੇਟਿਵ, ਲਿਬਰਲਾਂ ਨੂੰ ਸਿਕਸ਼ਤ ਦੇ ਸਕਦੇ ਹਨ ਸਗੋਂ ਕੰਸਰਵੇਟਿਵਾਂ ਦੇ ਸਰਕਾਰ ਬਣਾਉਣ ਦੀ ਵੀ ਬਹੁਤੀ ਸੰਭਾਵਨਾ ਹੈ।
ਹਾਲਾਂਕਿ ਨੇੜ ਭਵਿੱਖ ਵਿੱਚ ਫੈਡਰਲ ਚੋਣਾਂ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਇਸ ਵਿੱਚ ਵੱਡੀ ਭੂਮਿਕਾ ਲਿਬਰਲਾਂ ਤੇ ਐਨਡੀਪੀ ਦਰਮਿਆਨ ਹੋਏ ਸਮਝੌਤੇ ਦੀ ਵੀ ਹੈ, ਜਿਸ ਕਾਰਨ ਇਸ ਸਰਕਾਰ ਦੇ 2025 ਤੱਕ ਚੱਲਣ ਦੀ ਉਮੀਦ ਹੈ। ਪਰ ਸੀਟਾਂ ਸਬੰਧੀ ਕਿਆਫਿਆਂ ਅਨੁਸਾਰ ਜੇ ਅੱਜ ਚੋਣਾਂ ਕਰਵਾਈਆਂ ਜਾਣ ਤਾਂ ਕੰਜਰਵੇਟਿਵਾਂ ਨੂੰ 108 ਸੀਟਾਂ ਉੱਤੇ ਜਿੱਤ ਹਾਸਲ ਹੋ ਸਕਦੀ ਹੈ ਜਦਕਿ ਲਿਬਰਲਾਂ ਦੇ ਹਿੱਸੇ 106 ਸੀਟਾਂ ਹੀ ਆ ਸਕਦੀਆਂ ਹਨ। ਇਨ੍ਹਾਂ ਕਿਆਫਿਆਂ ਅਨੁਸਾਰ ਐਨਡੀਪੀ ਨੂੰ 41 ਸੀਟਾਂ, ਬਲਾਕ ਕਿਊਬਿਕੁਆ ਨੂੰ 24 ਸੀਟਾਂ ਤੇ ਗ੍ਰੀਨਜ ਨੂੰ 2 ਸੀਟਾਂ ਹਾਸਲ ਹੋ ਸਕਦੀਆਂ ਹਨ।