ਸਜਾਏ ਗਏ ਨਗਰ-ਕੀਰਤਨ ਵਿਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਐਤਵਾਰ 29 ਅਪਰੈਲ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਊਂਸਲ ਵੱਲੋਂ ਵਿਸ਼ਾਲ ਨਗਰ-ਕੀਰਤਨ ਆਯੋਜਿਤ ਕੀਤਾ ਗਿਆ ਜਿਸ ਵਿਚ ਦੂਰ ਨੇੜੇ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਅਜਿਹੇ ਮੌਕੇ ਸੰਗਤਾਂ ਦੇ ਇਕੱਠ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਕਈ ਇਸ ਦੇ ਆਰੰਭ ਹੋਣ ਵਾਲੀ ਥਾਂ ‘ਤੇ ਅਤੇ ਕਈ ਵਿਚ-ਵਿਚਾਲਿਉਂ ਹੋਰ ਥਾਂਵਾਂ ਤੋਂ ਇਸ ਵਿਚ ਸ਼ਾਮਲ ਹੁੰਦੇ ਹਨ ਅਤੇ ਕਈ ਸਿੱਧੇ ਇਸ ਦੀ ਸਮਾਪਤੀ ਵਾਲੀ ਜਗ੍ਹਾ ‘ਤੇ ਹੀ ਪਹੁੰਚਦੇ ਹਨ। ਇਸ ਤਰ੍ਹਾਂ ਨਗਰ-ਕੀਰਤਨ ਦੌਰਾਨ ਸੰਗਤਾਂ ਦੀ ਆਵਾਜਾਈ ਲਗਾਤਾਰ ਚੱਲਦੀ ਹੀ ਰਹਿੰਦੀ ਹੈ। ਨਗਰ-ਕੀਰਤਨ ਦੀ ਆਰੰਭਤਾ ਸੀ.ਐੱਨ.ਈ. ਗਰਾਊਂਡ ਦੇ ਨਜ਼ਦੀਕ ਐਨਰਕੇਅਰ ਸੈਂਟਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿਚ ਬਾਅਦ ਦੁਪਹਿਰ ਇੱਕ ਵਜੇ ਹੋਈ ਅਤੇ ਇਸ ਦੀ ਅਗਵਾਈ ਵਿਚ ਪੰਜ-ਪਿਆਰੇ ਕਰ ਰਹੇ ਸਨ। ਇਹ ਨਗਰ-ਕੀਰਤਨ ਨਿਰਧਾਰਤ ਰੂਟ ‘ਤੇ ਚੱਲਦਾ ਹੋਇਆ ਸ਼ਾਮ ਦੇ 3.30 ਵਜੇ ਦੇ ਕਰੀਬ ਨੇਥਨ ਫਿਲਿਪਸ ਸੁਕੇਅਰ ਵਿਖੇ ਪਹੁੰਚਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸੰਗਤ ਇਸ ਦਾ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਵੱਖ-ਵੱਖ ਰੰਗਾਂ ਅਤੇ ਡੀਜ਼ਾਈਨਾਂ ਵਿਚ ਸਜਾਏ ਹੋਏ ਫਲੋਟ, ਸਕੂਲਾਂ ਦੇ ਬੈਂਡ, ਕੈਨੇਡੀਅਨ ਫ਼ੌਜ ਦੀ ਇਕ ਗੱਡੀ ਦੇ ਨਾਲ ਨਾਲ ਦਸਤਾਰਾਂ ਸਜਾਈ ਫ਼ੌਜੀ ਪੈਦਲ ਚੱਲ ਰਹੇ ਸਨ। ਇਸ ਦੇ ਨਾਲ ਹੀ ਓ.ਪੀ.ਪੀ. ਦੀ ਇਕ ਟੁਕੜੀ ਵੀ ਸ਼ਾਮਲ ਸੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਏ ਖ਼ਾਲਸੇ ਦੀ ਭਾਵਨਾ ਨੂੰ ਸਲਿਊਟ ਕਰਨ ਲਈ ਮਿਲਟਰੀ ਅਤੇ ਓ.ਪੀ.ਪੀ. ਦੇ ਗ਼ੈਰ-ਸਿੱਖ ਜਵਾਨਾਂ ਨੇ ਵੀ ਇਸ ਮੌਕੇ ਕੇਸਰੀ ਦਸਤਾਰਾਂ ਸਜਾਈਆਂ ਹੋਈਆਂ ਸਨ। ਨਗਰ-ਕੀਰਤਨ ਵਿਚ ਖ਼ਾਲਸੇ ਦੇ ਕੇਸਰੀ ਝੰਡਿਆਂ ਅਤੇ ਕੈਨੇਡਾ ਦੇ ਕੌਮੀ ਝੰਡੇ ਤੋਂ ਇਲਾਵਾ ਕਿਧਰੇ-ਕਿਧਰੇ ਖ਼ਾਲਿਸਤਾਨ ਅਤੇ ਰਿਫ਼ਰੈਂਡਮ 2020 ਦੇ ਝੰਡੇ ਵੀ ਵਿਖਾਈ ਦੇ ਰਹੇ ਸਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਨਗਰ-ਕੀਰਤਨ ਸੰਗਤਾਂ ਵੱਲੋਂ ਆਪਣੇ ਧਾਰਮਿਕ ਅਤੇ ਅਧਿਆਤਮਿਕ ਪੱਖ ਨੂੰ ਉਜਾਗਰ ਕਰਨ ਦਾ ਸੁਨਹਿਰੀ ਮੌਕਾ ਹੁੰਦਾ ਹੈ ਅਤੇ ਲੰਗਰ ਦੀ ਮਹੱਤਤਾ ਇਸ ਵਿਚ ਵਿਸ਼ੇਸ਼ ਤੌਰ ‘ਤੇ ਆਪਣਾ ਯੋਗਦਾਨ ਪਾਉਂਦੀ ਹੈ। ਨਗਰ-ਕੀਰਤਨ ਦੇ ਸ਼ੁਰੂ ਹੋਣ ਵਾਲੀ ਜਗ੍ਹਾ ਤੋਂ ਲੈ ਕੇ ਇਸ ਦੇ ਸਮੁੱਚੇ ਰੂਟ ਵਿਚ ਥਾਂ-ਥਾਂ ਉਤਸ਼ਾਹੀ ਧਾਰਮਿਕ ਲੋਕਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ ਜਿੱਥੇ ਸੰਗਤ ਆਪਣੀ ਲੋੜ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਪਦਾਰਥ ਛੱਕਦੀ ਜਾਂਦੀ ਹੈ। ਇਸ ਦੇ ਸਮਾਪਤੀ ਵਾਲੇ ਸਥਾਨ ‘ਤੇ ਤਾਂ ਇਹ ਹੋਰ ਵੀ ਵਧੇਰੀ ਗਿਣਤੀ, ਮਿਕਦਾਰ ਅਤੇ ਵਰਾਇਟੀ ਦੇ ਸੰਦਰਭ ਵਿਚ ਰੂਪਮਾਨ ਹੁੰਦਾ ਹੈ। ਲੋਕ ਵੱਖ-ਵੱਖ ਵਰਾਇਟੀਆਂ ਦਾ ਸੁਆਦ ਮਾਣਦੇ ਹਨ ਪਰ ਇਸ ਦੇ ਨਾਲ ਇਹ ਵੀ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰਾ ਖਾਣਾ ਵੇਸਟ ਹੋ ਕੇ ਗਾਰਬੇਜ ਵਿਚ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਇਸ ਪੱਖ ਵੱਲ ਧਿਆਨ ਦੇਣ ਦੀ ਸਖ਼ਤ ਜ਼ਰੂਰਤ ਹੈ। ਸਟਾਲਾਂ ਤੋਂ ਕੋਈ ਵੀ ਖਾਧ-ਪਦਾਰਥ ਲੋੜ ਦੇ ਮੁਤਾਬਿਕ ਹੀ ਲਿਆ ਜਾਏ ਤਾਂ ਵਧੇਰੇ ਚੰਗਾ ਹੋਵੇਗਾ।
ਨਗਰ-ਕੀਰਤਨ ਦੇ ਸਮਾਪਤੀ ਸਥਾਨ ‘ਤੇ ਚੱਲ ਰਹੇ ਪ੍ਰੋਗਰਾਮ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਖ਼ਾਸੀ ਭੀੜ ਸੀ ਪਰ ਮੰਚ-ਸੰਚਾਲਕ ਵੱਲੋਂ ਚੋਣਵੇਂ ਆਗੂਆਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ। ਫ਼ੈੱਡਰਲ ਮੰਤਰੀ ਨਵਦੀਪ ਬੈਂਸ ਨੇ ਆਪਣੀ ਤਕਰੀਰ ਅੰਗਰੇਜ਼ੀ ਵਿਚ ਕਰਦਿਆਂ ਹੋਇਆਂ ਕੈਨੇਡਾ ਵਿਚ ਸਿੱਖ-ਭਾਈਚਾਰੇ ਵੱਲੋਂ ਮਾਰੀਆਂ ਮੱਲਾਂ ਦਾ ਬਾਖ਼ੂਬੀ ਜ਼ਿਕਰ ਕੀਤਾ। ਐੱਨ.ਡੀ.ਪੀ. ਦੇ ਫ਼ੈੱਡਰਲ ਆਗੂ ਜਗਮੀਤ ਸਿੰਘ ਨੇ ਪੰਜਾਬੀ ਵਿਚ ਸੰਗਤਾਂ ਨੂੰ ਸੰਬੋਧਨ ਕੀਤਾ। ਏਸੇ ਤਰ੍ਹਾਂ ਕੰਸਰਵੇਟਿਵ ਪਾਰਟੀ ਦੇ ਨੇਤਾ ਬੌਬ ਸਰੋਆ ਨੇ ਵੀ ਆਪਣੀ ਹਾਜ਼ਰੀ ਲੁਆਈ। ਪ੍ਰੋਵਿੰਸ਼ੀਅਲ ਆਗੂਆਂ ਵਿਚੋਂ ਪ੍ਰੀਮੀਅਰ ਕੈਥਲੀਨ ਵਿੱਨ, ਐਂਡਰੀਆ ਹਾਰਵੱਥ ਅਤੇ ਡੱਗ ਫੋਰਡ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਹੋਰ ਨੇਤਾਵਾਂ ਵਿਚ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਅਤੇ ਪੀਲ ਰਿਜਨ, ਬਰੈਂਪਟਨ, ਮਿਸੀਸਾਗਾ ਅਤੇ ਕੈਲਾਡਨ ਸ਼ਹਿਰਾਂ ਦੇ ਨੁਮਾਇੰਦੇ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੂੰ ਇਸ ਮੌਕੇ ਮੰਚ ਵੱਲੋਂ ਸਨਮਾਨ-ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।
16 ਅਪ੍ਰੈਲ ਨੂੰ ਹਮਬੋਲਡਟ ਬਰੌਂਕਸ ਹਾਕੀ ਟੀਮ ਦੇ 16 ਖਿਡਾਰੀਆਂ ਦੀ ਸੜਕੀ ਹਾਦਸੇ ਵਿਚ ਹੋਈ ਮੌਤ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਹੋਇਆਂ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਊਂਸਲ ਨੇ ਇਸ ਸਾਲ ਗੋਲਕ ਦਾ ਅੱਧਾ ਹਿੱਸਾ ਇਸ ਟੀਮ ਦੀ ਫ਼ਾਊਂਡੇਸ਼ਨ ਨੂੰ ਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਏਸੇ ਤਰ੍ਹਾਂ 23 ਅਪ੍ਰੈਲ ਨੂੰ ਟੋਰਾਂਟੋ ਵਿਚ ਇਕ ਸਿਰ-ਫਿਰੇ ਵੈਨ-ਚਾਲਕ ਵੱਲੋਂ 10 ਨਿਰਦੋਸ਼ ਵਿਅੱਕਤੀਆਂ ਕੁਚਲ ਕੇ ਮਾਰਨ ਅਤੇ 15 ਹੋਰਨਾਂ ਨੂੰ ਜ਼ਖ਼ਮੀ ਕਰਨ ਦੀ ਘਟਨਾ ਦੀ ਘੋਰ ਨਿੰਦਾ ਕੀਤੀ ਗਈ ਅਤੇ ਇਸ ਦੁਖਦਾਈ ਘਟਨਾ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਵਿਾਰਾਂ ਦੀ ਮਦਦ ਲਈ 21,000 ਡਾਲਰ ‘ਟੋਰਾਂਟੋ ਸਟਰੌਂਗ ਫ਼ਾਊਂਡੇਸ਼ਨ’ ਨੂੰ ਦੇਣ ਦਾ ਐਲਾਨ ਵੀ ਕੀਤਾ ਗਿਆ।
ਨਗਰ ਕੀਰਤਨ ਦੇ ਸਾਰੇ ਰੂਟ ‘ਤੇ ਥਾਂ-ਥਾਂ ਸਮਾਜ ਨੂੰ ਸੇਧ ਦੇਣ ਲਈ ਖ਼ੂਨ ਦਾਨ, ਅੰਗਦਾਨ, ਨਾੜੂਦਾਨ, ਬੋਨਮੈਰੋ-ਦਾਨ, ਡਰੱਗ-ਅਵੇਅਰਨੈੱਸ ਬਾਰੇ ਜਾਣਕਾਰੀ ਦੇਣ ਲਈ ਸਮਾਜ-ਸੇਵੀ ਸੰਸਥਾਵਾਂ ਵੱਲੋਂ ਸਟਾਲ ਲਗਾਏ ਗਏ। ਕਈ ਸੋਸ਼ਲ ਅਤੇ ਸਪੋਰਟਸ ਕਲੱਬਾਂ ਵੱਲੋਂ ਸਫ਼ਾਈ ਦੀ ਸੇਵਾ ਨੂੰ ਨਾਲੋ-ਨਾਲ ਬੜੇ ਸੁਚੱਜੇ ਢੰਗ ਨਾਲ ਨਿਭਾਇਆ ਗਿਆ। ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਵਾਲੰਟੀਅਰਾਂ ਵੱਲੋਂ ਸੰਗਤਾਂ ਨੂੰ ਵੱਖ-ਵੱਖ ਥਾਵਾਂ ਤੋਂ ਲਿਆਉਣ ਅਤੇ ਲਿਜਾਣ ਲਈ ਬੱਸਾਂ ਦੀ ਸੇਵਾ ਬਾਖ਼ੂਬੀ ਨਿਭਾਈ ਗਈ। ਇਨ੍ਹਾਂ ਸੇਵਾਵਾਂ ਦੀ ਸੰਗਤ ਵੱਲੋਂ ਭਾਰੀ ਸਰਾਹਨਾ ਕੀਤੀ ਗਈ
ਇਸ ਵਾਰ ਇਕ ਗੱਲ ਹੋਰ ਵੇਖਣ ਵਿਚ ਆਈ ਅਤੇ ਕਈਆਂ ਤੋਂ ਸੁਣਨ ਵਿਚ ਵੀ ਆਈ ਕਿ ਨਗਰ-ਕੀਰਤਨ ਦੀ ਸਮਾਪਤੀ ਸਮੇਂ ਇਸ ਸਥਾਨ ‘ਤੇ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਇਕੱਠ ਵਿਖਾਈ ਦਿੱਤਾ ਹੈ। ਸੰਗਤਾਂ ਦੀ ਇਹ ਵਡੇਰੀ ਗਿਣਤੀ ਜਿੱਥੇ ਇਸ ਨਗਰ-ਕੀਰਤਨ ਦੀ ਸਾਲੋ-ਸਾਲ ਵੱਧਦੀ ਜਾ ਰਹੀ ਮਹਾਨਤਾ ਖ਼ਾਲਸੇ ਦੀ ਆਨ ਤੇ ਸ਼ਾਨ ਦੀ ਸੂਚਕ ਹੈ, ਉੱਥੇ ਨਗਰ-ਕੀਰਤਨ ਦੇ ਪ੍ਰਬੰਧਕਾਂ ਲਈ ਚਿਤਾਵਨੀ ਵੀ ਹੈ ਕਿ ਹਰ ਸਾਲ ਵੱਧ ਰਹੀ ਸੰਗਤ ਦੀ ਗਿਣਤੀ ਨਾਲ ਇੱਥੇ ਸੀਮਤ ਜਿਹੀ ਜਗ੍ਹਾ ਵਿਚ ਵਧੇਰੇ ਭੀੜ ਹੋ ਜਾਣ ਕਾਰਨ ਕਿਧਰੇ ਕੋਈ ਮਾੜੀ ਘਟਨਾ ਨਾ ਵਾਪਰ ਜਾਏ, ਜਿਵੇਂ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਕਈ ਵਾਰ ਇੰਜ ਹੋ ਚੁੱਕਾ ਹੈ। ਭੱਗਦੜ (ਸਟੈਂਪੀਡ) ਵਾਲੀ ਹਾਲਤ ਵਿਚ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਬੜੀ ਮੁਸ਼ਕਲ ਸਥਿਤੀ ਬਣ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰੀ ਮਾੜੇ ਅਨਸਰ ਵੀ ਅਜਿਹੇ ਸਮੇਂ ਮਾੜੀਆਂ ਅਤੇ ਗ਼ੈਰ-ਸਮਾਜੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਆਪਣਾ ਦਾਅ ਲਾ ਜਾਂਦੇ ਹਨ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਭਵਿੱਖ ਵਿਚ ਪ੍ਰਬੰਧਕਾਂ ਵੱਲੋਂ ਕਿਸੇ ਹੋਰ ਖੁੱਲ੍ਹੀ ਅਤੇ ਮੁਨਾਸਿਬ ਥਾਂ ਨੂੰ ਨਗਰ-ਕੀਰਤਨ ਦੀ ਸਮਾਪਤੀ ਦੇ ਸਥਾਨ ਵਜੋਂ ਚੁਣਿਆਂ ਜਾ ਸਕਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …