ਧਰਮਿੰਦਰ ਭਿੰਦਾ ਕਤਲ ਕਾਂਡ ਮਾਮਲੇ ’ਚ ਲੋੜੀਂਦਾ ਸੀ ਸ਼ਾਪਰ ਸ਼ੂਟਰ ਹਰਬੀਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹਰਿਆਣਾ ਅਤੇ ਉੱਤਰਾਖੰਡ ਤੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਉਹ ਧਰਮਿੰਦਰ ਭਿੰਦਾ ਕਤਲ ਕੇਸ ਵਿੱਚ ਲੋੜੀਂਦੇ ਸਨ। ਪਹਿਲਵਾਨ ਵਜੋਂ ਜਾਣੇ ਜਾਂਦੇ ਭਿੰਦਾ ਨੂੰ ਲੰਘੇ ਦਿਨੀਂ ਪਟਿਆਲਾ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਅਤੇ ਉਤਰਾਖੰਡ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇ ਦੌਰਾਨ ਇਹ ਗਿ੍ਰਫ਼ਤਾਰੀਆਂ ਕੀਤੀਆਂ ਗਈਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕੀਤੀ ਗਈ ਇਹ ਪਹਿਲੀ ਕਾਰਵਾਈ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਸਸਟਰ ਟਾਸਕ ਫੋਰਸ ਨੇ ਉਤਰਾਖੰਡ ਪੁਲਿਸ ਨਾਲ ਮਿਲ ਕੇ ਇਹ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਦੇਹਰਾਦੂਨ ਨੇੜਲੇ ਇਕ ਹੋਸਟਲ ਤੋਂ ਹਰਬੀਰ ਸਿੰਘ ਨਾਮੀ ਸ਼ਾਰਪ ਸ਼ੂਟਰ ਗੈਂਗਸਟਰ ਨੂੰ ਕਾਬੂ ਕੀਤਾ ਗਿਆ। ਹਰਬੀਰ ਸਿੰਘ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਦੂਜੇ ਆਰੋਪੀ ਨੂੰ ਪਟਿਆਲਾ ਦੀ ਟੀਮ ਨੇ ਤੇਜਿੰਦਰ ਸਿੰਘ ਨੂੰ ਹਰਿਆਣਾ ਵਿਚੋਂ ਗਿ੍ਰਫ਼ਤਾਰ ਕੀਤਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦਾ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੂੰ ਬਣਾਇਆ ਗਿਆ ਹੈ ਜਦਕਿ ਏਆਈਜੀ ਗੁਰਮੀਤ ਚੌਹਾਨ ਅਤੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਇਸ ਦੇ ਮੁੱਖ ਮੈਂਬਰ ਹਨ।