ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ‘ਪੰਥਕ’ ਵਿਵਾਦਾਂ ਦੇ ਘੇਰੇ ਵਿਚ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ‘ਭਾਂਡੇ ਮਾਂਜੇ’, ਗੁਰੂ ਅੱਗੇ ਅਰਦਾਸ ਕਰਕੇ ਮਾਫ਼ੀ ਮੰਗੀ। ਕੇਜਰੀਵਾਲ ਨੇ ਕਿਹਾ, ‘ਨਾ ਚਾਹੁੰਦੇ ਹੋਏ ਵੀ ਸਾਡੇ ਤੋਂ ਅਣਜਾਣੇ ਵਿਚ ਕੁਝ ਗਲਤੀਆਂ ਹੋ ਗਈਆਂ ਸਨ। ਉਸ ਦੀ ਹੀ ਮਾਫ਼ੀ ਮੰਗਣ ਲਈ ਦਰਬਾਰ ਸਾਹਿਬ ਵਿਚ ਉਨ੍ਹਾਂ ਸੇਵਾ ਕੀਤੀ ਹੈ। ਸੇਵਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲੀ। ਉਸ ਤੋਂ ਬਾਅਦ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ। ਉੱਥੇ ਵੀ ਸ਼ਾਂਤੀ ਮਿਲੀ ਹੈ। ਅਰਵਿੰਦ ਕੇਜਰੀਵਾਲ 45 ਮਿੰਟ ਤੱਕ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਬਾਹਰ ਆਪਣੇ ਸੀਨੀਅਰ ਸਾਥੀਆਂ ਨਾਲ ਭਾਂਡਿਆਂ ਦੀ ਸੇਵਾ ਨਿਭਾਉਂਦੇ ਰਹੇ। ਕੇਜਰੀਵਾਲ ਸੋਮਵਾਰ ਸਵੇਰੇ ਤਿੰਨ ਵੱਜ ਕੇ 47 ਮਿੰਟ ‘ਤੇ ਪਹੁੰਚੇ ਸਨ। ਸਾਢੇ ਪੰਜ ਵਜੇ ਸ੍ਰੀ ਹਰਿਮੰਦਰ ਸਾਹਿਬ ਤੋਂ ਵਾਪਸ ਪਰਤ ਗਏ। ਕੇਜਰੀਵਾਲ ਤਿੰਨ ਲੇਅਰ ਦੀ ਸਖ਼ਤ ਸੁਰੱਖਿਆ ਹੇਠ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਐਂਟਰੀ ਗੇਟ ਘੰਟਾ ਘਰ ਚੌਕ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਰਸਤੇ ਦੀਆਂ ਪੌੜੀਆਂ ਉੱਤਰਦੇ ਹੀ ਪੰਜਾਬ ਪੁਲਿਸ ਦੇ ਸਾਦਾ ਵਰਦੀ ਵਿਚ ਜਵਾਨਾਂ ਦੇ ਨਾਲ-ਨਾਲ ਦਿੱਲੀ ਤੇ ਪੰਜਾਬ ਦੇ ਵਰਕਰਾਂ ਨੇ ਉਨ੍ਹਾਂ ਨੂੰ ਤਿੰਨਾਂ ਪਾਸਿਓਂ ਆਪਣੀ ਸੁਰੱਖਿਆ ਵਿਚ ਘੇਰ ਲਿਆ।
ਪੌੜੀਆਂ ਉੱਤਰਦੇ ਹੀ ਜਦੋਂ ਉਹ ਪਵਿੱਤਰ ਪਰਿਕਰਮਾ ਵਿਚ ਪਹੁੰਚੇ ਤਾਂ ਉਨ੍ਹਾਂ ਉੇਥੇ ਮੱਥਾ ਟੇਕਿਆ। ਉਸ ਤੋਂ ਬਾਅਦ ਉਹ ਲੰਗਰ ਹਾਲ ਵੱਲ ਚਲੇ ਗਏ। ਭਾਂਡਿਆਂ ਦੀ ਸੇਵਾ ਕਰਨ ਤੋਂ ਬਾਅਦ ਕੇਜਰੀਵਾਲ ਪਰਿਕਰਮਾ ਵੱਲ ਵਧੇ। ਪਰਿਕਰਮਾ ਦੇ ਅੱਧੇ ਰਸਤੇ ਜਿੱਥੇ ਸੰਗਤ ਵੱਡੀ ਗਿਣਤੀ ਵਿਚ ਬੈਠੀ ਸੀ, ਕੇਜਰੀਵਾਲ ਉਨ੍ਹਾਂ ਦੇ ਨਾਲ ਹੀ ਬੈਠ ਗਏ। ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ, ਆਸ਼ੀਸ਼ ਖੇਤਾਨ, ਵਿਧਾਇਕ ਜਰਨੈਲ ਸਿੰਘ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਸ਼ਾਮਲ ਸਨ। ਕੇਜਰੀਵਾਲ ਪਰਿਕਰਮਾ ਵਿਚ ਲਗਪਗ ਤੀਹ ਮਿੰਟ ਤੱਕ ਬੈਠੇ ਰਹੇ। ਕੇਜਰੀਵਾਲ ਪਰਿਕਰਮਾ ਤੋਂ ਉੱਠੇ। ਫਿਰ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਚ ਦੇਗ ਚੜ੍ਹਾਉਣ ਲਈ ਪ੍ਰਸ਼ਾਦ ਲਿਆ। ਉਪਰੰਤ ਉਹ ਸ੍ਰੀ ਹਰਿਮੰਦਰ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ। ਉੱਥੇ ਉਨ੍ਹਾਂ 51 ਪੁਆਇੰਟ ਚੋਣ ਐਲਾਨ ਪੱਤਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਨਾਲ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਫੋਟੋ ਪ੍ਰਕਾਸ਼ਿਤ ਕਰਨ ‘ਤੇ ਮਾਫੀ ਮੰਗੀ। ਕੇਜਰੀਵਾਲ ਸ੍ਰੀ ਅਕਾਲ ਤਖਤ ਸਾਹਿਬ ਵੀ ਗਏ, ਜਿੱਥੇ ਉਨ੍ਹਾਂ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਸ੍ਰੀ ਅਕਾਲ ਤਖਤ ਸਾਹਿਬ ਵਿਚ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਪ੍ਰੰਤੂ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਉੱਤਰ ਨਹੀਂ ਦਿੱਤਾ।
ਸਾਫ਼ ਭਾਂਡੇ ਹੀ ਧੋਤੇ : ਅਰਵਿੰਦ ਕੇਜਰੀਵਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਤਾਂ ਮੁਆਫ਼ੀ ਮੰਗਣ ਸੀ ਪਰ ਉਹ ਸਾਫ਼ ਕੀਤੇ ਹੋਏ ਭਾਂਡੇ ਹੀ ਧੋ ਕੇ ਇਕ ਹੋਰ ਵਿਵਾਦ ‘ਚ ਘਿਰ ਗਏ। ਕੇਜਰੀਵਾਲ ਜਦੋਂ ਲੰਗਰ ਹਾਲ ਵਿਚ ਪਹੁੰਚੇ ਤਾਂ ਉਹ ਸਿੱਧੇ ਉਸ ਸਥਾਨ ‘ਤੇ ਪਹੁੰਚੇ ਜਿੱਥੇ ਪਹਿਲਾਂ ਹੀ ਸੰਗਤ ਭਾਂਡੇ ਧੋ ਕੇ ਰੱਖ ਦਿੰਦੀ ਹੈ। ਕੇਜਰੀਵਾਲ ਨੇ ਇਨ੍ਹਾਂ ਧੋਤੇ ਹੋਏ ਭਾਂਡਿਆਂ ਵਿਚ ਫਿਰ ਸਰਫ ਲਗਾ ਕੇ ਭਾਂਡੇ ਧੋਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਵੀ ਭਾਂਡੇ ਧੋਣ ਦੀ ਸੇਵਾ ਨਿਭਾਈ। ਭਾਂਡੇ ਧੋਣ ਦੀ ਸੇਵਾ ਵਿਚ ਜਦੋਂ ਸੰਗਤ ਲੰਗਰ ਛਕ ਕੇ ਆਪਣੇ ਭਾਂਡੇ ਬਾਹਰ ਲਿਆਉਂਦੀ ਹੈ ਤਾਂ ਉੱਥੇ ਖੜ੍ਹੇ ਸ਼ਰਧਾਲੂ ਭਾਂਡਿਆਂ ਨੂੰ ਫੜ ਲੈਂਦੇ ਹਨ। ਭਾਂਡਿਆਂ ਵਿਚ ਪਈ ਜੂਠ ਨੂੰ ਇਕ ਪਲਾਸਟਿਕ ਦੇ ਇਕ ਡਰੰਮ ਵਿਚ ਸੁੱਟ ਦਿੰਦੇ ਹਨ। ਫਿਰ ਉਨ੍ਹਾਂ ਪਲੇਟਾਂ ਨੂੰ ਕੁਝ ਅੱਗੇ ਖੜ੍ਹੇ ਸੇਵਾਦਾਰ ਫੜ ਕੇ ਪਹਿਲੇ ਪੜਾਅ ਵਿਚ ਰੱਖ ਦਿੰਦੇ ਹਨ ਜਿੱਥੇ ਚੰਗੀ ਤਰ੍ਹਾਂ ਭਾਂਡਿਆਂ ਨੂੰ ਸਰਫ ਨਾਲ ਧੋਤਾ ਜਾਂਦਾ ਹੈ। ਫਿਰ ਉਸ ਦੇ ਅੱਗੇ ਇਨ੍ਹਾਂ ਭਾਂਡਿਆਂ ਨੂੰ ਦੁਬਾਰਾ ਧੋਤਾ ਜਾਂਦਾ ਹੈ। ਕੇਜਰੀਵਾਲ ਨੇ ਇਸੇ ਸਥਾਨ ‘ਤੇ ਆ ਕੇ ਭਾਂਡੇ ਧੋਣ ਦੀ ਸੇਵਾ ਕੀਤੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …