Breaking News
Home / ਪੰਜਾਬ / ਭਗਵੰਤ ਮਾਨ ਨੇ ਨੱਕੀਆਂ ਟੌਲ ਪਲਾਜ਼ਾ ਚੁੱਕਵਾਇਆ

ਭਗਵੰਤ ਮਾਨ ਨੇ ਨੱਕੀਆਂ ਟੌਲ ਪਲਾਜ਼ਾ ਚੁੱਕਵਾਇਆ

ਜਨਤਾ ਦਾ ਰੋਜ਼ਾਨਾ ਕਰੀਬ 12 ਲੱਖ ਰੁਪਏ ਬਚੇਗਾ : ਮੁੱਖ ਮੰਤਰੀ
ਸ੍ਰੀ ਕੀਰਤਪੁਰ ਸਾਹਿਬ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਨੱਕੀਆਂ (ਸ੍ਰੀ ਕੀਰਤਪੁਰ ਸਾਹਿਬ) ਸਥਿਤ ਟੌਲ ਪਲਾਜ਼ੇ ਨੂੰ ਪੱਕੇ ਤੌਰ ‘ਤੇ ਬੰਦ ਕਰਵਾ ਦਿੱਤਾ ਹੈ। ਹੁਣ ਲੋਕ ਟੌਲ ਟੈਕਸ ਦਿੱਤੇ ਬਿਨਾਂ ਇਸ ਮਾਰਗ ਤੋਂ ਮੁਫ਼ਤ ‘ਚ ਲੰਘ ਸਕਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ, ਰੂਪਨਗਰ ਤੋਂ ‘ਆਪ’ ਵਿਧਾਇਕ ਦਿਨੇਸ਼ ਚੱਢਾ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟੌਲ ਪਲਾਜ਼ਾ ਬੰਦ ਹੋਣ ਨਾਲ ਜਨਤਾ ਦਾ ਰੋਜ਼ਾਨਾ ਕਰੀਬ 12 ਲੱਖ ਰੁਪਏ ਬਚੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟੌਲ ਕਾਂਗਰਸ ਸਰਕਾਰ ਦੀ ਦੇਣ ਹਨ ਅਤੇ ਅਕਾਲੀਆਂ ਨੇ ਇਸ ਨੂੰ ਹੱਲਾਸ਼ੇਰੀ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਚਾਰ ਹੋਰ ਟੌਲ ਪਲਾਜ਼ਾ ਲੱਗਣ ਜਾ ਰਹੇ ਸਨ, ਜਿਹੜੇ ਅਸੀਂ ਲੱਗਣ ਨਹੀਂ ਦਿੱਤੇ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਇਸ ਟੌਲ ਦੀ ਮਿਆਦ ਅੱਗੇ ਵਧਾਉਣ ਲਈ ਜੋ ਵੀ ਸਮਝੌਤੇ ਕੀਤੇ ਗਏ, ਉਸ ਲਈ ਕਾਰਵਾਈ ਹੋਵੇਗੀ। ‘ਪੰਜਾਬ ਸਰਕਾਰ ਨੇ ਇਸ ਕੰਪਨੀ ਤੋਂ 67 ਕਰੋੜ ਰੁਪਏ ਵੀ ਵਸੂਲਣੇ ਹਨ ਜੋ ਇਸ ਸੜਕ ਦੀ ਮੁਰੰਮਤ ਕਰਨ ਲਈ ਵਰਤੇ ਜਾਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸਕ ਧਰਤੀ ਸ੍ਰੀ ਆਨੰਦਪੁਰ ਸਾਹਿਬ ਨੂੰ ਸਰਕਾਰ ਵੱਡੇ ਪੱਧਰ ‘ਤੇ ਟੂਰਿਜ਼ਮ ਹੱਬ ਵਜੋਂ ਵਿਕਸਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਏਰੀਆ ਸਭ ਤੋਂ ਸੁੰਦਰ ਹੈ। ਇਸ ਇਲਾਕੇ ਵਿਚ ਇੱਕ ਫਿਲਮ ਸਿਟੀ ਬਣਾਉਣ ਦੀ ਯੋਜਨਾ ਵਿਚਾਰ ਅਧੀਨ ਹੈ ਤਾਂ ਜੋ ਇਥੇ ਬੌਲੀਵੁੱਡ ਅਤੇ ਪੰਜਾਬੀ ਦੀਆਂ ਫਿਲਮਾਂ ਦੀ ਸ਼ੂਟਿੰਗ ਹੋ ਸਕੇ। ਫਿਲਮ ਸਿਟੀ ਆਉਣ ਨਾਲ ਹੋਟਲ ਰੁਜ਼ਗਾਰ ਵਧੇਗਾ। ਰਣਜੀਤ ਸਾਗਰ ਡੈਮ ਵਿਚ 16 ਏਕੜ ਦਾ ਜਿਹੜਾ ਏਰੀਆ ਹੈ, ਉਸ ਨੂੰ ਵੀ ਵਿਕਸਤ ਕੀਤਾ ਜਾਵੇਗਾ।” ਉਨ੍ਹਾਂ ਦੱਸਿਆ ਕਿ ਸ੍ਰੀ ਨੈਣਾ ਦੇਵੀ ਅਤੇ ਪਠਾਨਕੋਟ ਤੋਂ ਡਲਹੌਜ਼ੀ ਨੂੰ ਰੋਪਵੇਅ ਨਾਲ ਜਲਦੀ ਜੋੜਿਆ ਜਾ ਰਿਹਾ ਹੈ।
ਹਰਜੋਤ ਬੈਂਸ ਵੱਲੋਂ ਟੌਲ ਪਲਾਜ਼ਾ ਬੰਦ ਕਰਨ ਲਈ ਧੰਨਵਾਦ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਵੋਟਰਾਂ ਤਰਫ਼ੋਂ ਉਨ੍ਹਾਂ ਦਾ ਸਵਾਗਤ ਕਰਦੇ ਹਨ। ਉਨ੍ਹਾਂ ਟੌਲ ਪਲਾਜ਼ਾ ਬੰਦ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੋਲੇ ਮਹੱਲੇ ਦੌਰਾਨ ਵਧੀਆ ਪ੍ਰਬੰਧ ਕੀਤੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹਾ ਅਤੇ ਹੋਰ ਆਗੂ ਹਾਜ਼ਰ ਸਨ।

Check Also

ਸ਼੍ਰੋਮਣੀ ਅਕਾਲੀ ਦਲ ‘ਚ ਪਿਆ ਸਿਆਸੀ ਕਲੇਸ਼ ਹੋਰ ਵਧਿਆ

ਸੀਨੀਅਰ ਅਕਾਲੀ ਆਗੂਆਂ ਨੇ ਜਲੰਧਰ ‘ਚ ਕੀਤੀ ਵੱਖਰੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ …