Breaking News
Home / ਨਜ਼ਰੀਆ / ਸਮੋਸੇ

ਸਮੋਸੇ

ਇਕ ਸ਼ਹਿਰ ਕੈਨੇਡਾ ਦਾ ਪੰਜਾਬੀ ਰਹਿੰਦੇ ਕਈ ਹਜ਼ਾਰਾਂ,
ਮਾਨਣ ਨਿੱਘ ਅਜ਼ਾਦੀ ਦਾ ਸਾਰੇ ਲੁੱਟਦੇ ਮੌਜ ਬਹਾਰਾਂ।
ਕਰਦੇ ਸਖਤ ਕਮਾਈਆਂ ਨੂੰ ਭੁਲ ਕੇ ਕੰਮ ਨਾ ਕਰਦੇ ਹੋਛੇ,
ਵਿਚ ਸਿਟੀ ਬਰੈਂਪਟਨ ਦੇ ਡਾਲਰ ਇਕ ਤੇ ਤਿੰਨ ਸਮੋਸੇ।

ਇਹ ਦੇਸ਼ ਹੈ ਕਿਰਤੀਆਂ ਦਾ ਮਿਹਨਤ ਵਾਲਾ ਹੀ ਖਾਵੇ ਪੇੜੇ,
ਅੰਤ ਨੂੰ ਰੁਲਦੇ ਵੇਖੇ ਨੇ ਜਿਹੜੇ ਗਲਤ ਨੇ ਲਾਉਂਦੇ ਗੇੜੇ।
ਮੁਜਰਮ ਫੜੇ ਜਾਣ ਇਥੇ ਜੇਲ੍ਹੀਂ ਰੁਲਣ ਨਾ ਕੋਈ ਬੇਦੋਸ਼ੇ,
ਵਿਚ ਸਿਟੀ ਫਲਾਵਰ ਦੇ ਡਾਲਰ ਇਕ ਤੇ ਤਿੰਨ ਸਮੋਸੇ।

ਹੱਕ ਸਭ ਦੇ ਬਰਾਬਰ ਨੇ ਕਿਸੇ ਲਈ ਨਹੀਂ ਰਾਖਵੇਂ ਕੋਟੇ,
ਮੁੱਲ ਪੈਂਦਾ ਮਿਹਨਤ ਦਾ ਐਵੇਂ ਚੱਲਣ ਨਾ ਸਿੱਕੇ ਖੋਟੇ।
ਸਭ ਮਾਲਕ ਨੇ ਕਾਰਾਂ ਦੇ ਕਾਹਨੂੰ ਕਰੀਏ ਐਵੇਂ ਰੋਸੇ,
ਵਿਚ ਸ਼ਹਿਰ ਬਰੈਂਪਟਨ ਦੇ ਡਾਲਰ ਇਕ ਤੇ ਤਿੰਨ ਸਮੋਸੇ।

ਪੰਜਾਬੀ ਛਾ ਗਏ ਨੇ ਹਰ ਪਾਸੇ ਝੰਡੇ ਕਾਮਯਾਬੀ ਦੇ ਗੱਡੇ,
ਟੀ.ਵੀ. ਚੈਨਲ ਪੰਜਾਬੀ ਦੇ ਕਈ ਅਖਬਾਰ ਪੰਜਾਬੀ ਕੱਢੇ।
ਪੰਜਾਬੀ ਰੇਡੀਓ ਚਲਦੇ ਨੇ ਕਰਦੇ ਸੈਣੀ, ਰਾਏ ਤੇ ਖੋਸੇ,
ਵਿਚ ਸ਼ਹਿਰ ਬਰੈਂਪਟਨ ਦੇ ਡਾਲਰ ਇਕ ਤੇ ਤਿੰਨ ਸਮੋਸੇ।

ਵਿਚ ਬਾਹਲੀਆਂ ਸਰਦੀਆਂ ਦੇ ਜਦ ਪਾਰਾ ਮਨਫੀ ਤੀਹ ਤੱਕ ਜਾਏ,
ਡਰ ਘਰ ਦੀਆਂ ਕਿਸ਼ਤਾਂ ਦਾ ਤਾਹੀਓਂ ਕੰਮ ਨਾ ਛੱਡਿਆ ਜਾਏ।
ਕੌਫੀ ਲੈ ਟਿਮ ਹੌਰਟਨ ਦੀ ਕਰੀਏ ਕੰਬਦੇ ਹੱਥਾਂ ਨੂੰ ਕੋਸੇ,
ਵਿਚ ਸਿਟੀ ਫਲਾਵਰ ਦੇ ਡਾਲਰ ਇਕ ਤੇ ਤਿੰਨ ਸਮੋਸੇ।

ਵਿਚ ਨਗਰ ਕੀਰਤਨਾਂ ਦੇ ਲੋਕੀਂ ਸ਼ਰਧਾ ਦੇ ਨਾਲ ਆਉਂਦੇ,
ਸੋਚ ਲੰਬੀਆਂ ਸਕੀਮਾਂ ਨੂੰ ਲੀਡਰ ਆ ਕੇ ਸੀਸ ਝੁਕਾਉਂਦੇ।
ਰਲ ਸਾਰੇ ਛਕਦੇ ਨੇ, ਲੱਡੂ, ਜਲੇਬੀ, ਪਕੌੜੇ, ਡੋਸੇ,
ਵਿਚ ਸ਼ਹਿਰ ਬਰੈਂਪਟਨ ਦੇ ਡਾਲਰ ਇਕ ਤੇ ਤਿੰਨ ਸਮੋਸੇ।

ਬਾਬੇ ਦੀਆਂ ਮਿਹਰਾਂ ਨੇ ਕਰਦਾ ‘ਗਿੱਲ ਬਲਵਿੰਦਰ’ ਵੀ ਮੌਜਾਂ,
ਇੰਡੀਆ ਇਕ ਲਈ ਤਰਸੇ ਸੀ, ਕੈਨੇਡਾ ਦੋ-ਦੋ ਦਿੱਤੀਆਂ ਜੌਬਾਂ।
ਸਭ ਉਹਦੀ ਬਰਕਤ ਹੈ ਰੱਖੀਏ ਸੱਚੇ ਸਾਹਬ ਭਰੋਸੇ,
ਵਿਚ ਸਿਟੀ ਬਰੈਂਪਟਨ ਦੇ ਡਾਲਰ ਇਕ ਤੇ ਤਿੰਨ ਸਮੋਸੇ।
-ਬਲਵਿੰਦਰ ਗਿੱਲ

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …