ਕਰੋਨਾ ਦੂਸਰੀ ਲਹਿਰ ਦੇ ਦੌਰਾਨ ਕਰੋਨਾ ਕੇਸਾਂ ਨੇ ਕਹਿਰ ਢਾਹਿਆ ਹੈ ਤੇ ਵੱਡੀ ਗਿਣਤੀ ਵਿਚ ਲੋਕ ਇਸ ਤੋਂ ਬਿਮਾਰ ਹੋਏ ਹਨ ਅਤੇ ਹੁਣ 65 ਫ਼ੀਸਦੀ ਕਰੋਨਾ ਕੇਸ ਪੇਂਡੂ ਖੇਤਰ ਵਿਚੋਂ ਆ ਰਹੇ ਹਨ, ਇਹ ਇਕ ਚਿੰਤਾ ਦਾ ਵਿਸ਼ਾ ਹੈ ਪਰ ਹੁਣ ਇਕ ਹੋਰ ਗੱਲ ਜੋ ਚਰਚਾ ਵਿਚ ਆ ਰਹੀ ਹੈ ਤੇ ਜਿਸ ਕਾਰਨ ਸਮਾਜ ਵਿਚ ਕਾਫੀ ਪ੍ਰੇਸ਼ਾਨੀ ਦੇਖੀ ਜਾ ਰਹੀ ਹੈ ਉਹ ਹੈ, ਕਾਲੀ ਉੱਲੀ ਜਾਂ ਬਲੈਕ ਫੰਗਸ।
ਕਰੋਨਾ ਨਾਲ ਸ਼ੂਗਰ ਨੂੰ ਕੰਟਰੋਲ ਕਰਨ ਵਾਲੇ ਸੈੱਲ ਵੀ ਕਮਜ਼ੋਰ ਹੋ ਜਾਂਦੇ ਹਨ। ਕੁਝ ਲੋਕਾਂ ਵਿਚ ਇਸ ਲਈ ਮਿਊਕਰ ਦਾ ਖ਼ਤਰਾ ਵਧ ਜਾਂਦਾ ਹੈ। ਮਿਊਕਰ ਸੰਕਰਮਣ ਜ਼ਿਆਦਾਤਰ ਨੱਕ ਸਾਇਨਸਿਜ਼ ਤੇ ਅੱਖਾਂ ਰਾਹੀਂ ਹੁੰਦਾ ਹੈ, ਇਸ ਲਈ ਇਸ ਦੇ ਪਹਿਲੇ ਲੱਛਣ ਤੋਂ ਹੀ ਸੁਚੇਤ ਰਹਿਣਾ ਚਾਹੀਦਾ ਹੈ। ਜੇ ਸਿਰ ਦਰਦ ਵਿਚ ਵਾਧਾ ਹੋ ਰਿਹਾ ਹੈ ਨੱਕ ਵਿਚੋਂ ਖੂਨ ਜਾਂ ਫਿਰ ਲਿੱਬੜਿਆ ਹੋਇਆ ਖੂਨ ਵਰਗਾ ਰੇਸ਼ਾ ਆ ਰਿਹਾ ਹੈ ਜਾਂ ਫਿਰ ਨਿਗ੍ਹਾ ਕਮਜ਼ੋਰ ਹੋ ਰਹੀ ਹੈ ਜਾਂ ਫਿਰ ਸਿਰ ‘ਤੇ ਅੱਖਾਂ ‘ਚ ਦਰਦ ਹੋ ਰਿਹਾ ਹੈ ਜਾਂ ਫਿਰ ਦੋ-ਦੋ ਦਿਖਾਈ ਦੇ ਰਹੇ ਹਨ ਤਾਂ ਜ਼ਰੂਰ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਡਾਕਟਰ ਨੂੰ ਦੱਸਣਾ ਚਾਹੀਦਾ ਹੈ। ਇਸ ਸਥਿਤੀ ਵਿਚ ਨੱਕ ਵਿਚੋਂ ਸੈਂਪਲ ਲੈ ਕੇ ਉਸ ਨੂੰ ਲੈਬਾਰਟਰੀ ਵਿਚ ਭੇਜਿਆ ਜਾਂਦਾ ਹੈ ਅਤੇ ਜੇ ਰਿਪੋਰਟ ਵਿਚ ਮਿਊਕਰ ਆ ਜਾਏ ਤਾਂ ਫਿਰ ਇਸ ਦਾ ਇਲਾਜ ਕੀਤਾ ਜਾਂਦਾ ਹੈ। ਇਹ ਇਲਾਜ ਹਸਪਤਾਲ ਵਿਚ ਜਾ ਕੇ ਟੀਕੇ ਲਗਾਉਣ ਨਾਲ ਹੁੰਦਾ ਹੈ। ਜੇਕਰ ਮਿਊਕਰ ਸਰੀਰ ਵਿਚ ਕਿਸੇ ਥਾਂ ਜਮ੍ਹਾਂ ਹੋ ਜਾਂਦਾ ਹੈ ਫਿਰ ਤਾਂ ਜੋ ਉਸ ‘ਤੇ ਦਵਾਈ ਅਸਰ ਕਰ ਸਕੇ, ਇਸ ਲਈ ਆਪ੍ਰੇਸ਼ਨ ਕਰਕੇ ਉਸ ਥਾਂ ਦੀ ਸਫ਼ਾਈ ਕਰਨੀ ਲਾਜ਼ਮੀ ਹੁੰਦੀ ਹੈ। ਕਈ ਵਾਰ ਮਿਊਕਰ ਫੇਫੜਿਆਂ ‘ਤੇ ਅਸਰ ਕਰਦਾ ਹੈ ਤਾਂ ਫਿਰ ਉਸ ਦੇ ਮੁਤਾਬਿਕ ਉਸ ਨੂੰ ਦਵਾਈ ਦੇਣੀ ਪੈਂਦੀ ਹੈ। ਇਸ ਲਈ ਕਰੋਨਾ ਦੇ ਰੋਗੀ ਨੂੰ ਹਸਪਤਾਲ ਤੋਂ ਛੁੱਟੀ ਹੋਣ ਦੇ ਬਾਅਦ ਵੀ ਇਨ੍ਹਾਂ ਉਪਰੋਕਤ ਲੱਛਣਾਂ ਬਾਰੇ ਲਗਾਤਾਰ ਸਾਵਧਾਨੀ ਵਰਤਣੀ ਚਾਹੀਦੀ ਹੈ।
ਉਂਜ ਕੋਈ ਡਰਨ ਜਾਂ ਘਬਰਾਉਣ ਦੀ ਗੱਲ ਨਹੀਂ ਸਾਵਧਾਨੀ ਰੱਖਣ ਦੀ ਗੱਲ ਜ਼ਰੂਰ ਹੈ, ਕਿਉਂਕਿ ਇਸ ਮਿਊਕਰ ਤੋਂ ਬਚਣ ਦਾ ਰਾਹ ਸਿਰਫ ਇਹੀ ਹੈ ਕਿ ਮਿਊਕਰ ਸਾਡੇ ਨੱਕ ਤੇ ਮੂੰਹ ਰਾਹੀਂ ਸਾਡੀ ਸਾਹ ਦੀ ਨਾਲੀ ਵਿਚ ਦਾਖ਼ਲ ਨਾ ਹੋਵੇ। ਇਸ ਲਈ ਛੁੱਟੀ ਹੋਣ ਤੋਂ ਬਾਅਦ ਵੀ ਹਸਪਤਾਲ ਤੋਂ ਘਰ ਆ ਕੇ ਵੀ ਮਾਸਕ ਲਗਾਤਾਰ ਲਗਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਮਾਸਕ ਵਿਚ ਦੀ ਇਸ ਦੇ ਸਪੋਰਜ਼ ਦੇ ਸਰੀਰ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਬਲੈਕ ਫੰਗਸ ਦੇ ਖ਼ਤਰੇ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ, ਹਿਮਾਚਲ, ਤਾਮਿਲਨਾਡੂ, ਤੇਲੰਗਾਨਾ ਅਤੇ ਗੁਜਰਾਤ ਦੀਆਂ ਸਰਕਾਰਾਂ ਨੇ ਇਸ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਰਾਜਸਥਾਨ ਅਤੇ ਹਰਿਆਣਾ ਪਹਿਲਾਂ ਹੀ ਇਸ ਨੂੰ ਮਹਾਂਮਾਰੀ ਐਲਾਨ ਚੁੱਕੇ ਹਨ, ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਕਰਨਾਟਕ ਵਿਚ ਵੀ ਬਲੈਕ ਫੰਗਸ ਦੀ ਭਿਆਨਕਤਾ ਵੱਡੇ ਪੱਧਰ ‘ਤੇ ਮਹਿਸੂਸ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ ਮਹਾਂਮਾਰੀ ਰੋਗ ਐਕਟ 1897 ਤਹਿਤ ਆਪਣੇ ਤੌਰ ‘ਤੇ ਫ਼ੈਸਲਾ ਲੈਣ ਲਈ ਕਿਹਾ ਸੀ। ਬਲੈਕ ਫੰਗਸ ਦਾ ਖ਼ਤਰਾ ਇਸ ਲਈ ਵੀ ਗੰਭੀਰ ਹੋ ਜਾਂਦਾ ਹੈ ਕਿ ਇਕ ਪਾਸੇ ਤਾਂ ਵਿਗਿਆਨੀ ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਚਿਤਾਵਨੀ ਦੇ ਰਹੇ ਹਨ, ਉਥੇ ਫੰਗਸ ਮਾਹਿਰਾਂ ਨੇ ਬਲੈਕ ਫੰਗਸ ਦੇ ਨਾਲ ਵਾਈਟ ਫੰਗਸ ਦੇ ਖ਼ਤਰੇ ਨੂੰ ਲੈ ਕੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਬਲੈਕ ਫੰਗਸ ਕਾਰਨ ਉੱਤਰੀ ਭਾਰਤ ਦੇ ਰਾਜਾਂ ਵਿਚ ਕਰੀਬ ਢਾਈ ਸੌ ਮੌਤਾਂ ਹੋਣ ਦੀ ਵੀ ਸੂਚਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੰਗਸ ਨੂੰ ਇਕ ਨਵੀਂ ਚੁਣੌਤੀ ਕਰਾਰ ਦਿੱਤਾ ਹੈ। ਪੰਜਾਬ ਵਿਚ ਇਸ ਰੋਗ ਦੇ ਪੈਦਾ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਕਰੋਨਾ ਦੀ ਤਰ੍ਹਾਂ ਇਸ ਦੇ ਦਿਹਾਤੀ ਖੇਤਰਾਂ ‘ਚ ਪ੍ਰਸਾਰ ਨੂੰ ਰੋਕਣ ਲਈ ਉਪਾਅ ਤੇਜ਼ ਕਰਨ ਲਈ ਕਿਹਾ ਹੈ।
ਬਲੈਕ ਫੰਗਸ ਅੱਖਾਂ ਨਾਲ ਸਬੰਧਿਤ ਇਕ ਰੋਗ ਹੈ। ਇਹ ਰੋਗ ਨੱਕ ਰਾਹੀਂ ਪਹਿਲਾਂ ਅੱਖਾਂ ‘ਤੇ ਹਮਲਾ ਕਰਦਾ ਹੈ ਅਤੇ ਫਿਰ ਗੁਰਦਿਆਂ ਨੂੰ ਪ੍ਰਭਾਵਿਤ ਕਰਕੇ ਮਨੁੱਖ ਨੂੰ ਗੰਭੀਰ ਬਿਮਾਰ ਕਰ ਦਿੰਦਾ ਹੈ। ਇਸ ਬਿਮਾਰੀ ਸਬੰਧੀ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ। ਕਰੋਨਾ ਮਹਾਂਮਾਰੀ ਤੋਂ ਪੀੜਤ ਰੋਗੀਆਂ ਦੇ ਸਰੀਰ ‘ਤੇ ਫੰਗਸ ਛੇਤੀ ਹਮਲਾ ਕਰਦਾ ਹੈ। ਇਨ੍ਹੀਂ ਦਿਨੀਂ ਇਸ ਰੋਗ ਕਾਰਨ ਹਾਹਾਕਾਰ ਮਚੀ ਹੋਈ ਹੈ। ਮਾਹਿਰਾਂ ਨੇ ਕਰੋਨਾ ਦੇ ਇਲਾਜ ਦੌਰਾਨ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਸਟੇਰਾਈਡ ਨੂੰ ਇਸ ਦਾ ਕਾਰਨ ਦੱਸਿਆ ਹੈ। ਪਹਿਲਾਂ ਤੋਂ ਬਿਮਾਰ ਅਤੇ ਕਮਜ਼ੋਰ ਲੋਕਾਂ ‘ਤੇ ਫੰਗਸ ਬਹੁਤ ਛੇਤੀ ਅਸਰ ਕਰਦਾ ਹੈ। ਵਾਈਟ ਫੰਗਸ ਬਲੈਕ ਫੰਗਸ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ। ਇਸ ਤੋਂ ਬਚਾਅ ਲਈ ਹੱਥਾਂ ਦੀ ਸਫ਼ਾਈ ਇਕ ਕਾਰਗਰ ਤਰੀਕਾ ਹੈ ਕਿਉਂਕਿ ਇਹ ਨਹੁੰਆਂ ਰਾਹੀਂ ਫੈਲਦਾ ਹੈ। ਅਜਿਹੀ ਸਥਿਤੀ ਵਿਚ ਸਰਕਾਰੀ ਸਿਹਤ ਕੇਂਦਰਾਂ ਅਤੇ ਨਿੱਜੀ ਹਸਪਤਾਲਾਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਕਿ ਉਹ ਕਰੋਨਾ ਮਹਾਂਮਾਰੀ ਦੇ ਰੋਗੀਆਂ ਦੀ ਜਾਂਚ ਦੌਰਾਨ ਫੰਗਸ ਦੀ ਜਾਂਚ ਵੀ ਕਰਨ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣ।
ਅਸੀਂ ਸਮਝਦੇ ਹਾਂ ਕਿ ਇਹ ਸਥਿਤੀ ਬਹੁਤ ਗੰਭੀਰ ਹੈ। ਕਰੋਨਾ ਮਹਾਂਮਾਰੀ ਨੇ ਦੇਸ਼ ਦੇ ਕਮਜ਼ੋਰ ਸਿਹਤ ਢਾਂਚੇ ਦੀ ਪੋਲ ਪਹਿਲਾਂ ਹੀ ਖੋਲ੍ਹ ਛੱਡੀ ਹੈ। ਆਮ ਆਦਮੀ ਅਤੇ ਮੱਧ ਵਰਗ ਦੇ ਲੋਕਾਂ ਦੀ ਆਰਥਿਕ ਹਾਲਤ ਮਹਾਂਮਾਰੀ ਕਾਰਨ ਬੇਹੱਦ ਕਮਜ਼ੋਰ ਹੋ ਚੁੱਕੀ ਹੈ। ਕੰਮਕਾਰ ਬੰਦ ਹਨ, ਰੁਜ਼ਗਾਰ ਖ਼ੁਸ ਚੁੱਕੇ ਹਨ ਅਤੇ ਨੌਕਰੀਆਂ ਵੀ ਘੱਟ ਹਨ। ਦੇਸ਼ ਵਿਚ ਮਹਿੰਗਾਈ ਨੇ ਜੀਵਨ ਨੂੰ ਪਟੜੀ ਤੋਂ ਲਾਹ ਦਿੱਤਾ ਹੈ। ਦੇਸ਼ ਵਿਚ ਇਲਾਜ ਦੇ ਲਗਾਤਾਰ ਮਹਿੰਗੇ ਹੁੰਦੇ ਜਾਣ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ ਹਨ। ਭਾਰਤੀ ਸਟੇਟ ਬੈਂਕ ਦੀ ਇਕ ਰਿਪੋਰਟ ਅਨੁਸਾਰ ਕਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ 30 ਫ਼ੀਸਦੀ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿਚ ਦਾਖਲ ਹੋਣਾ ਪਿਆ। ਉਨ੍ਹਾਂ ਦੇ ਇਲਾਜ ਲਈ 50 ਹਜ਼ਾਰ ਕਰੋੜ ਰੁਪਏ ਦਾ ਖਰਚਾ ਹੋਇਆ, ਜੋ ਔਸਤ ਰੂਪ ਨਾਲ ਹਰੇਕ ਮਰੀਜ਼ ‘ਤੇ ਡੇਢ ਲੱਖ ਰੁਪਏ ਬਣਦਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਵਿਚ ਮਹਾਂਮਾਰੀਆਂ ਦੇ ਵਧਦੇ ਪ੍ਰਕੋਪ ਕਾਰਨ ਲੋਕਾਂ ‘ਤੇ ਵਿੱਤੀ ਦਬਾਅ ਹੋਰ ਵਧਣ ਦੀ ਸੰਭਾਵਨਾ ਹੈ। ਅਸੀਂ ਸਮਝਦੇ ਹਾਂ ਕਿ ਅਜਿਹੀ ਸਥਿਤੀ ਵਿਚ ਸਰਕਾਰ ਅਤੇ ਪ੍ਰਸ਼ਾਸਨ ਸਾਹਮਣੇ ਇਹੀ ਇਕਲੌਤਾ ਰਾਹ ਬਚਦਾ ਹੈ ਕਿ ਉਹ ਦੇਸ਼ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰੇ ਅਤੇ ਇਲਾਜ ਨੂੰ ਆਮ ਲੋਕਾਂ ਦੀ ਪਹੁੰਚ ਅੰਦਰ ਲਿਆਂਦਾ ਜਾਵੇ। ਕਰੋਨਾ ਮਹਾਂਮਾਰੀ ਦੀ ਦਹਿਸ਼ਤ ਨੂੰ ਘੱਟ ਕਰਨ ਲਈ ਸਰਕਾਰਾਂ ਨੂੰ ਗ਼ਰੀਬਾਂ ਅਤੇ ਮੱਧ ਵਰਗ ਦੀ ਵਿੱਤੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਕਰੋਨਾ ਮਹਾਂਮਾਰੀ ਕਾਰਨ ਜਿਸ ਤਰ੍ਹਾਂ ਦੇਸ਼ ਦੇ ਆਮ ਲੋਕ ਪ੍ਰਭਾਵਿਤ ਹੋਏ ਹਨ, ਉਸ ਨੂੰ ਵੇਖਦਿਆਂ ਇਹ ਕੰਮ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਭਾਰਤ ਵਰਗੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਤਾਂ ਇਹ ਕੰਮ ਹਰ ਹਾਲਤ ਵਿਚ ਹੋਣਾ ਚਾਹੀਦਾ ਹੈ। ਬਿਨਾਂ ਸ਼ੱਕ ਇਸ ਨਾਲ ਜਿਥੇ ਆਮ ਲੋਕਾਂ ਵਿਚ ਸਰਕਾਰ ਪ੍ਰਤੀ ਭਰੋਸਾ ਵਧੇਗਾ, ਉਥੇ ਮਹਾਂਮਾਰੀ ਨਾਲ ਲੜਨ ਲਈ ਉਨ੍ਹਾਂ ਦੀ ਸਮਰੱਥਾ ਵਿਚ ਵੀ ਵਾਧਾ ਹੋਵੇਗਾ।
Check Also
ਦਵਾਈਆਂ ਦੇ ਕਾਰੋਬਾਰ ਵਿਚ ਮਿਲਾਵਟ ਦਾ ਗੋਰਖਧੰਦਾ
ਭਾਰਤ ਦੀ ਸਭ ਤੋਂ ਵੱਡੀ ਪ੍ਰਮਾਣਿਤ ਇਕਾਈ ਕੇਂਦਰੀ ਦਵਾਈ ਸਟੈਂਡਰਡ ਕੰਟਰੋਲ ਸੰਗਠਨ ਦੀ ਇਕ ਤਾਜ਼ਾ …