Breaking News
Home / ਦੁਨੀਆ / ਪਾਕਿਸਤਾਨੀ ਰੇਲ ਨੂੰ ਭਾਰਤੀ ਡੱਬਿਆਂ ਦਾ ਆਸਰਾ

ਪਾਕਿਸਤਾਨੀ ਰੇਲ ਨੂੰ ਭਾਰਤੀ ਡੱਬਿਆਂ ਦਾ ਆਸਰਾ

ਵੰਡ ਤੋਂ ਬਾਅਦ ਅਜੇ ਵੀ ਪਾਕਿ ਆਤਮ ਨਿਰਭਰ ਨਹੀਂ ਬਣ ਸਕਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ-ਪਾਕਿ ਦੀ ਵੰਡ ਤੋਂ ਬਾਅਦ 75 ਸਾਲਾਂ ਬਾਅਦ ਵੀ ਪਾਕਿਸਤਾਨ ਆਤਮ ਨਿਰਭਰ ਨਹੀਂ ਬਣ ਸਕਿਆ। ਕਦੇ ਉਹ ਚੀਨ ਨੂੰ ਗਧੇ ਵੇਚ ਕੇ ਆਰਥਿਕ ਵਸੀਲੇ ਇਕੱਤਰ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਆਪਣੇ ਹੀ ਦੇਸ਼ ਵਿਚ ਸਬਜ਼ੀਆਂ, ਫਲ ਆਦਿ ਮਹਿੰਗੇ ਕਰ ਦਿੰਦਾ ਹੈ। ਹੁਣ ਤਾਂ ਇਹ ਹੱਦ ਹੋ ਗਈ ਹੈ। ਪਾਕਿਸਤਾਨ ਪਿਛਲੇ ਤਿੰਨ ਸਾਲਾਂ ਤੋਂ ਭਾਰਤ ਦੇ ਰੇਲ ਕੋਚ ਦਾ ਇਸਤੇਮਾਲ ਕਰ ਰਿਹਾ ਹੈ।
ਦਰਅਸਲ, ਸਮਝੌਤਾ ਐਕਸਪ੍ਰੈੱਸ ਨੂੰ ਸਾਲ 2019 ਵਿਚ ਬੰਦ ਕਰ ਦਿੱਤਾ ਗਿਆ ਸੀ। ਇਹ ਰੇਲ ਗੱਡੀ 7 ਅਗਸਤ 2019 ਨੂੰ ਅੰਮ੍ਰਿਤਸਰ ਦੇ ਅਟਾਰੀ ਸਟੇਸ਼ਨ ਤੋਂ ਰਵਾਨਾ ਹੋਈ ਸੀ ਪਰ ਭਾਰਤ ਨੇ ਕਸ਼ਮੀਰ ਵਿਚ ਧਾਰਾ 370 ਹਟਾਈ ਤਾਂ ਪਾਕਿਸਤਾਨ ਨੇ ਇਹ ਰੇਲ ਸੇਵਾ ਬੰਦ ਕਰ ਦਿੱਤੀ ਸੀ। ਪਾਕਿਸਤਾਨ ਦੇ ਉਦੋਂ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਸਮਝੌਤਾ ਐਕਸਪ੍ਰੈਸ ਦੇ ਸਮਝੌਤੇ ਨੂੰ ਤੋੜ ਇਸ ਸੇਵਾ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਫੈਸਲਾ ਕੀਤਾ ਸੀ। ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਨੇ ਭਾਰਤ ਨਾਲ ਸਾਰੇ ਰਾਜਨੀਤਕ ਤੇ ਵਪਾਰਕ ਸਬੰਧ ਤੋੜ ਲਏ ਸਨ।
ਫਿਰ ਪਾਕਿਸਤਾਨ ਲਈ ਰਵਾਨਾ ਹੋਈ ਸਮਝੌਤਾ ਐਕਸਪ੍ਰੈੱਸ ਦੀਆਂ ਬੋਗੀਆਂ ਹਾਲੇ ਤਾਈਂ ਵਾਪਸ ਨਹੀਂ ਆ ਸਕੀਆਂ। ਸਮਝੌਤਾ ਐਕਸਪ੍ਰੈੱਸ ਦੀਆਂ 11 ਬੋਗੀਆਂ ਦੇ ਨਾਲ-ਨਾਲ ਮਾਲ ਗੱਡੀ ਦੀਆਂ ਦਸ ਵੈਗਨਾਂ ਨੂੰ ਪਾਕਿਸਤਾਨ ਦੇ ਵਾਹਗਾ ਸਟੇਸ਼ਨ ‘ਤੇ ਖੜ੍ਹਾ ਕੀਤਾ ਸੀ। ਭਾਰਤੀ ਰੇਲ ਮੰਤਰਾਲਾ ਪਾਕਿਸਤਾਨ ਨੂੰ ਤਿੰਨ ਸਾਲਾਂ ਵਿਚ ਤਿੰਨ ਵਾਰ ਯਾਦ-ਪੱਤਰ ਭੇਜ ਕੇ ਕੋਚ ਵਾਪਸ ਕਰਨ ਲਈ ਕਹਿ ਰਿਹਾ ਹੈ। ਪਾਕਿਸਤਾਨ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਆਪਣੇ ਯਾਤਰੀਆਂ ਨੂੰ ਲੈ ਕੇ ਜਾਣ ਲਈ ਇਨ੍ਹਾਂ ਡੱਬਿਆਂ ਦੀ ਵਰਤੋਂ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ਿਮਲਾ ਸਮਝੌਤਾ 22 ਜੁਲਾਈ 1976 ਨੂੰ ਹੋਇਆ ਸੀ। ਇਸ ਤਹਿਤ ਅੰਮ੍ਰਿਤਸਰ ਤੋਂ ਸਮਝੌਤਾ ਐਕਸਪ੍ਰੈੱਸ ਸ਼ੁਰੂ ਕਰਨ ਦੀ ਤਜਵੀਜ਼ ਸੀ। 1994 ਵਿਚ ਸਮਝੌਤਾ ਐਕਸਪ੍ਰੈਸ ਅਟਾਰੀ ਸਟੇਸ਼ਨ ਤੋਂ ਲਾਹੌਰ ਤਕ ਚੱਲਣ ਲੱਗੀ। ਇਸ ਦਾ ਮਕਸਦ ਦੋਵਾਂ ਮੁਲਕਾਂ ਦੇ ਵਸਨੀਕਾਂ ਨੂੰ ਆਪੋ-ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਰਾਹ ਸੁਖਾਲਾ ਕਰਨਾ ਸੀ। ਹਾਲਾਂਕਿ ਅਜਿਹਾ ਕਈ ਸਾਲਾਂ ਬਾਅਦ ਹੋਇਆ ਜਦੋਂ ਪਾਕਿਸਤਾਨ ਨੇ ਇਸ ਟਰੇਨ ਦੀ ਸੇਵਾ ‘ਤੇ ਪਾਬੰਦੀ ਲਗਾ ਦਿੱਤੀ। ਜਨਵਰੀ 2020 ਵਿਚ ਕੇਂਦਰ ਸਰਕਾਰ ਨੇ ਰੇਲ ਦੇ ਡੱਬਿਆਂ ਨੂੰ ਵਾਪਸ ਕਰਨ ਲਈ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖਿਆ ਸੀ ਪਰ ਅਸਫਲਤਾ ਦੇ ਦੌਰ ਵਿੱਚੋਂ ਲੰਘ ਰਿਹਾ ਪਾਕਿਸਤਾਨ ਆਪਣੇ ਯਾਤਰੀਆਂ ਨੂੰ ਇੱਥੋਂ ਤਕ ਪਹੁੰਚਾਉਣ ਲਈ ਇਨ੍ਹਾਂ ਡੱਬਿਆਂ ਦੀ ਵਰਤੋਂ ਕਰ ਰਿਹਾ ਹੈ।

 

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …