Breaking News
Home / ਮੁੱਖ ਲੇਖ / ਮੁਲਾਕਾਤ : ਬੱਚਿਆਂ ਦੀਆਂ ਲੋੜਾਂ ਨੂੰ ਸਮਝ ਕੇ ਸਰਲ ਭਾਸ਼ਾ ‘ਚ ਬਾਲ ਸਾਹਿਤ ਸਿਰਜਨਾ ਦੀ ਲੋੜ : ਹਰੀ ਕ੍ਰਿਸ਼ਨ ਮਾਇਰ

ਮੁਲਾਕਾਤ : ਬੱਚਿਆਂ ਦੀਆਂ ਲੋੜਾਂ ਨੂੰ ਸਮਝ ਕੇ ਸਰਲ ਭਾਸ਼ਾ ‘ਚ ਬਾਲ ਸਾਹਿਤ ਸਿਰਜਨਾ ਦੀ ਲੋੜ : ਹਰੀ ਕ੍ਰਿਸ਼ਨ ਮਾਇਰ

ਡਾ. ਦੇਵਿੰਦਰ ਪਾਲ ਸਿੰਘ
ਪਿਛਲੇ ਦਿਨ੍ਹੀਂ ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਦੀ ਕੈਨੇਡਾ ਫੇਰੀ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਹੋ ਗਈ। ਕਿੱਤੇ ਵਜੋਂ ਅਧਿਆਪਨ ਦੇ ਖੇਤਰ ਨਾਲ ਸੰਬੰਧਤ ਹਰੀ ਕ੍ਰਿਸ਼ਨ ਮਾਇਰ ਦਾ ਵਿਗਿਆਨ ਪਰਸਾਰ ਕਾਰਜਾਂ ਵਿਚ ਯੋਗਦਾਨ ਵਿਲੱਖਣ ਰਿਹਾ ਹੈ। ਵਿਗਿਆਨ ਦੇ ਔਖੇ ਤੇ ਨੀਰਸ ਵਿਸ਼ਿਆਂ ਨੂੰ ਸਰਲ ਭਾਸ਼ਾ ਵਿਚ ਬਿਆਨ ਕਰਨਾ ਉਨ੍ਹਾਂ ਦੀ ਵਿਸ਼ੇਸ਼ ਮੁਹਾਰਿਤ ਹੈ। ਉਨ੍ਹਾਂ ਨੇ ਬਾਲਾਂ ਵਿਚ ਵਿਗਿਆਨ ਪ੍ਰਚਾਰ ਕਾਰਜਾਂ ਵਿਚ ਖ਼ਾਸ ਦਿਲਚਸਪੀ ਲੈਂਦੇ ਹੋਏ ਅਜਿਹੇ ਕਾਰਜਾਂ ਲਈ ਕਹਾਣੀ, ਕਵਿਤਾ ਤੇ ਵਾਰਤਕ ਵਿਧਾ ਨੂੰ ਆਪਣੀਆਂ ਰਚਨਾਵਾਂ ਦਾ ਅਧਾਰ ਬਣਾਇਆ। ਉਨ੍ਹਾਂ ਦੀਆਂ ਹੁਣ ਤਕ ਲਗਭਗ ਡੇਢ ਦਰਜਨ ਕਿਤਾਬਾਂ ਤੇ 125 ਰਚਨਾਵਾਂ ਦੇਸ਼ ਵਿਦੇਸ਼ ਦੀਆਂ ਪ੍ਰਸਿੱਧ ਅਖ਼ਬਾਰਾਂ ਤੇ ਮੈਗਜੀਨਾਂ ਵਿਚ ਛੱਪ ਚੁੱਕੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਭਾਸ਼ਾ ਤੋਂ ਇਲਾਵਾ ਹਿੰਦੀ, ਸ਼ਾਹਮੁਖੀ ਲਿੱਪੀ ਤੇ ਅੰਗਰੇਜ਼ੀ ਵਿਚ ਵੀ ਛਪੀਆਂ ਹਨ। ਮੌਲਿਕ ਰਚਨਾਵਾਂ ਤੋਂ ਇਲਾਵਾਂ ਉਨ੍ਹਾਂ ਸੰਪਾਦਨ, ਤੇ ਹੋਰਨਾਂ ਭਾਸ਼ਾਵਾਂ ਤੋਂ ਪੰਜਾਬੀ ਵਿਚ ਅਨੁਵਾਦ ਕਾਰਜ ਵੀ ਸਫਲਤਾਪੂਰਣ ਕੀਤੇ ਹਨ। ਉਨ੍ਹਾਂ ਦੀ ਸਾਹਿਤਕ ਯਾਤਰਾ ਬਾਰੇ ਹੋਰ ਵਧੇਰੇ ਵਿਸਥਾਰ ਨਾਲ ਜਾਨਣ ਦੀ ਇੱਛਾ ਚਿਰਾਂ ਤੋਂ ਸੀ ਜੋ ਇਸ ਮੁਲਾਕਾਤ ਦੌਰਾਨ ਪੂਰੀ ਹੋ ਸਕੀ। ਮੁਲਾਕਾਤ ਦੌਰਾਨ ਹੋਏ ਵਿਚਾਰ-ਵਟਾਂਦਰੇ ਦਾ ਵੇਰਵਾ ਕੁਝ ਇੰਝ ਰਿਹਾ:
ਡਾ. ਸਿੰਘ : ਹਰੀ ਕ੍ਰਿਸ਼ਨ ਮਾਇਰ ਜੀ, ਤੁਸੀਂ ਲੰਬੇ ਸਮੇਂ ਤੋਂ ਵਿੱਦਿਅਕ ਖੇਤਰ ਵਿੱਚ ਸੇਵਾ ਕਾਰਜ ਕੀਤੇ ਹਨ, ਇਨ੍ਹਾਂ ਕਾਰਜਾਂ ਵੱਲ ਰੁਚੀ ਕਿਵੇਂ ਅਤੇ ਕਦੋਂ ਸ਼ੁਰੂ ਹੋਈ?
ਹਰੀ ਕ੍ਰਿਸ਼ਨ ਮਾਇਰ : ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸਾਂ, ਤੇ ਫਿਰ ਕਾਲਜ ਅਤੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਲੋਕਾਂ ਨੂੰ ਫੋਕੇ ਅੰਧ ਵਿਸ਼ਵਾਸ਼ਾਂ ਵਿੱਚ ਗ੍ਰੱਸੇ, ਟੂਣੇ ਤਬੀਤ, ਜਾਂ ਹੱਥੌਲੇ ਕਰਾਉਂਦੇ, ਅਖੌਤੀ ਬਾਬਿਆਂ ਦੇ ਡੇਰਿਆਂ ਦੇ ਚੱਕਰ ਲਾਉਂਦੇ ਦੇਖਦਾ ਸਾਂ (ਭਾਵੇ ਅੱਜ ਵੀ ਲੋਕ ਇਸ ਦਲਦਲ ਵਿਚੋਂ ਬਾਹਰ ਨਹੀਂ ਨਿਕਲ ਸਕੇ।) ਉਦੋਂ ਮੈਂ ਸੋਚਦਾ ਹੁੰਦਾ ਸਾਂ ਕਿ ਮੈਂ ਪੜ੍ਹਨ ਉਪਰੰਤ ਵਿਗਿਆਨ ਦਾ ਅਧਿਆਪਕ ਬਣਾਂਗਾ ਅਤੇ ਲੋਕਾਂ ਨੂੰ ਇਸ ਰੁਝਾਨ ਵਿਚੋਂ ਬਾਹਰ ਕੱਢਣ ਲਈ ਕੰਮ ਕਰਾਂਗਾ। ਸੋ ਮੈਂ ਵਿਗਿਆਨ ਦਾ ਅਧਿਆਪਕ ਬਣ ਗਿਆ ਅਤੇ ਬੱਚਿਆਂ ਵਿਚ ਵਿਗਿਆਨਕ ਸੋਚ ਦੇ ਬੀਜਦਾ ਰਿਹਾ ਹਾਂ। ਉਨ੍ਹਾਂ ਨੂੰ ਸਹੀ ਗਲਤ ਪਹਿਚਾਨਣ ਦਾ ਸਬਕ ਦਿੱਤਾ ਹੈ।
ਡਾ. ਸਿੰਘ : ਆਪਣੇ ਪਰਿਵਾਰਕ ਪਿਛੋਕੜ ਅਤੇ ਵਿੱਦਿਅਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿਉ?
ਹਰੀ ਕ੍ਰਿਸ਼ਨ ਮਾਇਰ : ਮੈਂ ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਬਗਲੀ ਕਲਾਂ ਦਾ ਜੰਮਪਲ ਹਾਂ। ਇਕ ਭਰਾ ਮੇਰਾ ਗਣਿਤ ਦਾ ਪ੍ਰੋਫੈਸਰ ਸੀ ਅਤੇ ਛੋਟਾ ਇਲੈਕਟ੍ਰੀਕਲ ਇੰਜੀਨੀਅਰ, ਮੈਂ ਫਿਜ਼ਿਕਸ ਦੀ ਐਮ. ਐਸਸੀ., ਬੀ. ਐਸਸੀ. (ਆਨਰਜ਼ ਫਿਜ਼ਿਕਸ), ਪੰਜਾਬੀ ਦੀ ਐਮ.ਏ, ਪੀ.ਜੀ.ਡਿਪਲੋਮਾ ਇਨ ਜਨਰੇਲਿਜਮ ਐਂਡ ਮਾਸ ਕਮਨੀਕੇਸ਼ਨ ਵਰਗੀਆਂ ਯੋਗਤਾਵਾਂ ਰੱਖਣ ਵਾਲਾ ਇਕ ਆਮ ਜਿਹਾ ਇਨਸਾਨ ਹਾਂ।
ਡਾ. ਸਿੰਘ: ਸਾਹਿਤ ਪੜ੍ਹਨ ਅਤੇ ਸਿਰਜਨਾ ਦੀ ਲਗਨ ਕਦੋਂ ਅਤੇ ਕਿਵੇਂ ਲੱਗੀ?
ਹਰੀ ਕ੍ਰਿਸ਼ਨ ਮਾਇਰ : ਸਾਹਿਤ ਸਿਰਜਨਾ ਦੀ ਲਗਨ ਮੈਨੂੰ ਪ੍ਰਾਇਮਰੀ ਸਕੂਲ ਤੋਂ ਹੀ ਲੱਗ ਗਈ ਸੀ। ਸ਼ਨਿਚਰਵਾਰ ਦੇ ਦਿਨ ਬਾਲ ਦਰਬਾਰ ਵਿਚ ਮੈਂ ਆਪ ਜੋੜੀਆਂ ਤੁੱਕਾਂ ਸੁਣਾਉਂਦਾ ਹੁੰਦਾ ਸਾਂ। ਮੈਨੂੰ ਸਟੇਜ ‘ਤੇ ਆਉਣ ਦਾ ਮੌਕਾ ਮਿਲਦਾ ਰਹਿੰਦਾ ਸੀ। ਸਾਹਿਤ ਪੜ੍ਹਨ ਦੀ ਚੇਟਕ ਮੈਨੂੰ ਹਾਈ ਸਕੂਲ ਵਿਚ ਜਾ ਕੇ ਲੱਗੀ। ਸਾਡੇ ਪੰਜਾਬੀ ਦੇ ਅਧਿਆਪਕ ਸ਼੍ਰੀ ਸ਼ਾਮ ਲਾਲ ਨਾਰਦ ਹੁੰਦੇ ਸਨ, ਉਨ੍ਹਾਂ ਸਾਨੂੰ ਧਨਵੰਤ ਸਿੰਘ ਸੀਤਲ ਦੀਆਂ ਨਿੱਕੀਆਂ ਨਿੱਕੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾਈ। ਫੇਰ ਚੱਲ ਸੋ ਚੱਲ। ਇਸ ਨਾਲ ਮੈਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਗਈ।
ਡਾ. ਸਿੰਘ : ਤੁਸੀਂ ਸਾਹਿਤਕ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ। ਹੁਣ ਤੱਕ ਕਿੰਨੀਆਂ ਕੁ ਕਿਤਾਬਾਂ ਲਿਖ ਕੇ ਛਪਵਾ ਚੁੱਕੇ ਹੋ?
ਹਰੀ ਕ੍ਰਿਸ਼ਨ ਮਾਇਰ : ਹੁਣ ਤੱਕ ਮੇਰੀਆਂ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ। ਕੁਝ ਪ੍ਰਕਾਸ਼ਨ ਅਧੀਨ ਹਨ। ਨੇੜ ਭਵਿੱਖ ਵਿੱਚ ਜਲਦੀ ਹੀ ਛਪ ਜਾਣਗੀਆ।
ਡਾ. ਸਿੰਘ : ਤੁਸੀਂ ਸਾਹਿਤ ਸਿਰਜਨ ਲਈ ਕਿਹੜੇ ਵਿਸ਼ੇ ਚੁਣੇ ਅਤੇ ਕਿਉਂ?
ਹਰੀ ਕ੍ਰਿਸ਼ਨ ਮਾਇਰ : ਸਾਹਿਤ ਸਿਰਜਨਾਂ ਲਈ ਮੈਂ ਗਿਆਨ ਵਿਗਿਆਨ ਦੇ ਵਿਸ਼ੇ ਚੁਣੇ ਹਨ। ਬਾਲਾਂ ਲਈ ਵੀ ਅਤੇ ਵੱਡੀ ਉਮਰ ਦੇ ਪਾਠਕਾਂ ਲਈ ਵੀ।
ਡਾ. ਸਿੰਘ : ਤੁਸੀਂ ਵਿਸ਼ੇਸ਼ ਕਰਕੇ ਕਿਹੜੀਆਂ ਸਾਹਿਤਕ ਵਿਧਾਵਾਂ ਵਿੱਚ ਰਚਨਾ ਕਾਰਜ ਕੀਤੇ ਹਨ?
ਹਰੀ ਕ੍ਰਿਸ਼ਨ ਮਾਇਰ : ਮੈਂ ਵਿਗਿਆਨਕ ਨਿਬੰਧ, ਜੀਵਨੀਆਂ, ਕਹਾਣੀਆਂ, ਕਵਿਤਾਵਾਂ, ਬਾਲ ਸਾਹਿਤ ਵਿਚ ਕਹਾਣੀ, ਕਵਿਤਾ, ਗੀਤ ਅਤੇ ਬੁਝਾਰਤਾਂ ਦੀ ਮੌਲਿਕ ਸਿਰਜਨਾ ਕੀਤੀ ਹੈ।
ਡਾ. ਸਿੰਘ : ਤੁਹਾਡਾ ਬਹੁਤਾ ਕੰਮ ਬਾਲ ਸਾਹਿਤ ਵਿੱਚ ਹੈ। ਬਾਲ ਸਾਹਿਤ ਦੇ ਖੇਤਰ ਦੀ ਚੋਣ ਕਰਨ ਪਿੱਛੇ ਕੀ ਕਾਰਨ ਸੀ?
ਹਰੀ ਕ੍ਰਿਸ਼ਨ ਮਾਇਰ : ਬਾਲ ਸਾਹਿਤ ਵਿਚ ਮੇਰਾ ਰਚਨਾ ਕਾਰਜ ਜ਼ਿਆਦਾ ਹੈ। ਆਪਣੀ ਸਿਰਜਨਾ ਦਾ ਆਧਾਰ ਮੈਂ ਵਿਗਿਆਨਕ ਨਜ਼ਰੀਏ ਨੂੰ ਬਣਾਇਆ ਹੈ। ਇਸ ਖੇਤਰ ਨੂੰ ਚੁਣਨ ਪਿੱਛੇ ਕਾਰਨ ਇਹ ਹੈ ਕਿ ਮੈਂ ਬਾਲ ਮਨਾਂ ਦੀ ਮਿੱਟੀ ਵਿਚ ਤਰਕ ਦਾ ਬੀਜ ਬੀਜਣਾ ਚਾਹੁੰਦਾ ਹਾਂ ਤਾਂ ਕਿ ਵੱਡੇ ਹੋ ਕੇ ਉਹ ਸੰਤੁਲਤ ਸੋਚ ਵਾਲੇ ਮਨੁੱਖ ਬਨਣ। ਉਹ ਸਹੀ ਗਲਤ ਦਾ ਫੈਸਲਾ ਕਰਨ ਜੋਗੇ ਹੋ ਜਾਣ। ਇਸੇ ਕਰਕੇ ਮੈਂ ਬਾਲ ਸਾਹਿਤ ਦੇ ਖੇਤਰ ਨੂੰ ਚੁਣਿਆਂ ਹੈ।
ਡਾ. ਸਿੰਘ : ਕੀ ਤੁਸੀਂ ਅੱਜ ਲਿਖੇ ਜਾ ਰਹੇ ਪੰਜਾਬੀ ਸਾਹਿਤ ਦੇ ਵਿਸ਼ਾ ਵਸਤੂ ਅਤੇ ਮਿਆਰ ਤੋਂ ਸੰਤੁਸ਼ਟ ਹੋ? ਜਾਂ ਕਿਸੇ ਸੁਧਾਰ ਦੀ ਲੋੜ ਹੈ। ਜੇ ਸੁਧਾਰ ਦੀ ਲੋੜ ਹੈ ਤਾਂ ਬਾਲ ਸਾਹਿਤ ਲਿਖਣ ਵਾਲਿਆਂ ਨੂੰ ਕਿੰਨਾ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ?
ਹਰੀ ਕ੍ਰਿਸ਼ਨ ਮਾਇਰ : ਪੰਜਾਬੀ ਬਾਲ ਸਾਹਿਤ ਰਚਨਾਵਾਂ ਦੇ ਵਿਸ਼ਾ ਵਸਤੂ ਅਤੇ ਮਿਆਰ ਤੋਂ ਮੈਂ ਬਹੁਤਾ ਸੰਤੁਸ਼ਟ ਨਹੀਂ ਹਾਂ। ਸਾਡੀਆਂ ਬਾਲਾਂ ਲਈ ਲਿਖੀਆਂ ਕਵਿਤਾਵਾਂ, ਕਹਾਣੀਆਂ ਵਿਚ ਕਈ ਵਾਰ ਤਾਂ ਬੱਚਾ ਹੀ ਪਾਤਰ ਨਹੀਂ ਹੁੰਦਾ।ਬਹੁਤੇ ਲੇਖਕ ਰਚਨਾਵਾਂ ਵਿੱਚ ਸਮਝੌਣੀਆਂ ਹੀ ਦਿੰਦੇ ਹਨ। ਬਾਲ ਸਾਹਿਤ ਰਚਨਾ ਬੱਚੇ ਦੁਆਲੇ ਘੁੰਮਣੀ ਚਾਹੀਦੀ ਹੈ। ਜੇ ਕੋਈ ਲੇਖਕ ਆਪਣੀਆਂ ਯਾਦਾਂ ਨੂੰ ਸਾਹਿਤਕ ਰੂਪ ਦੇ ਦੇਵੇ ਤਾਂ ਉਹ ਬਾਲ ਸਾਹਿਤ ਨਹੀਂ ਬਣ ਜਾਦਾ। ਤਕਨੀਕ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਕਰਕੇ, ਬੱਚਾ ਹਰ ਰੋਜ ਕੁਝ ਨਾਂ ਕੁਝ ਨਵਾਂ ਮੰਗਦਾ ਹੈ। ਸਿੱਖਣਾ ਚਾਹੁੰਦਾ, ਜਾਨਣਾ ਚਾਹੁੰਦਾ ਹੈ। ਲੇਖਕ ਆਪਣੇ ਆਪ ਨੂੰ ਅਪਡੇਟ ਕਰੇ ਤੇ ਨਵਾਂ ਕੁਝ ਸਿਰਜੇ। ਜੇ ਤੁਸੀਂ ਉਸ ਨੂੰ ਵਧੀਆ ਸਾਹਿਤ ਨਹੀਂ ਦਿਓਗੇ, ਗਲਤ ਲੋਕ ਉਨ੍ਹਾਂ ਨੂੰ ਉਂਗਲੀ ਲਾ ਕੇ ਗਲਤ ਪਾਸੇ ਮੋੜ ਲਿਜਾਣਗੇ। ਤੁਹਾਨੂੰ ਪਛਤਾਉਣਾ ਪੈ ਜਾਵੇਗਾ।
ਡਾ. ਸਿੰਘ : ਪੰਜਾਬੀ ਬਾਲ ਸਾਹਿਤ ਹਿੰਦੀ, ਬੰਗਾਲੀ ਅਤੇ ਹੋਰ ਭਾਸ਼ਾਵਾਂ ਦੀ ਤੁਲਨਾ ਕਰਦਿਆਂ ਕਿਹੜਾ ਸਥਾਨ ਰੱਖਦਾ ਹੈ?
ਹਰੀ ਕ੍ਰਿਸ਼ਨ ਮਾਇਰ : ਪੰਜਾਬੀ ਬਾਲ ਸਾਹਿਤ ਹਿੰਦੀ, ਬੰਗਲਾ, ਅਤੇ ਹੋਰ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਵਿਚ ਅਜੇ ਪਿੱਛੇ ਹੈ। ਪੰਜਾਬੀ ਵਿੱਚ ਬਾਲ ਸਾਹਿਤ ਵਿੱਚ ਲੇਖਕ ਨਵੇਂ ਪ੍ਰਯੋਗ ਨਹੀਂ ਕਰਦੇ। ਨਾਂ ਹੀ ਬਹੁਤੇ ਲੇਖਕ ਹੋਰਨਾਂ ਭਾਸ਼ਾਵਾਂ ਦਾ ਬਾਲ ਸਾਹਿਤ ਪੜ੍ਹਦੇ ਹਨ। ਇਥੇ ਬਾਲ ਸਾਹਿਤ ਨੂੰ ਲਿਖਣਾ ਸੌਖਾ ਜਿਹਾ ਕੰਮ ਸਮਝਿਆ ਜਾਂਦਾ ਹੈ। ਜਦ ਕਿ ਇਹ ਬੜਾ ਔਖਾ ਕਾਰਜ ਹੈ। ਤਾਂ ਹੀ ਢੇਰਾਂ ਕਿਤਾਬਾਂ ਛਪ ਰਹੀਆਂ ਹਨ ਅਤੇ ਬਾਲ ਪਾਠਕ ਉਨ੍ਹਾਂ ਵੱਲ ਮੂੰਹ ਨਹੀਂ ਕਰਦੇ।
ਡਾ. ਸਿੰਘ : ਅੰਤਰ ਰਾਸ਼ਟਰੀ ਪੱਧਰ ਦੇ ਤੁਲਨਾਤਮਿਕ ਨਜ਼ਰੀਏ ਤੋਂ ਮੌਜੂਦਾ ਪੰਜਾਬੀ ਬਾਲ ਸਾਹਿਤ ਦਾ ਵਿਸ਼ਾ ਵਸਤੂ ਅਤੇ ਮਿਆਰ ਕਿੱਥੇ ਕੁ ਖਲੋਤਾ ਹੈ?
ਹਰੀ ਕ੍ਰਿਸ਼ਨ ਮਾਇਰ : ਅੰਤਰ ਰਾਸ਼ਟਰੀ ਪੱਧਰ ‘ਤੇ ਹੋਰਨਾਂ ਭਾਸ਼ਾਵਾਂ ਨਾਲ ਪੰਜਾਬੀ ਬਾਲ ਸਾਹਿਤ ਦੀ ਤੁਲਨਾ ਕਰੀਏ ਤਾਂ ਇਹ ਬੱਚਿਆਂ ਦੇ ਮਨ ਨੂੰ ਟੁੱਬਣ ਵਿਚ ਬਹੁਤਾ ਸਫਲ ਨਹੀਂ ਹੋ ਰਿਹਾ। ਉਂਝ ਕੁਝ ਲੇਖਕ ਪੂਰੀ ਮਿਹਨਤ ਕਰ ਰਹੇ ਹਨ। ਪੰਜਾਬੀ ਬਾਲ ਸਾਹਿਤ ਚਲਵਾਂ ਕਿਸਮ ਦਾ ਵੱਧ ਹੈ, ਮਿਆਰੀ ਬਹੁਤ ਘੱਟ। ਇਹ ਬੱਚਿਆ ਦੇ ਅੰਤ੍ਰੀਵ ਨੂੰ ਨਹੀਂ ਚਿਤਵਦਾ। ਉਨ੍ਹਾਂ ਦੀ ਮਾਨਸਿਕ ਭੁੱਖ ਨੂੰ ਤ੍ਰਿਪਤ ਨਹੀਂ ਕਰ ਸਕਿਆ।
ਡਾ. ਸਿੰਘ : ਤੁਸੀਂ ਪੰਜਾਬੀ ਭਾਸ਼ਾ ਵਿੱਚ ਸੰਪਾਦਨ ਅਤੇ ਅਨੁਵਾਦ ਦਾ ਕਾਰਜ ਵੀ ਕੀਤਾ ਹੈ। ਮੌਲਿਕ ਰਚਨਾ, ਸੰਪਾਦਨ ਅਤੇ ਅਨੁਵਾਦ ਵਿੱਚੋਂ ਤੁਹਾਡਾ ਮਨ-ਭਾਉਂਦਾ ਕਾਰਜ ਕਿਹੜਾ ਹੈ ਤੇ ਕਿਉਂ?
ਹਰੀ ਕ੍ਰਿਸ਼ਨ ਮਾਇਰ : ਮੇਰਾ ਮਨ ਭਾਉਦਾ ਕਾਰਜ ਮੌਲਿਕ ਸਾਹਿਤ ਸਿਰਜਨਾ ਹੀ ਹੈ। ਸੰਪਾਦਨ ਦੌਰਾਨ ਅੱਛੀਆਂ ਰਚਨਾਵਾਂ ਚੁਣ ਕੇ ਪਾਠਕਾਂ ਤੀਕਰ ਪਹੁੰਚਦੀਆਂ ਕਰਕੇ ਮੇਰਾ ਮਨ ਸੰਤੁਸ਼ਟ ਹੁੰਦਾ ਹੈ। ਅਨੁਵਾਦ ਨਾਲ ਮੈਂ ਦੂਜੀਆਂ ਭਾਸ਼ਾਵਾਂ ਦੇ ਸ਼੍ਰੇਸ਼ਟ ਸਾਹਿਤਕ ਕੰਮ ਨੂੰ ਪੰਜਾਬੀ ਬਾਲ ਸਾਹਿਤ ਵਿਚ ਲੈ ਕੇ ਆਉਣ ਦਾ ਉਪਰਾਲਾ ਕਰਦਾ ਹਾਂ। ਤਾਂ ਜੋਂ ਪਤਾ ਚਲੇ ਕਿ ਸਾਡੇ ਲੇਖਕ (ਅਤੇ ਮੈਂ ਵੀ) ਹੋਰਨਾਂ ਭਾਸ਼ਾਵਾਂ ਦੀ ਤੁਲਨਾ ਕਰਦਿਆਂ ਕਿੱਥੇ ਕੁ ਖੜ੍ਹੇ ਹਨ, ਅਤੇ ਪੰਜਾਬੀ ਲੇਖਕ ਹੋਰ ਮਿਆਰੀ ਸਾਹਿਤ ਲਿਖਣ ਵਲ ਪ੍ਰੇਰਿਤ ਹੋਣ।
ਡਾ. ਸਿੰਘ : ਤੁਸੀਂ ਵਿਗਿਆਨਿਕ ਕਵਿਤਾਵਾਂ ਵੀ ਲਿਖੀਆਂ ਹਨ। ਵਿਗਿਆਨ ਵਰਗੇ ਖੁਸ਼ਕ ਜਿਹੇ ਵਿਸ਼ੇ ਤੇ ਕਵਿਤਾਵਾਂ ਲਿਖਣਾ ਡਾਢਾ ਔਖਾ ਕੰਮ ਹੁੰਦਾ ਹੈ। ਤੁਸੀਂ ਇਸ ਕੋਸ਼ਿਸ਼ ਵਿੱਚ ਕਿੰਨੇ ਕੁ ਸਫਲ ਰਹੇ? ਕੀ ਤੁਸੀਂ ਇਨ੍ਹਾਂ ਕਵਿਤਾਵਾਂ ਦੀ ਕੋਈ ਕਿਤਾਬ ਵੀ ਪ੍ਰਕਾਸ਼ਤ ਕਰਵਾਈ ਹੈ?
ਹਰੀ ਕ੍ਰਿਸ਼ਨ ਮਾਇਰ : ਮੈਂ ਵਿਗਿਆਨਿਕ ਵਿਸ਼ਿਆਂ ‘ਤੇ ਵੀ, ਖਾਸ ਕਰਕੇ ਜੀਵ ਜੰਤੂਆਂ ਬਾਰੇ ਲੰਬੀਆਂ ਕਵਿਤਾਵਾਂ ਲਿਖੀਆਂ ਹਨ। ਇਹ ਬੜੀਆਂ ਦਿਲਚਸਪ ਹਨ। ਬੱਚੇ ਇਨ੍ਹਾਂ ਨੂੰ ਅਖਬਾਰਾਂ ਵਿਚੋਂ ਪੜ੍ਹਦੇ ਤੇ ਪਸੰਦ ਕਰਦੇ ਰਹੇ ਹਨ। ਇਨ੍ਹਾਂ ਕਵਿਤਾਵਾਂ ਦੀਆਂ ਦੋ ਪੁਸਤਕਾਂ : ਅਸੀਂ ਜੀਵ ਜੰਤੂ-1 ਅਤੇ -2 ਪ੍ਰਕਾਸ਼ਤ ਹੋ ਚੁੱਕੀਆਂ ਹਨ।
ਡਾ. ਸਿੰਘ : ਤੁਹਾਡੀਆਂ ਰਚਨਾਵਾਂ ਪੰਜਾਬੀ ਵਿੱਚ ਹੀ ਛਪੀਆਂ ਹਨ ਜਾਂ ਹੋਰ ਭਾਸ਼ਾਵਾਂ ਵਿੱਚ ਵੀ?
ਹਰੀ ਕ੍ਰਿਸ਼ਨ ਮਾਇਰ : ਮੇਰੀਆਂ ਬਹੁਤੀਆਂ ਰਚਨਾਵਾਂ ਪੰਜਾਬੀ ਵਿਚ ਹੀ ਛਪੀਆਂ ਹਨ। ਪਰ ਬਾਲ ਕਹਾਣੀਆਂ ਦੀ ਇਕ ਪੁਸਤਕ: ‘Red Butterflies’ ਅੰਗ੍ਰੇਜੀ ਵਿਚ ਛਪੀ ਹੈ। ਕੁਝ ਕਹਾਣੀਆ, ਬਾਲ ਕਵਿਤਾਵਾਂ ਅਤੇ ਨਿਬੰਧ ਹਿੰਦੀ ਅਤੇ ਉਰਦੂ ਵਿਚ ਵੀ ਛਪੇ ਹਨ।
ਡਾ. ਸਿੰਘ : ਸਾਹਿਤਕ ਖੇਤਰ ਵਿੱਚ ਕੋਈ ਮਾਨ ਸਨਮਾਨ ਮਿਲਿਆ ਹੋਵੇ ਜਾਂ ਕੋਈ ਹੋਰ ਵਿਸ਼ੇਸ਼ ਪ੍ਰਾਪਤੀ ਹੋਵੇ ਤਾਂ ਜਾਣਕਾਰੀ ਸਾਂਝੀ ਕਰੋ।
ਹਰੀ ਕ੍ਰਿਸ਼ਨ ਮਾਇਰ : ਮੈਨੂੰ ਕੋਈ ਵਰਨਣਯੋਗ ਮਾਨ ਸਨਮਾਨ ਨਹੀਂ ਮਿਲਿਆ। ਮੇਰੀਆਂ ਰਚਨਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਕੇਂਦਰੀ ਸਿੱਖਿਆ ਬੋਰਡ ਦੀਆਂ ਕੁਝ ਪੁਸਤਕਾਂ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ।
ਡਾ. ਸਿੰਘ : ਤੁਸੀਂ ਆਪਣੇ ਆਪ ਨੂੰ ਕਿਹੜੇ ਲੇਖਕ ਤੋਂ ਪ੍ਰਭਾਵਿਤ ਹੋਇਆ ਮੰਨਦੇ ਹੋ?
ਹਰੀ ਕ੍ਰਿਸ਼ਨ ਮਾਇਰ : ਮੈਂ ਕਿਸੇ ਇਕ ਲੇਖਕ ਤੋਂ ਪ੍ਰਭਾਵਿਤ ਨਹੀਂ ਹੋਇਆ। ਸਮੇਂ ਸਮੇਂ ਵੱਖ ਵੱਖ ਲੇਖਕਾਂ ਦੀਆਂ ਸਮਾਜ ਨੂੰ ਸਹੀ ਦਿਸ਼ਾ ਵਿਚ ਸੇਧ ਦੇਣ ਵਾਲੀਆਂ ਰਚਨਾਵਾਂ ਮੈਨੂੰ ਚੰਗੀਆਂ ਲੱਗਦੀਆਂ ਰਹੀਆਂ ਹਨ। ਮੈਂ ਵਿਗਿਆਨਿਕ ਤੇ ਤਰਕ ਵਾਲੇ ਸਾਹਿਤ ਤੋ ਪ੍ਰਭਾਵਿਤ ਹੁੰਦਾ ਰਿਹਾ ਹਾਂ।
ਡਾ. ਸਿੰਘ : ਬੱਚਿਆਂ, ਮਾਪਿਆਂ ਅਤੇ ਨਵੇਂ ਉੱਭਰ ਰਹੇ ਲੇਖਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?
ਹਰੀ ਕ੍ਰਿਸ਼ਨ ਮਾਇਰ : ਮੈਂ ਨਵੇਂ ਉੱਭਰਦੇ ਲੇਖਕਾਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਬੱਚਿਆਂ ਦੀ ਲੋੜਾਂ ਨੂੰ ਸਮਝ ਕੇ ਸਰਲ ਭਾਸ਼ਾ ਵਿਚ ਸਾਹਿਤ ਦੀ ਸਿਰਜਨਾ ਕਰੋ। ਐਵੇ ਬੇਮਤਲਬਾ ਨਾਂ ਲਿਖੀ ਜਾਓ। ਵਿਚਾਰ ਕਰੋ ਕਿ ਐਨੀਆਂ ਕਿਤਾਬਾਂ ਛਪਦੀਆਂ ਹਨ, ਬੱਚੇ ਕਿਤਾਬਾਂ ਵੱਲ ਨੂੰ ਮੂੰਹ ਕਿਉਂ ਨਹੀਂ ਕਰਦੇ? ਮਾਪਿਆਂ ਤੇ ਅਧਿਆਪਕਾਂ ਨੂੰ ਮੈਂ ਸਲਾਹ ਦੇਣੀ ਚਾਹਾਂਗਾ ਕਿ ਬੱਚਿਆਂ ਨੂੰ ਪੜ੍ਹਨ ਲਈ ਮਿਆਰੀ ਤੇ ਲਾਭਕਾਰੀ ਪੁਸਤਕਾਂ ਦੀ ਚੋਣ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ। ਜਿਹੋ ਜਿਹਾ ਸਾਹਿਤ ਬੱਚਾ ਪੜ੍ਹੇਗਾ ਉਸ ਦੀ ਸ਼ਖਸ਼ੀਅਤ ਦੀ ਉਸਾਰੀ ਵੀ ਉਸੇ ਤਰ੍ਹਾਂ ਦੀ ਹੀ ਹੋਵੇਗੀ। ਬੱਚਿਆਂ ਦੀ ਗੇਮਾਂ ਖੇਡਣ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਸਮੇਂ ਨਜ਼ਰਸਾਨੀ ਕਰਨ ਕਿ ਉਹ ਕਿਹੜੀ ਗੇਮ ਖੇਡਦੇ ਹਨ ਜਾਂ ਕਿਹੜਾ ਸੀਰੀਅਲ ਦੇਖਦੇ ਹਨ।
ਡਾ ਸਿੰਘ : ਧੰਨਵਾਦ! ਹਰੀ ਕ੍ਰਿਸ਼ਨ ਮਾਇਰ ਜੀ, ਆਪ ਨਾਲ ਮਿਲ ਕੇ ਤੇ ਆਪ ਦੇ ਸਾਹਿਤਕ ਕਾਰਜਾਂ ਬਾਰੇ ਜਾਣ ਕੇ ਚੰਗਾ ਲੱਗਿਆ।
ਹਰੀ ਕ੍ਰਿਸ਼ਨ ਮਾਇਰ : ਡਾ. ਡੀ. ਪੀ ਸਿੰਘ ਜੀ ਮੈਂ ਤੁਹਾਡਾ ਸ਼ੁਕਰ-ਗੁਜ਼ਾਰ ਹਾਂ ਕਿ ਤੁਸੀਂ ਮੇਰੀ ਜਾਣ ਪਹਿਚਾਣ ਲੋਕਾਂ ਨਾਲ ਕਰਵਾਈ।

 

Check Also

ਭਾਰਤ ‘ਚ ਕਿਸਾਨ ਮੁੜ ਸੜਕਾਂ ‘ਤੇ ਨਿੱਤਰੇ

ਮੋਹਨ ਸਿੰਘ (ਡਾ.) ਭਾਰਤ ਵਿਚ ਦਿੱਲੀ ਕਿਸਾਨ ਅੰਦੋਲਨ ਵਾਂਗ ਕਿਸਾਨਾਂ ਨੂੰ ਬੈਰੀਕੇਡਾਂ ਦਾ ਫਿਰ ਸਾਹਮਣਾ …