ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਵਿੰਸ ਵਿੱਚ ਨਵੀਂ ਬੈਟਰੀ ਕੰਪੋਨੈਂਟ ਫੈਸਿਲਿਟੀ ਦੇ ਨਿਰਮਾਣ ਲਈ ਓਟਵਾ ਤੇ ਓਨਟਾਰੀਓ ਵੱਲੋਂ ਗਲੋਬਲ ਮੈਟੀਰੀਅਲਜ਼ ਟੈਕਨਾਲੋਜੀ ਤੇ ਰੀਸਾਈਕਲਿੰਗ ਗਰੁੱਪ ਨਾਲ ਡੀਲ ਪੱਕੀ ਕੀਤੀ ਗਈ ਹੈ। ਇਹ ਫੈਸਿਲਿਟੀ ਇਲੈਕਟ੍ਰਿਕ ਗੱਡੀਆਂ ਲਈ ਕਈ ਪਾਰਟਸ ਸਪਲਾਈ ਕਰੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧ ਵਿੱਚ ਬੈਲਜੀਅਮ ਸਥਿਤ ਯੂਮੀਕੋਰ ਐਨਵੀ ਨਾਲ ਭਾਈਵਾਲੀ ਦਾ ਐਲਾਨ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਫੈਸਿਲਿਟੀ ਸਾਲ ਵਿੱਚ ਇੱਕ ਮਿਲੀਅਨ ਇਲੈਕਟ੍ਰਿਕ ਵ੍ਹੀਕਲਜ ਲਈ ਮੈਟੀਰੀਅਲ ਮੁਹੱਈਆ ਕਰਾਵੇਗੀ। ਇਸ ਪਲਾਂਟ ਉੱਤੇ ਰੋਜ਼ਗਾਰ ਦੇ 1000 ਮੌਕੇ ਵੀ ਪੈਦਾ ਹੋਣਗੇ।
ਯੂਮੀਕੋਰ ਵਿੱਚ ਨਿਵੇਸ਼ ਕੀਤੀ ਜਾਣ ਵਾਲੀ 1.5 ਬਿਲੀਅਨ ਡਾਲਰ ਦੀ ਰਕਮ ਵਿੱਚ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਹਿੱਸੇਦਾਰੀ ਪਾਈ ਜਾਵੇਗੀ। ਟਰੂਡੋ ਨੇ ਆਖਿਆ ਕਿ ਜਦੋਂ ਇਲੈਕਟ੍ਰਿਕ ਵ੍ਹੀਕਲ ਸਪਲਾਈ ਚੇਨਜ ਦਾ ਮਾਮਲਾ ਆਉਂਦਾ ਹੈ ਤਾਂ ਅਸੀਂ ਇਹ ਆਖ ਸਕਦੇ ਹਾਂ ਕਿ ਕੈਨੇਡਾ ਵੱਡਾ ਕੌਮਾਂਤਰੀ ਖਿਡਾਰੀ ਬਣ ਸਕਦਾ ਹੈ।