ਲਿਬਰਲ ਸਰਕਾਰ ਨੇ 10 ਹਜ਼ਾਰ ਵੈਂਟੀਲੇਟਰ ਖਰੀਦਣ ਦਾ ਕੀਤਾ ਸੀ ਕਰਾਰ
ਓਟਵਾ/ਬਿਊਰੋ ਨਿਊਜ਼
ਜਸਟਿਨ ਟਰੂਡੋ ਸਰਕਾਰ ਵੈਂਟੀਲੇਟਰ ਖਰੀਦ ਮਾਮਲੇ ‘ਚ ਬੁਰੀ ਤਰ੍ਹਾਂ ਘਿਰਦੀ ਜਾ ਰਹੀ ਹੈ। ਕਾਮਨਜ਼ ਐਥਿਕਸ ਕਮੇਟੀ ਨੇ ਵੈਂਟੀਲੇਟਰ ਖਰੀਦ ਮਾਮਲੇ ਦੀ ਜਾਂਚ-ਪੜਤਾਲ ਲਈ ਹਰੀ ਝੰਡੀ ਦੇ ਦਿੱਤੀ ਹੈ। ਲਿਬਰਲ ਸਰਕਾਰ ਨੇ ਸਿਰਫ਼ 11 ਦਿਨ ਪਹਿਲਾਂ ਬਣਾਈ ਗਈ ਕੰਪਨੀ ਨਾਲ 10 ਹਜ਼ਾਰ ਵੈਂਟੀਲੇਟਰ ਖਰੀਦਣ ਦਾ ਕਰਾਰ ਕੀਤਾ ਸੀ। ਵੈਂਟੀਲੇਟਰ ਬਣਾਉਣ ਦਾ ਕੰਟਰੈਕਟ ਕਰਨ ਵਾਲੀ ਕੰਪਨੀ ਬੈਲੀਸ ਮੈਡੀਕਲ ਨਾਲ ਸਰਕਾਰ ਦੇ ਸਬੰਧਾਂ ਦੇ ਦੋਸ਼ ਲੱਗ ਰਹੇ ਹਨ।
ਛੇਤੀ ਹੀ ਇਸ ਦੀ ਜਾਂਚ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਕੈਨੇਡਾ ਦੀ ਲੋਕ ਸੇਵਾਵਾਂ ਦੀ ਮੰਤਰੀ ਅਨੀਤਾ ਆਨੰਦ ਨੇ ਉਸ ਸਾਬਕਾ ਲਿਬਰਲ ਐਮਪੀ ਫਰੈਂਕ ਬੈਲੀਸ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੱਤਾ ਹੈ, ਜਿਸ ਦੀ ਕੰਪਨੀ ਨੇ ਸਰਕਾਰ ਨਾਲ ਵੈਂਟੀਲੇਟਰ ਬਣਾਉਣ ਲਈ 237 ਮਿਲੀਅਨ ਡਾਲਰ ਬਣਾਉਣ ਦਾ ਕਰਾਰ ਕੀਤਾ ਹੈ।
ਅਨੀਤਾ ਆਨੰਦ ਨੇ ਕਾਮਨਜ਼ ਗੌਰਮਿੰਟ ਅਪ੍ਰੇਸ਼ਨਜ਼ ਕਮੇਟੀ ਦੇ ਸਾਹਮਣੇ ਪੇਸ਼ ਹੁੰਦੇ ਹੋਏ ਕਿਹਾ ਹੈ ਕਿ ਉਹ ਨਹੀਂ ਜਾਣਦੀ ਕਿ ਫਰੈਂਕ ਬੈਲੀਸ ਕੌਣ ਹੈ?
ਰਿਪੋਰਟ ਅਨੁਸਾਰ ਕੈਨੇਡਾ ਦੀ ਵਿਰੋਧੀ ਧਿਰ ਦੇ ਐਮਪੀਜ਼ ਨੇ 10 ਹਜ਼ਾਰ ਵੈਂਟੀਲੇਟਰਜ਼ ਬਣਾਉਣ ਦਾ ਕਰਾਰ ਕਰਨ ਵਾਲੀ ਬੈਲੀਸ ਦੀ ਕੰਪਨੀ ‘ਬੈਲੀਸ ਮੈਡੀਕਲ’ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਇਹ ਡੀਲ ਐਫਟੀਆਈ ਪ੍ਰੋਫੈਸ਼ਨਲ ਗਰੇਡ ਕੰਪਨੀ ਰਾਹੀਂ ਹੋਈ, ਜਿਹੜੀ ਕਿ ਵੈਂਟੀਲੇਟਰ ਦੇ ਕਰਾਰ ‘ਤੇ ਹਸਤਾਖਰ ਹੋਣ ਤੋਂ ਸਿਰਫ਼ 11 ਦਿਨ ਪਹਿਲਾਂ ਸਥਾਪਤ ਕੀਤੀ ਗਈ ਸੀ।ਇਥੇ ਜ਼ਿਕਰਯੋਗ ਹੈ ਕਿ ਇਹ ਕੰਪਨੀ ਵੱਡੀ ਦਾਨੀ ਸੰਸਥਾ ਹੈ, ਜੋ ਕਿ ਲਿਬਰਲ ਪਾਰਟੀ ਨੂੰ ਹੁਣ ਤੱਕ 66 ਹਜ਼ਾਰ ਡਾਲਰ ਤੋਂ ਵੱਧ ਦਾ ਫੰਡ ਦੇ ਚੁੱਕੀ ਹੈ। ਕਾਮਨਜ਼ ਗੌਰਮਿੰਟ ਅਪ੍ਰੇਸ਼ਨਜ਼ ਕਮੇਟੀ ਸਾਹਮਣੇ ਕੰਸਰਵੇਟਿਵ ਐਮਪੀ ਪਿਆਰੇ ਪਾਲ ਹਸ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਅਨੀਤਾ ਆਨੰਦ ਨੇ ਕਿਹਾ ਕਿ ਉਹ ਬੈਲੀਸ ਨੂੰ ਨਹੀਂ ਜਾਣਦੀ ਹੈ ਅਤੇ ਨਾ ਹੀ ਉਹ ਉਸ ਨੂੰ ਕਦੇ ਮਿਲੀ ਹੈ।
ਇਸ ਦੇ ਜਵਾਬ ਵਿੱਚ ਕੰਸਰਵੇਟਿਵ ਐਮਪੀ ਪਿਆਰੇ ਪਾਲ ਹਸ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਅਨੀਤਾ ਆਨੰਦ ਕਿੰਨੇ ਸਮੇਂ ਤੋਂ ਲਿਬਰਲ ਪਾਰਟੀ ਨਾਲ ਜੁੜੀ ਹੋਈ ਹੈ, ਪਰ ਉਨ੍ਹਾਂ ਦੀ ਨਜ਼ਰ ‘ਚ ਲਿਬਰਲ ਪਾਰਟੀ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੰਦੇ ਹੋਏ ਆਪਣੇ ਦੋਸਤਾਂ ਨੂੰ ਲਾਭ ਪਹੁੰਚਾਉਂਦੀ ਆ ਰਹੀ ਹੈ। ਬੈਲੀਸ ਕੰਪਨੀ ਨਾਲ ਜਿਹੜਾ ਕਰਾਰ ਹੋਇਆ, ਉਹ ਲਿਬਰਲ ਐਮਪੀਪੀ ਅਨੀਤਾ ਆਨੰਦ ਦੀ ਪਿੱਠ ਪਿੱਛੇ ਹੋਇਆ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕਾਮਨਜ਼ ਐਥਿਕਸ ਕਮੇਟੀ ਨੇ ਮਾਮਲੇ ਦੀ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ।
ਕਮੇਟੀ ਦੇ 6 ਮੈਂਬਰਾਂ ਨੇ ਜਾਂਚ ਕਰਾਉਣ ਦੇ ਹੱਕ ‘ਚ, ਜਦਕਿ ਪੰਜ ਨੇ ਜਾਂਚ ਦੇ ਵਿਰੋਧ ‘ਚ ਵੋਟ ਪਾਈ। ਕੰਸਰਵੇਟਿਵ ਪਾਰਟੀ ਵੱਲੋਂ ਲਾਏ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਲਿਬਰਲ ਸਰਕਾਰ ਵੱਡੀਆਂ ਮੁਸ਼ਕਲਾਂ ਵਿੱਚ ਘਿਰ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …