Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਵਾਸੀਆਂ ਨੂੰ ਮੁਫ਼ਤ ਮਿਲੇਗੀ ਕਰੋਨਾ ਵੈਕਸੀਨ : ਸੋਨੀਆ ਸਿੱਧੂ

ਕੈਨੇਡਾ ਵਾਸੀਆਂ ਨੂੰ ਮੁਫ਼ਤ ਮਿਲੇਗੀ ਕਰੋਨਾ ਵੈਕਸੀਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਫੈੱਡਰਲ ਲਿਬਰਲ ਸਰਕਾਰ ਵੱਲੋਂ ਫਾਈਜ਼ਰ ਕੰਪਨੀ ਨਾਲ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਹੋਰ ਖਰੀਦਣ ਦਾ ਸਮਝੌਤਾ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਮੋਡਰਨਾ ਅਤੇ ਫਾਈਜ਼ਰ ਨਾਲ ਸਮਝੌਤੇ ਹੋਣ ਦਾ ਅਰਥ ਹੈ ਕਿ ਇਸ ਸਾਲ ਕੈਨੇਡਾ ਕੋਵਿਡ-19 ਟੀਕੇ ਦੀਆਂ ਕਰੀਬ 80 ਮਿਲੀਅਨ ਖੁਰਾਕਾਂ ਸੁਰੱਖਿਅਤ ਕਰ ਸਕੇਗਾ। ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜਨਵਰੀ ਤੱਕ, ਫੈਡਰਲ ਸਰਕਾਰ ਵੱਲੋਂ ਮੌਡਰਨਾ ਅਤੇ ਫਾਈਜ਼ਰ ਟੀਕਿਆਂ ਦੀਆਂ 548,950 ਖੁਰਾਕਾਂ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਨੇ ਕਿਹਾ ਨਾ ਸਿਰਫ ਕੈਨੇਡੀਅਨਾਂ ਲਈ ਵੈਕਸੀਨ ਪੂਰੀ ਤਰ੍ਹਾਂ ਮੁਫ਼ਤ ਹੈ, ਬਲਕਿ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਇਸ ਲਈ ਭੁਗਤਾਨ ਕਰਨ ਲਈ ਆਪਣੇ ਫੰਡਾਂ ਦੀ ਵਰਤੋਂ ਨਹੀਂ ਕਰਨੀ ਪਵੇਗੀ। ਫੈਡਰਲ ਸਰਕਾਰ ਇਨ੍ਹਾਂ ਟੀਕਿਆਂ ਦੀ ਕੀਮਤ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਬੰਧਿਤ ਕਰਨ ਲਈ ਲੋੜੀਂਦੀ ਸਪਲਾਈ ਨੂੰ ਵੀ ਕਵਰ ਕਰ ਰਹੀ ਹੈ। ਲੌਂਗ ਟਰਮ ਕੇਅਰ ਹੋਮ ਦੇ ਮੁੱਦੇ ‘ਤੇ ਗੱਲ ਕਰਦਿਆਂ ਐੱਮ.ਪੀ ਸੋਨੀਆ ਸਿੱਧੂ ਨੇ ਦੁਹਰਾਇਆ ਕਿ ਸਾਡੇ ਬਜ਼ੁਰਗਾਂ ਨੂੰ ਸੁਰੱਖਿਅਤ ਅਤੇ ਸਿਹਤਯਾਬ ਰੱਖਣਾ ਸਾਡੀਆਂ ਮੁੱਖ ਪਹਿਲਾਂ ‘ਚੋਂ ਇੱਕ ਹੋਣਾ ਚਾਹੀਦਾ ਹੈ। ਫੈੱਡਰਲ ਲਿਬਰਲ ਸਰਕਾਰ ਲਗਾਤਾਰ ਸ਼ਹਿਰਾਂ ਅਤੇ ਸੂਬਿਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੱਧ ਹੈ, ਚਾਹੇ ਉਹ ਪਹਿਲ ਦੇ ਆਧਾਰ ‘ਤੇ ਸੀਨੀਅਰਜ਼ ਤੱਕ ਵੈਕਸੀਨ ਪਹੁੰਚਾਉਣਾ ਹੋਵੇ ਜਾਂ ਸੀਏਐੱਫ ਰਾਹੀਂ ਬਜ਼ੁਰਗਾਂ ਦੀ ਦੇਖਭਾਲ ਅਤੇ ਪ੍ਰਬੰਧਨ ‘ਚ ਮਦਦ ਮੁਹੱਈਆ ਕਰਵਾਉਣੀ ਹੋਵੇ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ-19 ਤੋਂ ਸੁਰੱਖਿਆ ਲਈ ਸੂਬਿਆਂ ਅਤੇ ਸ਼ਹਿਰਾਂ ਨੂੰ 740 ਮਿਲੀਅਨ ਡਾਲਰ ਦੀ ਫੰਡਿੰਗ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਫਾਲ ਇਕੋਨਮਿਕ ਸਟੇਟਮੈਂਟ ‘ਚ ਲੌਂਗ ਟਰਮ ਕੇਅਰ ਫੰਡ ਲਈ 1 ਬਿਲੀਅਨ ਡਾਲਰ ਦੀ ਰਾਸ਼ੀ ਸੁਰੱਖਿਅਤ ਰੱਖੀ ਗਈ ਹੈ। ਇਸਦੇ ਨਾਲ ਹੀ ਐੱਮ.ਪੀ ਸੋਨੀਆ ਸਿੱਧੂ ਨੇ ਓਨਟਾਰੀਓ ‘ਚ ਮੁੜ੍ਹ ਤੋਂ ਐਮਰਜੈਂਸੀ ਐਲਾਨੇ ਜਾਣ ਦੇ ਸਬੰਧ ‘ਚ ਗੱਲ ਕਰਦਿਆਂ ਕਿਹਾ ਕਿ ਜਦੋਂ ਤੱਕ ਸਾਰਿਆਂ ਤੱਕ ਕੋਵਿਡ-19 ਵੈਕਸੀਨ ਦੀ ਪਹੁੰਚ ਨਹੀਂ ਹੁੰਦੀ, ਉਦੋਂ ਤੱਕ ਅਸੀਂ ਸਾਰਿਆਂ ਨੂੰ ਕੋਵਿਡ-19 ਦੇ ਫੈਲਾਅ ਨੂੰ ਸੀਮਤ ਰੱਖਣ ਅਤੇ ਇਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਜਿੰਨਾ ਸੰਭਵ ਹੋ ਸਕੇ ਬਿਨ੍ਹਾਂ ਲੋੜ੍ਹ ਤੋਂ ਘਰ ਤੋਂ ਬਾਹਰ ਨਾ ਜਾਈਏ, ਸਰੀਰਕ ਦੂਰੀ ਬਣਾਈ ਰੱਖੀਏ, ਅਤੇ ਕੋਵਿਡ-19 ਅਲਰਟ ਐਪ ਡਾਉਨਲੋਡ ਕਰਕੇ ਇੱਕ ਦੂਜੇ ਨੂੰ ਸੰਭਾਵੀ ਖ਼ਤਰੇ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ।

Check Also

ਲਿਬਰਲਾਂ ਤੇ ਕੰਸਰਵੇਟਿਵਾਂ ਦਰਮਿਆਨ ਲੀਡ ਘਟੀ

ਐਨਡੀਪੀ ਦੇ ਸਮਰਥਨ ‘ਚ ਵੀ ਆਈ ਗਿਰਾਵਟ : ਨੈਨੋਜ਼ ਓਟਵਾ/ਬਿਊਰੋ ਨਿਊਜ਼ : ਨੈਨੋਜ਼ ਰਿਸਰਚ ਵੱਲੋਂ …