Breaking News
Home / Uncategorized / ਕਰੋਨਾ ਵਾਇਰਸ ਨੇ ਵਿਸ਼ਵ ਲਈ ਪੈਦਾ ਕੀਤੀਆਂ ਬਹੁਮੁਖੀ ਚੁਣੌਤੀਆਂ

ਕਰੋਨਾ ਵਾਇਰਸ ਨੇ ਵਿਸ਼ਵ ਲਈ ਪੈਦਾ ਕੀਤੀਆਂ ਬਹੁਮੁਖੀ ਚੁਣੌਤੀਆਂ

ਕਰੋਨਾ ਵਾਇਰਸ ਕਾਰਨ ਲਾਕਡਾਊਨ ਦੀ ਸਥਿਤੀ ਨੇ ਪੂਰੇ ਵਿਸ਼ਵ ਵਿਚ ਵੱਡੀ ਵਿੱਤੀ ਐਮਰਜੈਂਸੀ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਹਰ ਪਾਸੇ ਮੰਦੀ ਛਾ ਗਈ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਰਹੇ ਹਨ। ਇਸ ਕਾਰਨ ਵਿਸ਼ਵ ਭਰ ਵਿਚ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ (ਯੂ.ਐਨ.ਓ.) ਦੇ ਜਨਰਲ ਸਕੱਤਰ ਐਟੋਨੀਓ ਗੁਟਰੇਸ ਨੇ ਵੀ ਦੁਨੀਆ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਦੁਨੀਆ ‘ਚ ‘ਫੂਡ ਐਮਰਜੈਂਸੀ’ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭੋਜਨ ਜਾਂ ਪੋਸ਼ਣ ਸਬੰਧੀ ਅਸੁਰੱਖਿਅਤ ਰਹਿਣ ਵਾਲੇ ਲੋਕਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਅੱਜ ਖ਼ੁਰਾਕ ਸੁਰੱਖਿਆ ਅਤੇ ਪੋਸ਼ਣ ਕੋਵਿਡ-19 ਦੇ ਪ੍ਰਭਾਵ ਬਾਰੇ ਸੰਯੁਕਤ ਰਾਸ਼ਟਰ ਦੀ ਨੀਤੀ ਦੀ ਸ਼ੁਰੂਆਤ ਲਈ ਆਪਣੇ ਵੀਡੀਓ ਸੰਦੇਸ਼ ‘ਚ ਕਿਹਾ ਕਿ ਦੁਨੀਆ ‘ਚ ਸਾਡੀ ਆਬਾਦੀ 8 ਅਰਬ ਲੋਕਾਂ ਦੀ ਹੈ ਅਤੇ ਜਿਸ ‘ਚ ਖਾਣ ਲਈ ਭੋਜਨ ਕਾਫ਼ੀ ਹੈ ਪਰ 2 ਕਰੋੜ ਤੋਂ ਵੱਧ ਲੋਕ ਭੁੱਖੇ ਰਹਿ ਰਹੇ ਹਨ ਤੇ ਪੰਜ ਸਾਲ ਤੋਂ ਘੱਟ ਉਮਰ ਦੇ 14.4 ਕਰੋੜ ਬੱਚਿਆਂ ਦਾ ਸਰੀਰਕ ਵਿਕਾਸ ਭੁੱਖ ਕਾਰਨ ਰੁਕਿਆ ਹੋਇਆ ਹੈ, ਜਿੱਥੇ ਸਾਡੀ ਸਾਰੀ ਖ਼ੁਰਾਕ ਪ੍ਰਣਾਲੀ ਅਸਫ਼ਲ ਹੋ ਰਹੀ ਹੈ। ਸਕੱਤਰ ਜਨਰਲ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤੱਕ ਇਸ ‘ਤੇ ਤੁਰੰਤ ਕਾਰਵਾਈ ਨਾ ਹੋਈ ਤਾਂ ਇਹ ਵਧਦਾ ਹੀ ਜਾਵੇਗਾ, ਜਿੱਥੇ ਅੱਗੇ ਜਾ ਕੇ ‘ਫੂਡ ਐਮਰਜੈਂਸੀ’ ਹੋ ਜਾਵੇਗੀ, ਜਿਸ ਦਾ ਲੱਖਾਂ ਬੱਚਿਆਂ ਅਤੇ ਬਾਲਗਾਂ ‘ਤੇ ਬਹੁਤ ਲੰਮੇ ਸਮੇਂ ਦਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਹੁਣ ਤੱਕ 4.9 ਕਰੋੜ ਹੋਰ ਲੋਕ ਗ਼ਰੀਬੀ ‘ਚ ਧਸ ਜਾਣਗੇ। ਉਨ੍ਹਾਂ ਕਿਹਾ ਕਿ ਚੰਗੇ ਖਾਣ-ਪੀਣ ਵਾਲੇ ਦੇਸ਼ਾਂ ‘ਚ ਵੀ ਅਸੀਂ ਭੋਜਨ ਸਪਲਾਈ ਲੜੀ ਵਿਚ ਵਿਘਨ ਪਾਉਣ ਦੇ ਜੋਖ਼ਮ ਦੇਖ ਰਹੇ ਹਾਂ। ਗੁਟਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਜ਼ਿੰਦਗੀਆਂ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲਾਮਬੰਦ ਹੋਣ। ਉਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਭੋਜਨ ਪ੍ਰੋਸੈਸਿੰਗ, ਟਰਾਂਸਪੋਰਟ ਅਤੇ ਸਥਾਨਕ ਖੁਰਾਕੀ ਬਾਜ਼ਾਰਾਂ ਲਈ ਸਹਾਇਤਾ ਵਧਾਉਣ ਅਤੇ ਉਨ੍ਹਾਂ ਨੂੰ ਭੋਜਨ ਪ੍ਰਣਾਲੀਆਂ ਦੇ ਨਿਰੰਤਰ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰਾਂ ਯਕੀਨੀ ਬਣਾਉਣ ਕਿ ਰਾਹਤ ਪ੍ਰੇਰਨਾ ਪੈਕੇਜ ਸਭ ਤੋਂ ਵੱਧ ਕਮਜ਼ੋਰ ਤੇ ਲੋੜਵੰਦਾਂ ਤੱਕ ਪਹੁੰਚਾਏ ਜਾਣ। ਉਨ੍ਹਾਂ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਸਕੂਲਾਂ ‘ਚ ਪੜ੍ਹਦੇ ਉਨ੍ਹਾਂ ਕਮਜ਼ੋਰ ਬੱਚਿਆਂ ਦੀ ਭੋਜਨ ਲਈ ਮਦਦ ਕਰਨ ਜਿਨ੍ਹਾਂ ਦੀ ਭੋਜਨ ਤੱਕ ਪਹੁੰਚ ਨਹੀਂ ਹੈ। ਉਨ੍ਹਾਂ ਨੂੰ ਸਕੂਲਾਂ ‘ਚ ਭੋਜਨ ਮੁਹੱਈਆ ਕਰਵਾਇਆ ਜਾਵੇ। ਆਰਥਿਕ ਵਿਸ਼ਲੇਸ਼ਕਾਂ ਦੇ ਥਿੰਕ ਟੈਂਕ ‘ਸੈਂਟਰ ਫਾਰ ਮਾਨੀਟਰਿੰਗ ਆਫ ਇੰਡੀਅਨ ਇਕਾਨਮੀ’ (ਸੀ. ਐੱਮ. ਆਈ.ਈ.) ਦੇ ਅਨੁਸਾਰ ਵੱਖ-ਵੱਖ ਸੂਬਿਆਂ ‘ਚ ਬੇਰੋਜ਼ਗਾਰੀ ‘ਚ ਭਾਰੀ ਵਾਧਾ ਹੋਇਆ ਹੈ। ਸਭ ਤੋਂ ਵੱਧ ਵਾਧਾ ਝਾਰਖੰਡ ‘ਚ ਹੋਇਆ ਜੋ ਮਾਰਚ 8.2 ਤੋਂ ਵੱਧ ਕੇ ਮਈ ‘ਚ 59.2 ਫੀਸਦੀ ਹੋ ਗਿਆ। ਬਿਹਾਰ ‘ਚ ਇਹ ਦਰ 46.2, ਉੱਤਰ ਪ੍ਰਦੇਸ਼ ‘ਚ 20.8 ਅਤੇ ਬੰਗਾਲ ‘ਚ 17.4 ਫੀਸਦੀ ਹੈ। ਸੀ.ਐੱਮ.ਆਈ.ਈ. ਦੇ ਅਨੁਸਾਰ ਪਿਛਲੇ ਸਾਲ ਇਸੇ ਅਰਸੇ ‘ਚ 86 ਮਿਲੀਅਨ ਨੌਕਰੀਆਂ ਦੇ ਮਾਮਲੇ ‘ਚ ਇਸ ਸਾਲ ਅਪ੍ਰੈਲ ‘ਚ ਤਨਖਾਹਦਾਰ ਨੌਕਰੀਆਂ ਦੀ ਗਿਣਤੀ ਘੱਟ ਕੇ 68.4 ਮਿਲੀਅਨ। 65 ਸਾਲ ਤੋਂ ਵੱਧ ਉਮਰ ਵਰਗ ‘ਚ ਸਭ ਤੋਂ ਵੱਧ ਬੇਰੋਜ਼ਗਾਰੀ ਪੈਦਾ ਹੋਈ ਹੈ ਜਦਕਿ 25 ਤੋਂ 29 ਸਾਲ ਉਮਰ ਵਰਗ ਦੇ ਰੋਜ਼ਗਾਰਾਂ ‘ਚ ਵੀ ਕਮੀ ਆਈ ਹੈ ਜੋ ਅਪ੍ਰੈਲ ‘ਚ 30.8 ਮਿਲੀਅਨ ਦੇ ਮੁਕਾਬਲੇ ਮਈ ‘ਚ ਘੱਟ ਕੇ 30.5 ਮਿਲੀਅਨ ਰਹਿ ਗਏ।
ਸੀ.ਐੱਮ.ਆਈ.ਈ. ਦੇ ਅਨੁਸਾਰ ਸ਼ਹਿਰੀ ਇਲਾਕਿਆਂ ‘ਚ ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ। ਹਾਲਤ ਇਹ ਹੈ ਕਿ ਲੱਖਾਂ ਰੁਪਏ ਖਰਚ ਕੇ ਬੀ.ਬੀ.ਏ., ਐੱਮ.ਬੀ.ਏ. ਅਤੇ ਐੱਮ.ਏ.ਬੀ.ਐੱਡ. ਤੱਕ ਦੀ ਡਿਗਰੀ ਲੈਣ ਵਾਲੇ ਨੌਜਵਾਨ ਵੀ ਨੌਕਰੀ ਖੁੱਸ ਜਾਣ ਕਾਰਨ ਮਨਰੇਗਾ ‘ਚ ਕੰਮ ਕਰਨ ਲਈ ਮਜਬੂਰ ਹਨ। ਉੱਤਰ ਪ੍ਰਦੇਸ਼ ‘ਚ ਬੁਲੰਦ ਸ਼ਹਿਰ ਦੇ ਜੁਨੈਦਪੁਰ ‘ਚ ਚੱਲ ਰਹੇ ਮਨਰੇਗਾ ਪ੍ਰਾਜੈਕਟਾਂ ‘ਚ ਕਈ ਬੀ.ਬੀ.ਏ., ਐੱਮ.ਏ.ਬੀ.ਐੱਡ, ਐੱਮ.ਬੀ.ਏ. ਆਦਿ ਦੀ ਸਿੱਖਿਆ ਪ੍ਰਾਪਤ ਨੌਜਵਾਨ ਮਿੱਟੀ ਢੋਅ ਰਹੇ ਹਨ ਜਿਸ ਦੇ ਬਦਲੇ ‘ਚ ਉਨ੍ਹਾਂ ਨੂੰ ਲਗਭਗ 200 ਰੁਪਏ ਦਿਹਾੜੀ ਮਿਲਦੀ ਹੈ। ਜੁਨੈਦਪੁਰ ‘ਚ ਲਾਕਡਾਊਨ ਤੋਂ ਪਹਿਲਾਂ 20 ਮਜ਼ਦੂਰ ਕੰਮ ਕਰਦੇ ਹਨ ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 100 ਹੋ ਗਈ ਹੈ। ਇਨ੍ਹਾਂ ‘ਚੋਂ 20 ਤੋਂ ਵੱਧ ਡਿਗਰੀਧਾਰੀ ਹਨ, ਜਿਨ੍ਹਾਂ ਦੀ ਲਾਕਡਾਊਨ ਦੇ ਕਾਰਨ ਚੰਗੀ ਭਲੀ ‘ਵ੍ਹਾਈਟ ਕਾਲਰ’ ਨੌਕਰੀ ਖੁੱਸ ਜਾਣ ਕਾਰਨ ਨਤੀਜੇ ਵਜੋਂ ਆਰਥਿਕ ਹਾਲਤ ਖਰਾਬ ਹੋ ਗਈ ਅਤੇ ਉਹ ਮਜ਼ਦੂਰੀ ਕਰਨ ਲਈ ਮਜਬੂਰ ਹੋ ਗਏ। ਅਰਥਸ਼ਾਸਤਰੀਆਂ ਅਨੁਸਾਰ ਇਹ ਸਥਿਤੀ ਅਜਿਹੀ ਹੈ ਕਿ ਇਸ ਤੋਂ ਉੱਭਰਨ ‘ਚ ਦੇਸ਼ ਨੂੰ ਕਾਫੀ ਸਮਾਂ ਲੱਗ ਜਾਵੇਗਾ, ਅਜਿਹੀ ਸਥਿਤੀ ‘ਚ ਲੋੜ ਇਸ ਗੱਲ ਦੀ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਕਿਸੇ ਵੀ ਪਰਿਸਥਿਤੀ ਦਾ ਸਾਹਮਣਾ ਕਰਨ ਅਤੇ ਹਰ ਤਰ੍ਹਾਂ ਦਾ ਕੰਮ ਕਰਨ ਦੇ ਲਈ ਸਮਰੱਥ ਬਣਾਇਆ ਜਾਵੇ।
ਵਲੋਂ ਦੇਸ਼ ਭਰ ਵਿਚ ਆਪੋ-ਆਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ ਇੱਛਕ ਪ੍ਰਵਾਸੀ ਮਜ਼ਦੂਰਾਂ ਨੂੰ ਅਗਲੇ ਦੋ ਹਫਤਿਆਂ ਦੇ ਅੰਦਰ ਸੁਰੱਖਿਅਤ ਪਹੁੰਚਾ ਦੇਣ ਦੀ ਸਮਾਂ ਹੱਦ ਨਿਰਧਾਰਤ ਕੀਤੇ ਜਾਣ ਨਾਲ ਇਨ੍ਹਾਂ ਪਰਵਾਸੀ ਲੋਕਾਂ ਦੀ ਪੀੜਾ ਨਾਲ ਭਰਪੂਰ ਸਮੱਸਿਆ ਇਕ ਵਾਰ ਫਿਰ ਉੱਭਰ ਕੇ ਸਾਹਮਣੇ ਆਈ ਹੈ। ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਦੇਸ਼ ਭਰ ਤੋਂ ਲੱਖਾਂ ਪਰਵਾਸੀ ਮਜ਼ਦੂਰ ਆਪਣੀ ਕਰਮ ਭੂਮੀ ਨੂੰ ਛੱਡ ਕੇ ਆਪਣੇ ਪਿੱਤਰੀ ਰਾਜਾਂ, ਜਿਵੇਂ ਬਿਹਾਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਆਦਿ ਵਿਚ ਜਾਣ ਦੇ ਲਈ ਕਾਫਲਿਆਂ ਦੇ ਰੂਪ ਵਿਚ ਸੜਕਾਂ ‘ਤੇ ਭਟਕ ਰਹੇ ਹਨ। ਕਿਤੇ ਸੈਂਕੜੇ ਮੀਲਾਂ ਦਾ ਪੈਦਲ ਸਫ਼ਰ, ਕਿਤੇ ਬਿਮਾਰ ਬਾਪ ਨੂੰ ਸਾਈਕਲ ‘ਤੇ ਬਿਠਾ ਕੇ ਸੱਤ ਦਿਨ ਦਾ ਸਫਰ ਕਰਕੇ ਪਹੁੰਚੀ ਇਕ ਬੇਟੀ। ਭਾਰਤ ਦੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਵਲੋਂ ਸਰਬਉੱਚ ਅਦਾਲਤ ਵਿਚ ਪੇਸ਼ ਕੀਤੇ ਅੰਕੜਿਆਂ ਦੇ ਅਨੁਸਾਰ 25 ਮਾਰਚ ਨੂੰ ਅਚਾਨਕ ਐਲਾਨੀ ਗਈ ਤਾਲਾਬੰਦੀ ਤੋਂ ਬਾਅਦ ਰੋਜ਼ੀ ਰੋਟੀ ਖੁਸ ਜਾਣ ਅਤੇ ਨਿਰਾਸ਼ਾ ਕਾਰਨ ਹਿਜਰਤ ਨੂੰ ਮਜਬੂਰ ਹੋਏ ਲਗਪਗ 98 ਲੱਖ ਪ੍ਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਵਿਚ ਪਹੁੰਚ ਚੁੱਕੇ ਹਨ ਪਰ ਅਜੇ ਵੀ ਲੱਖਾਂ ਅਜਿਹੇ ਪਰਵਾਸੀ ਮਜ਼ਦੂਰ ਹਨ ਜੋ ਉਨ੍ਹਾਂ ਨੂੰ ਘਰ ਲੈ ਜਾਣ ਵਾਲੀਆਂ ਰੇਲ ਗੱਡੀਆਂ, ਬੱਸਾਂ ਦੇ ਇੰਤਜ਼ਾਰ ਵਿਚ ਸੜਕਾਂ ਅਤੇ ਖੁੱਲ੍ਹੇ ਅਸਮਾਨ ਦੇ ਹੇਠਾਂ ਭੁੱਖੇ ਤਿਹਾਏ ਬੈਠੇ ਹਨ। ਦੇਸ਼ਾਂ ਦੀਆਂ ਸਰਕਾਰਾਂ ਦੇ ਆਪਣੇ ਸਰੋਤ ਸੀਮਤ ਹੋਣ ਦੇ ਕਾਰਨ ਹੌਲੀ ਹੌਲੀ ਮੁੱਕਦੇ ਵੀ ਜਾ ਰਹੇ ਹਨ। ਇਸ ਕਾਰਨ ਦੇਸ਼ਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਅਤੇ ਅਨਾਜ ਦੀਆਂ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕਰੋਨਾ ਕਾਲ ਤੋਂ ਬਾਅਦ ਮੁੜ ਜੀਵਨ ਦੀ ਤੋਰ ਨੂੰ ਲੀਹ ‘ਤੇ ਲਿਜਾਉਣ ਲਈ ਸੰਸਾਰ ਭਰ ਦੇ ਮਨੁੱਖੀ ਭਾਈਚਾਰੇ ਨੂੰ ਸਾਂਝੇ ਯਤਨ ਕਰਨੇ ਪੈਣਗੇ। ਹੁਣੇ ਤੋਂ ਇਸ ਦਾ ਖਾਕਾ ਤੇ ਯੋਜਨਾਬੰਦੀ ਤਿਆਰ ਕਰਨੀ ਪਵੇਗੀ। ਕਰੋਨਾ ਕਾਲ ਤੋਂ ਬਾਅਦ ਦਾ ਸਮਾਂ ਸਮੁੱਚੇ ਵਿਸ਼ਵ ਲਈ ਭਾਰੀ ਚੁਣੌਤੀਪੂਰਨ ਹੋਵੇਗਾ, ਜਿਸ ਦਾ ਟਾਕਰਾ ਕਰਨ ਲਈ ਹੁਣ ਤੋਂ ਹੀ ਤਿਆਰ ਹੋਣਾ ਪਵੇਗਾ।

Check Also

ਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ ‘ਤੇ ਕੀਤਾ ਸਵਾਗਤ

ਸੰਸਦ ਮੈਂਬਰ ਨੇ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ …