ਆਰਐਸਐਸ ਆਗੂ ਜਗਦੀਸ਼ ਗਗਨੇਜਾ ਨੂੰ ਦਿੱਤੀ ਸ਼ਰਧਾਂਜਲੀ
ਜਲੰਧਰ/ਬਿਊਰੋ ਨਿਊਜ਼ : ਆਰਐੱਸਐੱਸ ਦੇ ਸੂਬਾ ਸਹਿ ਸੰਘ ਸੰਚਾਲਕ ਤੇ ਸਾਬਕਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਸਿਰਫ ਭਾਜਪਾ, ਸੰਘ ਜਾਂ ਫ਼ੌਜ ਤੋਂ ਹੀ ਸਨਮਾਨ ਪ੍ਰਾਪਤ ਨਹੀਂ ਹੋਇਆ ਸੀ, ਉਹ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਹੋਰ ਸਿਆਸੀ ਪਾਰਟੀਆਂ ਤੋਂ ਵੀ ਪੂਰਾ ਸਨਮਾਨ ਮਿਲਿਆ ਸੀ। ਉਨ੍ਹਾਂ ਦੇ ਕਤਲ ਦੀ ਜਾਂਚ ਸੀਬੀਆਈ ਕਰ ਰਹੀ ਹੈ ਅਤੇ ਇਸ ਜਾਂਚ ਦੀ ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਿੰਧੂ ਜਲ ਸਮਝੌਤੇ ਸਬੰਧੀ ਉੱਚ ਪੱਧਰੀ ਕਾਰਵਾਈ ਜਾਰੀ ਹੈ ਤੇ ਕਿਸੇ ਵੀ ਕੀਮਤ ‘ਤੇ ਭਾਰਤ ਸਰਕਾਰ ਦੇਸ਼ ਦਾ ਸਿਰ ਨੀਵਾਂ ਨਹੀਂ ਹੋਣ ਦੇਵੇਗੀ।
ਇਹ ਗੱਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਹੀ। ਉਹ ਸਵਰਗੀ ਗਗਨੇਜਾ ਦੇ ਸ਼ਰਧਾਂਜਲੀ ਸਮਾਗਮ ਉਪਰੰਤ ਸੰਬੋਧਨ ਕਰ ਰਹੇ ਸਨ। ਰਾਜਨਾਥ ਸਿੰਘ ਨੇ ਕਿਹਾ ਕਿ ਗਗਨੇਜਾ ਕਤਲ ਕਾਂਡ ਦੀ ਜਾਂਚ ਕਿੱਥੇ ਪੁੱਜੀ ਹੈ, ਇਸ ਦਾ ਹਾਲੇ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਦੀ ਜਾਂਚ ਸੀਬੀਆਈ ਕੋਲ ਹੈ ਅਤੇ ਸੀਬੀਆਈ ਅਜਿਹੇ ਕਈ ਵੱਡੇ ਕੇਸ ਹੱਲ ਕਰ ਚੁੱਕੀ ਹੈ ਤੇ ਪੂਰੀ ਤਰ੍ਹਾਂ ਸਮਰੱਥ ਹੈ। ਇਸ ਘਟਨਾ ਦੇ ਤਾਰ ਕਿਸ ਦੇਸ਼ ਨਾਲ ਜੁੜੇ ਹੋਏ ਹਨ, ਇਸ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਤੇ ਕੁਝ ਵੀ ਜਨਤਕ ਕਰਨਾ ਸਹੀ ਨਹੀਂ ਹੋਵੇਗਾ।
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਦੇਸ਼ਾਂ ਤੋਂ ਮਾਹੌਲ ਖ਼ਰਾਬ ਹੋਣ ਦੇ ਖ਼ਦਸ਼ੇ ਤੋਂ ਉਨ੍ਹਾਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਸਭ ਤੋਂ ਨੇੜੇ ਤਾਂ ਪਾਕਿਸਤਾਨ ਹੀ ਬੈਠਾ ਹੈ, ਜਿਸ ਤੋਂ ਹਰ ਵੇਲੇ ਚੌਕਸੀ ਜ਼ਰੂਰੀ ਹੈ।
ਇਸ ਤੋਂ ਇਲਾਵਾ ਭੈਣੀ ਸਾਹਿਬ ਵਿਖੇ ਮਾਤਾ ਚੰਦ ਕੌਰ ਦੇ ਕਤਲ ਦਾ ਮਾਮਲਾ ਠੰਢੇ ਬਸਤੇ ਵਿਚ ਪੈ ਜਾਣ ਦੀਆਂ ਚਰਚਾਵਾਂ ਬਾਰੇ ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਦੇਸ਼ ਤੇ ਸੂਬਿਆਂ ਨੂੰ ਕਮਜ਼ੋਰ ਕਰਦੀਆਂ ਹਨ, ਸਭ ਨੂੰ ਅਜਿਹੀਆਂ ਗੱਲਾਂ ਬਾਰੇ ਧਾਰਨਾ ਬਦਲਣੀ ਚਾਹੀਦੀ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕਿਹਾ ਕਿ ਗਗਨੇਜਾ ਨੇ ਹਮੇਸ਼ਾ ਸੂਬੇ ਦੀ ਭਾਈਚਾਰਕ ਸਾਂਝ ਤੇ ਸਦਭਾਵਨਾ ਲਈ ਕੰਮ ਕੀਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿਰੋਧੀ ਤਾਕਤਾਂ ਨੂੰ ਇਕਮੁੱਠ ਹੋ ਕੇ ਕਰਾਰ ਜਵਾਬ ਦੇਣ ਤਾਂ ਜੋ ਰਾਜ ਅੰਦਰ ਸ਼ਾਂਤੀ ਤੇ ਸਦਭਾਵਨਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਮਦਨ ਮੋਹਨ ਮਿੱਤਲ, ਚੂਨੀ ਲਾਲ ਭਗਤ, ਵਿਧਾਇਕ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ, ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …