Breaking News
Home / ਹਫ਼ਤਾਵਾਰੀ ਫੇਰੀ / ‘INDIA’ ਦੇਵੇਗਾ ਹੁਣ NDA ਨੂੰ ਚੁਣੌਤੀ 26 ਵਿਰੋਧੀ ਪਾਰਟੀਆਂ ਵੱਲੋਂ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਕਾਇਮ

‘INDIA’ ਦੇਵੇਗਾ ਹੁਣ NDA ਨੂੰ ਚੁਣੌਤੀ 26 ਵਿਰੋਧੀ ਪਾਰਟੀਆਂ ਵੱਲੋਂ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਕਾਇਮ

ਕਾਂਗਰਸ ਦੀ ਸੱਤਾ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਵਿੱਚ ਦਿਲਚਸਪੀ ਨਹੀਂ: ਖੜਗੇ
ਬੰਗਲੂਰੂ/ਬਿਊਰੋ ਨਿਊਜ਼ : ਭਾਰਤ ਵਿਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨਾਲ ਮੱਥਾ ਲਾਉਣ ਲਈ 26 ਵਿਰੋਧੀ ਪਾਰਟੀਆਂ ਨੇ ਮੰਗਲਵਾਰ ਨੂੰ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਨਾਂ ਦਾ ਗੱਠਜੋੜ ਬਣਾਇਆ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 2024 ਵਿੱਚ ਹੋਣ ਵਾਲੀ ਇਹ ਸਿਆਸੀ ਲੜਾਈ ‘ਇੰਡੀਆ ਬਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ’ ਹੋਵੇਗੀ। ਇਥੇ 26 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਚਾਰ ਘੰਟੇ ਦੇ ਕਰੀਬ ਚੱਲੀ ਮੀਟਿੰਗ ਉਪਰੰਤ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਵਿਰੋਧੀ ਧਿਰਾਂ ਦੇ ਗੱਠਜੋੜ ਦਾ ਨਾਂ ਐਲਾਨਿਆ ਗਿਆ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ”ਅਸੀਂ 2024 ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜਾਂਗੇ ਤੇ ਅਸੀਂ ਵੱਡੀ ਸਫ਼ਲਤਾ ਪ੍ਰਾਪਤ ਕਰਾਂਗੇ।” ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਿਚਾਲੇ ਤਾਲਮੇਲ ਲਈ 11 ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇਗੀ ਤੇ ਕਮੇਟੀ ਦੇ ਕਨਵੀਨਰ ਦੀ ਚੋਣ ਮੁੰਬਈ ਵਿੱਚ ਹੋਣ ਵਾਲੀ ਅਗਲੀ ਮੀਟਿੰਗ ਵਿਚ ਹੋਵੇਗੀ। ਖੜਗੇ ਨੇ ਕਿਹਾ ਕਿ ਗੱਠਜੋੜ ਦੇ ਪ੍ਰਚਾਰ ਪ੍ਰਬੰਧਨ ਲਈ ਦਿੱਲੀ ਵਿੱਚ ਸਕੱਤਰੇਤ ਕਾਇਮ ਕੀਤਾ ਜਾਵੇਗਾ ਤੇ ਵੱਖਰੇ ਮੁੱਦਿਆਂ ਲਈ ਵਿਸ਼ੇਸ਼ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਮੁੰਬਈ ਮੀਟਿੰਗ ਲਈ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਖੜਗੇ ਹਾਲਾਂਕਿ ਨਵੇਂ ਗੱਠਜੋੜ ਦੇ ਚਿਹਰੇ ਮੋਹਰੇ ਬਾਰੇ ਪੁੱਛੇ ਸਵਾਲ ਦੇ ਸਿੱਧੇ ਜਵਾਬ ਤੋਂ ਟਾਲਾ ਵਟ ਗਏ। ਹਾਲਾਂਕਿ ਵਿਰੋਧੀ ਧਿਰਾਂ ਦੀ ਬੈਠਕ ਦੌਰਾਨ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦੀ ਸੱਤਾ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਵਿੱਚ ਦਿਲਚਸਪੀ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ”ਇਸ ਬੈਠਕ ਵਿੱਚ ਸਾਡਾ ਇਰਾਦਾ ਆਪਣੇ ਲਈ ਸੱਤਾ ਹਾਸਲ ਕਰਨਾ ਨਹੀਂ ਹੈ। ਇਹ ਸਾਡੇ ਸੰਵਿਧਾਨ, ਜਮਹੂਰੀਅਤ, ਧਰਮਨਿਰਪੱਖਤਾ ਤੇ ਸਮਾਜਿਕ ਨਿਆਂ ਨੂੰ ਬਚਾਉਣ ਦੀ ਲੜਾਈ ਹੈ।” ਖੜਗੇ ਨੇ ਕਿਹਾ ਕਿ ਪਟਨਾ ਕਨਕਲੇਵ ਮਗਰੋਂ ਵਿਰੋਧੀ ਧਿਰਾਂ ਦੀ ਇਹ ਦੂਜੀ ਮੀਟਿੰਗ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾਉਣ ਲਈ ਬਹੁਤ ਅਹਿਮ ਸੀ। ਖੜਗੇ ਨੇ ਕਿਹਾ, ”ਸਾਡੇ ਗੱਠਜੋੜ ਨੂੰ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਨਾਂ ਨਾਲ ਸੱਦਿਆ ਜਾਵੇਗਾ।”
ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ ਮੁਹਾਜ਼ ਦਾ ਇਹ ਨਾਮ ਤ੍ਰਿਣਮੂਲ ਕਾਂਗਰਸ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੁਝਾਇਆ ਗਿਆ ਤੇ ਟਰਮ ‘ਇੰਡੀਆ’ ਦੇ ਪੂਰੇ ਨਾਮ ਨੂੰ ਲੈ ਕੇ ਵਿਸਥਾਰਿਤ ਵਿਚਾਰ ਚਰਚਾ ਹੋਈ ਹੈ। ਖੜਗੇ ਨੇ ਕਿਹਾ ਕਿ ”ਸਾਡੇ ਵਿਚਾਲੇ ਕੁਝ ਵੱਖਰੇਵੇਂ ਹਨ, ਪਰ ਅਸੀਂ ਇਨ੍ਹਾਂ ਨੂੰ ਪਿੱਛੇ ਛੱਡ ਆਏ ਹਾਂ, ਅਸੀਂ ਦੇਸ਼ ਹਿੱਤ ਵਿੱਚ ਇਕਜੁੱਟ ਹੋਏ ਹਾਂ, ਅਸੀਂ 2024 ਲੋਕ ਸਭਾ ਚੋਣਾਂ ਮਿਲ ਕੇ ਲੜਾਂਗੇ।” ਖੜਗੇ ਨੇ ਨਰਿੰਦਰ ਮੋਦੀ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਉਹ ਹੁਣ ਉਨ੍ਹਾਂ ਪਾਰਟੀਆਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਦੂਜੀਆਂ ਪਾਰਟੀਆਂ ‘ਚੋਂ ਨਿਕਲੀਆਂ ਹਨ ਤੇ ਇਹ ਦਰਸਾਉਂਦਾ ਹੈ ਕਿ ”ਉਹ ਵਿਰੋਧੀ ਪਾਰਟੀਆਂ ਤੋਂ ਡਰਦੇ ਹਨ।” ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸ਼ਰਦ ਪਵਾਰ ਸਣੇ ਹੋਰ ਕਈ ਆਗੂ ਮੌਜੂਦ ਸਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਹਾਲਾਂਕਿ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਚਲੇ ਗਏ ਕਿਉਂਕਿ ਉਨ੍ਹਾਂ ਜਹਾਜ਼ ਦੀ ਉਡਾਣ ਫੜਨੀ ਸੀ। ਮੀਟਿੰਗ ਵਿੱਚ ਸ਼ਾਮਲ 26 ਵਿਰੋਧੀ ਪਾਰਟੀਆਂ ਵਿੱਚ ਕਾਂਗਰਸ, ਟੀਐੱਮਸੀ, ਡੀਐੱਮਕੇ, ‘ਆਪ’, ਜੇਡੀਯੂ, ਆਰਜੇਡੀ, ਜੇਐੱਮਐੱਮ, ਐੱਨਸੀਪੀ (ਸ਼ਰਦ ਪਵਾਰ), ਸ਼ਿਵ ਸੈਨਾ (ਯੂਬੀਟੀ), ਸਪਾ, ਨੈਸ਼ਨਲ ਕਾਨਫਰੰਸ, ਪੀਡੀਪੀ, ਸੀਪੀਐੱਮ, ਸੀਪੀਆਈ, ਆਰਐੱਲਡੀ, ਐੱਮਡੀਐੱਮਕੇ, ਕੇਐੱਮਡੀਕੇ, ਵੀਸੀਕੇ, ਆਰਐੱਸਪੀ, ਸੀਪੀਆਈ-ਐੱਮਐੱਲ(ਲਿਬਰੇਸ਼ਨ), ਫਾਰਵਰਡ ਬਲਾਕ, ਆਈਯੂਐੱਮਐੱਲ, ਕੇਰਲਾ ਕਾਂਗਰਸ (ਜੋਸੇਫ), ਕੇਰਲਾ ਕਾਂਗਰਸ (ਮਣੀ), ਅਪਨਾ ਦਲ (ਕਾਮੇਰਾਵਾੜੀ) ਤੇ ਐੱਮਐੱਮਕੇ ਹਨ। ਇਨ੍ਹਾਂ 26 ਪਾਰਟੀਆਂ ਦੀਆਂ ਲੋਕ ਸਭਾ ਵਿੱਚ ਲਗਪਗ 150 ਸੀਟਾਂ ਹਨ। ਮੀਟਿੰਗ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ, ਤਾਮਿਲ ਨਾਡੂ ਤੇ ਝਾਰਖੰਡ ਦੇ ਮੁੱਖ ਮੰਤਰੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਕਈ ਪਾਰਟੀਆਂ ਦੇ ਆਗੂ ਹਾਜ਼ਰ ਸਨ।
ਲੜਾਈ ਭਾਜਪਾ ਦੀ ਵਿਚਾਰਧਾਰਾ ਤੇ ਸੋਚ ਖਿਲਾਫ : ਰਾਹੁਲ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹੋਰਨਾਂ ਆਗੂਆਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਇਕ ਕਾਰਜ ਯੋਜਨਾ ਤਿਆਰ ਕਰਨ ਦਾ ਫੈਸਲਾ ਕੀਤਾ ਹੈ, ਜਿੱਥੇ ਉਹ ਆਪਣੀ ਵਿਚਾਰਧਾਰਾ ਤੇ ਪ੍ਰੋਗਰਾਮਾਂ ਬਾਰੇ ਗੱਲ ਕਰਨਗੇ। ਉਨ੍ਹਾਂ ਨੇ ਕਿਹਾ, ”ਇਹ ਲੜਾਈ ਭਾਜਪਾ ਦੀ ਵਿਚਾਰਧਾਰਾ ਤੇ ਉਨ੍ਹਾਂ ਦੀ ਸੋਚ ਖਿਲਾਫ਼ ਹੈ, ਉਹ ਦੇਸ਼ ‘ਤੇ ਹਮਲਾ ਕਰ ਰਹੇ ਹਨ, ਲੋੜੋਂ ਵੱਧ ਬੇਰੁਜ਼ਗਾਰੀ ਹੈ, ਅਤੇ ਕਰੋੜਾਂ ਲੋਕਾਂ ਤੋਂ ਦੇਸ਼ ਦੀ ਦੌਲਤ ਖੋਹ ਕੇ ਭਾਜਪਾ ਤੇ ਪ੍ਰਧਾਨ ਮੰਤਰੀ ਦੇ ਕੁਝ ਦੋਸਤਾਂ ਨੂੰ ਦਿੱਤੀ ਜਾ ਰਹੀ ਹੈ।” ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ”ਅਸੀਂ ਸੰਵਿਧਾਨ, ਭਾਰਤੀਆਂ ਦੀ ਆਵਾਜ਼ ਤੇ ਭਾਰਤ ਦੀ ਵਿਚਾਰਧਾਰਾ ਨੂੰ ਬਚਾਅ ਰਹੇ ਹਾਂ, ਇਹ ਲੜਾਈ ਇੰਡੀਆ ਬਨਾਮ ਭਾਜਪਾ ਹੈ, ਇਹ ਲੜਾਈ ਇੰਡੀਆ ਬਨਾਮ ਨਰਿੰਦਰ ਮੋਦੀ ਹੈ।”
ਕੋਈ ਵਿਕਾਸ ਨਹੀਂ ਹੋਇਆ : ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਨੌਂ ਸਾਲਾਂ ਵਿਚ ਦੇਸ਼ ਲਈ ਬਹੁਤ ਕੁਝ ਕਰਨ ਦਾ ਮੌਕਾ ਮਿਲਿਆ, ਪਰ ਕਿਸੇ ਵੀ ਖੇਤਰ ਵਿੱਚ ਕੋਈ ਵਿਕਾਸ ਨਹੀਂ ਹੋਇਆ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …