Breaking News
Home / ਜੀ.ਟੀ.ਏ. ਨਿਊਜ਼ / ਅਫਗਾਨੀ ਸਿੱਖ ਰਫਿਊਜ਼ੀਆਂ ਦੇ ਕੈਨੇਡਾ ਪਹੁੰਚਣ ਦਾ ਡਬਲਿਊ ਐਸ ਓ ਨੇ ਕੀਤਾ ਸਵਾਗਤ

ਅਫਗਾਨੀ ਸਿੱਖ ਰਫਿਊਜ਼ੀਆਂ ਦੇ ਕੈਨੇਡਾ ਪਹੁੰਚਣ ਦਾ ਡਬਲਿਊ ਐਸ ਓ ਨੇ ਕੀਤਾ ਸਵਾਗਤ

ਓਟਵਾ/ਬਿਊਰੋ ਨਿਊਜ਼ : ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵੱਲੋਂ ਅਫਗਾਨੀ ਸਿੱਖ ਤੇ ਹਿੰਦੂ ਰਫਿਊਜ਼ੀ ਪਰਿਵਾਰਾਂ ਦੇ ਕੈਨੇਡਾ ਪਹੁੰਚਣ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਰਹਿ ਗਏ ਸਿੱਖ ਤੇ ਹਿੰਦੂ ਪਰਿਵਾਰਾਂ ਲਈ ਚਿੰਤਾ ਵੀ ਪ੍ਰਗਟਾਈ। ਇਸ ਮਹੀਨੇ ਅੰਦਾਜਨ 98 ਰਫਿਊਜ਼ੀਆਂ ਦੇ ਕੈਲੋਨਾ, ਵੈਨਕੂਵਰ ਤੇ ਕੈਲਗਰੀ ਪਹੁੰਚਣ ਦੀ ਉਮੀਦ ਸੀ। 2015 ਵਿੱਚ ਼ਿੲਹ ਪਰਿਵਾਰ ਅਫਗਾਨਿਸਤਾਨ ਛੱਡ ਕੇ ਭਾਰਤ ਆ ਗਏ ਤੇ ਉੱਥੋਂ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦੀ ਅਗਵਾਈ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ, ਕਮਿਊਨਿਟੀ ਗਰੁੱਪਜ਼ ਤੇ ਕੁੱਝ ਵਿਅਕਤੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਹ ਪਰਿਵਾਰ ਕੈਨੇਡਾ ਪਹੁੰਚ ਸਕਣ ਵਿੱਚ ਕਾਮਯਾਬ ਹੋਏ। ਡਬਲਿਊ ਸਿੱਖ ਆਰਗੇਨਾਈਜੇਸ਼ਨ ਨੇ ਇਨ੍ਹਾਂ ਪਰਿਵਾਰਾਂ ਲਈ ਸਪਾਂਸਰਜ਼ ਲੱਭਣ ਤੇ ਕੈਨੇਡਾ ਵਿੱਚ ਇਨ੍ਹਾਂ ਰਫਿਊਜੀਆਂ ਦੇ ਮੁੜ ਵਸੇਬੇ ਲਈ ਪ੍ਰਬੰਧ ਕਰਨ ਵਿੱਚ ਮਦਦ ਕੀਤੀ। ਨਵੰਬਰ 2015 ਵਿੱਚ ਆਪਣੀ ਮੌਤ ਤੋਂ ਪਹਿਲਾਂ ਮਨਮੀਤ ਸਿੰਘ ਭੁੱਲਰ ਵੱਲੋਂ ਅਫਗਾਨਿਸਤਾਨ ਦੇ ਹੈਲਮੰਡ ਪ੍ਰੋਵਿੰਸ, ਜਿੱਥੇ ਇਨ੍ਹਾਂ ਸਿੱਖਾਂ ਤੇ ਹਿੰਦੂਆਂ ਨੂੰ ਅਸਹਿਣਸਸ਼ੀਲਤਾ ਤੇ ਹਮਲਿਆਂ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਤੋਂ ਇਨ੍ਹਾਂ ਸਿੱਖਾਂ ਤੇ ਹਿੰਦੂਆਂ ਨੂੰ ਬਾਹਰ ਕੱਢਣ ਲਈ ਪ੍ਰਬੰਧ ਕੀਤਾ ਗਿਆ। ਇਮੀਗ੍ਰੇਸ਼ਨ, ਰਫਿਊਜ਼ੀਜ਼ ਤੇ ਸਿਟਿਜਨਸ਼ਿਪ ਕੈਨੇਡਾ ਵੱਲੋਂ ਇਨ੍ਹਾਂ ਰਫਿਊਜ਼ੀਆਂ ਦੀਆਂ ਅਰਜ਼ੀਆਂ ਨੂੰ ਮਨਜ਼ੂਰ ਕਰਨ ਲਈ ਸੱਤ ਸਾਲ ਦੀ ਲੰਮੀਂ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ। ਡਬਲਿਊ ਐਸ ਓ ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਨੇ ਅਫਗਾਨੀ ਸਿੱਖਾਂ ਤੇ ਹਿੰਦੂਆਂ ਦੇ ਕੈਨੇਡਾ ਪਹੁੰਚੇ ਤਾਜਾ ਗਰੁੱਪ ਦਾ ਸਵਾਗਤ ਕੀਤਾ। ਉਨ੍ਹਾਂ ਆਖਿਆ ਕਿ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਮਨਮੀਤ ਸਿੰਘ ਭੁੱਲਰ ਨੇ ਆਪਣੀ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਇਨ੍ਹਾਂ ਪਰਿਵਾਰਾਂ ਨੂੰ ਕੈਨੇਡਾ ਲਿਆਉਣ ਲਈ ਰਾਹ ਪੱਧਰਾ ਕੀਤਾ। ਉਨ੍ਹਾਂ ਆਖਿਆ ਕਿ ਇਸ ਪ੍ਰੋਜੈਕਟ ਉੱਤੇ 2015 ਤੋਂ ਮਨਮੀਤ ਤੇ ਉਨ੍ਹਾਂ ਦੇ ਪਰਿਵਾਰ ਨਾਲ ਕੰਮ ਕਰ ਰਹੀ ਟੀਮ ਦਾ ਹਿੱਸਾ ਬਣਨ ਉੱਤੇ ਡਬਲਿਊ ਐਸ ਓ ਨੂੰ ਮਾਣ ਹੈ। ਉਨ੍ਹਾਂ ਆਖਿਆ ਕਿ ਅਜੇ ਵੀ ਅਫਗਾਨਿਸਤਾਨ ਵਿੱਚ ਫਸੇ ਹੋਏ 200 ਸਿੱਖ ਤੇ ਹਿੰਦੂ ਪਰਿਵਾਰਾਂ ਲਈ ਉਹ ਕਾਫੀ ਚਿੰਤਤ ਹਨ ਤੇ ਮਾਰਚ 2020 ਵਿੱਚ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰੇ ਉੱਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਗਏ 500 ਪਰਿਵਾਰਾਂ ਨੂੰ ਲੈ ਕੇ ਵੀ ਉਹ ਕਾਫੀ ਪ੍ਰੇਸ਼ਾਨ ਹਨ ਕਿਉਂਕਿ ਵਾਰੀ ਵਾਰੀ ਸਾਡੀ ਆਰਗੇਨਾਈਜੇਸ਼ਨ ਤੇ ਕੈਨੇਡੀਅਨ ਸਿੱਖਾਂ ਵੱਲੋਂ ਮੰਗ ਕੀਤੇ ਜਾਣ ਦੇ ਬਾਵਜੂਦ ਕੈਨੇਡਾ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਕੈਨੇਡਾ ਸੱਦਣ ਲਈ ਕੋਈ ਰਾਹ ਨਹੀਂ ਖੋਲ੍ਹਿਆ ਜਾ ਰਿਹਾ।

 

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …