ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਟੋਰਾਂਟੋ ਪੁਲਿਸ ਸਰਵਿਸ ਵੱਲੋਂ ਪ੍ਰੋਜੈਕਟ ਸਟੈਲੀਅਨ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇਸ ਪ੍ਰੋਜੈਕਟ ਦੌਰਾਨ ਪੁਲਿਸ ਨੂੰ ਚੋਰੀ ਕੀਤੀਆਂ ਗਈਆਂ 550 ਗੱਡੀਆਂ ਮਿਲੀਆਂ ਜਿਨ੍ਹਾਂ ਦਾ ਮੁੱਲ 27 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੱਸਿਆ ਜਾਂਦਾ ਹੈ।
ਪੁਲਿਸ ਚੀਫ ਮਾਇਰਨ ਡੈਮਕਿਊ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਬਹੁਤਾ ਧਿਆਨ ਸਿਟੀ ਦੇ ਪੱਛਮੀ ਸਿਰੇ ਤੋਂ ਚੋਰੀ ਹੋਈਆਂ ਗੱਡੀਆਂ ਤੇ ਕੈਟਾਲਿਟਿਕ ਕਨਵਰਟਰਜ ਉੱਤੇ ਕੇਂਦਰਿਤ ਕੀਤਾ ਗਿਆ। ਪ੍ਰੋਜੈਕਟ ਸਟੈਲੀਅਨ ਨਵੰਬਰ 2022 ਵਿੱਚ ਸ਼ੁਰੂ ਹੋਇਆ ਸੀ ਤੇ ਇਸ ਦੌਰਾਨ ਚੋਰੀ ਦੀਆਂ 556 ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦਾ ਮੁੱਲ 27 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ। ਇਸ ਦੌਰਾਨ 100 ਵਿਅਕਤੀਆਂ ਖਿਲਾਫ 300 ਤੋਂ ਵੱਧ ਚਾਰਜਿਜ ਲਾਏ ਗਏ ਹਨ। ਡੈਮਕਿਊ ਨੇ ਆਖਿਆ ਕਿ 2019 ਤੋਂ ਹੀ ਟੋਰਾਂਟੋ ਵਿੱਚ ਗੱਡੀਆਂ ਦੀਆਂ ਚੋਰੀਆਂ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਆਖਿਆ ਕਿ ਇਹ ਮੁੱਦਾ ਸ਼ਹਿਰ ਤੇ ਜੀਟੀਏ ਭਰ ਵਿੱਚ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਟੀਪੀਐਸ ਦੇ ਇਸ ਪ੍ਰੋਜੈਕਟ ਵਿੱਚ ਓਸੀਆਈਐਸ ਟੀਮ ਤੇ ਹੋਰ ਪੁਲਿਸ ਡਵੀਜ਼ਨਾਂ ਵੀ ਸ਼ਾਮਲ ਸਨ। ਇਸ ਦੌਰਾਨ ਚੋਰੀ ਦੀਆਂ ਗੱਡੀਆਂ ਬਰਾਮਦ ਕਰਨ ਤੇ ਅਜਿਹੇ ਜੁਰਮਾਂ ਨੂੰ ਅੰਜ਼ਾਮ ਦੇਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਣ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇਸ ਤਹਿਤ ਹੁਣ ਤੱਕ 119 ਲੋਕਾਂ ਨੂੰ ਚਾਰਜ ਕੀਤਾ ਜਾ ਚੁੱਕਿਆ ਹੈ, 314 ਚਾਰਜਿਜ ਲਾਏ ਗਏ ਹਨ, 556 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ, ਬਰਾਮਦ ਕੀਤੀਆਂ ਗੱਡੀਆਂ ਦਾ ਮੁੱਲ 27,406,120 ਡਾਲਰ ਹੈ।