ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਟੋਰਾਂਟੋ ਦੇ ਹਾਈ ਸਕੂਲ ਵਿੱਚ ਪੈਪਰ ਸਪਰੇਅ ਕਾਰਨ ਹਵਾ ਗੰਧਲੀ ਹੋ ਜਾਣ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਸੀ। ਬਲੂਅਰ ਕਾਲਜੀਏਟ ਇੰਸਟੀਚਿਊਟ ਦੇ ਸੈਂਟਰਲ ਟੈਕਨੀਕਲ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਲਿਖੇ ਪੱਤਰ ਵਿੱਚ ਟੋਰਾਂਟੋ ਸਕੂਲ ਬੋਰਡ (ਟੀਡੀਐਸਬੀ) ਵੱਲੋਂ ਆਖਿਆ ਗਿਆ ਕਿ ਸਕੂਲ ਦੀ ਇਮਾਰਤ ਦੇ ਉੱਤਰ ਵੱਲ ਤੀਜੀ ਮੰਜਿਲ ਉੱਤੇ ਹਵਾ ਵਿੱਚ ਕਿਸੇ ਚੀਜ ਦੇ ਮਿਲ ਜਾਣ ਕਾਰਨ ਕਈ ਵਿਦਿਆਰਥੀਆਂ ਨੂੰ ਖੰਘ ਆਉਣ ਲੱਗੀ ਤੇ ਕਈਆਂ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਣ ਲੱਗਿਆ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ।
ਜ਼ਿਕਰਯੋਗ ਹੈ ਕਿ ਬਲੂਅਰ ਸੀਆਈ ਦੇ ਵਿਦਿਆਰਥੀਆਂ ਨੂੰ ਆਰਜੀ ਤੌਰ ਉੱਤੇ ਸੈਂਟਰਲ ਟੈਕਨੀਕਲ ਸਕੂਲ ਸਿਫਟ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਲਈ ਨਵੀਂ ਇਮਾਰਤ ਤਿਆਰ ਹੋ ਰਹੀ ਹੈ। ਸਕੂਲ ਨੇ ਦੱਸਿਆ ਕਿ ਹਵਾ ਦੇ ਮਿਆਰ ਵਿੱਚ ਸੁਧਾਰ ਹੋਣ ਤੋਂ ਬਾਅਦ ਹੀ ਵਿਦਿਆਰਥੀ ਕਲਾਸਾਂ ਵਿੱਚ ਪਰਤੇ। ਟੀਡੀਐਸਬੀ ਨੇ ਦੱਸਿਆ ਕਿ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਕਿਸੇ ਨੇ ਇਸ ਏਰੀਆ ਵਿੱਚ ਪੈਪਰ ਸਪਰੇਅ ਕਰ ਦਿੱਤਾ ਸੀ ਜਿਸ ਕਾਰਨ ਇਹ ਸਭ ਵਾਪਰਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।