28 ਗ੍ਰਿਫ਼ਤਾਰ, ਸੀਆਰਏ ਦੇ ਨਾਂ ‘ਤੇ ਕਰਦੇ ਸਨ ਠੱਗੀ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦੋ ਹਫ਼ਤਿਆਂ ਤੋਂ ਭਾਰਤੀ ਪੁਲਿਸ ਉਨ੍ਹਾਂ ਗੈਰ ਕਾਨੂੰਨੀ ਕਾਲ ਸੈਂਟਰਾਂ ‘ਤੇ ਛਾਪੇ ਮਾਰ ਰਹੀ ਹੈ ਜਿਹੜੇ ਵਿਦੇਸ਼ੀਆਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਸੀਆਰਏ ਘੁਟਾਲੇ ਨਾਲ ਜਾਣੇ ਜਾਂਦੇ ਇਸ ਧੋਖਾਧੜੀ ਦੇ ਮਾਮਲੇ ਦੇ ਜ਼ਿਆਦਾ ਸ਼ਿਕਾਰ ਕੈਨੇਡੀਆਈ ਲੋਕ ਹਨ।
ਨੋਇਡਾ (ਦਿੱਲੀ ਦੇ ਨਜ਼ਦੀਕ ਸ਼ਹਿਰ) ਪੁਲਿਸ ਸਟੇਸ਼ਨ ਦੇ ਮੁਖੀ ਅਜੇ ਪਾਲ ਸ਼ਰਮਾ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਕਿਉਂਕਿ ਸ਼ਹਿਰ ਵਿੱਚ ਅਜਿਹੇ ਬਹੁਤ ਸਾਰੇ ਕਾਲ ਸੈਂਟਰ ਚੱਲ ਰਹੇ ਹਨ ਜਿਨ੍ਹਾਂ ‘ਤੇ ਛਾਪਾਮਾਰੀ ਜਾਰੀ ਰਹੇਗੀ। ਪੁਲਿਸ ਨੇ ਪਹਿਲੇ ਛਾਪੇ ਵਿੱਚ ਹੀ 28 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਦੋ ਮੋਹਰੀ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਉਮਰ 20 ਸਾਲ ਦੇ ਆਸਪਾਸ ਹੈ।
ਆਰਸੀਐੱਮਪੀ ਅਧਿਕਾਰੀ ਨੇ ਐੱਫਬੀਆਈ ਦੇ ਸਹਿਯੋਗ ਨਾਲ ਭਾਰਤੀ ਅਧਿਕਾਰੀਆਂ ਨਾਲ ਇਸ ਸਬੰਧੀ ਸੰਪਰਕ ਕੀਤਾ ਅਤੇ ਬਾਅਦ ਵਿੱਚ ਕੈਨੇਡਾ ਪੁਲਿਸ ਨੋਇਡਾ ਪੁੱਜੀ। ਕੈਨੇਡਾ ਦੇ ਵਿੱਤੀ ਅਪਰਾਧਾਂ ਦੇ ਇੰਸਪੈਕਟਰ ਪੀਟਰ ਪੇਅਨੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਭਾਰਤੀ ਪੁਲਿਸ ਨਾਲ ਮਿਲ ਕੇ ਸੰਯੁਕਤ ਤੌਰ ‘ਤੇ ਕਾਰਜ ਕਰਨਗੇ।
ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਅਜਿਹੇ ਕਈ ਸੈਂਟਰ ਕੰਮ ਕਰ ਰਹੇ ਹਨ ਜਿਹੜੇ ਤਕਨੀਕ ਦੀ ਵਰਤੋਂ ਕਰਦੇ ਹੋਏ ਆਪਣੀ ਪਛਾਣ ਦਾ ਖੁਲਾਸਾ ਨਹੀਂ ਹੋਣ ਦਿੰਦੇ। ਇਨ੍ਹਾਂ ਵਿੱਚ ਕਈ ਅਜਿਹੇ ਵੀ ਹਨ ਜਿਹੜੇ ਪੁਿਲਸ ਦੀ ਪ੍ਰਵਾਨਗੀ ਨਾਲ ਕਾਰਜ ਕਰ ਰਹੇ ਹਨ।
ਛਾਪੇਮਾਰੀ ਵਿੱਚ ਪੁਲਿਸ ਨੂੰ 600 ਕੈਨੇਡੀਅਨਾਂ ਦੇ ਪੀੜਤ ਹੋਣ ਦਾ ਬਿਓਰਾ ਮਿਲਿਆ ਹੈ। ਕੈਨੇਡਾ ਵਿੱਚ ਆਰਸੀਐੱਮਪੀ ਅਧਿਕਾਰੀ ਹਰੇਕ ਪੀੜਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਤੋਂ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਗਈ ਹੈ।
ਇਸ ਘਪਲੇ ਤਹਿਤ ਲੋਕਾਂ ਨੂੰ ਸੀਆਰਏ ਵੱਲੋਂ ਇੱਕ ਰੋਬੋਕਾਲ (ਰਿਕਾਰਡ ਕੀਤੀ ਕਾਲ) ਕੀਤੀ ਜਾਂਦੀ ਹੈ। ਤਕਨੀਕ ਦੀ ਵਰਤੋਂ ਕਰਦੇ ਹੋਏ ਭਾਰਤ ਤੋਂ ਕਾਲ ਕਰਨ ‘ਤੇ ਕੈਨੇਡਾ ਦਾ ਹੀ ਨੰਬਰ ਦਿਖਾਈ ਦਿੰਦਾ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ‘ਉਹ ਕਰ ਅਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਵਾਪਸ ਕਾਲ ਕਰਨੀ ਚਾਹੀਦੀ ਹੈ।
ਜੇ ਨਹੀਂ ਕਰੋਗੇ ਤਾਂ ਜੇਲ੍ਹ ਹੋ ਸਕਦੀ ਹੈ।’ ਜਦੋਂ ਕੋਈ ਵਾਪਸ ਕਾਲ ਕਰਦਾ ਹੈ ਤਾਂ ਉਨ੍ਹਾਂ ਨੂੰ ਪੈਸੇ ਦੇ ਕੇ ਮਾਮਲਾ ਰਫਾ ਦਫ਼ਾ ਕਰਨ ਲਈ ਕਿਹਾ ਜਾਂਦਾ ਹੈ। ਇਸ ਤਹਿਤ ਪਿਛਲੇ ਕੁਝ ਸਾਲਾਂ ਵਿੱਚ ਅਨੁਮਾਨਤ /10 ਮਿਲੀਅਨ ਅਦਾ ਕੀਤੇ ਜਾ ਚੁੱਕੇ ਹਨ। ਪੀੜਤ ਇਸ ਸਬੰਧੀ ਕਈ ਸਾਲਾਂ ਤੋਂ ਕੈਨੇਡਾ ਪੁਲਿਸ ਅਤੇ ਕੈਨੇਡੀਅਨ ਧੋਖਾਧੜੀ ਵਿਰੋਧੀ ਸੈਂਟਰ ਨੂੰ ਸ਼ਿਕਾਇਤਾਂ ਕਰ ਰਹੇ ਸਨ, ਪਰ ਇਨ੍ਹਾਂ ਦਾ ਨਿਪਟਾਰਾ ਨਹੀਂ ਹੋ ਰਿਹਾ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …