2.6 C
Toronto
Friday, November 7, 2025
spot_img
Homeਪੰਜਾਬਮੈਨੂੰ ਵਿਧਾਨ ਸਭਾ ਚੋਣ ਧੱਕੇ ਨਾਲ ਲੜਵਾਈ ਗਈ : ਰਾਜੇਵਾਲ

ਮੈਨੂੰ ਵਿਧਾਨ ਸਭਾ ਚੋਣ ਧੱਕੇ ਨਾਲ ਲੜਵਾਈ ਗਈ : ਰਾਜੇਵਾਲ

ਫਸਲਾਂ ਦੇ ਖਰਾਬੇ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਇਕ ਸਾਲ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਾ ਨਹੀਂ ਸੀ ਚਾਹੁੰਦੇ। ਉਨ੍ਹਾਂ ਨੂੰ ਧੱਕੇ ਨਾਲ ਚੋਣ ਲੜਵਾਈ ਗਈ। ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਉਸ ਵੇਲੇ ਸਾਰੇ ਇਕੱਠੇ ਹੋ ਗਏ ਸਨ ਤੇ ਮੈਨੂੰ ਕਿਹਾ ਕਿ ਤੁਹਾਨੂੰ ਚੋਣ ਲੜਨੀ ਪਵੇਗੀ, ਤੁਸੀਂ ਸਾਨੂੰ ਜਵਾਬ ਨਹੀਂ ਦੇ ਸਕਦੇ। ਸੰਯੁਕਤ ਸਮਾਜ ਮੋਰਚਾ ਬਣਾਉਣ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਪਤਾ।
ਪ੍ਰੈੱਸ ਮਿਲਣੀ ਦੌਰਾਨ ਅਚਾਨਕ ਮੇਰੇ ਪਿੱਛੇ ਲਿਆ ਕੇ ਇੱਕ ਬੋਰਡ ਖੜ੍ਹਾ ਕਰ ਦਿੱਤਾ ਅਤੇ ਸੰਯੁਕਤ ਸਮਾਜ ਮੋਰਚਾ ਬਣਾਉਣ ਬਾਰੇ ਮੇਰੇ ਤੋਂ ਪੁੱਛਿਆ ਵੀ ਨਹੀਂ ਗਿਆ। ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ, ਜਿਨ੍ਹਾਂ ਵੱਲੋਂ ਬਣਾਇਆ ਗਿਆ ਸੀ, ਉਹ ਅੱਜ ਕਿਸਾਨੀ ਮੰਗਾਂ ਤੋਂ ਭੱਜ ਕੇ ਸਿਆਸਤ ‘ਚ ਆ ਚੁੱਕੇ ਹਨ। ਕਿਸਾਨ ਆਗੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਕਦੇ ਸਰਕਾਰ ਤੋਂ ਕੋਈ ਫਾਇਦਾ ਨਹੀਂ ਲਿਆ ਗਿਆ ਅਤੇ ਨਾ ਹੀ ਕੋਈ ਚੇਅਰਮੈਨੀ ਲਈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਤੋਂ ਕਿਸਾਨਾਂ ਲਈ ਲੜਦੇ ਆ ਰਹੇ ਹਨ। ਅੰਦੋਲਨ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਜ਼ੋਰਦਾਰ ਢੰਗ ਨਾਲ ਸਰਕਾਰ ਕੋਲ ਚੁੱਕੀਆਂ ਸਨ ਤੇ ਮੰਗਾਂ ਦਾ ਹੱਲ ਕਰਵਾ ਕੇ ਦਿੱਤਾ। ਰਾਜੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਫਸਲਾਂ ਦੇ ਖਰਾਬੇ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਘੱਟ ਹੈ। ਫ਼ਸਲਾਂ ਦੇ ਖਰਾਬੇ ਲਈ ਘੱਟੋ-ਘੱਟ 50-50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

 

RELATED ARTICLES
POPULAR POSTS