ਓਟਵਾ/ਬਿਊਰੋ ਨਿਊਜ਼ : ਕੋਵਿਡ-19 ਸਬੰਧੀ ਸਰਹੱਦੀ ਪਾਬੰਦੀਆਂ ਵਿੱਚ ਪਿੱਛੇ ਜਿਹੇ ਕੀਤੇ ਗਏ ਵਾਧੇ ਨੂੰ ਜਾਇਜ ਠਹਿਰਾਉਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਹ ਫੈਸਲਾ ਸਾਇੰਸ ਦੇ ਅਧਾਰ ਉੱਤੇ ਹੀ ਲਿਆ ਗਿਆ ਹੈ। ਟਰੂਡੋ ਨੇ ਇਹ ਗੱਲ ਉਦੋਂ ਆਖੀ ਜਦੋਂ ਰਾਹਤ ਦੇਣ ਦੀ ਮੰਗ ਲੈ ਕੇ ਟਰੈਵਲ ਤੇ ਟੂਰਿਜਮ ਸੈਕਟਰ ਓਟਵਾ ਵਿੱਚ ਉਨ੍ਹਾਂ ਨੂੰ ਮਿਲਣ ਗਿਆ।
ਟਰੂਡੋ ਨੇ ਆਖਿਆ ਕਿ ਕੈਨੇਡਾ ਅਜੇ ਵੀ ਮਹਾਂਮਾਰੀ ਦੇ ਦਰਮਿਆਨ ਹੈ ਤੇ ਪਾਬੰਦੀਆਂ-ਜਿਵੇਂ ਕਿ ਟਰੈਵਲਰਜ਼ ਨੂੰ ਕੈਨੇਡਾ ਪਹੁੰਚਣ ਉੱਤੇ ਕੋਵਿਡ-19 ਵੈਕਸੀਨੇਸ਼ਨ ਦਾ ਸਬੂਤ ਦੇਣ ਲਈ ਆਖਣਾ ਆਦਿ- ਮੁਕੰਮਲ ਤੌਰ ਉੱਤੇ ਹਟਾਉਣ ਨਾਲ ਟਰੈਵਲ ਸੈਕਟਰ ਨੂੰ ਹੋਰ ਵੀ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।
ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਹਕੀਕਤ ਇਹ ਹੈ ਕਿ ਲੋਕ ਇਹ ਦਿਖਾਵਾ ਕਰਦੇ ਹਨ ਕਿ ਅਸੀੰਂ ਮਹਾਂਮਾਰੀ ਤੋਂ ਬਾਹਰ ਆ ਚੁੱਕੇ ਹਾਂ ਜਦਕਿ ਅਜਿਹਾ ਨਹੀਂ ਹੈ। ਉਨ੍ਹਾਂ ਆਖਿਆ ਕਿ ਅਜੇ ਵੀ ਕੈਨੇਡੀਅਨ ਰੋਜਾਨਾ ਕੋਵਿਡ-19 ਕਾਰਨ ਮਰ ਰਹੇ ਹਨ। ਉਨ੍ਹਾਂ ਅੱਗੇ ਆਖਿਆ ਕਿ ਉਹ ਸਮਝਦੇ ਹਨ ਕਿ ਲੋਕ ਆਪਣੇ ਰੋਜਮਰਾ ਦੇ ਕੰਮਕਾਰ ਪਹਿਲਾਂ ਵਾਂਗ ਕਰਨ ਲਈ ਕਾਹਲੇ ਹਨ ਪਰ ਜੇ ਇੱਕ ਹੋਰ ਵੇਵ ਆ ਜਾਂਦੀ ਹੈ ਤਾਂ ਸਾਡੀ ਟੂਰਿਜਮ ਇੰਡਸਟਰੀ ਨੂੰ ਪਹਿਲਾਂ ਨਾਲੋਂ ਵੀ ਵੱਡੀ ਢਾਹ ਲੱਗੇਗੀ।
ਜਿਕਰਯੋਗ ਹੈ ਕਿ ਬੁੱਧਵਾਰ ਨੂੰ ਟਰੈਵਲ ਸਬੰਧੀ ਕਈ ਨੁਕਤੇ ਜਿਵੇਂ ਕਿ ਲੰਮੀਆਂ ਲਾਈਨਾਂ ਤੇ ਦੇਰੀ ਆਦਿ ਨੂੰ ਹਟਾਉਣ ਲਈ ਇੰਡਸਟਰੀ ਗਰੁੱਪਸ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ ਤੇ ਗਰਮੀਆਂ ਵਿੱਚ ਟਰੈਵਲ ਦਾ ਸੀਜਨ ਹੋਣ ਕਾਰਨ ਫੈਡਰਲ ਸਰਕਾਰ ਤੋਂ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ ਸੀ।