ਸੁਪਰੀਮ ਕੋਰਟ ਨੇ ਅਡਾਨੀ-ਹਿੰਡਨਬਰਗ ਮਾਮਲੇ ’ਚ ਸਿੱਟ ਦੀ ਜਾਂਚ ਕੀਤਾ ਇਨਕਾਰ
ਸੇਬੀ ਨੂੰ ਜਾਂਚ ਲਈ ਤਿੰਨ ਮਹੀਨੇ ਦਾ ਹੋਰ ਸਮਾਂ ਦਿੱਤਾ
ਨਵੀਂ ਦਿੱਲੀ/ਬਿਊਰੋ ਨਿਊਜ਼ :
ਅਡਾਨੀ-ਹਿੰਡਨਬਰਗ ਮਾਮਲੇ ’ਚ ਸੁਪਰੀਮ ਕੋਰਟ ਨੇ ਅੱਜ ਯਾਨੀ 3 ਜਨਵਰੀ ਨੂੰ ਸੇਬੀ (ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਨੂੰ ਬਾਕੀ ਰਹਿੰਦੇ ਦੋ ਮਾਮਲਿਆਂ ਦੀ ਜਾਂਚ ਕਰਨ ਲਈ ਤਿੰਨ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ। ਉਥੇ ਹੀ ਮਾਨਯੋਗ ਅਦਾਲਤ ਨੇ ਇਹ ਮਾਮਲਾ ਸੇਬੀ ਤੋਂ ਲੈ ਕੇ ਸਿੱਟ ਨੂੰ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂਹੜ, ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਸੇਬੀ ਦੇ ਰੈਗੂਲੇਟਰੀ ਫਰੇਮਫਰਕ ’ਚ ਦਖਲ ਦੇਣ ਦੇ ਮਾਮਲੇ ’ਚ ਅਦਾਲਤ ਦੀ ਸ਼ਕਤੀ ਸੀਮਤ ਹੈ ਜਦਕਿ ਸੇਬੀ ਨੇ 24 ਵਿਚੋਂ 22 ਮਾਮਲਿਆਂ ਦੀ ਜਾਂਚ ਪੂਰੀ ਕਰ ਲਈ ਹੈ। ਸੌਲੀਸਿਟਰ ਜਨਰਲ ਦੇ ਵਿਸ਼ਵਾਸ ਨੂੰ ਧਿਆਨ ’ਚ ਰੱਖਦੇ ਹੋਏ ਅਸੀਂ ਸੇਬੀ ਨੂੰ ਬਾਕੀ ਦੋ ਬਚੇ ਮਾਮਲਿਆਂ ਦੀ ਜਾਂਚ 3 ਮਹੀਨਿਆਂ ’ਚ ਪੂਰੀ ਕਰਨ ਦਾ ਹੁਕਮ ਦਿੰਦੇ ਹਾਂ। ਸੁਪਰੀਮ ਕੋਰਟ ਦਾ ਮੰਨਣਾ ਹੈ ਕਿ ਜਾਂਚ ਨੂੰ ਸੇਬੀ ਤੋਂ ਲੈ ਕੇ ਸਿੱਟ ਨੂੰ ਟਰਾਂਸਫਰ ਕਰਨ ਦਾ ਕੋਈ ਆਧਾਰ ਨਹੀਂ ਬਣਦਾ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਕੋਰਟ ਦੇ ਫੈਸਲੇ ਤੋਂ ਪਤਾ ਚਲਦਾ ਹੈ ਕਿ ਸੱਚ ਦੀ ਜਿੱਤ ਹੋਈ ਹੈ।