
ਕਿਹਾ – ਮੇਰੀ ਗਲਤੀ ਸਾਬਤ ਕਰੋ ਲੰਮਾ ਪੈ ਕੇ ਵੀ ਮੱਥਾ ਟੇਕਣ ਲਈ ਹਾਂ ਤਿਆਰ
ਪਟਿਆਲਾ/ਬਿਊਰੋ ਨਿਊਜ਼
ਅਕਾਲ ਤਖਤ ਸਾਹਿਬ ਵਲੋਂ ਲੰਘੇ ਕੱਲ੍ਹ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਫੈਸਲਾ ਲਿਆ ਸੀ। ਫੈਸਲੇ ‘ਚ ਸੰਗਤਾਂ ਨੂੰ ਕਿਹਾ ਗਿਆ ਕਿ ਢੱਡਰੀਆਂ ਵਾਲੇ ਦੇ ਸਮਾਗਮ ਨਾ ਕਰਵਾਏ ਜਾਣ ਅਤੇ ਨਾ ਹੀ ਇਸ ਦੀਆਂ ਵੀਡੀਓ ਦੇਖੀਆਂ ਜਾਣ। ਇਸਦੇ ਜਵਾਬ ਵਿਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਵਾਬ ਦਿੱਤਾ ਹੈ। ਢੱਡਰੀਆਂ ਵਾਲੇ ਨੇ ਕਿਹਾ ਕਿ ਮੈਂ ਲੰਮਾ ਪੈ ਕੇ ਮੱਥਾ ਟੇਕਣ ਨੂੰ ਤਿਆਰ ਹਾਂ ਪਰ ਮੇਰੀ ਜੇ ਕੋਈ ਗਲਤੀ ਹੈ ਤਾਂ ਉਸ ਨੂੰ ਸਾਬਤ ਕੀਤਾ ਜਾਵੇ। ਜੇ ਗਲਤੀ ਸਾਬਤ ਹੁੰਦੀ ਹੈ ਤਾਂ ਜਿਥੇ ਮਰਜ਼ੀ ਲੈ ਜਾਓ, ਸਦਾ ਲਈ ਪ੍ਰਚਾਰ ਬੰਦ ਕਰਕੇ ਹਮੇਸ਼ਾ ਭਾਂਡੇ ਮਾਂਜਾਂਗਾ ਅਤੇ ਪ੍ਰਮੇਸ਼ਰ ਦੁਆਰ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਦਿਆਂਗਾ। ਉਨ੍ਹਾਂ ਕਿਹਾ ਕਿ ਗਲਤ ਹੋਵਾਂਗਾ ਤਾਂ ਹਰ ਸਜ਼ਾ ਭੁਗਤਣ ਨੂੰ ਤਿਆਰ ਹਾਂ, ਪਰ ਮੈਂ ਕੋਈ ਗਲਤੀ ਨਹੀਂ ਕੀਤੀ। ਧਿਆਨ ਰਹੇ ਕਿ ਅਕਾਲ ਤਖਤ ਸਾਹਿਬ ਵਲੋਂ ਜਾਰੀ ਕੀਤੇ ਨਵੇਂ ਹੁਕਮਾਂ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਬਿਆਨ ਵੀਡੀਓ ਰਾਹੀਂ ਜਾਰੀ ਕੀਤਾ ਹੈ।