Breaking News
Home / ਸੰਪਾਦਕੀ / ਪੰਜਾਬ ਦੀ ਕਿਸਾਨੀ ਦੇ ਸੰਕਟ ਦਾ ਚਿੰਤਨ ਪੱਖ

ਪੰਜਾਬ ਦੀ ਕਿਸਾਨੀ ਦੇ ਸੰਕਟ ਦਾ ਚਿੰਤਨ ਪੱਖ

ਪੰਜਾਬ ਵਿਚ ਕਿਸਾਨੀ ਸੰਕਟ ਦਿਨੋ-ਦਿਨ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਨਵੇਂ ਕਾਨੂੰਨ ਬਣਾਏ ਗਏ ਹਨ, ਪ੍ਰੰਤੂ ਕਿਸਾਨਾਂ ਲਈ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਸਚਿਤ ਕਰਨਾ ਸਭ ਤੋਂ ਮਹੱਤਵਪੂਰਨ ਮਸਲਾ ਬਣ ਗਿਆ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਐਮ. ਐਸ. ਪੀ. (ਸਮਰਥਨ ਮੁੱਲ) ਕਿਸਾਨਾਂ ਲਈ ਜੀਵਨ ਮਰਨ ਦਾ ਸਵਾਲ ਬਣ ਗਿਆ ਹੈ। ਕਿਸਾਨਾਂ ਦੇ ਦਿਨੋ-ਦਿਨ ਤਿੱਖੇ ਹੋ ਰਹੇ ਸੰਘਰਸ਼ ਵਿਚ ਵੀ ਐਮ. ਐਸ. ਪੀ. ਕੇਂਦਰੀ ਮਸਲੇ ਵਜੋਂ ਨਜ਼ਰ ਆ ਰਿਹਾ ਹੈ। ਭਾਵੇਂ ਕਿ ਫੌਰੀ ਤੌਰ ‘ਤੇ ਐਮ. ਐਸ. ਪੀ. ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਕਿਸਾਨਾਂ ਨੂੰ ਫੌਰੀ ਰਾਹਤ ਮਿਲ ਸਕਦੀ ਹੈ ਅਤੇ ਮਸਲੇ ਦਾ ਸਥਾਈ ਹੱਲ ਲੱਭਣ ਲਈ ਸਮਾਂ ਮਿਲ ਸਕਦਾ ਹੈ ਪ੍ਰੰਤੂ ਅਜਿਹਾ ਹੋਣ ਨਾਲ ਵੀ ਕਿਸਾਨੀ ਸੰਕਟ ਪੂਰੀ ਤਰ੍ਹਾਂ ਹੱਲ ਨਹੀਂ ਹੋਵੇਗਾ। ਕਿਉਂਕਿ ਇਹ ਸੰਕਟ ਸੰਸਾਰ ਸਰਮਾਏਦਾਰੀ ਸੰਕਟ ਦਾ ਹਿੱਸਾ ਹੈ ਅਤੇ ਇਸ ਦਾ ਮੂਲ ਕਾਰਨ ਸਰਮਾਏਦਾਰੀ ਦਾ ਪੈਦਾਵਾਰੀ ਮਾਡਲ ਹੈ। ਜਿੰਨਾ ਚਿਰ ਅਸੀਂ ਇਸ ਦੇ ਬਦਲਵੇਂ ਵਿਕਾਸ ਦਾ ਮਾਡਲ, ਜੋ ਕਿ ਸਾਡੀ ਵਿਰਾਸਤ ਅਤੇ ਸਾਡੇ ਸਾਂਝੇ ਇਤਿਹਾਸਕ ਤਜਰਬੇ ‘ਤੇ ਆਧਾਰਿਤ ਹੋਵੇ, ਨਹੀਂ ਲੱਭਦੇ, ਓਨੀ ਦੇਰ ਇਸ ਸੰਕਟ ਦਾ ਸਥਾਈ ਹੱਲ ਨਹੀਂ ਹੋ ਸਕਦਾ।
ਸਰਮਾਏਦਾਰੀ ਦਾ ਪੈਦਾਵਾਰੀ ਵਿਕਾਸ ਮਾਡਲ ਦੋ ਗ਼ਲਤ ਧਾਰਨਾਵਾਂ ‘ਤੇ ਆਧਾਰਿਤ ਹੈ। ਪਹਿਲੀ ਕਿ ਆਰਥਿਕਤਾ ਜੀਵਨ ਦਾ ਮੂਲ ਆਧਾਰ ਹੈ ਅਤੇ ਆਰਥਿਕਤਾ ਨੈਤਿਕਤਾ ਤੋਂ ਉੱਪਰ ਹੈ। ਦੂਜੀ ਕਿ ਮਨੁੱਖ ਦੀ ਪੈਦਾਵਾਰੀ ਸ਼ਕਤੀ (ਪ੍ਰੋਡਟਕਵਿਟੀ) ਮਨੁੱਖ ਦੀ ਸਿਰਜਣਾਤਮਿਕਤਾ (ਕਰੀਏਟਿਵਟੀ) ਤੋਂ ਉੱਪਰ ਹੈ। ਇਹ ਦੋਵੇਂ ਗ਼ਲਤ ਧਾਰਨਾਵਾਂ ਸਰਮਾਏਦਾਰੀ ਦੇ ਪੈਦਾਵਾਰੀ ਵਿਕਾਸ ਮਾਡਲ ਦਾ ਤੱਤ ਹਨ ਅਤੇ ਇਹ ਦੋਵੇਂ ਕੁਦਰਤ ਅਤੇ ਮਨੁੱਖਤਾ ਵਿਰੋਧੀ ਧਾਰਨਾਵਾਂ ਹਨ। ਕਿਉਂਕਿ ਨਿਰੋਲ ਆਰਥਿਕਤਾ ਸਮਾਜ ਨੂੰ ਕਿਸੇ ਨੈਤਿਕਤਾ ਵਿਚ ਨਹੀਂ ਬੰਨ੍ਹ ਸਕਦੀ ਅਤੇ ਸਿਰਜਣਾਤਮਿਕਤਾ ਤੋਂ ਬਗੈਰ ਪੈਦਾਵਾਰ ਦੀ ਸਿਫ਼ਤੀ ਪਛਾਣ ਨਹੀਂ ਕੀਤੀ ਜਾ ਸਕਦੀ।
ਪੰਜਾਬ ਦੇ ਮੌਜੂਦਾ ਕਿਸਾਨੀ ਸੰਕਟ ਲਈ ਮੁੱਖ ਤੌਰ ‘ਤੇ ਸਰਮਾਏਦਾਰੀ ਦਾ ਪੈਦਾਵਾਰੀ ਵਿਕਾਸ ਮਾਡਲ ਜ਼ਿੰਮੇਵਾਰ ਹੈ, ਜੋ ਹਰੇ ਇਨਕਲਾਬ ਵਜੋਂ ਅਪਣਾਇਆ ਗਿਆ ਸੀ। ਜਿਸ ਨੇ ਪੰਜਾਬ ਦੀ ਰਵਾਇਤੀ ਖੇਤੀ, ਰਵਾਇਤੀ ਜੀਵਨ ਢੰਗ, ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਪੰਜਾਬ ਦੇ ਵਾਤਾਵਰਨ ਨੂੰ ਤਬਾਹ ਕਰਕੇ ਨਾ ਸਿਰਫ ਕਿਸਾਨਾਂ ਸਗੋਂ ਸਮੁੱਚੇ ਪੰਜਾਬ ਨੂੰ ਆਰਥਿਕ, ਸਮਾਜਿਕ, ਸੱਭਿਆਚਾਰਕ, ਬੌਧਿਕ ਅਤੇ ਨੈਤਿਕ ਸੰਕਟ ਵੱਲ ਧੱਕ ਦਿੱਤਾ।
ਹਰੇ ਇਨਕਲਾਬ ਨੇ ਪੰਜਾਬ ਦੀ ਮੁੱਖ ਕਿਸਾਨੀ ਜਮਾਤ ਨੂੰ ਦੋ ਤਰ੍ਹਾਂ ਪ੍ਰਭਾਵਿਤ ਕੀਤਾ। ਪਹਿਲਾ ਕਿ ਇਹ ਅਮੀਰ ਅਤੇ ਗ਼ਰੀਬ ਕਿਸਾਨੀ ਵਿਚ ਵੰਡੀ ਗਈ। ਹਰੇ ਇਨਕਲਾਬ ਦੇ ਲਾਭ ਅਮੀਰ ਕਿਸਾਨੀ ਨੂੰ ਮਿਲੇ ਅਤੇ ਗ਼ਰੀਬ ਕਿਸਾਨੀ ਨਾ ਸਿਰਫ ਇਨ੍ਹਾਂ ਲਾਭਾਂ ਤੋਂ ਵੰਚਿਤ ਰਹਿ ਗਈ, ਸਗੋਂ ਹੋਰ ਡੂੰਘੇ ਸੰਕਟ ਵੱਲ ਧੱਕੀ ਗਈ। ਇਸ ਤੱਥ ਦੀ ਪੁਸ਼ਟੀ ਦੋ ਪ੍ਰਮਾਣਾਂ ਨਾਲ ਕਰ ਸਕਦੇ ਹਾਂ। ਪਹਿਲਾ ਕਿ ਹਰੇ ਇਨਕਲਾਬ ਤੋਂ ਬਾਅਦ ਲਗਾਤਾਰ ਪੰਜਾਬ ਦੀ ਕਿਸਾਨੀ ਉਤੇ ਕਰਜ਼ੇ ਦਾ ਬੋਝ ਵਧਦਾ ਗਿਆ ਅਤੇ ਦੂਜਾ ਇਹ ਕਿ ਹਰੇ ਇਨਕਲਾਬ ਤੋਂ ਬਾਅਦ ਲਗਾਤਾਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿਚ ਵਾਧਾ ਹੁੰਦਾ ਗਿਆ। ਕੁਝ ਚਿੰਤਕ ਇਹ ਕਹਿ ਰਹੇ ਹਨ ਕਿ ਜੇ ਪੰਜਾਬ ਵਿਚੋਂ ਪ੍ਰਵਾਸ ਨਾ ਹੁੰਦਾ ਤਾਂ ਹੋਰ ਜ਼ਿਆਦਾ ਖ਼ੁਦਕੁਸ਼ੀਆਂ ਹੋਣੀਆਂ ਸਨ। ਜ਼ਾਹਰ ਹੈ ਕਿ ਇਹ ਲੋਕ ਪੰਜਾਬ ਦੀ ਧਰਾਤਲੀ ਸਚਾਈ ਤੋਂ ਅਨਜਾਣ ਹਨ। ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਕੋਲ 5 ਲੱਖ ਕਰਜ਼ਾ ਮੋੜਨ ਦੀ ਸਮਰੱਥਾ ਨਹੀਂ ਹੁੰਦੀ, ਜਦੋਂ ਕਿ ਆਪਣੇ ਬੱਚੇ ਨੂੰ ਬਾਹਰ ਭੇਜਣ ਉਤੇ 30 ਤੋਂ 40 ਲੱਖ ਰੁਪਿਆ ਖਰਚ ਆਉਂਦਾ ਹੈ। ਜ਼ਾਹਰ ਹੈ ਕਿ ਕਿਸਾਨੀ ਦਾ ਇਹ ਵਰਗ ਪ੍ਰਵਾਸ ਦਾ ਲਾਹਾ ਲੈਣ ਤੋਂ ਵੀ ਅਸਮਰੱਥ ਹੈ।
