ਬਰੈਂਪਟਨ/ਬਿਊਰੋ ਨਿਊਜ਼
ਚੇਤਨਾ ਮੈਗਜ਼ੀਨ ਅਤੇ ਕੈਨੇਡੀਅਨ ਪੰਜਾਬੀ ਅੰਤਰਰਾਸ਼ਟਰੀ ਸੰਸਥਾ ਜਿਹੜੀ ਕਿ ਸੰਨ 2004 ਤੋਂ ਕੈਨੇਡੀਅਨ ਪੰਜਾਬੀ ਬੈਨਰ ਹੇਠ ਸਾਊਥ ਏਸ਼ੀਅਨ ਸਭਿਆਚਾਰ, ਵਿਰਾਸਤ ਅਤੇ ਕਲਾ-ਕ੍ਰਿਤਾਂ ਨੂੰ ਪਰਮੋਟ ਕਰਨ ਲਈ ਵੱਖ ਵੱਖ ਪ੍ਰੋਗਰਾਮ ਪੰਜਾਬੀ ਲਿਖਤਾਂ, ਪੱਤਰਕਾਰੀ, ਫਾਦਰ ਡੇਅ, ਚੇਤਨਾ ਨਾਈਟ ਸਭਿਆਚਾਰਕ ਸਮਾਗਮ ਅਤੇ ਬੁੱਕ ਰਿਲੀਜ਼ ਪਰੋਗਰਾਮ ਕਰਵਾਉਂਦੀ ਹੈ ਵਲੋਂ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਬੀਤੇ ਐਤਵਾਰ ਫਲੈਚਰ ਸਪੋਰਟਸ ਕੰਪਲੈਕਸ ਵਿਚੱ ਡ: ਗਿਆਨ ਸਿੰਘ ਘਈ ਦੀ ਕਿਤਾਬ ‘ ਅਨੇਕ ਰੰਗ’ ਉਤੇ ਗੋਸ਼ਟੀ ਕਰਵਾਈ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਫਾਊਂਡਰ ਸੁਰਿੰਦਰ ਪਾਮਾ ਵਲੋਂ ਹਾਜ਼ਰੀਨ ਦਾ ਧੰਨਵਾਦ ਕਰਨ ਤੋਂ ਬਾਅਦ ਸੰਸਥਾ ਵਲੋਂ ਕੀਤੇ ਜਾਂਦੇ ਕਾਰਜਾਂ ਦਾ ਸੰਖੇਪ ਵਿੱਚ ਜ਼ਿਕਰ ਕੀਤਾ ਗਿਆ। ਉਹਨਾਂ ਨੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਸਭ ਤੋਂ ਪਹਿਲ੍ਹਾ 4 ਸਾਲ ਦੇ ਬੱਚੇ ਅਧੀਰਾਜ ਸਿੰਘ ਅਤੇ 6 ਸਾਲਾ ਅਵਨੀਰ ਕੌਰ ਨੂੰ ਕਵਿਤਾ ਪੜ੍ਹਨ ਦਾ ਸੱਦਾ ਦੇ ਕੇ ਨਵੀਂ ਪਿਰਤ ਪਾਈ ਜਿਸ ਦੀ ਸਰੋਤਿਆਂ ਨੇ ਤਾੜੀਆਂ ਮਾਰ ਕੇ ਦਾਦ ਦਿੱਤੀ। ਇਸ ਉਪਰੰਤ ਖੇਤੀ ਬਾੜੀ ਵਿੱਚ ਮੱਲਾਂ ਮਾਰਨ ਵਾਲੇ ਹਰਪਾਲ ਸਿੰਘ ਰਾਮਦੀਵਾਲੀ ਨੇ ਆਪਣੇ ਵਿਚਾਰ ਰੱਖੇ। ਪ੍ਰਿੰਸੀਪਲ ਸਰਵਣ ਸਿੰਘ ਨੇ ਸਰੋਤਿਆਂ ਨੂੰ ਕਿਹਾ ਕਿ ਪੰਜਾਬੀ ਸਾਹਿਤ ਦੀ ਪਰਫੁੱਲਤਾ ਲਈ ਕਿਤਾਬਾਂ ਪੜ੍ਹਨ ਦੀ ਚੇਟਕ ਜਰੂਰੀ ਹੈ। ਅਵਤਾਰ ਸਿੰਘ ਜੱਜ ਜੋ ਦਸ ਕਿਤਾਬਾਂ ਦੇ ਲੇਖਕ ਹਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਵਿਾਰ ਨਾਲ ਸਬੰਧਤ ਉਹ ਗੱਲਾਂ ਦੱਸੀਆਂ ਜੋ ਆਮ ਲੋਕਾਂ ਨੂੰ ਪਤਾ ਨਹੀਂ। ਹਰਦਿਆਲ ਸਿੰਘ ਸੰਧੂ ਨੇ ਆਪਣੇ ਵਿਚਾਰ ਪਰਗਟ ਕਰਦੇ ਹੋਏ ਕਿਹਾ ਕਿ ਪੰਜਾਬੀ ਦੀਆਂ ਕਿਤਾਬਾਂ ਛਪਵਾਉਣ ਲਈ ਫੰਡ ਇਕੱਟਾਂ ਕਰਨ ਦੀ ਜਰੂਰਤ ਹੈ। ਪੱਤਰਕਾਰ ਸੱਤਪਾਲ ਜੌਹਲ ਨੇ ਸਰੋਤਿਆਂ ਨਾਲ ਸਾਂਝ ਪਾਉਂਦੇ ਕਿਹਾ ਕਿ ਸਾਨੂੰ ਪੰਜਾਬੀ ਦੀਆਂ ਕਿਤਾਬਾਂ ਪੜ੍ਹਨੀਆ ਅਤੇ ਆਪਣੇ ਬੱਚਿਆਂ ਵਿੱਚ ਪੜ੍ਹਨ ਦੀ ਲਗਨ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਮਸ਼ਹੂਰ ਲੇਖਕ ਬਲਬੀਰ ਮੋਮੀ ਨੇ ਵੀ ਸਰੋਤਿਆਂ ਨਾਲ ਆਪਣੇ ਵਿਚਾਰਾਂ ਦੁਆਰਾ ਸਾਂਝ ਪਾਈ।
ਡਾ: ਗਿਆਨ ਸਿੰਘ ਘਈ ਦੀ ਕਿਤਾਬ ‘ਅਨੇਕ ਰੰਗ’ ਬਾਰੇ ਬੋਲਦਿਆਂ ਹਰਜੀਤ ਬੇਦੀ ਨੇ ਕਿਹਾ ਕਿ ਇਹ ਕਿਤਾਬ ਪੜ੍ਹ ਕੇ ਇਹ ਗੱਲ ਸ਼ਪਸ਼ਟ ਹੁੰਦੀ ਹੈ ਕਿ ਘਈ ਸਾਹਿਬ ਸਿਰਫ ਲਿਖਣ ਲਈ ਹੀ ਕਵਿਤਾ ਨਹੀਂ ਲਿਖਦੇ ਉਹਨਾਂ ਦੀ ਕਵਿਤਾ ਵਿੱਚ ਸਮਾਜ ਦਾ ਜਿਕਰ ਹੁੰਦਾ ਹੈ ਅਤੇ ਉਹਨਾਂ ਦੀ ਕਵਿਤਾ ਦਾ ਲੋਕਾਂ ਨਾਲ ਗੂੜ੍ਹਾ ਰਿਸ਼ਤਾ ਹੈ। ਹਰਚੰਦ ਬਾਸੀ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਡਾ: ਘਈ ਸਮਾਜਿਕ, ਰਾਜਨੀਤਕ, ਧਾਰਮਿਕ ਮਸਲਿਆਂ ਨੂੰ ਲੈਕੇ ਕਵਿਤਾ ਦੀ ਰਚਨਾ ਕਰਦਾ ਹੈ ਜਿਹੜਾ ਉਸ ਦੇ ਲੋਕ ਪੱਖੀ ਹੋਣ ਦਾ ਸਬੂਤ ਹੈ। ਸੁਰਿੰਦਰ ਪਾਮਾ ਨੇ ਘਈ ਦੀ ਕਵਿਤਾ ਬਾਰੇ ਕਿਹਾ ਕਿ ਉਸ ਨੂੰ ਘਈ ਸਾਹਿਬ ਦੀਆਂ ਕਵਿਤਾਵਾਂ ਟੁੰਬਦੀਆਂ ਹਨ ਇਸੇ ਲਈ ਉਹ ਇਹ ਗੋਸ਼ਟੀ ਕਰਵਾ ਰਹੇ ਹਨ। ਡਾ: ਵਰਿਆਮ ਸੰਧੂ ਨੇ ਕਿਹਾ ਕਿ ਪੰਜਾਬੀਆਂ ਦਾ ਸ਼ਬਦ ਨਾਲ ਬਹੁਤ ਡੂੰਘਾ ਸਬੰਧ ਹੈ ਤੇ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਸਭ ਤੋਂ ਪੁਰਾਤਨ ਗਰੰਥ ਰਿਗ ਵੇਦ ਦੀ ਰਚਨਾ ਵੀ ਪੰਜਾਬ ਦੀ ਧਰਤੀ ਤੇ ਹੋਈ ਸੀ। ਉਹਨਾਂ ਇਸ ਗੱਲ ਤੇ ਚਿੰਤਾ ਪਰਗਟ ਕੀਤੀ ਕਿ ਅੱਜ ਕੱਲ੍ਹ ਪੈਸੇ ਦੇ ਲਾਲਚ ਵਿੱਚ ਗੈਰ-ਸਭਿੱਅਕ ਗੀਤਾਂ ਦਾ ਬੋਲਬਾਲਾ ਸਾਡੀਆਂ ਸਮਾਜਕ ਕਦਰਾਂ ਕੀਮਤਾਂ ਨੂੰ ਤਬਾਹ ਕਰ ਰਿਹਾ ਹੈ । ਉਹਨਾਂ ਡਾ: ਘਈ ਨੁੰ ਇਸ ਗੱਲ ਦੀ ਮੁਬਾਰਕਵਾਦ ਦਿੱਤੀ ਕਿ ਉਹਨਾਂ ਦੀ ਕਿਤਾਬ ‘ਅਨੇਕ ਰੰਗ’ ਵਿਚਲੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਹਨ।
ਇਸੇ ਦੌਰਾਨ ਅਜਮੇਰ ਪਰਦੇਸੀ, ਗੁਰਦੇਵ ਸਿੰਘ ਬਡਵਾਲ, ਬਲਦੇਵ ਸਿੰਘ ਅਤੇ ਸੁਰਿੰਦਰ ਪਾਮਾ ਨੇ ਗੀਤ ਅਤੇ ਕਵਿਤਾਵਾਂ ਸੁਣਾ ਕੇ ਮਹੌਲ ਨੂੰ ਮਨੋਰੰਜਕ ਬਣਾਈ ਰੱਖਿਆ। ਸੁਰਿੰਦਰ ਪਾਮਾ ਦੀ ‘ਲੱਗੀ ਨਜ਼ਰ ਮਹਾਂ ਪੰਜਾਬ ਨੂੰ’, ਹਰਨਾਮ ਸਿੰਘ ਰਾਮਦੀਵਾਲੀ ਦੀ ‘ਕੈਨੇਡਾ ਦੀ ਫੇਰੀ’, ਡਾ: ਮਲਕੀਤ ਸਿੰਘ ਸੋਹਲ ਦੀ ‘ਮਹਿਰਮ ਦਿਲਾਂ ਦੇ’, ਮਨਜੀਤ ਸਿੰਘ ਟਾਂਡਾ ਦੀ,’ਭਾਈ ਸੰਗਤ ਸਿੰਘ ਸ਼ਹੀਦ’ ਅਤੇ ਨਰਿੰਦਰ ਭੰਗੂ ਦੀ ਅੰਗਰੇਜੀ ਕਵਿਤਾਵਾਂ ਦੀ ‘ਫਰੌਮ ਮਾਈਂਡ ਟੂ ਸੋਲ’ ਦੀ ਜਾਣਕਾਰੀ ਸਰੋਤਿਆਂ ਨੂੰ ਦਿੱਤੀ ਗਈ। ਇਸ ਪ੍ਰੋਗਰਾਮ ਦੀ ਮੂਵੀ ਸੁਰਿੰਦਰ ਪਾਮਾ ਦੇ ਬੇਟੇ ਨਵਦੀਪ ਪਾਮਾ ਅਤੇ ਫੋਟੋਗਰਾਫੀ ਬੇਟੀ ਦਿਲਰਾਜ ਪਾਮਾ ਨੇ ਕੀਤੀ। ਪ੍ਰੋਗਰਾਮ ਦੇ ਅੰਤ ਤੇ ਡਾ: ਵਰਿਆਮ ਸੰਧੂ ਦਾ ਲੋਈ, ਪਲੈਕ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਐਮ ਪੀ ਪੀ ਸੋਨੀਆਂ ਸਿੱਧੂ ਨੇ ਸਾਰੇ ਬੁਲਾਰਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਜਿੰਦ ਧਾਲੀਵਾਲ ਦੀ ਬੇਟੀ ਨੂੰ ਪੰਜਵੀਂ ਜਮਾਤ ਤੱਕ ਪਹੁੰਚਦਿਆਂ 500 ਕਿਤਾਬਾਂ ਪੜ੍ਹਨ ਕਾਰਨ ਵਿਸ਼ੇਸ਼ ਪ੍ਰਸੰਸ਼ਾ ਪੱਤਰ ਦਿੱਤਾ ਗਿਆ। ਸੁਰਿੰਦਰ ਪਾਮਾ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫਤਰ ਵਲੋਂ ਸਾਊਥ ਏਸ਼ੀਅਨ ਕਲਚਰ ਪਰਮੋਟ ਕਰਨ ਲਈ ਮੁਬਾਰਕਬਾਦ ਭੇਜੀ ਗਈ।
ਇਸ ਮੌਕੇ ਟਰਬਨੇਟਰ ਕਲੱਬ ਤੋਂ ਗੁਰਤੇਜਪ੍ਰੀਤ ਘਈ, ਸਿਮਰਨ ਘਈ, ਈਟੋਬੀਕੋ ਤੋਂ ਸਕੂਲ ਟਰੱਸਟੀ ਅਵਤਾਰ ਮਿਨਹਾਸ, ਪੱਤਰਕਾਰ ਹਰਜੀਤ ਬਾਜਵਾ, ਦਵਿੰਦਰ ਟਾਂਕ, ਚੌਧਰੀ ਸ਼ਿੰਗਾਰਾ ਸਿੰਘ, ਨੰਬਰਦਾਰ ਜਸਪਾਲ ਸਿੰਘ, ਗੁਰਨਾਮ ਸਿੰਘ ਕੈਰੋਂ, ਪ੍ਰੋ: ਨਿਰਮਲ ਧਾਰਨੀ, ਕੁਲਦੀਪ ਸਿੰਘ ਸੈਣੀ, ਕਰਨਲ ਗੁਰਨਾਮ ਸਿੰਘ, ਪਰੀਤਮ ਸਿੰਘ ਸਰਾਂ, ਬੀਬੀ ਅਮਰਜੀਤ ਕੌਰ ਘਈ ਅਤੇ ਹੋਰ ਅਨੇਕ ਹਸਤੀਆਂ ਹਾਜ਼ਰ ਸਨ। ਸੁਰਿੰਦਰ ਪਾਮਾ ਦੇ ਪਰਿਵਾਰ ਵਿਸ਼ੇਸ਼ ਤੌਰ ‘ਤੇ ਉਹਨਾਂ ਦੀ ਪਤਨੀ ਵਲੋਂ ਮਹਿਮਾਨਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਗਈ। ਵਾਲੰਟੀਅਰਾਂ ਜਰਨੈਲ ਸਿੰਘ, ਬਲਦੇਵ ਰਾਜ, ਜਤਿੰਦਰ ਸਿੰਘ, ਇੰਦਰ ਸਿੰਘ , ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ ਚੱਠਾ, ਹਰਪਿੰਦਰ ਸਿੰਘ ਅਤੇ ਹਰਮੀਤ ਸਿੰਘ ਨੇ ਪ੍ਰੋਗਰਾਮ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਇਆ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …