Breaking News
Home / ਹਫ਼ਤਾਵਾਰੀ ਫੇਰੀ / ਪੰਜਾਬੀ ਇਕ ਦਿਨ ‘ਚ ਛਕ ਜਾਂਦੇ ਨੇ 20 ਕਰੋੜ ਦੇ ਨਸ਼ੇ

ਪੰਜਾਬੀ ਇਕ ਦਿਨ ‘ਚ ਛਕ ਜਾਂਦੇ ਨੇ 20 ਕਰੋੜ ਦੇ ਨਸ਼ੇ

hoshiarpur mapਏਮਜ਼ ਵੱਲੋਂ ਨਸ਼ਿਆਂ ਬਾਰੇ ਕਰਵਾਏ ਸਰਵੇਖਣ ਦਾ ਸੱਚ
ਜਲੰਧਰ/ਬਿਊਰੋ ਨਿਊਜ਼
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸ਼ਕਤੀਕਰਨ ਵਿਭਾਗ ਦੁਆਰਾ ਪੰਜਾਬ ਵਿਚ ਅਫੀਮ ਤੇ ਇਸ ਤੋਂ ਬਣਦੇ ਨਸ਼ੇ ਵਿਚ ਫਸੇ ਲੋਕਾਂ ਦਾ ਅੰਦਾਜ਼ਾ ਲਗਾਉਣ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਦਿੱਲੀ (ਏਮਜ਼) ਦੀ ਮਾਹਿਰ ਟੀਮ ਵੱਲੋਂ ਕਰਵਾਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ‘ਚ ਨਸ਼ੇ ਬੜੀ ਗੰਭੀਰ ਸਮੱਸਿਆ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 10 ਜ਼ਿਲ੍ਹਿਆਂ ਵਿਚ ਸਰਵੇਖਣ ਕੀਤਾ ਗਿਆ, ਜਿਸ ਤਹਿਤ ਰਾਜ ਦੀ 60 ਫੀਸਦੀ ਵਸੋਂ ਆਈ ਤੇ ਸਰਵੇਖਣ ‘ਚ ਸਰਹੱਦੀ, ਅੰਤਰਰਾਜੀ, ਸ਼ਹਿਰੀ ਤੇ ਪੇਂਡੂ ਸਾਰੇ ਖੇਤਰ ਸ਼ਾਮਿਲ ਕੀਤੇ ਗਏ ਹਨ। ਫਰਵਰੀ-ਅਪ੍ਰੈਲ 2015 ਵਿਚ ਕਰਵਾਏ ਸਰਵੇਖਣ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੰਜਾਬ ‘ਚ ਅਫੀਮ ਆਧਾਰਿਤ ਨਸ਼ਿਆਂ ਉੱਪਰ ਹਰ ਰੋਜ਼ ਨਸ਼ਈ 20 ਕਰੋੜ ਰੁਪਏ ਖਰਚਦੇ ਹਨ। ਭਾਵ ਪੰਜਾਬੀ ਹਰ ਰੋਜ਼ 20 ਕਰੋੜ ਦੇ ਨਸ਼ੇ ਛਕ ਜਾਂਦੇ ਹਨ, ਜੋ ਕਿ ਸਾਲਾਨਾ ਖਰਚਾ 7575 ਕਰੋੜ ਰੁਪਏ ਦੇ ਕਰੀਬ ਬਣ ਜਾਂਦਾ ਹੈ। ਸਰਵੇਖਣ ਵਿਚ ਹੈਰੋਇਨ, ਅਫੀਮ, ਡੋਡੇ, ਭੁੱਕੀ ਅਤੇ ਅਫੀਮ ਵਾਲੀਆਂ ਦਵਾਈਆਂ ਦੇ ਆਦੀ ਲੋਕਾਂ ਬਾਰੇ ਹੀ ਪਤਾ ਲਗਾਉਣ ਦਾ ਯਤਨ ਕੀਤਾ ਗਿਆ, ਜਦਕਿ ਰਸਾਇਣਕ ਨਸ਼ੇ ਇਸ ਤੋਂ ਵੱਖਰੇ ਹਨ। ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਫੀਮ ਆਧਾਰਿਤ ਨਸ਼ਿਆਂ ਦੇ 10 ਜ਼ਿਲ੍ਹਿਆਂ ਵਿਚ ਆਦੀ ਲੋਕਾਂ ਦੀ ਗਿਣਤੀ 1,34,111 ਹੈ ਤੇ ਜੇਕਰ ਇਸ ਅੰਦਾਜ਼ੇ ਨੂੰ ਪੰਜਾਬ ਪੱਧਰ ‘ਤੇ ਦੇਖਿਆ ਜਾਵੇ ਤਾਂ ਇਹ ਗਿਣਤੀ 2,32,856 ਹੋ ਜਾਂਦੀ ਹੈ। ਅਫੀਮ ਆਧਾਰਿਤ ਨਸ਼ਿਆਂ ਦੇ ਆਦੀ ਲੋਕਾਂ ਦੇ ਸਰਵੇਖਣ ਮੁਤਾਬਿਕ ਵੱਧ ਤੋਂ ਵੱਧ ਗਿਣਤੀ ਸਵਾ ਤਿੰਨ ਲੱਖ ਦੇ ਕਰੀਬ ਹੈ। ਇਹ ਗਿਣਤੀ ਸਿਰਫ ਆਦੀ ਹੋ ਗਏ ਲੋਕਾਂ ਦੀ ਹੈ, ਪਰ ਅਜਿਹੇ ਨਸ਼ੇ ਵਰਤਣ ਵਾਲਿਆਂ ਦੀ ਗਿਣਤੀ 8 ਲੱਖ ਤੋਂ ਵਧੇਰੇ ਮੰਨੀ ਗਈ ਹੈ। ਸਰਵੇਖਣ ਨੇ ਸਪੱਸ਼ਟ ਕੀਤਾ ਹੈ ਕਿ ਨਸ਼ੇ ਦੇ ਆਦੀ ਤੇ ਨਸ਼ੇ ਵਰਤਣ ਵਾਲਿਆਂ ਨੂੰ ਫਰਕ ਰੱਖਣਾ ਜ਼ਰੂਰੀ ਹੁੰਦਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਬਿਆਨ ਦਿੱਤਾ ਗਿਆ ਸੀ ਕਿ ਏਮਜ਼ ਦੇ ਸਰਵੇਖਣ ਵਿਚ ਆਇਆ ਹੈ ਕਿ ਪੰਜਾਬ ‘ਚ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਸਿਰਫ 0.06 ਫੀਸਦੀ ਹੀ ਹੈ, ਨੂੰ ਸਰਵੇਖਣ ਦੇ ਸਾਰੇ ਤੱਥ ਝੁਠਲਾਉਂਦੇ ਹਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ 10 ਜ਼ਿਲ੍ਹਿਆਂ ਦੇ ਅਫੀਮ ਆਧਾਰਿਤ ਨਸ਼ਿਆਂ ਦੇ 3620 ਆਦੀ ਵਿਅਕਤੀਆਂ ਵਿਚੋਂ 76 ਫੀਸਦੀ 18 ਤੋਂ 35 ਸਾਲ ਦੀ ਉਮਰ ਦੇ ਹਨ। ਕਰੀਬ 99 ਫੀਸਦੀ ਮਰਦ ਤੇ 54 ਫੀਸਦੀ ਵਿਆਹੇ ਹਨ। ਨਸ਼ੇੜੀਆਂ ਦੀ ਵੱਡੀ ਗਿਣਤੀ (89 ਫੀਸਦੀ) ਪੜ੍ਹੇ-ਲਿਖੇ ਤੇ ਰਸਮੀ ਵਿੱਦਿਆ ਦੀ ਡਿਗਰੀ ਵਾਲੇ ਹਨ।  99 ਫੀਸਦੀ ਨਸ਼ੇੜੀ ਮਾਂ ਬੋਲੀ ਪੰਜਾਬੀ ਵਾਲੇ ਹਨ। ਇਸ ਉਮਰ ਗਰੁੱਪ ਵਿਚ ਹੈਰੋਇਨ ਲੈਣ ਵਾਲੇ 53 ਫੀਸਦੀ, ਅਫੀਮ, ਭੁੱਕੀ ਤੇ ਡੋਡੇ ਲੈਣ ਵਾਲੇ 33 ਫੀਸਦੀ ਤੇ ਅਫੀਮ ਤੋਂ ਬਣੀਆਂ ਦਵਾਈਆਂ ਲੈਣ ਵਾਲੇ 14 ਫੀਸਦੀ ਹਨ। ਇਹ ਨਸ਼ੇ ਨਸ਼ੇੜੀ ਆਪਣੇ ਨਾਲਦਿਆਂ ਦੇ ਪ੍ਰਭਾਵ ਹੇਠ ਖਾਣ ਲੱਗੇ ਹਨ। ਸਰਵੇਖਣ ਵਿਚ ਸਭ ਤੋਂ ਅਹਿਮ ਤੱਥ ਇਹ ਨੋਟ ਕੀਤਾ ਗਿਆ ਹੈ ਕਿ ਨਸ਼ਿਆਂ ਦੇ ਆਦੀ ਬਹੁਤ ਘੱਟ ਲੋਕ ਜੇਲ੍ਹਾਂ ਵਿਚ ਗਏ ਹਨ ਤੇ ਜਿਹੜੇ ਵਿਅਕਤੀ ਜੇਲ੍ਹਾਂ ਵਿਚ ਗਏ ਸਨ, ਉਨ੍ਹਾਂ ਦੱਸਿਆ ਕਿ ਜੇਲ੍ਹ ਦੇ ਅੰਦਰ ਹੀ ਉਹ ਨਸ਼ੇ ਖਾਂਦੇ ਰਹੇ ਹਨ। ਸਰਵੇਖਣ ਮੁਤਾਬਿਕ 80 ਫੀਸਦੀ ਨਸ਼ੇੜੀਆਂ ਨੇ ਕਿਸੇ ਨਾ ਕਿਸੇ ਸਮੇਂ ਨਸ਼ਾ ਛੱਡਣ ਦਾ ਯਤਨ ਕੀਤਾ, ਪਰ ਸਿਰਫ 35 ਫੀਸਦੀ ਲੋਕਾਂ ਨੂੰ ਹੀ ਇਲਾਜ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਮਿਲੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …