Breaking News
Home / ਹਫ਼ਤਾਵਾਰੀ ਫੇਰੀ / ਕਾਮਨਵੈਲਥ ਖੇਡਾਂ ਵਿਚ ਕੈਨੇਡਾ ਦੇ ਸਿੰਘਾਂ ਨੇ ਗੱਡੇ ਜਿੱਤ ਦੇ ਝੰਡੇ

ਕਾਮਨਵੈਲਥ ਖੇਡਾਂ ਵਿਚ ਕੈਨੇਡਾ ਦੇ ਸਿੰਘਾਂ ਨੇ ਗੱਡੇ ਜਿੱਤ ਦੇ ਝੰਡੇ

ਕੈਨੇਡਾ ਪੁੱਜਣ ‘ਤੇ ਜੇਤੂ ਪਹਿਲਵਾਨਾਂ ਦਾ ਦਸਤਾਰਾਂ ਸਜਾ ਕੇ ਸ਼ਾਨਦਾਰ ਸਵਾਗਤ
ਖਾਲਸਾ ਰੈਸਲਿੰਗ ਕਲੱਬ ਦੇ ਅਮਰਵੀਰ ਸਿੰਘ ਢੇਸੀ, ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਦੇ ਨਿਸ਼ਾਨ ਪ੍ਰੀਤ ਸਿੰਘ ਰੰਧਾਵਾ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਜਸਮੀਤ ਸਿੰਘ ਫੂਲਕਾ ਨੇ ਤਮਗੇ ਜਿੱਤੇ
ਵਿਨੀਪੈੱਗ ਦੀ ਪੰਜਾਬਣ ਪ੍ਰਿਯੰਕਾ ਢਿੱਲੋਂ ਨੇ ਬਾਕਸਿੰਗ ਵਿੱਚ ਮੈਡਲ ਜਿੱਤਿਆ
ਡਾ. ਗੁਰਵਿੰਦਰ ਸਿੰਘ
ਬ੍ਰਿਟਿਸ਼ ਸਾਮਰਾਜ ਦੀਆਂ ਬਸਤੀਆਂ ਬਣ ਕੇ ਕਿਸੇ ਸਮੇਂ ਗੁਲਾਮੀ ਦਾ ਦੁੱਖ ਭੋਗਣ ਵਾਲੇ ਸਮੂਹ ਰਾਸ਼ਟਰਮੰਡਲ ਦੇਸ਼ਾਂ ਵਲੋਂ, ਗੁਲਾਮੀ ਦੀਆਂ ਜ਼ੰਜੀਰਾਂ ਤੋੜਦਿਆਂ ਕਾਮਨਵੈਲਥ ਖੇਡਾਂ ਕਰਵਾਈਆਂ ਜਾਂਦੀਆਂ ਹਨ। ਇਸ ਵਰ੍ਹੇ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਚ ਹੋਈਆਂ ਇਹਨਾਂ ਖੇਡਾਂ ਦੌਰਾਨ ਕੈਨੇਡਾ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ 92 ਤਮਗੇ ਜਿੱਤੇ, ਜਿਨ੍ਹਾਂ ‘ਚ 26 ਸੋਨੇ ਦੇ, 32 ਚਾਂਦੀ ਦੇ ਅਤੇ 34 ਕਾਂਸੀ ਦੇ ਤਮਗੇ ਸ਼ਾਮਿਲ ਹਨ। ਵਿਸ਼ਵ ਪੰਜਾਬੀ ਭਾਈਚਾਰੇ ਲਈ ਸਨਮਾਨ ਵਾਲੀ ਗੱਲ ਹੈ ਕਿ ਕੈਨੇਡਾ ਵਲੋਂ ਕੁਸ਼ਤੀ ਮੁਕਾਬਲਿਆਂ ਚ ਹਿੱਸਾ ਲੈਣ ਵਾਲੇ ਖ਼ਾਲਸਾ ਰੈਸਲਿੰਗ ਕਲੱਬ ਦੇ ਅਮਰਵੀਰ ਸਿੰਘ ਢੇਸੀ, ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਦੇ ਨਿਸ਼ਾਨ ਪ੍ਰੀਤ ਸਿੰਘ ਰੰਧਾਵਾ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਜਸਮੀਤ ਸਿੰਘ ਫੂਲਕਾ ਨੇ ਮੈਡਲ ਜਿੱਤ ਕੇ, ਬੁਲੰਦੀ ਹਾਸਲ ਕੀਤੀ ਹੈ।
ਕੈਨੇਡਾ ਦੀ ਪੰਜਾਬਣ ਪ੍ਰਿਅੰਕਾ ਢਿੱਲੋਂ ਨੇ ਬਾਕਸਿੰਗ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਇਨ੍ਹਾਂ ਪ੍ਰਾਪਤੀਆਂ ਨੂੰ ਹੋਰ ਵੀ ਚਾਰ ਚੰਨ ਲਾਏ ਹਨ। ਕੈਨੇਡਾ ਵਲੋਂ ਕਾਮਨਵੈਲਥ ਖੇਡਾਂ ਵਿੱਚ ਸ਼ਾਨਦਾਰ ਜਿੱਤਾਂ ਹਾਸਲ ਕਰਨ ਵਾਲੇ ਸਿੱਖ ਨੌਜਵਾਨਾਂ ਦਾ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਨ੍ਹਾਂ ਸਿੱਖ ਪਹਿਲਵਾਨਾਂ ਨੇ ਦਸਤਾਰਾਂ ਸਜਾ ਕੇ ਨਾ ਸਿਰਫ਼ ਆਪਣੀ ਵਿਲੱਖਣ ਪਛਾਣ ਅਤੇ ਸ਼ਾਨ ਨੂੰ ਸੁਨਹਿਰੀ ਮਾਣ ਦਿੱਤਾ, ਬਲਕਿ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹੋ ਨਿਬੜੇ। ਕਾਮਨਵੈਲਥ ਖੇਡਾਂ ‘ਚ ਸਮਾਪਤੀ ਸਮਾਰੋਹ ਦੌਰਾਨ ਵੀ ਅਜਿਹਾ ਪ੍ਰਭਾਵ ਸਿਰਜਿਆ ਗਿਆ।
ਗੋਲਡ ਮੈਡਲ ਜਿੱਤਣ ਵਾਲੇ ਕੈਨੇਡਾ ਦੇ ਪਹਿਲਵਾਨ ਅਮਰਵੀਰ ਸਿੰਘ ਢੇਸੀ ਖ਼ਾਲਸਾ ਰੈਸਲਿੰਗ ਕਲੱਬ ਸਰੀ, ਨਿਸ਼ਾਨ ਪ੍ਰੀਤ ਸਿੰਘ ਰੰਧਾਵਾ ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜਾ ਐਬਟਸਫੋਰਡ ਅਤੇ ਕਾਂਸੀ ਦਾ ਮੈਡਲ ਜਿੱਤਣ ਵਾਲੇ ਜਸਮੀਤ ਸਿੰਘ ਫੂਲਕਾ ਮੀਰੀ ਪੀਰੀ ਰੈਸਲਿੰਗ ਕਲੱਬ ਐਬਟਸਫੋਰਡ ਨੂੰ ਜੀ ਆਇਆਂ ਆਖਦੇ ਹੋਏ, ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ‘ਤੇ ਇਕੱਠੇ ਹੋਏ ਭਾਈਚਾਰੇ ਦੀਆਂ ਖ਼ੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਸੀ। ਕਾਮਨਵੈਲਥ ਖੇਡ ਵਿੱਚ ਕੁਸ਼ਤੀ ਮੁਕਾਬਲਿਆਂ ਦੌਰਾਨ ਕੈਨੇਡਾ ਦੇ ਖਾਲਸਾ ਰੈਸਲਿੰਗ ਕਲੱਬ ਦੇ ਪਹਿਲਵਾਨ ਅਮਰਵੀਰ ਸਿੰਘ ਢੇਸੀ ਨੇ 125 ਕਿਲੋ ਭਾਰ ਵਰਗ ‘ਚ ਗੋਲਡ ਮੈਡਲ ਜਿੱਤ ਕੇ ਰੱਖ ਵਿਖਾਈ ਹੈ। ਬੇਹੱਦ ਦਿਲਚਸਪ ਮੁਕਾਬਲਿਆਂ ਵਿੱਚ ਅਮਰਵੀਰ ਸਿੰਘ ਢੇਸੀ ਨੇ ਪਹਿਲਾਂ ਭਾਰਤੀ ਪਹਿਲਵਾਨ ਮੋਹਿਤ ਗਰੇਵਾਲ ਨੂੰ ਸੈਮੀ ਫਾਈਨਲ ਹਰਾਇਆ ਅਤੇ ਫਾਈਨਲ ਵਿੱਚ ਪਾਕਿਸਤਾਨੀ ਪਹਿਲਵਾਨ ਜ਼ਮਾਨ ਅਨਵਰ ਨੂੰ ਹਰਾ ਕੇ ਸੋਨੇ ਦਾ ਤਮਗਾ ਕੈਨੇਡਾ ਲਈ ਜਿੱਤਿਆ ਹੈ।
ਰਾਸ਼ਟਰ ਮੰਡਲ ਖੇਡਾਂ ਚ ਅਮਰਵੀਰ ਸਿੰਘ ਢੇਸੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਆਪਣੇ ਪਿਤਾ ਸ਼ੀਰੀ ਪਹਿਲਵਾਨ ਬਲਬੀਰ ਸਿੰਘ ਢੇਸੀ ਦੇ ਨਾਂ ਨੂੰ ਚਾਰ ਚੰਨ ਲੱਗ ਗਏ ਹਨ, ਜਿਨ੍ਹਾਂ ਨੇ ਅਨੇਕਾਂ ਪਹਿਲਵਾਨਾਂ ਨੂੰ ਥਾਪੜਾ ਦੇ ਕੇ ਜਿੱਤਣ ਦੇ ਕਾਬਲ ਬਣਾਇਆ ਹੈ। ਬਲਵੀਰ ਸਿੰਘ ਢੇਸੀ ਉਰਫ ਸ਼ੀਰੀ ਪਹਿਲਵਾਨ ਦਾ ਪੰਜਾਬ ਤੋਂ ਪਿਛਲਾ ਪਿੰਡ ਜ਼ਿਲ੍ਹਾ ਜਲੰਧਰ ਵਿੱਚ ਸੰਗਵਾਲ ਹੈ। ਆਪ ਨੇ ਕੈਨੇਡਾ ਆ ਕੇ ਪਹਿਲਵਾਨਾਂ ਨੂੰ ਉਤਸ਼ਾਹਤ ਕੀਤਾ ਅਤੇ ਸਰੀ ‘ਚ ਖਾਲਸਾ ਰੈਸਲਿੰਗ ਕਲੱਬ ਦੀ ਸਥਾਪਨਾ 1976 ‘ਚ ਕੀਤੀ। ਹੁਣ ਤਕ ਅਨੇਕਾਂ ਵਾਰ ਖ਼ਾਲਸਾ ਰੈਸਲਿੰਗ ਕਲੱਬ ਸ਼ਾਨਦਾਰ ਪ੍ਰਾਪਤੀਆਂ ਕਰ ਚੁੱਕਿਆ ਹੈ।
ਇਨ੍ਹਾਂ ਪ੍ਰਾਪਤੀਆਂ ਦੀ ਲੜੀ ਵਿੱਚ ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ, ਐਬਟਸਫੋਰਡ ਦੇ ਪਹਿਲਵਾਨ ਨਿਸ਼ਾਨਪ੍ਰੀਤ ਸਿੰਘ ਰੰਧਾਵਾ 97 ਕਿਲੋਗ੍ਰਾਮ ਵਰਗ ਵਿੱਚ ਰਾਸ਼ਟਰਮੰਡਲ ਕੁਸ਼ਤੀ ਮੁਕਾਬਲਿਆਂ ਵਿਚ, ਦੱਖਣੀ ਅਫ਼ਰੀਕਾ ਦੇ ਪਹਿਲਵਾਨ ਨੂੰ ਫਾਈਨਲ ਵਿੱਚ ਹਰਾ ਕੇ, ਕੈਨੇਡਾ ਲਈ ਗੋਲਡ ਮੈਡਲ ਜਿੱਤਿਆ ਹੈ। ਨਿਸ਼ਾਨ ਪ੍ਰੀਤ ਸਿੰਘ ਨੇ ਇਸ ਤੋਂ ਪਹਿਲੇ ਮੁੱਢਲੇ ਮੈਚਾਂ ‘ਚ ਪਾਕਿਸਤਾਨ ਅਤੇ ਭਾਰਤ ਦੇ ਪਹਿਲਵਾਨਾਂ ਨੂੰ ਹਰਾਇਆ। ਐਬਟਸਫੋਰਡ ਵਾਸੀ ਗੁਰਜੀਤ ਸਿੰਘ ਰੰਧਾਵਾ ਅਤੇ ਕੁਲਵੰਤ ਕੌਰ ਰੰਧਾਵਾ ਦਾ ਹੋਣਹਾਰ ਸਪੁੱਤਰ ਅਤੇ ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਦੇ ਬਾਨੀ ਪਹਿਲਵਾਨ ਬੂਟਾ ਸਿੰਘ ਢੀਂਡਸਾ ਦਾ ਭਾਣਜਾ ਨਿਸ਼ਾਨ ਰੰਧਾਵਾ ਇਸ ਤੋਂ ਪਹਿਲਾਂ ਵੀ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿੱਚ ਕਈ ਮੈਡਲ ਜਿੱਤ ਚੁੱਕਿਆ ਹੈ, ਜਦਕਿ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਮੁਕਾਬਲਿਆਂ ਵਿੱਚ ਤਿੰਨ ਵਾਰ ਜੇਤੂ ਰਿਹਾ ਹੈ। ਉਹ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤਕ ਬੀਸੀ ਰੈਸਲਿੰਗ ਚੈਂਪੀਅਨਸ਼ਿਪ ਦਾ ਜੇਤੂ ਰਿਹਾ, ਜਦਕਿ ਸਪੇਨ, ਕਿਊਬਾ ਅਤੇ ਹੋਰਨਾਂ ਵੱਖ-ਵੱਖ ਥਾਵਾਂ ‘ਤੇ ਸਫਲ ਰਿਹਾ। ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਟਾਲਾ ਸਾਇੰਸ ਸਿਟੀ ਨਾਲ ਸੰਬੰਧਤ ਨਿਸ਼ਾਨਪ੍ਰੀਤ ਸਿੰਘ ਰੰਧਾਵਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤ ਹਾਸਿਲ ਕਰਕੇ ਕੈਨੇਡਾ ਦੇਸ਼ ਤੇ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ।
ਹੋਰ ਮਾਣ ਵਾਲੀ ਗੱਲ ਹੈ ਕਿ ਮੀਰੀ ਪੀਰੀ ਰੈਸਲਿੰਗ ਕਲੱਬ ਐਬਟਸਫੋਰਡ ਦੇ ਹੋਣਹਾਰ ਪਹਿਲਵਾਨ ਜਸਮੀਤ ਸਿੰਘ ਫੂਲਕਾ ਨੇ 74 ਕਿਲੋਗ੍ਰਾਮ ਵਰਗ ਵਿੱਚ ਬਰਮਿੰਘਮ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਸਮੂਹ ਕੈਨੇਡੀਅਨ ਭਾਈਚਾਰੇ ਅਤੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਹਰਜੀਤ ਸਿੰਘ ਫੂਲਕਾ ਦੇ ਸਪੁੱਤਰ ਜਸਮੀਤ ਸਿੰਘ ਫੂਲਕਾ ਕਾਮਨਵੈਲਥ ਖੇਡਾਂ ਵਿਚ ਮੰਜ਼ਿਲ ਤੇੈਅ ਕਰਕੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਿਆ ਹੈ। ਕੈਨੇਡਾ ਦੇ ਜੰਮਪਲ ਜਸਮੀਤ ਸਿੰਘ ਦੇ ਪਿਤਾ ਹਰਜੀਤ ਸਿੰਘ ਫੂਲਕਾ ਦਾ ਜੱਦੀ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਸਥਿਤ ਖੱਖਾਂ ਹੈ ਅਤੇ ਫੂਲਕਾ ਪਰਿਵਾਰ ਨੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਬੈਨਰ ਹੇਠ ਆਪਣੇ ਬੱਚਿਆਂ ਨੂੰ ਉੱਚੀਆਂ ਮੰਜ਼ਿਲਾਂ ਤੱਕ ਲਿਜਾਣ ਵਿਚ ਵਧੀਆ ਭੂਮਿਕਾ ਨਿਭਾਈ ਹੈ। ਕਾਮਨਵੈਲਥ ਖੇਡਾਂ ਵਿਚ ਵਿਨੀਪੈੱਗ ਦੀ ਹੋਣਹਾਰ ਪੰਜਾਬਣ ਪ੍ਰਿਯੰਕਾ ਢਿੱਲੋਂ ਨੇ ਬਾਕਸਿੰਗ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਸਮੂਹ ਕੈਨੇਡੀਅਨ ਅਤੇ ਵਿਸ਼ੇਸ਼ ਕਰ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਆਰਥਿਕ ਚੁਣੌਤੀਆਂ ਅਤੇ ਲੰਮੇ ਸੰਘਰਸ਼ ਬਾਅਦ ਇਸ ਮੁਕਾਮ ‘ਤੇ ਪਹੁੰਚੀ ਪ੍ਰਿਯੰਕਾ ਢਿੱਲੋਂ ਦੀ ਜਿੱਤ ਇਤਿਹਾਸਕ ਹੈ ਅਤੇ ਪੰਜਾਬੀ ਭਾਈਚਾਰੇ ਦਾ ਸਿਰ ਫਖਰ ਨਾਲ ਉੱਚਾ ਕਰਦੀ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਕੁੱਲ ਛੇ ਪਹਿਲਵਾਨ ਘੁਲੇ ਸਨ, ਜਿਨ੍ਹਾਂ ‘ਚੋਂ ਤਿੰਨ ਸਿੱਖ ਭਾਈਚਾਰੇ ਨਾਲ ਸਬੰਧ ਸਨ ਅਤੇ ਤਿੰਨਾਂ ਨੇ ਹੀ ਮੈਡਲ ਜਿੱਤੇ ਹਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਮੁੱਖ- ਧਾਰਾ ਦਾ ਮੀਡੀਆ ਪੰਜਾਬੀ ਨੌਜਵਾਨਾਂ ਬਾਰੇ ਕੇਵਲ ਤੇ ਕੇਵਲ ਡਰੱਗ ਅਤੇ ਹਿੰਸਾ ਦੀਆਂ ਖ਼ਬਰਾਂ ਦਿੰਦਾ ਹੈ, ਕੀ ਉਹ ਇਨ੍ਹਾਂ ਪ੍ਰਾਪਤੀਆਂ ਬਾਰੇ ਵੀ ਜ਼ਿਕਰ ਕਰੇਗਾ? ਖ਼ਾਸ ਤੌਰ ‘ਤੇ ਇੰਡੀਅਨ ਮੀਡੀਏ ਦਾ ਅਜਿਹਾ ਦਰਬਾਰੀ ਵਰਗ, ਜਿਹੜਾ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦਾ, ਕੀ ਇਨ੍ਹਾਂ ਜਿੱਤਾਂ ਦੀ ਵੀ ਚਰਚਾ ਕਰੇਗਾ? ਇਨ੍ਹਾਂ ਸਵਾਲਾਂ ਦਾ ਜਵਾਬ ਨਾਂਹ ਵਿੱਚ ਹੀ ਮਿਲਦਾ ਹੈ। ਦਰਅਸਲ ਇਨ੍ਹਾਂ ਪ੍ਰਾਪਤੀਆਂ ਬਾਰੇ ਗੋਦੀ ਮੀਡੀਆਕਰਮੀ ਮੌਕਾਪ੍ਰਸਤਾਂ ਦੀਆਂ ਕਲਮਾਂ ਖੁੰਢੀਆਂ ਹੋ ਜਾਂਦੀਆਂ ਹਨ।
ਖ਼ਾਲਸਾ ਰੈਸਲਿੰਗ ਕਲੱਬ ਦੇ ਅਮਰਵੀਰ ਸਿੰਘ ਢੇਸੀ, ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਦੇ ਨਿਸ਼ਾਨ ਪ੍ਰੀਤ ਸਿੰਘ ਰੰਧਾਵਾ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਜਸਮੀਤ ਸਿੰਘ ਫੂਲਕਾ ਦੇ ਕਲੱਬ/ਅਖਾੜੇ ਦੇ ਪ੍ਰਬੰਧਕ, ਕੋਚ ਅਤੇ ਪਰਿਵਾਰ ਵਧਾਈ ਦੇ ਪਾਤਰ ਹਨ। ਕੌਮਾਂਤਰੀ ਪੱਧਰ ‘ਤੇ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਵਿੱਚ ਮੱਲ ਅਖਾੜਿਆਂ ਦੇ ਨਾਂ ਗੁਰੂ ਸਾਹਿਬਾਨ ਅਤੇ ਸਿੱਖ ਵਿਰਾਸਤ ਨੂੰ ਸਮਰਪਿਤ ਹਨ, ਜਿਵੇਂ ਕਿ ਮੀਰੀ ਪੀਰੀ ਰੈਸਲਿੰਗ ਕਲੱਬ, ਖਾਲਸਾ ਰੈਸਲਿੰਗ ਕਲੱਬ, ਗੁਰੂ ਗੋਬਿੰਦ ਸਿੰਘ ਅਖਾੜਾ, ਸ਼ਹੀਦ ਭਾਈ ਭੁਪਿੰਦਰ ਸਿੰਘ ਅਖਾੜਾ ਆਦਿ। ਇਨ੍ਹਾਂ ਅਖਾੜਿਆਂ ਦੇ ਪਹਿਲਵਾਨਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪਿਛਲੇ ਕਈ ਦਹਾਕਿਆਂ ਤੋਂ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ। ਖਾਲਸਾ ਰੈਸਲਿੰਗ ਕਲੱਬ, ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਇਨ੍ਹਾਂ ਪਹਿਲਵਾਨਾਂ ਦੀ ਮਿਹਨਤ ਅਤੇ ਸਿਰੜ ਦੇ ਇਲਾਵਾ ਸਭ ਤੋਂ ਵੱਡੀ ਬਖਸ਼ਿਸ਼ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਤੇ ਖ਼ਾਲਸੇ ਦੇ ਸਿਰਜਕ ਦਸਮੇਸ਼ ਪਿਤਾ ਦਾ ਥਾਪੜਾ ਇਨ੍ਹਾਂ ਦੀ ਪਿੱਠ ‘ਤੇ ਹੈ। ਇਨ੍ਹਾਂ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਪ੍ਰਾਪਤੀਆਂ ਨਾਲ ਨਾ ਸਿਰਫ਼ ਸਿੱਖ ਭਾਈਚਾਰੇ ਦਾ ਮਾਣ ਹੀ ਵਧੇਗਾ, ਬਲਕਿ ਭਟਕੇ ਹੋਏ ਨੌਜਵਾਨਾਂ ਨੂੰ ਵੀ ਸਹੀ ਦਿਸ਼ਾ ਮਿਲੇਗੀ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …