ਨਸਲਵਾਦ ਤੇ ਪੱਖਪਾਤ ਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਵਾਅਦਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਦੀ ਚੋਣ ਮੁਹਿੰਮ ਵਿਚ ਹੁਣ ਸਿੱਖ ਭਾਈਚਾਰੇ ਨੂੰ ਖਿੱਚਣ ਲਈ ਵਿਸ਼ੇਸ਼ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ। ਇਸ ਰਾਹੀਂ ਘੱਟ ਗਿਣਤੀ ਅਮਰੀਕੀ ਸਿੱਖ ਭਾਈਚਾਰੇ ਅੱਗੇ ਬਣੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਅਹਿਦ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸਿੱਖ ਭਾਈਚਾਰੇ ਨੂੰ ਪਛਾਣ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਅਮਰੀਕਾ ਵਿਚ ਕਰਨਾ ਪਿਆ ਹੈ। ਬਿਡੇਨ ਦੇ ਹਮਾਇਤੀਆਂ ਵੱਲੋਂ ‘ਸਿੱਖ ਅਮੈਰੀਕਨ ਫਾਰ ਬਿਡੇਨ’ ਪ੍ਰਚਾਰ ਮੁਹਿੰਮ ਲਾਂਚ ਕੀਤੀ ਗਈ ਹੈ।ઠ
ਉਨ੍ਹਾਂ ਕਿਹਾ ਕਿ ਮੰਤਵ ਸਕੂਲਾਂ ਵਿਚ ਅਮਰੀਕੀ ਸਿੱਖ ਨੌਜਵਾਨਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਸਿੱਖਾਂ ਨੂੰ ਕੌਮੀ ਔਸਤ ਨਾਲੋਂ ਦੁੱਗਣੀ ਦਰ ਉਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਦਾਅਵਾ ਕੀਤਾ ਗਿਆ ਹੈ ਕਿ 2017 ਤੋਂ ਬਾਅਦ ਅਜਿਹੇ ਮਾਮਲੇ ਵਧੇ ਹਨ। ਬਿਡੇਨ ਦੀ ਟੀਮ ਵੱਲੋਂ ਨਸਲਵਾਦ, ਸਭਿਆਚਾਰਕ ਪੱਖਪਾਤ ਜਿਹੇ ਮੁੱਦਿਆਂ ‘ਤੇ ਕੰਮ ਕਰਨ ਦਾ ਭਰੋਸਾ ਸਿੱਖਾਂ ਨੂੰ ਦਿਵਾਇਆ ਜਾ ਰਿਹਾ ਹੈ।
‘ਸਿੱਖ ਅਮੈਰੀਕਨ ਨੈਸ਼ਨਲ ਲੀਡਰਸ਼ਿਪ ਕੌਂਸਲ’ ਦੀ ਮੈਂਬਰ ਤੇ ਉੱਘੀ ਨਾਗਰਿਕ ਹੱਕ ਕਾਰਕੁਨ ਕਿਰਨ ਕੌਰ ਗਿੱਲ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਖਪਾਤ ਤੇ ਧਮਕਾਉਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਬਲਕਿ ਇਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ।ઠ
ਕੌਂਸਲ ਜੋਅ ਬਿਡੇਨ ਦੀ ਹਮਾਇਤ ਕਰ ਰਹੀ ਹੈ। ਇਕ ਹੋਰ ਕਾਰਕੁਨ ਵੈਲੈਰੀ ਕੌਰ ਨੇ ਕਿਹਾ ਕਿ ਸਿੱਖ ਧਰਮ ਸਨਮਾਨ, ਬਰਾਬਰੀ ਤੇ ਨਿਆਂ ਦੀ ਹਾਮੀ ਭਰਦਾ ਹੈ। ਬਿਡੇਨ ਆਪਣੀ ਚੋਣ ਮੁਹਿੰਮ ਵਿਚ ਇਨ੍ਹਾਂ ਹੀ ਪੱਖਾਂ ਉਤੇ ਧਿਆਨ ਕੇਂਦਰਤ ਕਰ ਰਹੇ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …