Breaking News
Home / ਮੁੱਖ ਲੇਖ / ਰੂਹਾਨੀਅਤ ਦੇ ਮੁਜੱਸਮੇ ਸ੍ਰੀ ਗੁਰੂ ਨਾਨਕ ਦੇਵ ਜੀ

ਰੂਹਾਨੀਅਤ ਦੇ ਮੁਜੱਸਮੇ ਸ੍ਰੀ ਗੁਰੂ ਨਾਨਕ ਦੇਵ ਜੀ

ਡਾ. ਜਸਪਾਲ ਸਿੰਘ
ਇਤਿਹਾਸ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਪਈਆਂ ਹਰ ਤਰ੍ਹਾਂ ਦੀਆਂ ਵੰਡੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਹਰ ਹੱਦਬੰਦੀ ਮੇਟ ਕੇ, ਮਨੁੱਖਾਂ ਵਿਚਕਾਰ ਮੌਜੂਦ ਸਾਂਝੇ ਅਤੇ ਸਦੀਵੀ ਤੱਤ ਨੂੰ ਪਛਾਨਣ ਦਾ ਸੰਕਲਪ ਦਿੱਤਾ ਸੀ। ਡੂੰਘੀ ਰੂਹਾਨੀ ਵਚਨਬੱਧਤਾ ਅਤੇ ਸਾਂਝ ਦੀ ਸੱਚੀ ਭਾਵਨਾ ਨਾਲ ਸਮੁੱਚੇ ਮਨੁੱਖੀ ਭਾਈਚਾਰੇ ਦੀ ਏਕਤਾ ਨੂੰ ਮਹਿਸੂਸ ਕੀਤਾ ਸੀ ਅਤੇ ਦੁਨੀਆ ਭਰ ਦੇ ਲੋਕਾਂ ਵਿਚ ਇਹ ਵਿਆਪਕ ਅਹਿਸਾਸ ਪੈਦਾ ਕਰਨ ਦਾ ਯਤਨ ਕੀਤਾ ਸੀ। ਅੱਜ ਵੀ ਗੁਰੂ ਸਾਹਿਬ ਦਾ ਆਪਣੀ ਬਾਣੀ ਤੇ ਵਿਹਾਰ ਰਾਹੀਂ ਦਿੱਤਾ ਸਾਂਝ ਤੇ ਸੰਵਾਦ ਦਾ ਇਹ ਸੰਦੇਸ਼ ਤੇ ਸੁਨੇਹਾ ਦੁਨੀਆ ਨੂੰ ਰਾਹ ਵਿਖਾ ਰਿਹਾ ਹੈ।
ਰਤਾ ਗਹੁ ਨਾਲ ਵੇਖੀਏ ਤਾਂ ਇਹ ਗੱਲ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਸਾਂਝ ਤੇ ਸੰਵਾਦ ਦੇ ਸੰਦੇਸ਼ ਦੀ ਪਹਿਲੀ ਅਭਿਵਿਅਕਤੀ ਸੁਲਤਾਨਪੁਰ ਲੋਧੀ ਦੀ ਵੇਈਂ ਨਦੀ ਵਾਲੀ ਘਟਨਾ ਰਾਹੀਂ ਹੋਈ ਸੀ। ਵੇਈਂ ਨਦੀ ‘ਚ ਇਸ਼ਨਾਨ ਕਰਨ ਗਏ ਗੁਰੂ ਨਾਨਕ ਦੇਵ ਜੀ ਜਦੋਂ ਨਦੀ ਤੋਂ ਬਾਹਰ ਆਏ ਸਨ ਤਾਂ ਉਨ੍ਹਾਂ ਦੇ ਮੁਖਾਰਬਿੰਦ ‘ਚੋਂ ਜਿਹੜਾ ਪਹਿਲਾ ਬਚਨ ਨਿਕਲਿਆ ਸੀ, ਉਹ ਸੀ-‘ਨਾ ਕੋ ਹਿੰਦੂ ਨਾ ਮੁਸਲਮਾਨ’। ਇਹੋ ਬਚਨ ਗੁਰੂ ਸਾਹਿਬ ਦਾ ਸਦੀਵੀ ਸੰਦੇਸ਼ ਅਤੇ ਉਦਾਸੀਆਂ ਦੌਰਾਨ ਉਨ੍ਹਾਂ ਦੀ ਸਾਰੀ ਮੁਹਿੰਮ ਦਾ ਕੇਂਦਰੀ ਧੁਰਾ ਬਣ ਗਿਆ, ਪਰ ਸਪੱਸ਼ਟ ਹੈ ਇਹ ਕੋਈ ਸਾਧਾਰਨ ਬਚਨ ਨਹੀਂ ਸੀ, ਸਗੋਂ ਇਕ ਸੰਪੂਰਨ ਫ਼ਲਸਫ਼ਾ ਸੀ। ‘ਹਿੰਦੂ’ ਤੇ ‘ਮੁਸਲਮਾਨ’ ਸ਼ਬਦ ਤਾਂ ਇਸ ਵਿਚ ਸਿਰਫ਼ ਪ੍ਰਤੀਕ ਸਨ। ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਜੇ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਤਾਂ ਕਿਸ ਨੂੰ ਮੰਨੀਏ, ਕਿਸ ਰਾਹ ‘ਤੇ ਤੁਰੀਏ। ਗੁਰੂ ਜੀ ਨੇ ਫ਼ਰਮਾਇਆ ‘ਖ਼ੁਦਾ ਦੇ ਰਾਹ ਚਲੋ, ਖ਼ੁਦਾ ਨਾ ਹਿੰਦੂ ਹੈ ਨਾ ਮੁਸਲਮਾਨ, ਸਾਡੀ ਨਜ਼ਰ ਵਿਚ ਦੋਹਾਂ ਵਿਚ ਕੋਈ ਫ਼ਰਕ ਨਹੀਂ, ਦੇਹ ਹੀ ਹਿੰਦੂ ਹੈ ਦੇਹ ਹੀ ਮੁਸਲਮਾਨ’।
ਇਸੇ ਫ਼ਲਸਫ਼ੇ ਦਾ ਪ੍ਰਗਟਾਅ ਅੱਗੇ ਚੱਲ ਕੇ ਆਪਣੀ ਮੱਕੇ ਦੀ ਯਾਤਰਾ ਵਿਚ ਵੀ ਗੁਰੂ ਸਾਹਿਬ ਨੇ ਕੀਤਾ ਸੀ। ਭਾਈ ਗੁਰਦਾਸ ਜੀ ਅਨੁਸਾਰ ਜਦੋਂ ਮੱਕੇ ਦੇ ਆਲਮ ਫ਼ਾਜ਼ਲ ਮੌਲਾਨਿਆਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ: ‘ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ?’ ਗੁਰੂ ਸਾਹਿਬ ਦਾ ਜੁਆਬ ਸੀ ਗੱਲ ਹਿੰਦੂ ਜਾਂ ਮੁਸਲਮਾਨ ਹੋਣ ਦੀ ਨਹੀਂ, ਇਕ ਮਨੁੱਖ ਦੇ ਰੂਪ ਵਿਚ ਉਸ ਦੇ ਕੀਤੇ ਕਰਮਾਂ ਦੀ ਹੈ :
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਨੋਈ॥
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ॥
ਅਸਲ ਵਿਚ ਗੁਰੂ ਨਾਨਕ ਦੇਵ ਜੀ ਦਾ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਾ ਫ਼ਲਸਫ਼ਾ ਇਸ ਮੂਲ ਤੱਤ ਨੂੰ ਦ੍ਰਿੜ੍ਹ ਕਰਾਉਂਦਾ ਹੈ ਕਿ ਪਰਮ ਪਿਤਾ ਪਰਮਾਤਮਾ ਸਭ ਦਾ ਪਿਤਾ ਹੈ ਅਤੇ ਸਮੁੱਚੀ ਮਨੁੱਖਤਾ ਉਸ ਦੀ ਸੰਤਾਨ ਹੈ। ਉਸ ਦੀ ਸੰਤਾਨ ਨੂੰ ਕਿਸੇ ਵੀ ਆਧਾਰ ‘ਤੇ ਵੰਡਣਾ ਗ਼ਲਤ ਹੈ। ਖਾਸ ਤੌਰ ‘ਤੇ ਧਰਮਾਂ ਦੇ ਨਾਂਅ ‘ਤੇ, ਤਕਰਾਰ ਤੇ ਤਫਰਕਾ ਪਰਮਾਤਮਾ ਨੂੰ ਕਦਾਚਿਤ ਨਾ-ਪਸੰਦ ਹੈ। ਹਿੰਦੂ ਅਤੇ ਮੁਸਲਮਾਨ ਦੋਵਾਂ ਨੂੰ ਭੇਖ ਤੇ ਕਰਮ ਕਾਂਡ ‘ਚੋਂ ਨਿਕਲ ਕੇ ਅਮਲੀ ਜੀਵਨ ਜਿਉਣਾ ਚਾਹੀਦਾ ਹੈ। ਮੁਸਲਮਾਨ ਨੂੰ ਇਸਲਾਮ ਦੀ ਸੱਚੀ ਤਾਲੀਮ ‘ਤੇ ਚੱਲਣ ਦਾ ਸੰਦੇਸ਼ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ ਸੀ :
ਰਬ ਕੀ ਰਜਾਇ ਮੰਨੇ ਸਿਰ ਉਪਰਿ
ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ
ਤ ਮੁਸਲਮਾਣੁ ਕਹਾਵੈ॥
ਬਨਾਰਸ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੰਡਤਾਂ ਨੇ ਪੁੱਛਿਆ ਕਿ ਤੁਸੀਂ ਤਿਲਕ ਨਹੀਂ ਲਗਾਇਆ ਅਤੇ ਮਾਲਾ, ਸਾਲਗਰਾਮ ਕਿਉਂ ਨਹੀਂ ਪਾਏ ਹੋਏ? ਤਾਂ ਗੁਰੂ ਨਾਨਕ ਦੇਵ ਜੀ ਨੇ ਪੰਡਤਾਂ ਨੂੰ ਤਾੜਨਾ ਕੀਤੀ ਕਿ ਇਹ ਸਾਰੇ ਭੇਖ ਕਲਰ ਸਿੰਜਣ ਸਮਾਨ ਹਨ :
ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ॥
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ॥
ਇਸ ਸਾਰੇ ਸੰਦਰਭ ਵਿਚ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਇਕ ਅਹਿਮ ਪਹਿਲੂ ‘ਸੰਵਾਦ’ ਹੈ। ਉਹ ਪਹਿਲੇ ਧਰਮ ਗੁਰੂ ਹਨ, ਜਿਨ੍ਹਾਂ ਨੇ ਬੜੇ ਖਾਸ ਅੰਦਾਜ਼ ਵਿਚ ਅੰਤਰ-ਧਰਮ ਸੰਵਾਦ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਇਸ ਤਰ੍ਹਾਂ ਸੱਚ ਤੇ ਨਿਆਂ ਦੀ ਗੱਲ ਨੂੰ, ਹਰ ਤਰ੍ਹਾਂ ਦੀਆਂ ਹੱਦਬੰਦੀਆਂ ਨੂੰ ਪਾਰ ਕਰਕੇ, ਮਨੁੱਖ ਮਾਤਰ ਤੱਕ ਪਹੁੰਚਾਇਆ। ਸੰਵਾਦ ਦੀ ਵਿਧੀ ਨਾਲ ਗੁਰੂ ਸਾਹਿਬ ਨੇ ਵਿਰੋਧੀ ਤੋਂ ਵਿਰੋਧੀ ਵਿਚਾਰ ਵਾਲੀ ਧਿਰ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਨਾਲ ਸਾਂਝ ਸਥਾਪਤ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ।
ਪਰ ਸੰਵਾਦ ਦੇ ਅਮਲ ਦੀਆਂ ਕੁਝ ਜ਼ਰੂਰੀ ਸ਼ਰਤਾਂ ਹੁੰਦੀਆਂ ਹਨ। ਪਹਿਲੀ ਸ਼ਰਤ ਵੱਖ-ਵੱਖ ਧਰਮ ਤੇ ਧਾਰਮਿਕ ਵਿਸ਼ਵਾਸਾਂ ਦੀ ਭਿੰਨਤਾ ਨੂੰ ਮੰਨਣਾ ਹੁੰਦਾ ਹੈ। ਸੰਵਾਦ ਦਾ ਮਕਸਦ ਉਨ੍ਹਾਂ ਦਾਇਰਿਆਂ ਨੂੰ ਲੰਘਣਾ ਹੁੰਦਾ ਹੈ, ਜਿਹੜੇ ਇਕ ਧਰਮ ਤੇ ਸੱਭਿਆਚਾਰ ਦੇ ਲੋਕਾਂ ਨੇ ਆਪਣੇ ਦੁਆਲੇ ਖਿੱਚੇ ਹੋਏ ਹੁੰਦੇ ਹਨ। ਉਨ੍ਹਾਂ ਰੁਕਾਵਟਾਂ ਨੂੰ ਪਾਰ ਕਰਨਾ ਹੁੰਦਾ ਹੈ, ਜਿਨ੍ਹਾਂ ਨੂੰ ਇਕ ਧਰਮ ਦੇ ਵਿਸ਼ਵਾਸੀ ਲੋਕਾਂ ਨੇ ਖੜ੍ਹਾ ਕੀਤਾ ਹੁੰਦਾ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਦੁਨੀਆ ਵਿਚ ਧਰਮਾਂ ਤੇ ਵਿਸ਼ਵਾਸਾਂ ਦੀ ਬਹੁਲਤਾ ਨੂੰ ਸਵੀਕਾਰ ਕੀਤਾ। ਫਿਰ ਵੱਖ-ਵੱਖ ਅਕੀਦੇ ਦੇ ਲੋਕਾਂ ਦੇ ਧਰਮ ਅਸਥਾਨਾਂ ਦੀ ਯਾਤਰਾ ਕੀਤੀ। ਉਨ੍ਹਾਂ ਦੇ ਧਾਰਮਿਕ ਤੇ ਸੱਭਿਆਚਾਰਕ ਸਮਾਰੋਹਾਂ ਵਿਚ ਹਿੱਸਾ ਲਿਆ ਅਤੇ ਉਨ੍ਹਾਂ ਦੇ ਧਰਮ ਆਗੂਆਂ ਨਾਲ ਵਾਰਤਾਲਾਪ ਆਰੰਭ ਕੀਤਾ। ਇਸ ਤਰ੍ਹਾਂ ਸੰਵਾਦ ਦੀ ਸ਼ੁਰੂਆਤ ਹੋਈ। ਸੰਵਾਦ ਲਈ ਇਹ ਵੀ ਜ਼ਰੂਰੀ ਹੈ ਸਾਂਝ ਦਾ ਆਧਾਰ ਲੱਭਿਆ ਜਾਵੇ। ਜੇ ਇਕ-ਦੂਜੇ ਦੇ ਵਖਰੇਵੇਂ ਭਾਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸੰਵਾਦ ਨਹੀਂ ਹੋ ਸਕਦਾ। ਸੰਵਾਦ ਦੀ ਸਫ਼ਲਤਾ ਸਮਾਨਤਾਵਾਂ ਖੋਜਣ ਵਿਚ ਹੈ ਅਤੇ ਇਹ ਤਾਹੀਓਂ ਹੋ ਸਕਦਾ ਹੈ ਜੇ ਗੁਣਾਂ ਦੀ ਸਾਂਝ ਕਰਨ ਦਾ ਫ਼ੈਸਲਾ ਕਰ ਲਿਆ ਜਾਵੇ, ਇਕ-ਦੂਜੇ ਦੇ ਸਮਝੇ ਜਾਣ ਵਾਲੇ ਔਗੁਣਾਂ ਨੂੰ ਵਿਸਾਰ ਦਿੱਤਾ ਜਾਵੇ। ਗੁਰੂ ਨਾਨਕ ਦੇਵ ਦਾ ਇਹ ਫ਼ਰਮਾਨ ਸੰਵਾਦ ਲਈ ਬਹੁਤ ਕਾਰਗਰ ਹੈ :
ਸਾਝ ਕਰੀਜੈ ਗੁਣਹ ਕੇਰੀ
ਛੋਡਿ ਅਵਗਣ ਚਲੀਐ॥
ਗੁਰੂ ਨਾਨਕ ਪਾਤਸ਼ਾਹ ਅਨੁਸਾਰ ਇਹ ਵੀ ਜ਼ਰੂਰੀ ਹੈ ਕਿ ਆਪਣੇ ਵਿਚਾਰ ਤੋਂ ਵੱਧ ਦੂਜੇ ਦੇ ਵਿਚਾਰ ਨੂੰ ਮਹੱਤਵ ਦਿੱਤਾ ਜਾਵੇ। ਪਹਿਲਾਂ ਸੁਣਿਆ ਜਾਵੇ ਤੇ ਫਿਰ ਕੁਝ ਕਿਹਾ ਜਾਵੇ। ਜੇ ਦੂਜੇ ਦੀ ਗੱਲ ਸੁਣਨ ਨੂੰ ਪ੍ਰਾਥਮਿਕਤਾ ਨਾ ਦਿੱਤੀ ਜਾਵੇ ਤਾਂ ਵਾਦ-ਵਿਵਾਦ ਪੈਦਾ ਹੋ ਜਾਂਦਾ ਹੈ, ਸੰਵਾਦ ਦੀ ਪ੍ਰਕਿਰਿਆ ਰੁਕ ਜਾਂਦੀ ਹੈ। ਗੁਰੂ ਦੇ ਇਸ ਵਾਕ ਵਿਚ ਸੁਣਨ ਨੂੰ ਪਹਿਲ ਦੇਣ ਪਿੱਛੇ ਸ਼ਾਇਦ ਭਾਵਨਾ ਕੰਮ ਕਰ ਰਹੀ ਹੈ :
ਜਬ ਲਗੁ ਦੁਨੀਆ ਰਹੀਐ ਨਾਨਕ
ਕਿਛੁ ਸੁਣੀਐ ਕਿਛੁ ਕਹੀਐ॥
ਹਕੀਕਤ ਹੈ, ਗੁਰੂ ਨਾਨਕ ਦੇਵ ਜੀ ਨੇ ਦੁਨੀਆ ਦੇ ਇਤਿਹਾਸ ਵਿਚ ਇਕ ਨਵਾਂ ਤਜਰਬਾ ਪੇਸ਼ ਕੀਤਾ ਸੀ। ਧਾਰਮਿਕ, ਸੱਭਿਆਚਾਰਕ ਤੇ ਭੂਗੋਲਿਕ ਹੱਦਾਂ ਟੱਪ ਕੇ ਯੋਗੀ, ਸਿੱਧ, ਵੇਦਾਂਤੀ, ਵੈਸ਼ਨਵ, ਬੋਧੀ, ਜੈਨੀ, ਸੂਫ਼ੀ, ਮੁੱਲਾਂ, ਪੰਡਤ ਸਭ ਨਾਲ ਸੰਵਾਦ ਰਚਾਇਆ ਸੀ। ਫਿਰ ਰੱਬੀ ਪੈਗ਼ਾਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਸਮਿਆਂ ਵਿਚ ਜਿੰਨੀ ਕੁ ਯਾਤਰਾ ਗੁਰੂ ਨਾਨਕ ਦੇਵ ਜੀ ਨੇ ਕੀਤੀ, ਉਸ ਦੀ ਇਤਿਹਾਸ ਵਿਚ ਦੂਜੀ ਕੋਈ ਮਿਸਾਲ ਨਹੀਂ ਮਿਲਦੀ।
ਪਾਕ-ਪਟਨ, ਹਰਿਦੁਆਰ, ਕੁਰੂਸ਼ੇਤਰ, ਬਨਾਰਸ, ਗਯਾ, ਪੁਰੀ, ਨਿਪਾਲ, ਸੀਲੋਨ, ਤਿੱਬਤ, ਮੱਕਾ, ਮਦੀਨਾ, ਬਗ਼ਦਾਦ, ਕਾਬਲ ਅਤੇ ਹੋਰ ਬਹੁਤ ਸਾਰੇ ਦੂਰ-ਦਰਾਜ ਦੇ ਇਲਾਕੇ, ਜਿਥੇ ਪਹੁੰਚਣਾ ਕਦਾਚਿਤ ਸੰਭਵ ਨਹੀਂ ਸੀ, ਗੁਰੂ ਜੀ ਨੇ ਪਹੁੰਚ ਕੇ ਰੱਬੀ ਸੁਨੇਹਾ ਦਿੱਤਾ। ਆਪਣੀਆਂ ਲੰਮੀਆਂ ਯਾਤਰਾਵਾਂ ਦੌਰਾਨ ਓਪਰੀ ਤੋਂ ਓਪਰੀ ਭਾਸ਼ਾ ਤੇ ਰਸਮੋ-ਰਿਵਾਜਾਂ ਵਾਲੇ ਲੋਕਾਂ ਨਾਲ ਸੰਵਾਦ ਰਚਾਇਆ ਅਤੇ ਨਾਲ ਹੀ ਆਮ ਆਦਮੀ ਨੂੰ ਵੀ ਆਪਣਾ ਨਜ਼ਰੀਆ ਵਿਸਤ੍ਰਿਤ ਕਰਨ ਦਾ ਸੰਦੇਸ਼ ਦਿੱਤਾ ਸੀ।
ਅਸਲ ਗੱਲ ਇਹ ਹੈ ਕਿ ਬੰਧਨ ਤੇ ਸੀਮਾਵਾਂ ਦੀ ਅਵਹੇਲਨਾ, ਭਾਸ਼ਾ, ਪਹਿਰਾਵੇ ਤੇ ਰਸਮੋ-ਰਿਵਾਜ ਨੂੰ ਖੁਲ੍ਹ-ਦਿਲੀ ਨਾਲ ਅਪਣਾਉਣਾ, ਇਸ ਪਿੱਛੇ ਇਕ ਖਾਸ ਸੋਚ ਸੀ ਅਤੇ ਉਹ ਸੋਚ ਸੀ ਮਨੁੱਖ-ਮਾਤਰ ਵਿਚਕਾਰ ਇਕ ਸਾਂਝ ਸਥਾਪਤ ਕਰਨ ਦੀ। ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਸਮੁੱਚੀ ਮਨੁੱਖਤਾ ਨੂੰ ਆਪਣਾ ਸਰੋਤਾ ਬਣਾਉਣਾ ਚਾਹੁੰਦੇ ਸਨ ਅਤੇ ਸਮੁੱਚੀ ਮਨੁੱਖਤਾ ਨੂੰ ਸਰੋਤਾ ਬਣਾਉਣ ਲਈ ਮਨੁੱਖਾਂ ਵਿਚਕਾਰ ਪਈਆਂ ਬਨਾਵਟੀ ਹੱਦਬੰਦੀਆਂ ਤੋੜਨੀਆਂ ਜ਼ਰੂਰੀ ਸਨ। ਗੁਰੂ ਸਾਹਿਬ ਦਾ ਸਾਰਾ ਉਪਦੇਸ਼ ਵੀ ਉਸੇ ਤਰ੍ਹਾਂ ਦਾ ਹੈ, ਜਿਹੜਾ ਕਿਸੇ ਹੱਦਬੰਦੀ ਵਿਚ ਮਹਿਦੂਦ ਨਹੀਂ ਹੋ ਸਕਦਾ। ਕੋਈ ਸ਼ੱਕ ਨਹੀਂ, ਜੇ ਰੱਬੀ ਗੱਲ ਕਰਨੀ ਹੈ, ਸਮੁੱਚੀ ਲੋਕਾਈ ਨੂੰ ਸੰਬੋਧਨ ਕਰਨਾ ਹੈ ਤਾਂ ਧਰਤੀ ਦੇ ਕਿਸੇ ਇਕ ਖਿੱਤੇ ਦੇ ਬਣ ਕੇ, ਕਿਸੇ ਇਕ ਤਬਕੇ ਦੇ ਧਾਰਮਿਕ ਜਾਂ ਸੱਭਿਆਚਾਰਕ ਬੰਧਨਾਂ ਵਿਚ ਸੀਮਤ ਰਹਿ ਕੇ ਸੰਭਵ ਨਹੀਂ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ, ਰੂਹਾਨੀਅਤ ਦੇ ਮੁਜੱਸਮੇ, ਗੁਰੂ ਨਾਨਕ ਦੇਵ ਜੀ ਦਾ ਸਾਰਾ ਜੀਵਨ ਮਨੁੱਖੀ ਏਕਤਾ ਨੂੰ ਸਮਰਪਿਤ ਸੀ।
ਵੱਖ-ਵੱਖ ਧਿਰਾਂ ਵਿਚ ਵੰਡੇ ਲੋਕਾਂ ਨੂੰ ਉਹ ਏਕਤਾ ਦੇ ਸੂਤਰ ਵਿਚ ਪਰੋਣਾ ਚਾਹੁੰਦੇ ਸਨ। ਜਿਹੜਾ ਸੰਦੇਸ਼ ਉਨ੍ਹਾਂ ਨੇ ਦਿੱਤਾ ਸੀ, ਉਸ ਦਾ ਪ੍ਰਭਾਵ ਅੱਜ ਸਾਰੀ ਦੁਨੀਆ ਕਬੂਲ ਕਰ ਰਹੀ ਹੈ ਅਤੇ ਇਸ ਅਗੰਮੀ ਸੰਦੇਸ਼ ਨੇ ਇਕ ਐਸੇ ਸੱਭਿਆਚਾਰ ਦੇ ਨਿਰਮਾਣ ਦਾ ਰਾਹ ਖੋਲ੍ਹ ਦਿੱਤਾ ਹੈ, ਜਿਹੜਾ ਸਾਂਝ ਅਤੇ ਸੰਵਾਦ ਉਪਰ ਆਧਾਰਿਤ ਹੈ।

Check Also

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ …