-0.3 C
Toronto
Thursday, January 8, 2026
spot_img
Homeਜੀ.ਟੀ.ਏ. ਨਿਊਜ਼ਓਸ਼ਾਵਾ ਦੇ ਇਕ ਘਰ 'ਚ ਅੱਗ ਲੱਗਣ ਕਾਰਨ 4 ਮੌਤਾਂ

ਓਸ਼ਾਵਾ ਦੇ ਇਕ ਘਰ ‘ਚ ਅੱਗ ਲੱਗਣ ਕਾਰਨ 4 ਮੌਤਾਂ

ਓਨਟਾਰੀਓ/ਬਿਊਰੋ ਨਿਊਜ਼
ਸੋਮਵਾਰ ਸਵੇਰੇ ਟੋਰਾਂਟੋ ਦੇ ਪੂਰਬ ਵਿੱਚ ਸਥਿਤ ਇੱਕ ਘਰ ਵਿੱਚ ਅੱਗ ਲੱਗ ਜਾਣ ਕਾਰਨ ਦੋ ਵਿਅਕਤੀਆਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਹਾਦਸੇ ‘ਚ ਮਰਨ ਵਾਲਿਆਂ ਦੀ ਪਛਾਣ ਲਿੰਡਸੇ ਬੋਨਚੈਕ, ਜੈਕਸਨ (4), ਮੈਡੀ (9) ਤੇ ਸਟੀਵ ਮੈਕਡੋਨਲਡ (51) ਵਜੋਂ ਹੋਈ। ਪੁਲਿਸ ਨੇ ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਾਂਚ ਦੌਰਾਨ ਨੁਕਸਾਨੇ ਘਰ ਵਿਚੋਂ ਕੋਈ ਫਾਇਰ ਅਲਾਰਮ ਨਹੀਂ ਮਿਲਿਆ ਹੈ। ਇੱਕ ਧਮਾਕੇ ਦੀ ਅਵਾਜ਼ ਤੋਂ ਬਾਅਦ ਲੋਕਾਂ ਦੇ ਚੀਕਣ ਦੀਆਂ ਅਵਾਜ਼ਾਂ ਵੀ ਸੁਣਾਈ ਦਿੱਤੀਆਂ ਸਨ। ਸਿਟੀ ਫਾਇਰ ਚੀਫ ਦੇ ਦੱਸਣ ਮੁਤਾਬਕ ਓਸ਼ਾਵਾ, ਓਨਟਾਰੀਓ ਵਿੱਚ ਲੱਗੀ ਇਸ ਅੱਗ ਵਿੱਚ ਇੱਕ ਪੁਰਸ਼, ਇੱਕ ਮਹਿਲਾ, ਇੱਕ ਲੜਕੇ ਤੇ ਲੜਕੀ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਘਰ ਵਿੱਚ ਰਹਿਣ ਵਾਲੇ ਤਿੰਨ ਹੋਰ ਵਿਅਕਤੀਆਂ, ਜਿਹੜੇ ਵੱਖਰੇ-ਵੱਖਰੇ ਅਪਾਰਟਮੈਂਟਸ ਵਿੱਚ ਰਹਿੰਦੇ ਸਨ, ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਫਾਇਰ ਚੀਫ ਡੈਰਿਕ ਕਲਾਰਕ ਨੇ ਦੱਸਿਆ ਕਿ ਇਹ ਦੁੱਖਦਾਈ ਹਾਦਸਾ ਸੀ। ਉਨ੍ਹਾਂ ਇਸ ਘਟਨਾ ਨਾਲ ਸਬੰਧਤ ਸਾਰੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਆਪਣੇ ਬੈਕਯਾਰਡ ਤੋਂ ਇਸ ਮੰਜ਼ਰ ਨੂੂੰ ਵੇਖਣ ਵਾਲੀ ਲੌਰਾ ਗ੍ਰੀਨ ਨੇ ਆਖਿਆ ਕਿ ਉਹ ਉਸ ਸਮੇਂ ਆਪਣੇ ਘਰ ਦੇ ਬਾਹਰ ਸਿਗਰਟਨੋਸ਼ੀ ਕਰ ਰਹੀ ਸੀ ਜਦੋਂ ਅੱਗ ਲੱਗੀ। ਉਸ ਨੇ ਦੱਸਿਆ ਕਿ ਸੱਭ ਤੋਂ ਪਹਿਲਾਂ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ, ਫਿਰ ਤੇਜ਼ ਚਮਕ ਨਜ਼ਰ ਆਈ ਤੇ ਕੁੱਝ ਲੋਕ ਘਰ ਵਿੱਚੋਂ ਚੀਕਦੇ ਤੇ ਘਬਰਾਏ ਹੋਏ ਬਾਹਰ ਆਏ। ਫਿਰ ਸਾਰਾ ਕੁੱਝ ਸੜਨ ਲੱਗਿਆ। ਗ੍ਰੀਨ ਨੇ ਆਖਿਆ ਕਿ ਉਹ ਇਸ ਜੋੜੇ ਦੀ ਦੋਸਤ ਹੀ ਸੀ। ਉਹ ਬੁਆਏਫਰੈਂਡ ਤੇ ਗਰਲਫਰੈਂਡ ਸਨ ਤੇ ਇਸ ਘਰ ਦੇ ਪਿਛਲੇ ਹਿੱਸੇ ਵਿੱਚ ਰਹਿੰਦੇ ਸਨ। ਉਸ ਨੇ ਆਖਿਆ ਕਿ ਉਹ ਨਹੀਂ ਜਾਣਦੀ ਕਿ ਦੋਵਾਂ ਵਿੱਚੋਂ ਇਸ ਹਾਦਸੇ ਵਿੱਚ ਕਿਸੇ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਨਹੀਂ।
ਗ੍ਰੀਨ ਨੇ ਇਹ ਵੀ ਦੱਸਿਆ ਕਿ ਜਦੋਂ ਇੱਕ ਦੋਸਤ ਨੇ ਰੋਂਦਿਆਂ ਹੋਇਆਂ ਆਪਣੇ ਬੱਚੇ ਦੇ ਘਰ ਵਿੱਚ ਹੀ ਰਹਿ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਵਿਅਕਤੀ (ਬੁਆਏਫਰੈਂਡ) ਵਾਪਿਸ ਘਰ ਵਿੱਚ ਗਿਆ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਵਾਪਿਸ ਵੀ ਆਇਆ ਜਾਂ ਨਹੀਂ। ਫਾਇਰ ਫਾਈਟਰਜ਼ ਨੇ ਜੱਦੋ ਜਹਿਦ ਕਰਕੇ ਘਰ ਵਿੱਚ ਦਾਖਲ ਹੋਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਪਰ ਉਹ ਘਰ ਵਿੱਚੋਂ ਇੱਕ ਵਿਅਕਤੀ ਨੂੰ ਹੀ ਬਾਹਰ ਲਿਆ ਸਕੇ ਤੇ ਫਿਰ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

RELATED ARTICLES
POPULAR POSTS