Breaking News
Home / ਜੀ.ਟੀ.ਏ. ਨਿਊਜ਼ / ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈ ਲੋੜੀਂਦੇ ਫ਼ਾਰਮ 28 ਜਨਵਰੀ ਨੂੰ ਉਪਲੱਭਧ ਹੋਣਗੇ : ਸੋਨੀਆ ਸਿੱਧੂ

ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈ ਲੋੜੀਂਦੇ ਫ਼ਾਰਮ 28 ਜਨਵਰੀ ਨੂੰ ਉਪਲੱਭਧ ਹੋਣਗੇ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਇਮੀਗ੍ਰੇਸ਼ਨ, ਰਿਫ਼ੂਊਜੀ ਤੇ ਸਿਟੀਜ਼ਨ ਮੰਤਰੀ ਮਾਣਯੋਗ ਅਹਿਮਦ ਹਸਨ ਦੇ ਉਸ ਐਲਾਨ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਪੀ.ਜੀ.ਪੀ. ਪ੍ਰੋਗਰਾਮ ਅਧੀਨ ਮਾਪਿਆਂ ਤੇ ਪੜ-ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈ ਲੋੜੀਂਦੇ ਫ਼ਾਰਮ 28 ਜਨਵਰੀ 2019 ਦੀ ਦੁਪਹਿਰ ਨੂੰ ਉਪਲੱਭਧ ਹੋਣਗੇ। ਇਸ ਨਵੇਂ 2019 ਪੀ.ਜੀ.ਪੀ. ਪ੍ਰੋਗਰਾਮ ਵਿਚ ਮਾਪਿਆਂ ਤੇ ਪੜ-ਮਾਪਿਆਂ ਨੂੰ ਕੈਨੇਡਾ ਬੁਲਾਉਣ ਲਈ ਨਵਾਂ ਅਤੇ ਸੁਧਰਿਆ ਹੋਇਆ ਢੰਗ ਸ਼ਾਮਲ ਕੀਤਾ ਗਿਆ ਹੈ ਜਿਸ ਵਿਚ ਲੋਕਾਂ ਵੱਲੋਂ ਪਿਛਲੇ ਤਰੀਕੇ ਵਿਚ ਦਰਸਾਈਆਂ ਗਈਆਂ ਤਰੁੱਟੀਆਂ ਨੂੰ ਦੂਰ ਕਰਦਿਆਂ ਹੋਇਆਂ ਸਾਲ 2019 ਵਿਚ ‘ਪਹਿਲਾਂ ਆਓ, ਪਹਿਲਾਂ ਪਾਓ’ ਆਧਾਰ ਦੀ ਪਹੁੰਚ ਨੂੰ ਸਾਹਮਣੇ ਰੱਖਿਆ ਗਿਆ ਹੈ। ਇਹ ਨਵੀਂ ਪਹੁੰਚ ਸਾਰੇ ਚਾਹਵਾਨਾਂ ਲਈ ਸਹੀ ਅਤੇ ਫ਼ਾਇਦੇਮੰਦ ਹੋਵੇਗੀ ਅਤੇ ਇਸ ਸਬੰਧੀ ਕੰਪਿਊਟਰ ਰਾਹੀਂ ਆਨ-ਲਾਈਨ ਅਰਜ਼ੀਆਂ ਦੇਣ ਵਾਲਾ ਆਸਾਨ ਤਰੀਕਾ ਹੀ ਬਹਾਲ ਰੱਖਿਆ ਗਿਆ ਹੈ।
ਕੈਨੇਡਾ ਦਾ ਇਮੀਗ੍ਰੇਸ਼ਨ, ਰਿਫ਼ੂਊਜੀ ਤੇ ਸਿਟੀਜ਼ਨ ਮੰਤਰਾਲਾ (ਆਈ.ਆਰ.ਸੀ.ਸੀ.) ਚਾਹਵਾਨਾਂ ਵੱਲੋਂ ਸੀਮਤ ਸਮੇਂ ਲਈ ‘ਇੰਟਰੈੱਸਟ ਟੂ ਸਪਾਂਸਰ’ ਮਨਜ਼ੂਰ ਕਰੇਗਾ ਅਤੇ ਫਿਰ ਬਾਅਦ ਵਿਚ ਉਨ੍ਹਾਂ ਕੋਲੋਂ ਓਨਾ ਚਿਰ ਸੰਪੂਰਨ ਅਰਜ਼ੀਆਂ ਪ੍ਰਾਪਤ ਕਰੇਗਾ ਜਦੋਂ ਤੱਕ ਸਾਲ 2019 ਲਈ 20,000 ਅਰਜ਼ੀਆਂ ਨਹੀਂ ਮਿਲ ਜਾਂਦੀਆਂ। ਚਾਹਵਾਨਾਂ ਨੂੰ 2019 ਦੇ ਇਸ ਨਵੇਂ ਪ੍ਰੋਗਰਾਮ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਮਸ਼ਵਰਾ ਦਿੱਤਾ ਜਾਂਦਾ ਹੈ ਜਿਸ ਵਿਚ ਉਨ੍ਹਾਂ ਲਈ ਇੰਟਰੈਸਟ ਟੂ ਸਪਾਂਸਰ ਫ਼ਾਰਮ ਲਈ ਕੈਨੇਡਾ ਵਿਚ ਸਟੇਟੱਸ ਦੀ ਕਾਪੀ ਅੱਪਲੋਡ ਕਰਨਾ ਸ਼ਾਮਲ ਹੈ। ‘ਇੰਟਰੈੱਸਟ ਟੂ ਸਪਾਂਸਰ ਫ਼ਾਰਮ’ ਵਿਚ ਵੀ ਪਿਛਲੇ ਸਾਲ ਨਾਲੋਂ ਕਈ ਵਧੇਰੇ ਨਵੇਂ ਫ਼ੀਚਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨਾਲ ਆਈ.ਆਰ.ਸੀ.ਸੀ. ਨੂੰ ਅਰਜ਼ੀਆਂ ਦੇ ਦੁਹਰਾਅ ਅਤੇ ਫ਼ਰਾਡ ਚੈੱਕ ਕਰਨ ਵਿਚ ਸਹੂਲਤ ਹੋਵੇਗੀ। ਇਹ ‘ਇੰਟਰੈੱਸਟ ਟੂ ਸਪਾਂਸਰ ਫ਼ਾਰਮ’ ਜਦੋਂ ਵੀ ਆਨ-ਲਾਈਨ ਉਪਲੱਭਧ ਹੋਣ, ਚਾਹਵਾਨਾਂ ਨੂੰ ਘੱਟੋ ਘੱਟ ਸ਼ਰਤਾਂ ਪੂਰਿਆਂ ਕਰਦਿਆਂ ਹੋਇਆਂ ਇਹ ਜਿੰਨੀ ਜਲਦੀ ਹੋ ਸਕੇ, ਆਨ-ਲਾਈਨ ਸਬਮਿਟ ਕਰਵਾਉਣੇ ਚਾਹੀਦੇ ਹਨ।
ਇਸ ਸਬੰਧੀ ਆਪਣਾ ਪ੍ਰਤੀਕਰਮ ਦਰਸਾਉਂਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਪਰਿਵਾਰਾਂ ਨੂੰ ਮੁੜ ਜੋੜਨਾ ਕੈਨੇਡਾ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਇਸ ਨਾਲ ਦੇਸ਼ ਦਾ ਅਰਥਚਾਰਾ ਪ੍ਰਫੁੱਲਤ ਹੁੰਦਾ ਹੈ ਅਤੇ ਕਮਿਊਨਿਟੀਆਂ ਨੂੰ ਤਾਕਤ ਮਿਲਦੀ ਹੈ। ਮਾਪੇ ਅਤੇ ਪੜ-ਮਾਪੇ ਬੱਚਿਆਂ ਦਾ ਖ਼ਿਆਲ ਰੱਖਦੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਮਾਪਿਆਂ ਦੇ ਕੰਮ ਕਰਨ ਤੇ ਪੜ੍ਹਾਈ ਵਿਚ ਅੱਗੇ ਵੱਧਣ ਦੀ ਯੋਗਤਾ ਅਤੇ ਕਮਿਊਨਿਟੀਆਂ ਦੇ ਵਿਕਾਸ ਵਿਚ ਯੋਗਦਾਨ ਵਿਚ ਵਾਧਾ ਹੁੰਦਾ ਹੈ। ਕੈਨੇਡਾ ਦੇ ਨਾਗਰਿਕਾਂ ਤੇ ਪੱਕੇ ਵਸਨੀਕਾਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਪੜ-ਮਾਪਿਆਂ ਨਾਲ ਜੋੜਨਾ ਨਾ ਕੇਵਲ ਉਨ੍ਹਾਂ ਪਰਿਵਾਰਾਂ ਨੂੰ ਹੀ ਫ਼ਾਇਦਾ ਪਹੁੰਚਾਉਂਦਾ ਹੈ, ਸਗੋਂ ਇਹ ਸਾਰੇ ਦੇਸ਼ ਲਈ ਵੀ ਲਾਭਦਾਇਕ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …