ਛੋਟੇਪੁਰ ਤੇ ਕਿੰਗਰਾ ਦੀ ਬਗਾਵਤ ਅਤੇ ਕੰਵਰ ਸੰਧੂ ਦੀ ਨਾਰਾਜ਼ਗੀ ਨੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਾਈਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਕਸੂਤੀ ਹਾਲਤ ‘ਚ ਫਸ ਗਈ ਹੈ। ਪਾਰਟੀ ਵੱਲੋਂ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਉਥੋਂ ਦੇ ਹਾਲਾਤ ਬਾਰੇ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ‘ਚ ਵਿਚਾਰ ਚਰਚਾ ਕੀਤੀ ਜਾਣੀ ਸੀ ਪਰ ਇਸ ਨੂੰ ਟਾਲ ਦਿੱਤਾ ਗਿਆ ਹੈ। ਉਂਜ ਦਿੱਲੀ ਵਿੱਚ ਕਿਸਾਨ ਮੈਨੀਫੈਸਟੋ ਬਾਰੇ ਮੀਟਿੰਗ ਕਰ ਕੇ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੁੱਚਾ ਛੋਟੇਪੁਰ ਦੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਦੋ ਮੈਂਬਰੀ ਕਮੇਟੀ ਨੇ ਅਜੇ ਜਾਂਚ ਨਹੀਂ ਆਰੰਭੀ ਪਰ ‘ਆਪ’ ਦੇ ਬਾਗ਼ੀ ਆਗੂ ਹਰਦੀਪ ਸਿੰਘ ਕਿੰਗਰਾ ਵੱਲੋਂ ਚੰਡੀਗੜ੍ਹ ਵਿੱਚ ਆਡੀਓ ਜਾਰੀ ਕਰ ਕੇ ਲਗਾਏ ਗਏ ਦੋਸ਼ਾਂ ਦੀ ਜਾਂਚ ਕਰਵਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ‘ਆਪ’ ਦੇ ਜਥੇਬੰਦਕ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਅਗਲੇ ਦਿਨਾਂ ਵਿੱਚ ਕੀਤੀ ਜਾਵੇਗੀ ਪਰ ਦਿੱਲੀ ਵਿੱਚ ਵੀਰਵਾਰ ਨੂੰ ਕਿਸਾਨ ਮੈਨੀਫੈਸਟੋ ਬਾਰੇ ਮੀਟਿੰਗ ਜ਼ਰੂਰ ਹੋਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਦੀ ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ ਕਿਸਾਨ ਮੈਨੀਫੈਸਟੋ ਉੱਤੇ ਅਰਵਿੰਦ ਕੇਜਰੀਵਾਲ ਤੋਂ ਮੋਹਰ ਲਵਾਉਣ ਲਈ ਦਿੱਲੀ ਗਏ ਸਨ। ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਕਿਸਾਨ ਮੈਨੀਫੈਸਟੋ 11 ਸਤੰਬਰ ਨੂੰ ਜਾਰੀ ਕੀਤਾ ਜਾਣਾ ਹੈ।
ਕੰਵਰ ਸੰਧੂ ਨੇ ਛੋਟੇਪੁਰ ਨੂੰ ਕੱਢਣ ਵਾਲੇ ਪੱਤਰ ਉੱਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹਰਮੇਲ ਸਿੰਘ ਟੌਹੜਾ ਦੇ ਪਰਿਵਾਰ ਨੂੰ ‘ਆਪ’ ਵਿੱਚ ਸ਼ਾਮਲ ਕਰਨ ਉੱਤੇ ਵੀ ਵੱਖਰੀ ਰਾਇ ਪ੍ਰਗਟ ਕੀਤੀ ਸੀ। ਸੰਕਟ ਵਿੱਚ ਘਿਰੀ ਕੇਂਦਰੀ ਲੀਡਰਸ਼ਿਪ ਫਿਲਹਾਲ ਬਾਗੀਆਨਾ ਬਿਆਨਾਂ ਉੱਤੇ ਕਾਰਵਾਈ ਕਰਨ ਤੋਂ ਸੰਕੋਚ ਕਰ ਰਹੀ ਹੈ ਕਿਉਂਕਿ ਪਹਿਲਾਂ ਹੀ ਦਿੱਲੀ ਦੇ ਆਗੂਆਂ ਦੇ ਪੰਜਾਬ ਉੱਤੇ ਦਾਬੇ ਦੇ ਦੋਸ਼ਾਂ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਛੋਟੇਪੁਰ ਦੇ ਮਾਮਲੇ ‘ਚ ਇੰਨੇ ਸਖ਼ਤ ਪ੍ਰਤੀਕਰਮ ਦੀ ਉਮੀਦ ਕਿਸੇ ਨੂੰ ਨਹੀਂ ਸੀ ।ਪੰਜਾਬ ਭਰ ਵਿੱਚੋਂ ਅਲਗ ਅਲਗ ਘਟਨਾਵਾਂ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਅੰਮ੍ਰਿਤਸਰ ਦੇ ਜ਼ੋਨ ਇੰਚਾਰਜ ਗੁਰਿੰਦਰ ਬਾਜਵਾ ਨੇ ਦੁਰਗੇਸ਼ ਪਾਠਕ ਦੇ ਅੰਮ੍ਰਿਤਸਰ ਆਉਣ ਉੱਤੇ ਕਾਲੇ ਝੰਡੇ ਦਿਖਾਉਣ ਦਾ ਐਲਾਨ ਕੀਤਾ ਹੈ। ਪਟਿਆਲਾ ਵਿੱਚ ਪਾਰਟੀ ਦਫ਼ਤਰ ਉੱਤੇ ਪਥਰਾਓ ਹੋਇਆ ਹੈ। ਬਠਿੰਡਾ ਸਮੇਤ ਕਈ ਥਾਵਾਂ ਉੱਤੇ ਦਫ਼ਤਰਾਂ ਨੂੰ ਜਿੰਦੇ ਲਗਾ ਦੇਣ ਦੀਆਂ ਸੂਚਨਾਵਾਂ ਪਾਰਟੀ ਅੰਦਰ ਪੈਦਾ ਹੋਈ ਵਿਸਫੋਟਕ ਸਥਿਤੀ ਦੀ ਪ੍ਰਤੀਕ ਹਨ। ਇਸੇ ਕਰ ਕੇ ਪਾਰਟੀ ਨੇ ਆਪਣੇ ਵਰਕਰਾਂ ਨੂੰ ਛੋਟੇਪੁਰ ਖ਼ਿਲਾਫ਼ ਬੋਲਣ ਤੋਂ ਰੋਕ ਦਿੱਤਾ ਹੈ। ਛੋਟੇਪੁਰ ਨੇ ਵਾਪਸੀ ਦੀ ਗੁੰਜਾਇਸ਼ ਖਾਰਜ ਕਰਦਿਆਂ 3 ਸਤੰਬਰ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੰਨੇ ਸਟਿੰਗ ਤੁਰੇ ਫਿਰ ਰਹੇ ਹਨ, ਜੇਕਰ ਸਾਰੇ ਖੁਲ੍ਹ ਗਏ ਤਾਂ ਸਥਿਤੀ ਸੰਭਾਲੀ ਨਹੀਂ ਜਾ ਸਕਣੀ।
ਵਿਰੋਧੀਆਂ ਦੇ ਦੋਸ਼ਾਂ ਵਿੱਚ ਫਸੀ ‘ਆਪ’ ਨੂੰ ਇਸ ਕਰ ਕੇ ਵੱਡੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸ ਨੇ ਸਿਆਸਤ ਵਿੱਚ ਨੈਤਿਕ ਕਦਰਾਂ ਕੀਮਤਾਂ ਬਹਾਲ ਕਰਨ ਦੇ ਦਾਅਵੇ ਨਾਲ ਸਿਆਸਤ ਵਿੱਚ ਪੈਰ ਧਰਿਆ ਸੀ। ਹੁਣ ਤਕ ਪਾਰਟੀ ਦੇ ਦਿੱਲੀ ‘ਚ ਤਿੰਨ ਮੰਤਰੀ ਗੰਭੀਰ ਦੋਸ਼ਾਂ ਕਾਰਨ ਕੱਢੇ ਜਾ ਚੁੱਕੇ ਹਨ ਅਤੇ 11 ਵਿਧਾਇਕਾਂ ਖ਼ਿਲਾਫ਼ ਗੰਭੀਰ ਦੋਸ਼ ਲੱਗੇ ਹਨ। ਅਜਿਹੀ ਸਥਿਤੀ ਵਿੱਚ ਹੋਰਨਾਂ ਤੋਂ ਵੱਖ ਪਾਰਟੀ ਦੀ ਛਵੀ ਨੂੰ ਕਾਇਮ ਰੱਖਣਾ ਮੁਸ਼ਕਲ ਬਣਦਾ ਜਾ ਰਿਹਾ ਹੈ।
ਭਗਵੰਤ ਮਾਨ ਬੋਲੇ, ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਬਣਾ ਰਹੀ ਹੈ ਭਿਖਾਰੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਸਰਕਾਰ ਵਲੋਂ ਭਾਂਡੇ ਵੰਡਣ ਦੀ ਸਕੀਮ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਭਾਂਡੇ ਵੰਡ ਕੇ ਲੋਕਾਂ ਨੂੰ ਭਿਖਾਰੀ ਬਣਾ ਰਹੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਆਟਾ-ਦਾਲ ਤੇ ਭਾਂਡੇ ਵੰਡਣ ਵਰਗੀਆਂ ਸਕੀਮਾਂ ਦੀ ਥਾਂ ਲੋਕਾਂ ਨੂੰ ਰੁਜ਼ਗਾਰ ਉਪਲਬਧ ਕਰਵਾਏ। ਉਹਨਾਂ ਦਾ ਮੰਨਣਾ ਹੈ ਕਿ ਅਜਿਹੀਆਂ ਯੋਜਨਾਵਾਂ ਰਾਹੀਂ ਸਰਕਾਰ ਲੋਕਾਂ ਨੂੰ ਭਿਖਾਰੀ ਬਣਾਉਣ ਲੱਗੀ ਪਈ ਹੈ। ਦੂਜੇ ਪਾਸੇ ਭਿਖਾਰੀ ਸ਼ਬਦ ਨੂੰ ਲੈ ਕੇ ਮੀਡੀਆ ਸਮੇਤ ਸ਼ੋਸ਼ਲ ਮੀਡੀਆ ‘ਤੇ ਵੀ ਬਹਿਸ ਛਿੜ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਚਰਨ ਬੈਂਸ ਨੇ ਆਖਿਆ ਕਿ ਭਗਵੰਤ ਨੇ ਗਰੀਬ ਜਨਤਾ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਲਈ ਭਿਖਾਰੀ ਸ਼ਬਦ ਵਰਤ ਕੇ ਆਪਣੇ ਹੰਕਾਰ ਦਾ ਹੀ ਪ੍ਰਗਟਾਵਾ ਕੀਤਾ ਹੈ।
‘ਕਿੰਗਰਾ ਵਰਗੇ ਲੋਕ ਪਾਰਟੀ ਵਿੱਚ ਟਿਕਟ ਦੀ ਇੱਛਾ ਨਾਲ ਆਏ ਸਨ ਅਤੇ ਹੁਣ ਟਿਕਟ ਨਾ ਮਿਲਣ ‘ਤੇ ਮਿਸ਼ਨ ਪੰਜਾਬ ਨੂੰ ਫੇਲ੍ਹ ਕਰਨ ਲਈ ਉਹ ਕਮਿਸ਼ਨ ‘ਤੇ ਕੰਮ ਕਰਨ ਵਾਲੀਆਂ ਕਾਲੀਆਂ ਭੇਡਾਂ ਦੀ ਭੀੜ ਵਿਚ ਸ਼ਾਮਲ ਹੋ ਗਏ ਹਨ।’
ਭਗਵੰਤ ਮਾਨ
ਆਡੀਓ ਸੀਡੀ ਰਾਹੀਂ ਕਿੰਗਰਾ ਨੇ ਘੇਰਿਆ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਵਿੱਤੀ ਕਮੇਟੀ ਦੇ ਕੋਆਰਡੀਨੇਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਰਦੀਪ ਸਿੰਘ ਕਿੰਗਰਾ ਨੇ ਦੋਸ਼ ਲਾਇਆ ਹੈ ਕਿ ਪਾਰਟੀ ਫੰਡਾਂ ਵਿੱਚ ਵੱਡੀ ਗੜਬੜ ਕੀਤੀ ਗਈ ਹੈ ਅਤੇ ਉਹ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਫੰਡਾਂ ਦੀ ਪੜਤਾਲ ਦੀ ਮੰਗ ਕਰਨਗੇ।ਕਿੰਗਰਾ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਇਕ ਸਟਿੰਗ ਦੀ ਆਡੀਓ ਸੁਣਾ ਕੇ ਦਾਅਵਾ ਕੀਤਾ ਕਿ ਲੁਧਿਆਣਾ ਵਿੱਚ ਲਾਇਆ ਇੰਚਾਰਜ ਅਮਰੀਸ਼ ਤ੍ਰਿਖਾ ਸਮਰਾਲਾ ਦੇ ਇਕ ਵਿਅਕਤੀ ਪਰਮਜੀਤ ਸਿੰਘ ਢਿੱਲੋਂ ਤੋਂ ਕੌਮੀ ਸੰਗਠਨ ਦੇ ਮੁਖੀ ਦੁਰਗੇਸ਼ ਪਾਠਕ ਨਾਲ ਮੀਟਿੰਗ ਕਰਵਾਉਣ ਲਈ ਪੰਜ ਲੱਖ ਰੁਪਏ ਫੀਸ ਮੰਗ ਰਿਹਾ ਹੈ। ਕਿੰਗਰਾ ਨੇ ਦੱਸਿਆ ਕਿ ਮਾਰਚ 2016 ਵਿੱਚ ਤਰਨ ਤਾਰਨ ਖੇਤਰ ਦੇ ਵਲੰਟੀਅਰਾਂ ਨੇ ਪਾਰਟੀ ਦੇ ਕੌਮੀ ਲੀਡਰ ਆਸ਼ੂਤੋਸ਼ ਨੂੰ 16 ਲੱਖ ਰੁਪਏ ਦੀ ਥੈਲੀ ਭੇਟ ਕੀਤੀ ਸੀ ਪਰ ਉਸ ਦਾ ਪਾਰਟੀ ਕੋਲ ਕੋਈ ਹਿਸਾਬ ਨਹੀਂ। ਮਾਘੀ ਮੇਲੇ ਦੇ ਖਰਚਿਆਂ ਲਈ 13 ਮੈਂਬਰੀ ਵਿੱਤ ਕਮੇਟੀ ਨੇ 23.93 ਲੱਖ ਰੁਪਏ ਇਕੱਠੇ ਕੀਤੇ। ਇਸ ਕਮੇਟੀ ਦੇ ਇਕ ਮੈਂਬਰ ਸੁਰਿੰਦਰ ਸਿੰਘ ਅਰੋੜਾ ਨੇ ਛੇ ਲੱਖ ਰੁਪਏ ਇਕੱਠੇ ਕੀਤੇ ਅਤੇ ਉਸ ਵਿੱਚੋਂ ਅਰੋੜਾ ਅਨੁਸਾਰ ਪੰਜ ਲੱਖ ਰੁਪਏ ਨਕਦ ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ ਨੂੰ ਦਿੱਤੇ ਗਏ ਪਰ ਉਸ ਦਾ ਕੋਈ ਹਿਸਾਬ-ਕਿਤਾਬ ਨਹੀਂ। ਉਨ੍ਹਾਂ ਹੋਰ ਦੋਸ਼ ਲਾਇਆ ਕਿ ਪੰਜਾਬ ਵਿੱਚ ਹੋਏ 13 ਫੰਡ ਰੇਜਿੰਗ ਡਿਨਰਾਂ ਦੌਰਾਨ ਇਕੱਠੇ ਹੋਏ ਫੰਡ ਦਾ ਵੀ ਕੋਈ ਲੇਖਾ-ਜੋਖਾ ਨਹੀਂ ਹੈ।
ਦਿੱਲੀ ‘ਚ ਆਪ ਦੇ ਮੰਤਰੀ ਦੀ ਸਾਹਮਣੇ ਆਈ ‘ਨੀਲੀ ਫ਼ਿਲਮ’
ਅਰਵਿੰਦ ਕੇਜਰੀਵਾਲ ਨੇ ਤੁਰੰਤ ਕੀਤੀ ਛੁੱਟੀ
ਨਵੀਂ ਦਿੱਲੀ : ਇਤਰਾਜ਼ਯੋਗ ਸੀਡੀ ਮਿਲਣ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿਲਾ ਅਤੇ ਬਾਲ ਵਿਕਾਸ ਭਲਾਈ ਮੰਤਰੀ ਸੰਦੀਪ ਕੁਮਾਰ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ। ਇਹ ਸੀਡੀ ਬੁੱਧਵਾਰ ਸ਼ਾਮ ਕਿਸੇ ਵਿਅਕਤੀ ਨੇ ਨਿਊਜ਼ ਚੈਨਲ ਨੂੰ ਭੇਜੀ ਸੀ। ਸੀਡੀ ਵਿਚ ਮੰਤਰੀ ਸੰਦੀਪ ਕੁਮਾਰ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਦਿਖਾਈ ਦੇ ਰਹੇ ਹਨ । ਰਾਤ ਸਾਢੇ ਅੱਠ ਵਜੇ ਮੁੱਖ ਮੰਤਰੀ ਨੇ ਸੰਦੀਪ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਜਾਣਕਾਰੀ ਟਵੀਟ ਦੇ ਜ਼ਰੀਏ ਦਿੱਤੀ। ਸੰਦੀਪ (34) ਸੁਲਤਾਨਪੁਰ ਮਾਜਰਾ ਤੋਂ ਵਿਧਾਇਕ ਹਨ। ਅਰਵਿੰਦ ਕੇਜਰੀਵਾਲ ਨੇ ਟਵੀਟ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਤਰ੍ਹਾਂ ਦੀ ਹਰਕਤ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਉਨ੍ਹਾਂ ਨੂੰ ਤੱਤਕਾਲ ਕੈਬਨਿਟ ਤੋਂ ਹਟਾ ਦਿੱਤਾ ਗਿਆ ਹੈ। ਇਸ ਕਾਰਵਾਈ ਦੇ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਰਾਤ ਅੱਠ ਵਜੇ ਮੰਤਰੀ ਸੰਦੀਪ ਕੁਮਾਰ ਦੇ ਖ਼ਿਲਾਫ਼ ਸੀਡੀ ਮਿਲੀ ਅਤੇ ਅੱਧੇ ਘੰਟੇ ਦੇ ਅੰਦਰ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਸੂਲਾਂ ਦੀ ਪਾਰਟੀ ਹੈ। ਚਰਿੱਤਰ ਨੂੰ ਲੈ ਕੇ ਕੋਈ ਦੋਸ਼ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਕ ਮੰਤਰੀ ਨੂੰ ਰਿਸ਼ਵਤ ਲੈਣ ਦੀ ਸ਼ਿਕਾਇਤ ‘ਤੇ ਹਟਾ ਦਿੱਤਾ ਗਿਆ। 67 ਵਿਧਾਇਕਾਂ ਵਿਚ ਅਰਵਿੰਦ ਕੇਜਰੀਵਾਲ ਹੋਣ ਜਾਂ ਮਨੀਸ਼ ਸਿਸੋਦੀਆ, ਗੰਭੀਰ ਦੋਸ਼ ਕਿਸੇ ਦੇ ਖ਼ਿਲਾਫ਼ ਲੱਗਦੇ ਹਨ ਤਾਂ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਸੰਦੀਪ ਕੁਮਾਰ ਇੰਡੀਆ ਅਗੇਂਸਟ ਕੁਰੱਪਸ਼ਨ ਕੰਪੇਨ ਦੌਰਾਨ ਕੇਜਰੀਵਾਲ ਦੇ ਸੰਪਰਕ ਵਿਚ ਆਏ ਸਨ। ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦਾ ਦੋਸ਼ ਲੱਗਣ ‘ਤੇ ਅਰਵਿੰਦ ਕੇਜਰੀਵਾਲ ਨੇ ਕੈਬਨਿਟ ਵਿਚ ਸ਼ਾਮਲ ਅਸੀਮ ਅਹਿਮਦ ਖਾਨ ਨੂੰ ਬਰਖਾਸਤ ਕੀਤਾ ਸੀ।
ਆਪਣਿਆਂ ਨੇ ਘੇਰੀ ‘ਆਪ’
RELATED ARTICLES

