ਪੁਲਿਸ ਨੇ ਹਮਲਾਵਰ ਪਛਾਣ ਲਏ ਹਨ, ਛੇਤੀ ਫੜੇ ਜਾਣਗੇ : ਪੈਟ੍ਰਿਕ ਬਰਾਊਨ ਪੁਲਿਸ ਨੇ ਹਮਲਾਵਰ ਪਛਾਣ ਲਏ ਹਨ, ਛੇਤੀ ਫੜੇ ਜਾਣਗੇ : ਪੈਟ੍ਰਿਕ ਬਰਾਊਨ
ਮਿਸੀਸਾਗਾ/ਬਿਊਰੋ ਨਿਊਜ਼ : ਲੰਘੀ 04 ਅਗਸਤ ਨੂੰ ਸਵੇਰੇ ਕੋਈ ਸਵਾ ਕੁ ਅੱਠ ਵਜੇ ਬਰੈਂਪਟਨ ਨਿਵਾਸੀ ਜੋਤੀ ਮਾਨ ‘ਤੇ ਉਸ ਦੀ ਮੇਅਫੀਲਡ ਨੇੜੇ ਰਿਹਾਇਸ਼ ‘ਤੇ ਹੋਏ ਹਮਲੇ ਬਾਰੇ ਪੀਲ ਪੁਲਿਸ ਵੱਲੋਂ ਵੀਰਵਾਰ ਦੁਪਹਿਰ ਨੂੰ ਇਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਹਮਲਾਵਰਾਂ ਦੀ ਪਛਾਣ ਕਰਨ ਵਿਚ ਮਦਦ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਜੋਤੀ ਮਾਨ ‘ਤੇ ਉਸ ਵੇਲੇ ਹਮਲਾ ਹੋਇਆ ਜਦੋਂ ਉਹ ਆਪਣੇ ਘਰੋਂ ਬਾਹਰ ਨਿਕਲ ਕੇ ਆਪਣੀ ਜੀਪ ਵਿਚ ਬੈਠੇ ਹੀ ਸਨ ਕਿ ਅਚਾਨਕ ਤਿੰਨ ਵਿਅਕਤੀਆਂ ਨੇ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਲੋਕਾਂ ਦੇ ਇਕੱਠੇ ਹੋਣ ‘ਤੇ ਉਹ ਲਹੂ-ਲੁਹਾਣ ਹੋਏ ਜੋਤੀ ਮਾਨ ਨੂੰ ਛੱਡ ਕੇ ਦੌੜ ਗਏ। ਜੋਤੀ ਮਾਨ ਨੂੰ ਅਤਿ ਨਾਜ਼ੁਕ ਹਾਲਤ ਵਿਚ ਸਨੀਬਰੁੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਤਿੰਨੋਂ ਹਮਲਾਵਰਾਂ ਨੇ ਕਾਲੇ ਕੱਪੜੇ, ਕਾਲੇ ਬੂਟ ਪਾਏ ਹੋਏ ਸਨ। ਉਨ੍ਹਾਂ ਦੇ ਹੱਥਾਂ ‘ਤੇ ਕਾਲੇ ਦਸਤਾਨੇ ਸਨ ਅਤੇ ਉਨ੍ਹਾਂ ਨੇ ਮਾਸਕ ਵੀ ਪਾਏ ਹੋਏ ਸਨ। ਉਧਰ ਵੀਰਵਾਰ ਸਵੇਰੇ ‘ਰੇਡੀਓ ਪਰਵਾਸੀ’ ‘ਤੇ ਗੱਲਬਾਤ ਕਰਦਿਆਂ ਟੋਰਾਂਟੋ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਜਿੱਥੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ, ਉਥੇ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹਮਲਾਵਰ ਪਛਾਣ ਲਏ ਹਨ ਅਤੇ ਛੇਤੀ ਹੀ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਜਾਵੇਗਾ। ਉਨ੍ਹਾਂ ਦਾ ਬਚਣਾ ਬਹੁਤ ਮੁਸ਼ਕਿਲ ਹੈ। ਪ੍ਰੰਤੂ ਪੁਲਿਸ ਨੇ ਅਜੇ ਤੱਕ ਵੀ ਇਸ ਗੱਲ ਦੀ ਪਰੋੜਤਾ ਨਹੀਂ ਕੀਤੀ ਕਿ ਉਨ੍ਹਾਂ ਨੇ ਹਮਲਾਵਰ ਦੀ ਪਛਾਣ ਕਰ ਲਈ ਹੈ ਅਤੇ ਉਹ ਜਲਦੀ ਫੜੇ ਜਾਣਗੇ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਪੀਲ ਪੁਲਿਸ ਨੂੰ 905-453-2121 ਜਾਂ ਐਕਸਟੈਨਸ਼ਨ 2233 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਜੋਤੀ ਮਾਨ ਜੋ ਕਿ ਰੇਡੀਓ ਹੋਸਟ ਵੀ ਹਨ ਅਤੇ ਰੀਅਲ ਅਸਟੇਟ ਵਿਚ ਵੀ ਕੰਮ ਕਰਦੇ ਹਨ, ਉਤੇ ਹੋਏ ਹਮਲੇ ਦੇ ਕਾਰਨਾਂ ਬਾਰੇ ਭਾਈਚਾਰੇ ਵਿਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …