ਮਿਸੀਸਾਗਾ : ਪੰਜਾਬੀ ਕਮਿਉਨਿਟੀ ਹੈਲਥ ਸਰਵਿਸਜ਼ ਅਤੇ ਇੰਡਸ ਕਮਿਉਨਿਟੀ ਸਰਵਿਸਜ਼ ਨੇ ਅਪਨਾ ਹੈਲਥ ਭਾਈਵਾਲੀ ਜ਼ਰੀਏ ਸਾਂਝੇ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਇਕ ਵਿਸ਼ੇਸ਼ ਰਿਪੋਰਟ ਸੱਦੇ ਅਤੇ ਭੁਲਾਏ ਗਏ: ਇੰਟਰਨੈਸ਼ਨਲ ਸਟੂਡੈਂਟਸ ਸੰਕਟ ਵਿਚ, ਰਿਲੀਜ਼ ਕੀਤੀ ਹੈ।
ਪੀਲ ਰੀਜਨ ਵਿਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਰਿਪੋਰਟ ਵਿਚ ਕੁੱਝ ਵੱਡੇ ਮੁੱਦਿਆਂ ਦੀ ਰੂਪਰੇਖਾ ਪੇਸ਼ ਕੀਤੀ ਗਈ ਹੈ, ਜਿਵੇਂ ਕਿ ਲੇਬਰ ਸੋਸ਼ਣ ਅਤੇ ਵਿੱਤੀ ਮੁਸ਼ਕਲਾਂ, ਹਿਊਮਨ ਟਰੈਫਿਕਿੰਗ ਅਤੇ ਸੈਕਸੂਅਲ ਸੋਸ਼ਣ, ਹਾਊਸਿੰਗ ਦੀ ਕਮੀ ਅਤੇ ਕੈਂਪਸਾਂ ਤੇ ਮਦਦ, ਡਰੱਗ ਟਰੈਫਿਕਿੰਗ ਅਤੇ ਕਨੂੰਨੀ ਮੁੱਦੇ, ਮਾਨਸਿਕ ਸਿਹਤ, ਅਡਿਕਸ਼ਨ ਅਤੇ ਖੁਦਕੁਸ਼ੀ ਸ਼ਾਮਲ ਹੈ। 2018 ਵਿਚ 721,205 ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਵਿਚ ਪੜ੍ਹ ਰਹੇ ਸਨ, ਜਿਹੜੀ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਹੈ। 2019 ਵਿਚ ਕੀਤੀਆਂ ਖੋਜਾਂ ਤੋਂ ਪਤਾ ਲੱਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਸਭ ਤੋਂ ਵੱਡਾ ਹਿੱਸਾ (43%) ੳਨਟੇਰੀਉ ਵਿਚ ਆਇਆ। ਇਸ ਤੋਂ ਬਾਦ ਬ੍ਰਿਟਿਸ਼ ਕੋਲੰਬੀਆ ਵਿਚ ਅਤੇ ਕਿਉਬੈਕ ਵਿਚ (ਦੋਵਾਂ ਵਿਚ 19%) ਆਏ। 2019 ਵਿਚ ਕਾਲਜ ਪੱਧਰ ਤੇ ਸਭ ਤੋਂ ਵੱਧ ਸਟੂਡੈਂਟਸ ਇੰਡੀਆ ਤੋਂ ਆਏ ਸਨ।
ਕੈਨੇਡਾ ਵਿਚ ਘਰੇਲੂ ਸਟੂਡੈਂਟ ਔਸਤਨ /6,822 ਟਿਊਸ਼ਨ ਫੀਸ ਦੇ ਰੂਪ ਵਿਚ ਦਿੰਦੇ ਹਨ, ਜਦਕਿ ਇੰਟਰਨੈਸ਼ਨਲ ਸਟੂਡੈਂਟਸ ਇਸੇ ਮਿਆਦ ਦੀ ਪੜ੍ਹਾਈ ਲਈ ਇਸ ਤੋਂ ਚਾਰ ਗੁਣਾ ਵੱਧ /27,613 ਅਦਾ ਕਰਦੇ ਹਨ।
ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਕੂਲ ਸਿਮੈਸਟਰਾਂ ਦੌਰਾਨ ਕਨੂੰਨੀ ਤੌਰ ਤੇ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ, ਇਸ ਕਰਕੇ ਬਹੁਤਿਆਂ ਨੂੰ ਗੁਜ਼ਾਰੇ ਲਈ ਬੁਰੇ ਹਾਲਾਤ ਵਿਚ ਕੰਮ ਕਰਨ ਲਈ ਮਜਬੂਤ ਹੋਣਾ ਪੈਂਦਾ ਹੈ। ਕਰਜ਼ੇ ਦਾ ਬੰਧਨ, ਸਹਿਮਤੀ ਅਤੇ ਕਨੂੰਨੀ ਅਧਿਕਾਰਾਂ ਬਾਰੇ ਸਿਖਿਆ ਦੀ ਕਮੀ ਕਾਰਨ ਵਰਕਪਲੇਸ ਜਿਸਮਾਨੀ ਦੁਰਵਿਹਾਰ ਦੀਆਂ ਕਿੰਨੀਆਂ ਹੀ ਘਟਨਾਵਾਂ ਹੋ ਚੁੱਕੀਆਂ ਹਨ। ਕੋਵਿਡ-19 ਦੇ ਅਸਰ ਕਾਰਨ ਕਈ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਰਾਏ ਅਤੇ ਭੋਜਣ ਦੇ ਖਰਚਿਆਂ ਵਿਚ ਹੀ ਚੁਣੌਤੀਆਂ ਆਈਆਂ ਅਤੇ ਨਾਲੋ ਨਾਲ ਇਸ ਗੱਲ ਦਾ ਡਰ ਵੀ ਵਧ ਗਿਆ ਕਿ ਉਹ ਸ਼ਾਇਦ ਆਪਣੇ ਪ੍ਰੋਗਰਾਮ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਾ ਕਰ ਸਕਣ। ਘਰ ਤੋਂ ਦੂਰੀ ਅਤੇ ਸਹਾਇਤਾ ਨੈਟਵਰਕ ਦੀ ਕਮੀ ਕਾਰਨ ਉਨ੍ਹਾਂ ਦੀਆਂ ਇਹ ਚੁਣੌਤੀਆਂ ਹੋਰ ਵਧ ਗਈਆਂ।
ਪੰਜਾਬੀ ਕਮਿਉਨਿਟੀ ਹੈਲਥ ਸਰਵਿਸਜ਼ ਦੇ ਸੀ ਈ ੳ ਬਲਦੇਵ ਮੁੱਟਾ ਕਹਿੰਦੇ ਹਨ, ” ਇਹ ਰੀਸਰਚ ਸਟੱਡੀ ਕੈਨੇਡਾ ਲਈ ਇੰਟਰਨੈਸ਼ਨਲ ਸਟੂਡੈਂਟਸ ਦੇ ਫਾਇਦੇ ਦੱਸਦਿਆਂ ਨਾਲੋ ਨਾਲ ਉਨ੍ਹਾਂ ਦੀਆਂ ਚੁਣੌਤੀਆਂ ਤੇ ਰੌਸ਼ਨੀ ਪਾਉਂਦੀ ਹੈ, ਜਿਸ ਵਿਚ ਹਿਊਮਨ ਸੈਕਸ ਟਰੈਫਿਕਿੰਗ, ਡਰੱਗ ਗਰੋਹਾਂ ਦੁਆਰਾ ਸਟੂਡੈਂਟਸ ਦੀ ਭਰਤੀ, ਖੁਦਕੁਸ਼ੀ ਦਾ ਕਾਰਨ ਬਣ ਰਹੇ ਮਾਨਸਿਕ ਸਿਹਤ ਦੇ ਮੁੱਦੇ, ਬੇਈਮਾਨ ਇੰਪਲਾਇਰਜ਼ ਅਤੇ ਲੈਂਡਲੌਰਡਰਜ਼ ਦੁਆਰਾ ਉਨ੍ਹਾਂ ਦੀ ਲੁੱਟ ਸ਼ਾਮਲ ਹਨ”।
ਇੰਡਸ ਕਮਿਉਨਿਟੀ ਸਰਵਿਸਜ਼ ਦੇ ਸੀ ਈ ੳ ਗੁਰਪ੍ਰੀਤ ਮਲਹੋਤਰਾ ਕਹਿੰਦੇ ਹਨ, ” ਇਨ੍ਹਾਂ ਨੌਜਵਾਨਾਂ ਨੂੰ ਨਾ ਸਿਰਫ ਸਾਡੀ ਮਦਦ ਅਤੇ ਸੁਰੱਖਿਆ ਦੀ ਲੋੜ ਹੈ, ਬਲਕਿ ਇਸ ਗਲ ਨੂੰ ਵੀ ਪਛਾਨਣਾ ਚਾਹੀਦਾ ਹੈ ਕਿ ਇਹ ਸਾਡੀਆਂ ਕਮਿਊਨਿਟੀਜ਼ ਦਾ ਭਵਿੱਖ ਹਨ ਅਤੇ ਸਾਡੇ ਸਮਾਜ ਦੇ ਵਿਕਾਸ ਲਈ ਇਨ੍ਹਾਂ ਦੀ ਲੋੜ ਹੈ। ਇਹ ਰਿਪੋਰਟ ਦਰਸਾਉਂਦੀ ਹੈ ਕਿ ਕਿਵੇਂ ਬਹੁਤ ਹੀ ਨਲਾਇਕ ਤਰੀਕੇ ਨਾਲ ਬਣਾਈਆਂ ਗਲਤ ਨੀਤੀਆਂ ਦੇ ਸਿੱਟੇ ਵਜੋਂ ਇਨ੍ਹਾਂ ਕਮਜ਼ੋਰ ਨੌਜਵਾਨਾਂ ਦੀ ਬਹੁਤ ਵੱਡੇ ਪੱਧਰ ਤੇ ਅਣਦੇਖੀ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਸਾਰੇ ਪੱਧਰ ਦੀਆਂ ਸਰਕਾਰਾਂ ਦੇ ਨੀਤੀ ਘਾੜੇ ਇਨ੍ਹਾਂ ਮੁਸ਼ਕਲਾਂ ਨੂੰ ਪਛਾਨਣਗੇ ਅਤੇ ਇਨ੍ਹਾਂ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਰਾਹ ਤਿਆਰ ਕਰਦੇ ਹੋਏ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਅੜਿੱਕੇ ਦੂਰ ਕਰਨ ਲਈ ਵਚਨਬੱਧ ਹੋਣਗੇ”।
ਬਰੈਂਪਟਨ ਕੌਂਸਲਰ ਰੋਵੀਨ ਸੈਨਟੋਜ਼ ਨੇ ਕਿਹਾ, ” ਬਰੈਂਪਟਨ ਵਿਚ ਪਬਲਿਕ ਪੋਸਟ-ਸੈਕੰਡਰੀ ਅਦਾਰਿਆਂ ਵਿਚ ਕਿੰਨੇ ਹੀ ਇੰਟਰਨੈਸ਼ਨਲ ਸਟੂਡੈਂਟਸ ਪੜ੍ਹ ਰਹੇ ਹਨ। ਮਿਸਾਲ ਵਜੋਂ, ਸ਼ੈਰੀਡਨ ਕਾਲਜ ਕੋਲ 6 ਹਜ਼ਾਰ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟ ਹਨ ਅਤੇ ਐਲਗੋਮਾ ਯੂਨੀਵਰਸਿਟੀ ਕੋਲ 400 ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਹਨ। ਇਹ ਵਿਦਿਆਰਥੀ ਸਾਡੇ ਲੋਕਲ ਵਸਨੀਕ ਹਨ ਅਤੇ ਇਕ ਕੌਂਸਲਰ ਦੇ ਤੌਰ ਤੇ ਮੈਨੂੰ ਸਟੂਡੈਂਟ ਹਾਊਸਿੰਗ, ਮਾਨਸਿਕ ਸਿਹਤ ਦੇ ਮੁੱਦਿਆਂ, ਹਿਊਮਨ ਟਰੈਫਿਕਿੰਗ ਅਤੇ ਲੋਕਲ ਨੇਬਰਹੁੱਡਜ਼ ਵਿਚ ਅਣਉਚਿਤ ਵਰਤਾਉ ਦੀਆਂ ਕਿੰਨੀਆਂ ਹੀ ਸ਼ਿਕਾਇਤਾਂ ਮਿਲਦੀਆਂ ਹੈ। ਪੀਸੀਏਚਐਸ ਅਤੇ ਇੰਡਸ ਵਰਗੀਆਂ ਵਕਾਰੀ ਕਮਿਉਨਿਟੀ ਏਜੰਸੀਆਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਹਿਮ ਸਹਾਇਤਾ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਆਪਣੇ ਡੈਲੀਗੇਸ਼ਨਾਂ ਰਾਹੀਂ ਇਨ੍ਹਾਂ ਏਜੰਸੀਆਂ ਨੇ ਕਈ ਗੰਭੀਰ ਮੁੱਦੇ ਧਿਆਨ ਵਿਚ ਲਿਆਂਦੇ ਹਨ ਅਤੇ ਇਹ ਦੱਸਿਆ ਹੈ ਕਿ ਬਰੈਂਪਟਨ ਵਿਚ ਮੌਜੂਦ ਪੋਸਟ-ਸੈਕੰਡਰੀ ਅਦਾਰਿਆਂ ਦੁਆਰਾ ਇਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ”।
ਇੰਟਰਨੈਸ਼ਨਲ ਸਟੂਡੈਂਟਸ ਨੂੰ ਸਾਡੇ ਮੁਲਕ ਵਿਚ ਰਹਿੰਦਿਆਂ ਤੇ ਪੜ੍ਹਦਿਆਂ ਆ ਰਹੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਨੂੰ ਪਹਿਲਾਂ ਪਛਾਨਣ ਦੀ ਲੋੜ ਹੈ ਤਾਂ ਕਿ ਇਨ੍ਹਾਂ ਨੂੰ ਉਚਿਤ ਤਰੀਕੇ ਨਾਲ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਅਸੀਂ ਕਾਲਜਾਂ, ਯੂਨੀਵਰਸਿਟੀਆਂ, ਕਮਿਊਨਿਟੀ ਏਜੰਸੀਆਂ ਅਤੇ ਸਰਕਾਰਾਂ ਨੂੰ ਅਪੀਲ ਕਰ ਰਹੇ ਹਾਂ ਕਿ ਇਸ ਗੱਲਬਾਤ ਵਿਚ ਸ਼ਾਮਲ ਹੋਣ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਲੋੜਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਕਰਨ।