ਬਰੈਂਪਟਨ : ਬਰੈਂਪਟਨ ਨਾਰਥ ਤੋਂ ਲਿਬਰਲ ਐਮਪੀ ਰੂਬੀ ਸਹੋਤਾ ਨੇ ਅਫਗਾਨਿਸਤਾਨ ਤੋਂ ਆਏ 98 ਹਿੰਦੂ ਤੇ ਸਿੱਖ ਰਿਫਿਊਜ਼ੀ ਪਰਿਵਾਰਾਂ ਦਾ ਕੈਨੇਡਾ ਵਿਚ ਸਵਾਗਤ ਕੀਤਾ। ਇਹ ਉਪਰਾਲਾ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨਾਲ ਮਿਲ ਕੇ ਸਾਂਝੇ ਤੌਰ ‘ਤੇ ਕੀਤਾ ਗਿਆ ਹੈ। ਜਿਸ ਦੇ ਤਹਿਤ ਅਫਗਾਨਿਸਤਾਨ ਵਿਚ ਫਸੇ ਹੋਏ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਕੈਨੇਡਾ ਵਿਚ ਸ਼ਰਣ ਦਿੱਤੀ ਜਾ ਰਹੀ ਹੈ। ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡਾ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਕੈਨੇਡਾ ਦੀ ਵਿਸ਼ੇਸ਼ ਸਪੌਂਸਰਸ਼ਿਪ ਸਕੀਮ ਦੇ ਤਹਿਤ ਕੈਨੇਡਾ ਵਿਚ ਵਸਣ ਦਾ ਮੌਕਾ ਦਿੱਤਾ ਜਾਵੇ। ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦੇ ਵਲੰਟੀਅਰ ਇਨ੍ਹਾਂ ਪਰਿਵਾਰਾਂ ਨੂੰ ਕੈਨੇਡਾ ਵਿਚ ਲੈ ਕੇ ਆਉਣ ਅਤੇ ਕੈਨੇਡਾ ਵਿਚ ਵਸਾਉਣ ਦੇ ਪੂਰੇ ਯਤਨ ਕਰ ਰਹੇ ਹਨ। ਇਸ ਕੰਮ ਵਿਚ ਕਈ ਹੋਰ ਸੰਗਠਨ ਅਤੇ ਕੈਨੇਡੀਅਨ ਐਮਪੀ ਵੀ ਪੂਰਾ ਸਹਿਯੋਗ ਦੇ ਰਹੇ ਹਨ। ਹੁਣ ਤੱਕ ਸੈਂਕੜੇ ਪਰਿਵਾਰਾਂ ਨੂੰ ਕੈਨੇਡਾ ਵਿਚ ਲਿਆਂਦਾ ਜਾ ਚੁੱਕਾ ਹੈ ਅਤੇ ਵਸਾਇਆ ਵੀ ਜਾ ਚੁੱਕਾ ਹੈ। ਇਹ ਪਰਿਵਾਰ ਮੁੱਖ ਤੌਰ ‘ਤੇ ਅਲਬਰਟਾ ਅਤੇ ਬ੍ਰਿਟਿਸ ਕੋਲੰਬੀਆ ਵਿਚ ਵਸਾਏ ਜਾ ਰਹੇ ਹਨ।