-2 C
Toronto
Thursday, January 22, 2026
spot_img
Homeਪੰਜਾਬਅਸ਼ਵਨੀ ਸ਼ਰਮਾ ਮੁੜ ਪੰਜਾਬ ਭਾਜਪਾ ਦੇ ਪ੍ਰਧਾਨ ਬਣੇ

ਅਸ਼ਵਨੀ ਸ਼ਰਮਾ ਮੁੜ ਪੰਜਾਬ ਭਾਜਪਾ ਦੇ ਪ੍ਰਧਾਨ ਬਣੇ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪਾਰਟੀ ਦੀ ਪੰਜਾਬ ਇਕਾਈ ਦੀ ਨਵੀਂ ਟੀਮ ਦਾ ਐਲਾਨ ਕਰਦਿਆਂ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਮੁੜ ਪ੍ਰਧਾਨ ਨਿਯੁਕਤ ਕੀਤਾ ਹੈ। ਭਾਜਪਾ ਦੇ ਅਹੁਦੇਦਾਰਾਂ ਦੀ ਨਵੀਂ ਟੀਮ ਵਿੱਚ ਕਾਂਗਰਸ ਛੱਡ ਕੇ ਭਗਵਾ ਰੰਗ ‘ਚ ਰੰਗੇ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਜਪਾ ਇਸ ਤੋਂ ਪਹਿਲਾਂ ਅਕਸਰ ਜਨਸੰਘ ਦੇ ਪਿਛੋਕੜ ਜਾਂ ਟਕਸਾਲੀ ਆਗੂਆਂ ਨੂੰ ਹੀ ਸੂਬਾ ਪੱਧਰੀ ਜਥੇਬੰਦਕ ਢਾਂਚੇ ‘ਚ ਥਾਂ ਦਿੰਦੀ ਰਹੀ ਹੈ। ਪੰਜਾਬ ਦੇ ਮਾਮਲੇ ‘ਚ ਭਗਵਾਂ ਪਾਰਟੀ ਨੇ ਇਹ ਨੀਤੀ ਤਿਆਗ ਦਿੱਤੀ ਪ੍ਰਤੀਤ ਹੁੰਦੀ ਹੈ।
ਭਾਜਪਾ ਦੀ ਪੰਜਾਬ ‘ਚ ਨਵੀਂ ਟੀਮ ਵਿੱਚ 11 ਸੂਬਾ ਮੀਤ ਪ੍ਰਧਾਨ, ਪੰਜ ਸੂਬਾ ਜਨਰਲ ਸਕੱਤਰ ਅਤੇ 11 ਸੂਬਾ ਸਕੱਤਰਾਂ ਤੋਂ ਇਲਾਵਾ ਕੁਝ ਹੋਰ ਅਹੁਦੇਦਾਰ ਸ਼ਾਮਲ ਹਨ। ਪਾਰਟੀ ਵੱਲੋਂ ਜਾਰੀ ਸੂਚੀ ਮੁਤਾਬਕ 11 ਮੀਤ ਪ੍ਰਧਾਨਾਂ ‘ਚ ਰਾਕੇਸ਼ ਰਾਠੌਰ, ਕੇਵਲ ਸਿੰਘ ਢਿੱਲੋਂ, ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ, ਜੈ ਇੰਦਰ ਕੌਰ, ਡਾ. ਰਾਜ ਕੁਮਾਰ ਵੇਰਕਾ, ਜਗਮੋਹਨ ਸਿੰਘ ਰਾਜੂ, ਲਖਵਿੰਦਰ ਕੌਰ ਗਰਚਾ, ਫਤਿਹਜੰਗ ਸਿੰਘ ਬਾਜਵਾ, ਅਰਵਿੰਦ ਖੰਨਾ ਅਤੇ ਜਗਦੀਪ ਸਿੰਘ ਨਕਈ ਦੇ ਨਾਮ ਸ਼ਾਮਲ ਹਨ। ਭਾਜਪਾ ਨੇ ਜੀਵਨ ਗੁਪਤਾ, ਬਿਕਰਮਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਕਾਂਗੜ, ਰਾਜੇਸ਼ ਬਾਗਾ ਅਤੇ ਮੋਨਾ ਜੈਸਵਾਲ ਨੂੰ ਜਨਰਲ ਸਕੱਤਰ ਤੇ ਅਨਿਲ ਸੱਚਰ, ਐਡਵੋਕੇਟ ਰਾਜੇਸ਼ ਹਨੀ, ਡਾ. ਹਰਜੋਤ ਕਮਲ ਸਿੰਘ, ਪਰਮਿੰਦਰ ਸਿੰਘ ਬਰਾੜ, ਸੁਨੀਤਾ ਗਰਗ, ਜੈਸਮੀਨ ਸੰਧਾਵਾਲੀਆ, ਜਸਰਾਜ ਸਿੰਘ ਲੌਂਗੀਆ (ਜੱਸੀ ਜਸਰਾਜ), ਸ਼ਿਵਰਾਜ ਚੌਧਰੀ, ਸੁਖਵਿੰਦਰ ਕੌਰ ਨੌਲੱਖਾ, ਸੰਜੀਵ ਖੰਨਾ ਅਤੇ ਦਮਨ ਥਿੰਦ ਬਾਜਵਾ ਨੂੰ ਸਕੱਤਰ ਨਿਯੁਕਤ ਕੀਤਾ ਹੈ। ਗੁਰਦੇਵ ਸ਼ਰਮਾ ਦੇਬੀ ਨੂੰ ਖਜ਼ਾਨਚੀ ਅਤੇ ਸੁਖਵਿੰਦਰ ਸਿੰਘ ਨੂੰ ਸਹਿ-ਖਜ਼ਾਨਚੀ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਖੁਸ਼ਵੰਤ ਰਾਏ ਗੀਗਾ ਨੂੰ ਪ੍ਰੋਟੋਕੋਲ ਸਕੱਤਰ, ਸੁਨੀਲ ਭਾਰਦਵਾਜ ਨੂੰ ਦਫ਼ਤਰ ਸਕੱਤਰ, ਜਨਾਰਦਨ ਸ਼ਰਮਾ, ਡਾ. ਸੁਰਿੰਦਰ ਕੌਰ, ਸੁਨੀਲ ਕੁਮਾਰ ਸਿੰਗਲਾ, ਹਰਦੇਵ ਸਿੰਘ ਉੱਭਾ ਨੂੰ ਮੀਡੀਆ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਤਿੰਦਰ ਕਾਲੜਾ ਅਤੇ ਰਾਕੇਸ਼ ਸ਼ਰਮਾ ਨੂੰ ਭਾਜਪਾ ਸੈੱਲ ਕੋਆਰਡੀਨੇਟਰ, ਸੋਸ਼ਲ ਮੀਡੀਆ ਸੈੱਲ ਦਾ ਕਨਵੀਨਰ ਰਾਕੇਸ਼ ਗੋਇਲ ਅਤੇ ਕੋ-ਕਨਵੀਨਰ ਅਜੈ ਅਰੋੜਾ ਨੂੰ ਲਗਾਇਆ ਹੈ। ਕੰਵਰ ਇੰਦਰਜੀਤ ਸਿੰਘ ਨੂੰ ਆਈਟੀ ਸੈੱਲ ਦਾ ਕਨਵੀਨਰ, ਮੀਨੂੰ ਸੇਠੀ ਨੂੰ ਮਹਿਲਾ ਮੋਰਚਾ ਦੀ ਪ੍ਰਧਾਨ ਅਤੇ ਕੰਵਰਵੀਰ ਸਿੰਘ ਟੌਹੜਾ ਨੂੰ ਯੂਥ ਵਿੰਗ ਦਾ ਪ੍ਰਧਾਨ ਐਲਾਨਿਆ ਗਿਆ ਹੈ। ਸੂਬਾ ਪ੍ਰਧਾਨ ਨੇ ਸਾਬਕਾ ਆਈਏਐੱਸ ਸੁੱਚਾ ਰਾਮ ਲੱਧੜ ਨੂੰ ਅਨੁਸੂਚਿਤ ਜਾਤੀ ਮੋਰਚੇ ਦਾ ਪ੍ਰਦੇਸ਼ ਪ੍ਰਧਾਨ, ਦਰਸ਼ਨ ਸਿੰਘ ਨੈਣੇਵਾਲ ਨੂੰ ਕਿਸਾਨ ਮੋਰਚੇ, ਰਜਿੰਦਰ ਬਿੱਟਾ ਨੂੰ ਓਬੀਸੀ ਮੋਰਚੇ ਅਤੇ ਥਾਮਸ ਮਸੀਹ ਨੂੰ ਘੱਟ ਗਿਣਤੀ ਮੋਰਚੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਨਿਲ ਸਰੀਨ, ਕਰਨਲ ਜੋਬੰਸ ਸਿੰਘ, ਅਸ਼ੋਕ ਭਾਰਤੀ, ਐੱਸ ਐੱਸ ਚੰਨੀ, ਨਿਮਿਸ਼ਾ ਮਹਿਤਾ, ਇਕਬਾਲ ਸਿੰਘ ਚੰਨੀ, ਗੁਰਦੀਪ ਸਿੰਘ ਗੋਸ਼ਾ, ਅਨੀਸ਼ ਸਿਦਾਨਾ, ਕੰਵਰ ਨਰਿੰਦਰ ਸਿੰਘ, ਮਹਿੰਦਰ ਭਗਤ, ਜਤਿੰਦਰ ਅਠਵਾਲ ਤੇ ਚੇਤਨ ਮੋਹਨ ਜੋਸ਼ੀ ਨੂੰ ਬੁਲਾਰੇ ਲਗਾਇਆ ਗਿਆ ਹੈ।
ਇੱਕ ਦਿਨ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਜਪਾ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਾਰਟੀ ਆਉਂਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਪੈਰ ਜਮਾਉਣ ਲਈ ਤਤਪਰ ਹੈ। ਪਾਰਟੀ ਨੇ ਪਹਿਲੀ ਵਾਰੀ ਜੱਟ ਸਿੱਖ ਵਰਗ ਨਾਲ ਸਬੰਧਤ ਆਗੂਆਂ ਨੂੰ ਸੂਬਾਈ ਅਹੁਦਿਆਂ ਨਾਲ ਨਿਵਾਜਿਆ ਹੈ।

RELATED ARTICLES
POPULAR POSTS