ਟੋਰਾਂਟੋ : ਲੰਘੇ ਕੁੱਝ ਹਫਤਿਆਂ ਤੋਂ ਸਥਿਰ ਬਣੇ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਵਿੱਚ 10 ਸੈਂਟ ਦਾ ਵਾਧਾ ਦਰਜ ਕੀਤਾ ਗਿਆ। ਇਹ ਵਾਧਾ ਰਾਤੋ-ਰਾਤ ਹੋਇਆ ਤੇ ਹੁਣ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ 162.9 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਅਜੇ ਇਨ੍ਹਾਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਅਗਸਤ ਤੋਂ ਬਾਅਦ ਦੱਖਣੀ ਓਨਟਾਰੀਓ ਵਿੱਚ ਇਸ ਸਮੇਂ ਗੈਸ ਦੀਆਂ ਕੀਮਤਾਂ ਸਭ ਤੋਂ ਵੱਧ ਦੱਸੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜੂਨ ਵਿੱਚ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ 214.9 ਸੈਂਟ ਪ੍ਰਤੀ ਲੀਟਰ ਤੱਕ ਵੱਧ ਗਈਆਂ ਸਨ। ਅਜੇ ਵੀ ਦੱਖਣੀ ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਪੱਛਮੀ ਓਨਟਾਰੀਓ ਦੇ ਮੁਕਾਬਲੇ ਕੁੱਝ ਜ਼ਿਆਦਾ ਨਹੀਂ ਹਨ। ਮੈਟਰੋ ਵੈਨਕੂਵਰ ਵਿੱਚ ਇਸ ਹਫਤੇ ਗੈਸ ਦੀਆਂ ਕੀਮਤਾਂ 2.42 ਡਾਲਰ ਪ੍ਰਤੀ ਲੀਟਰ ਤੱਕ ਦਰਜ ਕੀਤੀਆਂ ਗਈਆਂ। ਇਨ੍ਹਾਂ ਕੀਮਤਾਂ ਵਿੱਚ ਵਾਧਾ ਅਜੇ ਹੋਰ ਹੋ ਸਕਦਾ ਹੈ ਕਿਉਂਕਿ ਮੇਨਟੇਨੈਂਸ ਲਈ ਵਾਸ਼ਿੰਗਟਨ ਦੀ ਇੱਕ ਰਿਫਾਇਨਰੀ ਨੂੰ ਬੰਦ ਕਰਨਾ ਪੈ ਗਿਆ ਹੈ।