ਪੰਜਾਬ ਦੀ ਕਿਸਾਨੀ ਇਤਿਹਾਸਿਕ ਤੌਰ ‘ਤੇ ਜੱਟ ਸਿੱਖ ਵਜੋਂ ਵਿਕਸਿਤ ਹੋਈ ਹੈ। ਜਿਥੇ ਜੱਟ ਪੱਖ ਮੁੱਖ ਤੌਰ ‘ਤੇ ਉਸ ਦਾ ਆਰਥਿਕ ਪੱਖ ਹੈ, ਉਥੇ ਸਿੱਖ ਪੱਖ ਮੁੱਖ ਤੌਰ ‘ਤੇ ਉਸ ਦਾ ਨੈਤਿਕ ਪੱਖ ਬਣ ਗਿਆ। ਹਰੇ ਇਨਕਲਾਬ ਦੇ ਸਰਮਾਏਦਾਰੀ ਪੈਦਾਵਾਰੀ ਵਿਕਾਸ ਮਾਡਲ ਨੇ ਆਰਥਿਕ ਅਰਥਾਤ ਜੱਟ ਪੱਖ ਨੂੰ ਨੈਤਿਕ ਅਰਥਾਤ ਸਿੱਖ ਪੱਖ ਤੋਂ ਉੱਪਰ ਕਰਕੇ ਉਸ ਨੂੰ ਨੈਤਿਕ ਤੌਰ ‘ਤੇ ਕਮਜ਼ੋਰ ਕਰ ਦਿੱਤਾ। ਸਾਡੀ ਨੈਤਿਕਤਾ ਸਾਨੂੰ ਆਤਮਿਕ ਬਲ ਦਿੰਦੀ ਹੈ। ਕੋਈ ਵੀ ਸੰਘਰਸ਼ ਨਿਰੋਲ ਆਰਥਿਕ ਸੰਘਰਸ਼ ਨਾਲ ਨਹੀਂ ਜਿੱਤਿਆ ਜਾ ਸਕਦਾ। ਸੰਘਰਸ਼ ਕਰਨ ਲਈ ਅਤੇ ਜਿੱਤਣ ਲਈ ਆਤਮਿਕ ਬਲ ਵੀ ਜ਼ਰੂਰੀ ਹੈ ਜੋ ਕਿ ਸਾਡੀ ਨੈਤਿਕਤਾ ਸਾਨੂੰ ਪ੍ਰਦਾਨ ਕਰਦੀ ਹੈ। ਨੈਤਿਕਤਾ ਜਾਂ ਧਰਮ ਸਾਨੂੰ ਸਹੀ ਤੇ ਗ਼ਲਤ ਵਿਚ ਨਿਖੇੜਾ ਕਰਨ ਦੀ ਸੂਝ ਦਿੰਦਾ ਹੈ। ਜਦੋਂ ਅਸੀਂ ਪੂਰੀ ਦ੍ਰਿੜ੍ਹਤਾ ਨਾਲ ਮੰਨ ਲੈਂਦੇ ਹਾਂ ਕਿ ਸਾਡਾ ਸੰਘਰਸ਼ ਸਹੀ ਹੈ ਤਾਂ ਸਾਨੂੰ ਸੰਘਰਸ਼ ਕਰਨ ਅਤੇ ਜਿੱਤਣ ਲਈ ਆਤਮਿਕ ਬਲ ਮਿਲ ਜਾਂਦਾ ਹੈ। ਪੰਜਾਬ ਦੀ ਕਿਸਾਨੀ ਨੇ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਕਾਲੀ ਲਹਿਰ ਤੱਕ ਕਈ ਸੰਘਰਸ਼ ਲੜੇ ਅਤੇ ਇਨ੍ਹਾਂ ਸੰਘਰਸ਼ਾਂ ਵਿਚ ਸਿੱਖ ਨੈਤਿਕਤਾ ਨੇ ਉਸ ਨੂੰ ਆਤਮਿਕ ਬਲ ਪ੍ਰਦਾਨ ਕੀਤਾ।
ਸਾਨੂੰ ਇਸ ਸਚਾਈ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਕਿਸਾਨੀ ਦਾ ਮੌਜੂਦਾ ਸੰਕਟ ਸਿਰਫ ਪੰਜਾਬ ਦੀ ਕਿਸਾਨੀ ਦਾ ਸੰਕਟ ਨਹੀਂ ਹੈ, ਸਗੋਂ ਸੰਸਾਰ ਸਰਮਾਏਦਾਰੀ ਦੇ ਸੰਕਟ ਦਾ ਹਿੱਸਾ ਹੈ। ਮੋਦੀ ਸਰਕਾਰ ਨੇ ਜੋ ਖੇਤੀਬਾੜੀ ਨਾਲ ਸਬੰਧਿਤ ਨਵੇਂ ਕਾਨੂੰਨ ਬਣਾਏ ਹਨ, ਇਹ ਵਿਸ਼ਵ ਸਰਮਾਏਦਾਰੀ ਸੰਸਥਾਵਾਂ ਜਿਵੇਂ ਸੰਸਾਰ ਬੈਂਕ, ਸੰਸਾਰ ਵਪਾਰ ਸੰਸਥਾ ਤੇ ਕੌਮਾਂਤਰੀ ਮਾਲੀ ਫੰਡ ਆਦਿ ਦੇ ਦਬਾਅ ਹੇਠ ਬਣਾਏ ਹਨ। ਇਸ ਲਈ ਪੰਜਾਬ ਦੀ ਕਿਸਾਨੀ ਦਾ ਸੰਘਰਸ਼ ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਦੇ ਵਿਰੁੱਧ ਸੰਘਰਸ਼ ਹੈ। ਇਹ ਸੰਕਟ ਨਿਰੋਲ ਆਰਥਿਕ ਸੰਕਟ ਨਹੀਂ ਹੈ, ਸਗੋਂ ਬਹੁਪੱਖੀ ਸੰਕਟ ਹੈ, ਜਿਸ ਦੇ ਆਰਥਿਕ ਤੋਂ ਇਲਾਵਾ ਸਮਾਜਿਕ, ਸੱਭਿਆਚਾਰਕ, ਨੈਤਿਕ ਅਤੇ ਰਾਜਨੀਤਕ ਪੱਖ ਵੀ ਹਨ। ਜ਼ਾਹਰ ਹੈ ਕਿ ਨਿਰੋਲ ਆਰਥਿਕ ਸੰਘਰਸ਼ ਨਾਲ ਇਸ ਸੰਕਟ ਦਾ ਹੱਲ ਨਹੀਂ ਹੋਣਾ।
ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੇ ਬਹੁਪੱਖੀ ਸੰਕਟ ਦਾ ਸਥਾਈ ਹੱਲ ਸਰਮਾਏਦਾਰੀ ਦੇ ਕੁਦਰਤ ਵਿਰੋਧੀ ਅਤੇ ਲੋਕ ਵਿਰੋਧੀ ਵਿਕਾਸ ਮਾਡਲ ਦੀ ਥਾਂ ਇਕ ਬਦਲਵੇ ਵਿਕਾਸ ਦਾ ਮਾਡਲ, ਜੋ ਕਿ ਕੁਦਰਤੀ ਪੱਖੀ ਤੇ ਲੋਕਪੱਖੀ ਹੋਵੇ, ਨੂੰ ਅਪਣਾਉਣ ਵਿਚ ਹੈ। ਅਜਿਹਾ ਇਕ ਮਾਡਲ ਸਾਡੀ ਵਿਰਾਸਤ ਵਿਚੋਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਸਹਿਜ ਵਿਕਾਸ ਦੇ ਰੂਪ ਵਿਚ ਮਿਲਦਾ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …