Breaking News
Home / ਮੁੱਖ ਲੇਖ / ਦਸਮੇਸ਼ ਪਿਤਾ ਦੇ ਆਗਮਨ ਦਾ ਤੱਤ ਉਦੇਸ਼ ਤੇ ਸੱਚਾ ਆਦਰਸ਼

ਦਸਮੇਸ਼ ਪਿਤਾ ਦੇ ਆਗਮਨ ਦਾ ਤੱਤ ਉਦੇਸ਼ ਤੇ ਸੱਚਾ ਆਦਰਸ਼

ਤਲਵਿੰਦਰ ਸਿੰਘ ਬੁੱਟਰ
ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵਿ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੪੩॥
(ਬਚ੍ਰਿੱਤ ਨਾਟਕ ,ਅਧਿਆਇ 6)
ਸੰਤ-ਸਿਪਾਹੀ, ਸਰਬੰਸਦਾਨੀ, ਦੁਸ਼ਟ-ਦਮਨ, ਚੋਜੀ ਖੜਗੇਸ਼, ਪੁਰਖ ਭਗਵੰਤ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਰਲੇ ਪਾਵਨ ਮੁਖਵਾਕਾਂ ਵਿਚ ਦਸਮੇਸ਼ ਪਿਤਾ ਦੇ ਆਗਮਨ ਦਾ ਤੱਤ ਉਦੇਸ਼ ਅਤੇ ਸਤਿ-ਆਦਰਸ਼ ਦ੍ਰਿਸ਼ਟਮਾਨ ਹੁੰਦਾ ਹੈ। ਇਹ ਆਦਰਸ਼ ਕਿਸੇ ਖ਼ਾਸ ਕੌਮ, ਖਿੱਤੇ, ਦੇਸ਼, ਜਾਤੀ, ਧਰਮ ਜਾਂ ਕੁਲ ਦੇ ਭਲੇ ਲਈ ਮਖ਼ਸੂਸ (ਰਾਖ਼ਵਾਂ) ਨਹੀਂ, ਸਗੋਂ ਸਾਰੇ ਜਗਤ ਦੇ ਉਧਾਰ ਲਈ ਹੈ।
ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ, ਅਗੰਮੀ ਤੇ ਬਹੁਰੰਗੀ ਸ਼ਖ਼ਸੀਅਤ ਦੀ ਬਾਲਮ ਪ੍ਰਤਿਭਾ ਨੂੰ ਕਲਮ ਦੀ ਬੰਦਿਸ਼ ਵਿਚ ਲਿਆਉਣਾ ਔਖਾ ਹੀ ਨਹੀਂ ਸਗੋਂ ਅਸੰਭਵ ਕੰਮ ਹੈ, ਕਿਉਂਕਿ ਕਿਸੇ ਵੀ ਲੇਖਕ ਦੀ ਬੌਧਿਕ ਸਮਰੱਥਾ ਦੀ ਇਕ ਸੀਮਾ ਹੁੰਦੀ ਹੈ ਪਰ ਰੱਬੀ ਰੂਪ ਸ਼ਖ਼ਸੀਅਤਾਂ ਦੇ ਗੁਣ ਇਨ੍ਹਾਂ ਸੀਮਾਵਾਂ ਤੋਂ ਕਿਤੇ ਪਾਰ ਹੁੰਦੇ ਹਨ। ਮਹਾਨ ਸਿੱਖ ਦਾਰਸ਼ਨਿਕ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿਚ, ”ਸਾਡੇ ਵਿਚੋਂ ਕੋਈ ਗੁਰੂ ਸਾਹਿਬ ਦਾ ਜੀਵਨ ਚਰਿੱਤਰ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜਿਹਾ ਹੋਰ ਕੋਈ ਆਦਮੀ ਨਹੀਂ। ਉਹ ਬੜੇ ਬੀਰ ਸਨ, ਬੜੇ ਆਦਮੀ ਕਰਤਾ ਸਨ, ਅਰ ਬੜੀ ਉਚੀ ਪੂਜਾ ਕਰਨ ਵਾਲੇ ਇਨਸਾਨ ਸਨ। ਇਹ ਤਾਂ ਓਹੋ ਗੱਲ ਹੋਈ, ਜੋ ਰੋਨਨ ਨੇ ਈਸਾ ਨੂੰ ਤਖ਼ਤੋਂ ਉਤਾਰ ਕੇ ਇਕ ਚੰਗਾ ਆਦਮੀ ਬਣਾ ਕੱਢਿਆ।” ਪ੍ਰੋ. ਪੂਰਨ ਸਿੰਘ ਅਨੁਸਾਰ, ਸਾਧਾਰਨ ਲੋਕਾਂ ਦਾ ਜੀਵਨ ਚਰਿੱਤਰ ਹੋ ਸਕਦਾ ਹੈ ਪਰ ‘ਗੈਰ ਮਾਮੂਲੀ’, ‘ਅਦਭੁੱਤ’, ‘ਕੋਈ ਨਾ ਹੋਈ, ਕਦੀਂ ਨਾ ਹੋਣੀ’, ‘ਰੱਬੀ ਜ਼ਹੂਰ’ ਦਾ ਜ਼ਿਕਰ ਮਾਮੂਲੀ ‘ਅਚਰਜ ਰਹਿਤ’, ਧਿਆਨ ਅਰ ਵਿਸਮਾਦ ਸ਼ੂੰਨਯ ਅਕਲ ਨਾਲ, ਹੋਰ ਹੋਈ ਤੇ ਹੋਵਣ ਵਾਲੀਆਂ ਚੀਜ਼ਾਂ ਵਾਂਗੂੰ ਕਰਦੇ ਹਾਂ, ਤਦ ਅਸੀਂ ਆਪਣੇ ਜ਼ਿਕਰ ਨੂੰ ਜਿੰਨਾ ਸੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਓਨਾ ਕੂੜ ਤੇ ਝੂਠਾ ਕਰ ਦਿੰਦੇ ਹਾਂ।
ਕਰਨਲ ਨਰਿੰਦਰਪਾਲ ਸਿੰਘ ਪੁਸਤਕ ‘ਖੰਨਿਉਂ ਤਿੱਖੀ’ ਵਿਚ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਰੰਪਾਰ, ਅਦੁੱਤੀ ਤੇ ਰੱਬੀ ਉਪਮਾ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਭਾਈ ਬਾਜ਼ ਸਿੰਘ ਵਿਚਾਲੇ ਹੋਏ ਵਾਰਤਾਲਾਪ ਦਾ ਬਿਆਨ ਬੜੇ ਸ਼ਾਹਕਾਰ ਰੂਪ ਵਿਚ ਕਰਦੇ ਹਨ, ”ਬੰਦਾ ਸਿੰਘ ਨੇ ਬਾਜ਼ ਸਿੰਘ ਨੂੰ ਟੋਕਿਆ, ‘ਭਾਈ ਬਾਜ਼ ਸਿੰਘ! ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕਰਨੀ ਮੈਨੂੰ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਦਾ ਨਿਰਾਦਰ ਹੋਵੇ। ਭਾਈ ਜੀ! ਪਾਤਸ਼ਾਹ ਪ੍ਰੀਤਮ ਬਾਰੇ ਸਿਰਫ਼ ਸੋਚਿਆ ਹੀ ਜਾ ਸਕਦਾ ਹੈ, ਉਨ੍ਹਾਂ ਨੂੰ ਮਨ ਹੀ ਮਨ ਧਿਆਇਆ ਜਾ ਸਕਦਾ ਹੈ। ਆਪਣੀ ਇਕ ਤੱਕਣੀ ਤੇ ਆਪਣੀ ਇਕ ਛੋਹ ਨਾਲ ਉਨ੍ਹਾਂ ਮੇਰੇ ਅੰਦਰ ਉਹ ਬਲ, ਉਹ ਸ਼ਕਤੀ, ਉਹ ਸਵੈ-ਵਿਸ਼ਵਾਸੀ ਤੇ ਸਿੱਖ ਪੰਥ ਵਾਸਤੇ ਉਹ ਭਾਵ ਭਰ ਦਿੱਤਾ ਕਿ …. ‘ ਤੇ ਬੰਦਾ ਸਿੰਘ ਐਨਾ ਭਾਵੁਕ ਹੋ ਗਿਆ ਕਿ ਅੱਗੋਂ ਕੁਝ ਕਹਿ ਨਾ ਸਕਿਆ। ਸਿਰਫ਼ ਇਨ੍ਹਾਂ ਮੌਕਿਆਂ ‘ਤੇ ਹੀ ਬੰਦਾ ਸਿੰਘ ਭਾਵੁਕ ਹੋਇਆ ਕਰਦਾ ਸੀ, ਉਹ ਗੁਰੂ ਗੋਬਿੰਦ ਸਿੰਘ ਬਾਰੇ ਬਹੁਤੀ ਦੇਰ ਗੱਲਾਂ ਨਹੀਂ ਕਰ ਸਕਦਾ ਸੀ, ਜਜ਼ਬਾਤ ਉਹਦਾ ਗੱਚ ਭਰ ਲੈਂਦੇ ਸਨ।”
ਅਜਿਹੀ ਮਿਕਨਾਤੀਸੀ ਸ਼ਖ਼ਸੀਅਤ, ਅਕਾਲ ਪੁਰਖ ਦੀ ਪ੍ਰਤੱਖ ਜੋਤਿ ਜਿਸ ਵਿਚੋਂ ਫ਼ਕੀਰੀ ਅਤੇ ਬਾਦਸ਼ਾਹੀ ਇਕੋ ਸਮੇਂ ਝਲਕਦੀ ਹੈ। ਉਹ ਬਾਗ਼ੀ ਵੀ ਹੈ ਅਤੇ ਬੈਰਾਗੀ ਵੀ ਹੈ। ਕਵੀ ਵੀ ਹੈ ਅਤੇ ਤਲਵਾਰ ਦਾ ਧਨੀ ਵੀ। ਸੰਤ ਵੀ ਹੈ ਅਤੇ ਸਿਪਾਹੀ ਵੀ ਹੈ। ਵੈਰੀ ਵੀ ਉਸ ਦੀ ਉਸਤਤਿ ਕਰਦੇ ਹਨ। ਉਸ ਦੀ ਤਲਵਾਰ ਜੰਗ ਦੇ ਮੈਦਾਨ ਵਿਚ ਕਿਸੇ ਦੁਸ਼ਮਣ ਨੂੰ ਮੌਤ ਦੇ ਘਾਟ ਨਹੀਂ ਉਤਾਰਦੀ, ਸਗੋਂ ਉਸ ਦੀ ਆਤਮਾ ਨੂੰ ਆਨੰਦਿਤ ਕਰਦੀ ਹੈ। ਜਨਮ-ਮਰਨ ਦੇ ਗੇੜ ਖ਼ਤਮ ਕਰ ਦਿੰਦੀ ਹੈ। ਦੁਸ਼ਟ-ਦਮਨ ਦਸਮੇਸ਼ ਗੁਰੂ, ਦੁਸ਼ਟਾਂ ਨੂੰ ਮਾਰਦੇ ਨਹੀਂ, ਸਗੋਂ ਤਰੁੱਠ ਕੇ, ਤਰਸ ਕਰਕੇ, ਉਨ੍ਹਾਂ ਦੀ ਦੁਸ਼ਟਤਾਈ ਨੂੰ ਬਿਦਾਰ ਕੇ ਉਨ੍ਹਾਂ ਦਾ ਉਧਾਰ ਕਰਦੇ ਹਨ। ਜੇ ਕਿਸੇ ਵੀ ਹੀਲੇ ਦੁਸ਼ਟਾਂ ਦੀ ਦੁਸ਼ਟਤਾਈ ਦੂਰ ਨਾ ਹੋਵੇ ਤਾਂ ਦੁਸ਼ਟਾਂ ਨੂੰ ਆਪਣੇ ਦਸਤੇ-ਮੁਬਾਰਕ ਨਾਲ ਖੰਡੇ ਦੀ ਧਾਰ ਉਤੇ ਚਾੜ੍ਹ ਕੇ ਉਨ੍ਹਾਂ ਦਾ ਜਨਮ-ਮਰਨ ਨਿਵਾਰ ਦਿੰਦੇ ਹਨ ਅਤੇ ਉਨ੍ਹਾਂ ਅੰਦਰ ਨਵੀਂ ਜਾਨ ਪਾ ਦਿੰਦੇ ਹਨ। ਖੰਡੇ ਦੀ ਧਾਰ ‘ਤੇ ਚਾੜ੍ਹ ਕੇ ਹੀ ਦਸਮੇਸ਼ ਪਿਤਾ ਜੀ ਨੇ ਦੁਸ਼ਟ ਜੀਵ-ਜੰਤਾਂ ਦੀ ਜਾਨ-ਪ੍ਰਾਣ-ਸੰਜੀਵਨੀ ਸੁਦੇਹੀ ਕੁਰਬਾਨੀ ਲੈ ਕੇ, ਉਨ੍ਹਾਂ ਅੰਦਰ ਸਦਜੀਵਨੀ ਕੁਰਬਾਨੀ ਵਾਲੀ ਜਾਨ ਪਾ ਦਿੱਤੀ। ਗੱਲ ਕੀ, ਸੰਤ-ਸਿਪਾਹੀ ਗੁਰੂ ਪਿਤਾ ਦੇ ਹਿਰਦੇ ਅੰਦਰ ਸੰਸਾਰ ਸਾਗਰ, ਬ੍ਰਹਿਮੰਡ-ਸ੍ਰਿਸ਼ਟੀ ਦੇ ਜੀਵਾਂ ਪ੍ਰਤੀ ਤਰਸ-ਦ੍ਰਵੀਭੂਤ, ਸਰਬ-ਸਾਂਝੀਵਾਲਤਾ ਅਤੇ ਪਿਆਰ ਸਾਨੂੰ ਵਿਸਮਾਦਿਤ ਕਰ ਦਿੰਦਾ ਹੈ।
ਅੰਤਰਮੁਖੀ, ਨਾਮ-ਰਸੀਏ ਤੇ ਅਨੁਭਵੀ ਸਿੱਖ ਦਾਰਸ਼ਨਿਕ ਭਾਈ ਸਾਹਿਬ ਰਣਧੀਰ ਸਿੰਘ ਲਿਖਦੇ ਹਨ, ”ਇਹ ਕਹਿਣਾ ਬਿਲਕੁਲ ਲਗ਼ਵ (ਬੇਹੁਦਾ) ਹੈ, ਜੈਸਾ ਕਿ ਆਮ ਕਹਾਵਤ ਵਿਚ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਕੇਵਲ ਹਿੰਦੂ ਧਰਮ ਦੇ ਹੀ ਗੱਦੀ ਪੀਰ ਸਦਵਾਂਦੇ ਸਨ। ਆਪੋ ਆਪਣੇ ਖਿਆਲਾਂ ਅਨੁਸਾਰ ਕੋਈ ਕੁਛ ਕਹਿੰਦਾ ਫਿਰੇ, ਪਰੰਤੂ ਹੱਕ ਤਾਂ ਏਸ ਗੱਲ ਵਿਚ ਹੈ ਕਿ ਗੁਰੂ ਦਸ਼ਮੇਸ਼ ਪਾਤਸ਼ਾਹ ਹੱਕ-ਪ੍ਰਸਤ ਅਤੇ ਹੱਕ ਦੇ ਮੁਤਲਾਸ਼ੀਆਂ ਦੇ ਸੱਚੇ ਰਹਿਬਰ ਸਨ। ਉਨ੍ਹਾਂ ਦੇ ਪਾਸ ਜੋ ਸ਼ਖ਼ਸ ਭੀ ਹੱਕ ਜੋਇੰਦਾ (ਸੱਚ ਦਾ ਢੁੰਡਾਊ) ਬਣ ਕੇ ਆਇਆ ਉਸ ਨੂੰ ਹੀ ਸੱਚੇ ਪਾਤਸ਼ਾਹ ਨੇ ਹੱਕ-ਪ੍ਰਸਤ ਬਣਾ ਦਿੱਤਾ ਅਤੇ ਖੁੰਦਾਵੰਦ ਸੱਚੇ ਵਾਹਿਗੁਰੂ ਦੇ ਲੜ ਲਾਇਆ। ਗਹਿਰ ਗੰਭੀਰੇ ਮੱਚਦੇ ਜੰਗ ਸਮੇਂ ਭੀ ਗੁਰੂ ਸੱਚੇ ਪਾਤਸ਼ਾਹ ਨੇ ਧਰਮੀ ਲੋਕਾਂ ਦਾ ਅੰਗ ਪਾਲਿਆ ਅਤੇ ਰਾਜਸੀ ਰੁਹਬ ਦਾਬ ਦੀ ਕੁਛ ਪਰਵਾਹ ਨਹੀਂ ਕੀਤੀ।”
ਦਸਮ ਪਾਤਿਸ਼ਾਹ ਦਾ ਮਨੁੱਖੀ ਪ੍ਰੇਮ ਜਾਂ ਸਰਬ-ਸਾਂਝੀਵਾਲਤਾ ਦਾ ਆਦਰਸ਼ ਇੰਨਾ ਉੱਚਾ-ਸੁੱਚਾ ਸੀ ਕਿ ਪਟਨੇ ਦੀ ਧਰਤੀ ‘ਤੇ ਇਕ ਰੱਬੀ ਨੂਰ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦੇ ਜਨਮ ਦਾ ਅੰਤਰ ਆਤਮੇ ਪਤਾ ਲੱਗਣ ‘ਤੇ ਇਕ ਅੰਤਰਮੁਖੀ, ਅਨੁਭਵੀ ਫ਼ਕੀਰ ਭੀਖਣ ਸ਼ਾਹ ਜਦੋਂ ਪੰਜਾਬ ਤੋਂ ਪਟਨਾ ਸਾਹਿਬ ਗਿਆ ਤਾਂ ਉਸ ਦੇ ਮਨ ‘ਚ ਇਕ ਫ਼ੁਰਨਾ ਆਇਆ ਕਿ ਇਹ ਦੇਖਿਆ ਜਾਵੇ ਕਿ ਇਹ ‘ਰੱਬੀ ਨੂਰ’ ਹਿੰਦੂ ਅਤੇ ਮੁਸਲਮਾਨਾਂ ਵਿਚੋਂ ਕਿਸ ਦਾ ਪੱਖ ਪੂਰਦਾ ਹੈ। ਇਸ ਮੰਤਵ ਲਈ ਉਸ ਨੇ ਬਾਲ ਗੋਬਿੰਦ ਰਾਇ ਜੀ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਅਤੇ ਦੋ ਕੁੱਜੇ, ਇਕ ਵਿਚ ਦੁੱਧ ਅਤੇ ਇਕ ਵਿਚ ਪਾਣੀ ਸੀ, ਅੱਗੇ ਕਰ ਦਿੱਤੇ। ਉਸ ਨੇ ਇਹ ਆਸ਼ਾ ਧਾਰੀ ਕਿ ਜੇ ਦੁੱਧ ਡੋਲ੍ਹਣਗੇ ਤਾਂ ਮੁਸਲਮਾਨਾਂ ਦੇ ਪੀਰ ਹੋਣਗੇ ਤੇ ਜੇ ਪਾਣੀ ਡੋਲ੍ਹਣਗੇ ਤਾਂ ਹਿੰਦੂਆਂ ਦੇ ਅਵਤਾਰ ਹੋਣਗੇ। ਪੁਰਖ ਭਗਵੰਤ, ਅਕਾਲ ਜੋਤਿ ਬਾਲ ਗੋਬਿੰਦ ਰਾਇ ਜੀ ਨੇ ਦੋਵੇਂ ਕੁੱਜੇ ਡੋਲ੍ਹ ਦਿੱਤੇ। ਇੰਨੀ ਛੋਟੀ ਅਵਸਥਾ ਦੇ ਬਾਲ ਦੀ ਸੋਝੀ ਤੇ ਉੱਚ ਆਦਰਸ਼ੀ ਸੋਚ ਦਾ ਅਨੂਠਾ ਕੌਤਕ ਦੇਖ ਭੀਖਣ ਸ਼ਾਹ ਵਿਸਮਾਦਤ ਹੋ ਗਏ। ਬਾਹਰ ਆ ਕੇ ਕਹਿਣ ਲੱਗੇ, ”ਪਟਨੇ ਦੇ ਵਾਸੀਓ ਤੁਸੀਂ ਧੰਨ ਹੋ, ਤੁਸੀਂ ਵਡਭਾਗੇ ਹੋ, ਤੁਹਾਡੇ ਸ਼ਹਿਰ ਮਾਨਵਤਾ ਦਾ ਰਹਿਬਰ ਆ ਉਤਰਿਆ ਹੈ। ਉਹ ਨਾ ਇਕੱਲੇ ਹਿੰਦੂਆਂ ਦਾ ਤੇ ਨਾ ਇਕੱਲੇ ਮੁਸਲਮਾਨਾਂ ਦਾ ਹੈ। ਉਹ ਸਾਰੀ ਮਨੁੱਖਤਾ ਦਾ ਸਰਬ ਸਾਂਝਾ ਗੁਰੂ ਹੈ।” ਤੇ ਸੱਚਮੁਚ ਦਸਮ ਪਾਤਿਸ਼ਾਹ ਨੇ ਮਨੁੱਖ ਜਾਤੀ ਨੂੰ ਮਜ਼੍ਹਬਾਂ, ਫ਼ਿਰਕਿਆਂ ਦੇ ਝਗੜੇ-ਝੇੜਿਆਂ ਵਿਚੋਂ ਬਾਹਰ ਕੱਢ ਕੇ ਸਿਰਫ਼ ਧਰਮ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ :
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥
ਦਸਮ ਪਾਤਿਸ਼ਾਹ ਦੀ ਸਰਬ-ਸਾਂਝੀਵਾਲਤਾ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲੇ ਵਿਸ਼ਵ ਆਗੂ ਸਨ, ਜਿਨ੍ਹਾਂ ਨੇ ਮੰਦਰ ਅਤੇ ਮਸੀਤ, ਪੂਜਾ ਤੇ ਨਮਾਜ਼ ਨੂੰ ਇਕ ਕਰਕੇ ਜਾਨਣ ਦਾ ਉਪਦੇਸ਼ ਦਿੱਤਾ। ‘ਅਕਾਲ ਉਸਤਤਿ’ ਵਿਚ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਸਵੱਈਯਾ ਹੈ :
ਦੇਹਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ,
ਮਾਨਸ ਸਬੈ ਏਕ, ਪੈ ਅਨੇਕ ਕੋ ਭਰਮਾਉ ਹੈ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ,
ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ,
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥੧੬॥੮੬॥
ਪੁਰਖ ਭਗਵੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਲ ਵਰੇਸ ਹੀ ਐਸੇ ਅਨੂਠੇ ਤੇ ਅਦਭੁੱਤ ਰੱਬੀ ਚੋਜਾਂ ਵਾਲੀ ਸੀ ਕਿ ਉਨ੍ਹਾਂ ਵਿਚ ਭਵਿੱਖ ਦੀ ਤਸਵੀਰ ਉੱਘੜ ਕੇ ਸਾਹਮਣੇ ਆ ਰਹੀ ਸੀ। ਬਾਲ ਗੋਬਿੰਦ ਰਾਇ ਜੀ ਦੀ ਕੋਈ ਖੇਡ ਅਕਾਰਨ ਨਹੀਂ ਸੀ। ਜਦੋਂ ਉਹ ਗੰਗਾ ਕਿਨਾਰੇ ਜਾਂਦੇ ਤਾਂ ਆਪਣੇ ਚਰਨਾਂ ਨਾਲ ਯਾਤਰੂਆਂ ਤੇ ਇਸ਼ਨਾਨ ਕਰਨ ਵਾਲਿਆਂ ਦੇ ਗੜ੍ਹਵੇ ਡੋਲ੍ਹ ਦਿੰਦੇ। ਉਹ ਸਮਝਾ ਰਹੇ ਸਨ ਕਿ ਇਸ ਗੰਗਾ ਜਲ ਵਿਚ ਕੁਝ ਨਹੀਂ, ਸਭ ਕੁਝ ਅੰਤਰ ਆਤਮੇ ਹੈ। ਇਨ੍ਹਾਂ ਭਰਮਾਂ ਨੇ ਹੀ ਧਰਮਾਂ ਦੀ ਥਾਂ ਨਹੀਂ ਰਹਿਣ ਦਿੱਤੀ। ਬਹੁਤ ਸਾਰੇ ਲੋਕ ਮਾਤਾ ਗੁਜਰੀ ਜੀ ਕੋਲ ਸ਼ਿਕਾਇਤਾਂ ਵੀ ਕਰਦੇ ਸਨ ਪਰ ਉੱਚੀਆਂ ਸੁਰਤਾਂ ਵਾਲੇ ਇਨ੍ਹਾਂ ਚੋਜਾਂ ਵਿਚਲੇ ਰੱਬੀ ਸੁਨੇਹਿਆਂ ਨੂੰ ਸਮਝ ਰਹੇ ਸਨ। ਰੋਜ਼ਾਨਾ ਗੰਗਾ ਨਦੀ ਕੰਢੇ ਪਹੁੰਚ ਕੇ ਠਾਕੁਰ ਪੂਜਾ ਕਰਨ ਵਾਲੇ, ਪੰਡਤ ਸ਼ਿਵ ਦੱਤ ਨੇ ਇਕ ਦਿਨ ਗੰਗਾ ਕਿਨਾਰੇ ਬਾਲ ਗੋਬਿੰਦ ਰਾਇ ਜੀ ਵਿਚੋਂ ‘ਸ੍ਰੀ ਰਾਮਚੰਦਰ ਜੀ’ ਦੇ ਦਰਸ਼ਨ ਕੀਤੇ ਤਾਂ ਉਹ ਨਦਰੀ-ਨਦਰਿ ਨਿਹਾਲ ਹੋ ਗਿਆ। ਹੁਣ ਵੀ ਰੋਜ਼ ਸਵੇਰ ਉਠ ਕੇ ਗੰਗਾ ਘਾਟ ‘ਤੇ ਬੈਠ ਜਾਂਦਾ, ਪਰ ਸਾਹਮਣੇ ਮਰਜੰਗੀ (ਛੋਟੀ ਜਿਹੀ ਡੱਬੇ ਦੀ ਸ਼ਕਲ ਵਾਲੀ ਚੌਂਕੀ, ਜਿਸ ਵਿਚ ਪਿੱਤਲ ਦੀਆਂ ਠਾਕੁਰ ਦੀਆਂ ਮੂਰਤੀਆਂ ਹੁੰਦੀਆਂ ਹਨ) ਰੱਖ ਕੇ ਠਾਕੁਰ ਪੂਜਾ ਨਹੀਂ ਕਰਦਾ, ਸਗੋਂ ਗੰਗਾ ਦੀਆਂ ਪਵਿੱਤਰ ਤੇ ਅਥਾਹ ਛੱਲਾਂ ਨਾਲ ਅਠਖੇਲੀਆਂ ਕਰਦੇ ਬਾਲ ਗੋਬਿੰਦ ਰਾਇ ਜੀ ਦੇ ਅਗੰਮੀ ਚੋਜ ਦੇਖ-ਦੇਖ ਨਿਹਾਲ ਹੁੰਦਾ ਅਤੇ ਵਾਰ-ਵਾਰ ਸੀਸ ਨਿਵਾਉਂਦਾ। ਜਦੋਂ ਗਰੀਬਾਂ ਦੇ ਬੱਚਿਆਂ ਨਾਲ ਗੰਗਾ ਘਾਟ ‘ਤੇ ਖੇਡਦਿਆਂ ਦੋਵਾਂ ਹੱਥਾਂ ਵਿਚ ਪਾਏ ਸੋਨੇ ਦੇ ਕੰਙਣਾਂ ਵਿਚੋਂ ਇਕ ਕੰਙਣ ਨਦੀ ਵਿਚ ਸੁੱਟਣ ਤੋਂ ਬਾਅਦ ਮਾਤਾ ਗੁਜਰੀ ਜੀ ਦੇ ਪੁੱਛਣ ‘ਤੇ ਕਿ, ”ਗੋਬਿੰਦ ਰਾਇ ਜੀ ਇਕ ਹੱਥ ਵਿਚਲਾ ਕੰਙਣ ਕਿੱਥੇ ਹੈ?” ਮਾਤਾ ਜੀ ਦੀ ਬਾਂਹ ਫੜ ਕੇ ਗੰਗਾ ਘਾਟ ‘ਤੇ ਜਾ ਕੇ ਦੂਜੀ ਬਾਂਹ ਵਿਚ ਪਿਆ ਕੰਙਣ ਵੀ ਲਾਹ ਕੇ ਵਗਾਹ ਨਦੀ ਵਿਚ ਸੁੱਟਦਿਆਂ ਕਹਿੰਦੇ ਹਨ ਕਿ, ”ਮਾਤਾ ਜੀ ਓਥੇ…।” ਤਾਂ ਇਹ ਬਾਲ ਗੋਬਿੰਦ ਰਾਇ ਜੀ ਦਾ ਮਨੁੱਖੀ ਸਮਾਜ ਦੀ ਆਰਥਿਕ ਬਰਾਬਰਤਾ ਦੇ ਆਦਰਸ਼ ਦਾ ਇਕ ਨਾਦੀ ਕੌਤਕ ਸੀ। ਚਿਰਾਂ ਤੋਂ ਔਲਾਦ ਨੂੰ ਤਰਸਦੀ ਰਾਜੇ ਫ਼ਤਹਿ ਚੰਦ ਦੀ ਰਾਣੀ ਦੀ ਗੋਦੀ ਵਿਚ ਬੈਠ ਕੇ ਮਹਿਲਾਂ ਦੇ ਸੁੰਨੇ ਵਿਹੜੇ ‘ਚ ”ਮਾਂ…ਮਾਂ…” ਦੀਆਂ ਕਿਲਕਾਰੀਆਂ ਪਾਉਣੀਆਂ, ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਆਉਂਦਿਆਂ ਦਾਨਾਪੁਰ ਦੀ ਜਮਨਾ ਮਾਈ ਦੇ ਹੱਥੋਂ ਮਿੱਟੀ ਦੀ ਹਾਂਡੀ ਵਿਚ ਬਣੀ ਹੋਈ ਖਿੱਚੜੀ ਖਾ ਕੇ ਉਸ ਨੂੰ ਕਿਰਤਾਰਥ ਕਰਨ ਆਦਿ-ਆਦਿ, ਗੱਲ ਕੀ, ਦਸਮ ਪਾਤਿਸ਼ਾਹ, ਚੋਜੀ ਖੜਗੇਸ਼ ਪਿਤਾ ਦਾ ਬਾਲ ਵਰੇਸ ਅਨੂਠੀਆਂ ਕੌਤਕੀ ਸਾਖੀਆਂ ਨਾਲ ਭਰਿਆ ਪਿਆ ਹੈ, ਜਿਹੜੀਆਂ ਮਨੁੱਖੀ ਪ੍ਰੇਮ ਅਤੇ ਸਰਬ-ਸਾਂਝੀਵਾਲਤਾ ਦੇ ਸੁਨੇਹੇ ਦਿੰਦੀਆਂ ਹਨ।
ਅਨੰਦਪੁਰ ਸਾਹਿਬ ਦੀ ਧਰਤੀ ਤੋਂ 9 ਸਾਲ ਦੀ ਉਮਰ ‘ਚ ਆਪਣੇ ਗੁਰੂ ਪਿਤਾ ਨੂੰ ਤਿਲਕ-ਜੰਞੂ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਦਿੱਲੀ ਵੱਲ ਤੋਰਨਾ, ਦਿੱਲੀ ਤੋਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਉਣ ਵਾਲੇ ਭਾਈ ਜੈਤਾ ਨੂੰ ਛਾਤੀ ਨਾਲ ਲਾ ਕੇ ‘ਰੰਘੁਰੇਟੇ ਗੁਰੂ ਕੇ ਬੇਟੇ’ ਆਖਦਿਆਂ ਸਦੀਆਂ ਤੋਂ ਲਿਤਾੜੇ-ਨਪੀੜੇ ਤੇ ਜਾਤ-ਵਰਣ ਵਲੋਂ ‘ਸ਼ੂਦਰ’ ਆਖੇ ਜਾਣ ਵਾਲੇ ਲੋਕਾਂ ਨੂੰ ”ਇਨ ਗਰੀਬ ਸਿਖਨ ਕੋ ਦਊਂ ਪਾਤਸ਼ਾਹੀ॥ ਯੇਹ ਯਾਦ ਕਰਹਿਂ ਹਮਰੀ ਗੁਰਿਆਈ॥” ਆਖ ਕੇ ਵਡਿਆਉਣਾ, ਖ਼ਾਲਸਾ ਪੰਥ ਦੀ ਸਾਜਨਾ ਕਰਕੇ ਜਾਤ-ਪਾਤ, ਊਚ-ਨੀਚ, ਭਿੰਨ-ਭੇਦ ਨੂੰ ਮਿਟਾ ਕੇ ਜਬਰ-ਜ਼ੁਲਮ ਦੇ ਖਿਲਾਫ਼ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਦੁਨੀਆ ਦੇ ਇਤਿਹਾਸ ‘ਚ ਅਲੌਕਿਕ ਇਨਕਲਾਬ ਲਿਆਉਣਾ ਅਤੇ ਜਬਰ-ਜ਼ੁਲਮ ਦਾ ਨਾਸ਼ ਕਰਨ ਲਈ ਜ਼ਾਲਮਾਂ ਦਾ ਆਪਣੀ ਸ਼ਮਸ਼ੀਰ ਨਾਲ ਉਧਾਰ ਕਰਨਾ, ਦੁਸ਼ਟ-ਦਮਨ, ਖੜਗੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚੋਜਾਂ ਵਿਚ ਹੀ ਮਿਲਦਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਸਿੱਖਾਂ ਦੇ ਮੁਗ਼ਲਾਂ ਨਾਲ ਘਮਸਾਨ ਦੇ ਯੁੱਧ ਚੱਲ ਰਹੇ ਸਨ। ਦੋਹੀਂ ਪਾਸੀਂ ਫ਼ੌਜਾਂ ਇਕ ਦੂਜੇ ਦੇ ਸਿਪਾਹੀਆਂ ਦੇ ਆਹੂ ਲਾਹ ਰਹੀਆਂ ਸਨ। ਦਸਮੇਸ਼ ਪਿਤਾ ਕੋਲ ਸ਼ਿਕਾਇਤ ਪੁੱਜੀ, ”ਸੱਚੇ ਪਾਤਿਸ਼ਾਹ! ਮੈਦਾਨੇ-ਜੰਗ ‘ਚ ਮੁਗ਼ਲ ਸਿਪਾਹੀ ਸਿੰਘਾਂ ਦੇ ਖੂਨ ਦੇ ਪਿਆਸੇ ਬਣੇ ਹੋਏ ਹਨ ਤੇ ਭਾਈ ਘਨ੍ਹੱਈਆ, ਫ਼ੱਟੜ ਸਿੰਘਾਂ ਦੇ ਨਾਲ-ਨਾਲ ਮੁਗ਼ਲਾਂ ਦੇ ਉਨ੍ਹਾਂ ਸਿਪਾਹੀਆਂ ਨੂੰ ਵੀ ਪਾਣੀ ਪਿਲਾ ਰਿਹਾ ਹੈ, ਜਿਨ੍ਹਾਂ ਨੂੰ ਅਸੀਂ ਜਾਨ ‘ਤੇ ਖੇਡ ਕੇ ਜ਼ਖ਼ਮੀ ਕਰ-ਕਰ ਸੁੱਟ ਰਹੇ ਹਾਂ।” ਸੱਚੇ ਪਾਤਿਸ਼ਾਹ ਨੇ ਜਦੋਂ ਸਿੰਘਾਂ ਦੀ ਸ਼ਿਕਾਇਤ ਦਾ ਜੁਆਬ ਮੰਗਿਆ ਤਾਂ ਭਾਈ ਘਨ੍ਹੱਈਆ ਹਾਜ਼ਰ ਹੋ ਕੇ, ਗਲ ‘ਚ ਪੱਲਾ ਪਾ, ਦੋਵੇਂ ਹੱਥ ਜੋੜ, ਨਿਮਰਤਾ ਸਹਿਤ ਕਹਿਣ ਲੱਗਾ, ”ਹੇ ਸੱਚੇ ਪਾਤਿਸ਼ਾਹ! ਮੈਨੂੰ ਤਾਂ ਮੈਦਾਨੇ-ਜੰਗ ‘ਚ ਜ਼ਖ਼ਮੀ ਹੋਏ ਡਿੱਗੇ ਸਿੰਘਾਂ ਅਤੇ ਮੁਗ਼ਲ ਸਿਪਾਹੀਆਂ ‘ਚ ਕੋਈ ਫ਼ਰਕ ਹੀ ਨਜ਼ਰ ਨਹੀਂ ਆ ਰਿਹਾ। ਮੈਨੂੰ ਤਾਂ ਸਾਰਿਆਂ ‘ਚੋਂ ਤੁਹਾਡਾ ਹੀ ਇਲਾਹੀ ਨੂਰ ਨਜ਼ਰੀਂ ਪੈ ਰਿਹੈ।” ਗੁਰੂ ਪਾਤਿਸ਼ਾਹ ਨੇ ਪ੍ਰਸੰਨ ਹੋ ਕੇ ਭਾਈ ਘਨ੍ਹੱਈਏ ਨੂੰ ਘੁਟ ਕੇ ਛਾਤੀ ਨਾਲ ਲਾ ਲਿਆ ਅਤੇ ਫ਼ੁਰਮਾਉਣ ਲੱਗੇ, ”ਭਾਈ ਘਨ੍ਹੱਈਆ ਤੇਰੀ ਅਵਸਥਾ ਚੌਥੇ ਪਦ ਨੂੰ ਪਹੁੰਚ ਗਈ ਹੈ। (ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ॥) ਆਹ ਲੈ ਮਰਹੱਮ-ਪੱਟੀ ਅਤੇ ਪਾਣੀ ਪਿਲਾਉਣ ਦੇ ਨਾਲ-ਨਾਲ ਮੈਦਾਨੇ-ਜੰਗ ‘ਚ ਜ਼ਖ਼ਮੀ ਹੋਏ ਸਿਪਾਹੀਆਂ ਨੂੰ ਬਿਨ੍ਹਾਂ ਭੇਦ-ਭਾਵ ਤੋਂ ਮਰਹੱਮ-ਪੱਟੀ ਵੀ ਕਰੀ ਜਾ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿਚ ਲੜੀਆਂ ਕੁੱਲ 14 ਜੰਗਾਂ ਵਿਚੋਂ ਇਕ ਵੀ ਜੰਗ ਪਹਿਲ ਵਜੋਂ ਨਹੀਂ ਲੜੀ। ਗੁਰੂ ਸਾਹਿਬ ਨੂੰ ਜੰਗਾਂ ਮਰਜ਼ੀ ਨਾਲ ਨਹੀਂ ਬਲਕਿ ਮਜਬੂਰੀ ਨਾਲ ਲੜਨੀਆਂ ਪਈਆਂ।
ਜਦੋਂ ਭੰਗਾਣੀ ਦੇ ਯੁੱਧ ਵਿਚ ਦਸਮੇਸ਼ ਪਿਤਾ, ਰਾਜੇ ਹਰੀ ਚੰਦ ਨੂੰ ਪਹਿਲਾਂ ਵਾਰ ਕਰਨ ਲਈ ਕਹਿੰਦੇ ਹਨ ਤਾਂ ਆਪਣੀ ਜੰਗੀ-ਕਲ੍ਹਾ ਅਤੇ ਤੀਰਅੰਦਾਜ਼ੀ ‘ਤੇ ਬੇਹੱਦ ਮਾਣ ਕਰਨ ਵਾਲਾ ਹਰੀ ਚੰਦ ਸੋਚਣ ਲੱਗਾ, ”ਸਿੱਖਾਂ ਦਾ ਗੁਰੂ, ਪੀਰ ਤਾਂ ਹੋ ਸਕਦਾ ਹੈ, ਪਰ ਜੰਗੀ ਜਰਨੈਲ ਨਹੀਂ। ਇਸ ਨੂੰ ਇਹ ਨਹੀਂ ਪਤਾ ਕਿ ਜੰਗ ਦੇ ਮੈਦਾਨ ‘ਚ ਦੁਸ਼ਮਣ ਨਾਲ ਕੋਈ ਸਦਾਚਾਰ ਨਹੀਂ ਨਿਭਾਈਦਾ।” ਜਦੋਂ ਹਰੀ ਚੰਦ ਦਾ ਨਿਸ਼ਾਨਾ ਖਿੱਚ ਕੇ ਛੱਡਿਆ ਪਹਿਲਾ ਤੀਰ ਦਸਮੇਸ਼ ਪਿਤਾ ਦੇ ਘੋੜੇ ਦੇ ਲੱਗਾ ਤਾਂ ਗੁਰੂ ਸਾਹਿਬ ਨੇ ਹਰੀ ਚੰਦ ਨੂੰ ਮੁੜ ਵਾਰ ਕਰਨ ਲਈ ਲਲਕਾਰਿਆ। ਹਰੀ ਚੰਦ ਮੁੜ ਸੋਚਣ ਲੱਗਾ, ”ਇਹ ਵਾਕਈ ਕੋਈ ਪੀਰ ਹੀ ਹੋ ਸਕਦੈ, ਪਰ ਸਿਪਾਹੀ ਨਹੀਂ। ਇਸ ਨੂੰ ਤੇ ਜੰਗ ਦੇ ਮੈਦਾਨ ਦੇ ਦਾਅ ਹੀ ਨਹੀਂ ਆਉਂਦੇ।” ਇਹ ਸੋਚਦਿਆਂ ਦੂਜਾ ਤੀਰ ਫ਼ੁੰਡਿਆ ਜੋ ਗੁਰੂ ਸਾਹਿਬ ਦੇ ਕੰਨ ਨੂੰ ਛੋਹ ਕੇ ਅੱਗੇ ਨਿਕਲ ਗਿਆ। ਗੁਰੂ ਸਾਹਿਬ ਨੇ ਕਿਹਾ, ”ਹਰੀ ਚੰਦ! ਮੁੜ ਵਾਰ ਕਰ।” ਹਰੀ ਚੰਦ ਮਨ ਹੀ ਮਨ ਹੱਸਿਆ। ਏਸ ਫ਼ਕੀਰ ਨੂੰ ਜੰਗ ਦੇ ਮੈਦਾਨ ‘ਚ ਨਹੀਂ, ਕਿਸੇ ਗੁਫ਼ਾ ਜਾਂ ਕੁੰਦਰ ‘ਚ ਜਾ ਕੇ ਤਪ ਕਰਨਾ ਚਾਹੀਦਾ ਸੀ। ਹਰੀ ਚੰਦ ਨੇ ਜਦੋਂ ਤੀਜਾ ਤੀਰ ਪੂਰਾ ਨਿਸ਼ਾਨਾ ਬੰਨ੍ਹ ਕੇ ਮਾਰਿਆ ਤਾਂ ਜੋ ਗੁਰੂ ਸਾਹਿਬ ਦੇ ਸੀਨੇ ਵਿਚ ਲੱਗੇ ਤਾਂ ਇਹ ਤੀਰ ਵੀ ਨਿਸ਼ਾਨੇ ਤੋਂ ਖੁੰਝ ਕੇ ਗੁਰੂ ਸਾਹਿਬ ਦੀ ਕਮਰਕੱਸੇ ਵਾਲੀ ਪੇਟੀ ਵਿਚ ਜਾ ਵੱਜਾ। ਤੀਰ ਥੋੜ੍ਹਾ ਜਿਹਾ ਪੇਟੀ ਨੂੰ ਪਾੜ ਕੇ ਸਰੀਰ ਨਾਲ ਜਾ ਲੱਗਾ। ਹਰੀ ਚੰਦ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਤੀਰਅੰਦਾਜ਼ੀ ‘ਤੇ ਹਿਰਖ ਆਇਆ। ਜਦੋਂ ਤੀਜਾ ਤੀਰ ਸਰੀਰ ਨਾਲ ਥੋੜ੍ਹਾ ਜਿਹਾ ਛੂਹਿਆ ਗਿਆ ਤਾਂ ਗੁਰੂ ਸਾਹਿਬ ਨੇ ”ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥” ਉਚਾਰਦਿਆਂ ਸ਼ਿੱਸ਼ਤ ਬੰਨ੍ਹ ਕੇ ਅਜਿਹਾ ਨਿਸ਼ਾਨਾ ਸਾਧਿਆ ਕਿ ਪਹਿਲੇ ਹੀ ਤੀਰ ਨਾਲ ਹਰੀ ਚੰਦ ਢੇਰੀ ਹੋ ਗਿਆ। ਸੱਚਮੁਚ ਜੰਗ ਦੇ ਮੈਦਾਨ ‘ਚ ਕਿਸੇ ਦੁਸ਼ਮਣ ਦੇ ਲਗਾਤਾਰ ਤਿੰਨ ਵਾਰ ਸਹਿਜਤਾ ਦੇ ਨਾਲ ਝੱਲਣਾ ਉੱਚ-ਅਗੰਮੀ ਸੱਚੀ ਬੀਰਤਾ ਤੇ ਸਤਿ-ਆਦਰਸ਼ੀ ਨਿਰਵੈਰਤਾ ਦੀ ਨਿਸ਼ਾਨੀ ਹੈ। ਅਜਿਹੀ ਖੁੱਲ੍ਹਦਿਲੀ ਤੇ ਵਿਸ਼ਾਲਤਾ ਦੇ ਪੂਰਨੇ ਜੰਗੀ-ਜਰਨੈਲ ਜਾਂ ਕੋਈ ਸਾਧਾਰਨ ਦੁਨਿਆਵੀ ਆਗੂ ਨਹੀਂ, ਪੁਰਖ-ਭਗਵੰਤ, ਸੰਤ-ਸਿਪਾਹੀ ਹੀ ਪਾ ਸਕਦਾ ਹੈ। ਗੁਰੂ ਸਾਹਿਬ ਵਲੋਂ ਦੁਸ਼ਮਣ ਦੇ ਲਗਾਤਾਰ ਤਿੰਨ ਵਾਰਾਂ ਤੋਂ ਬਾਅਦ ਜਵਾਬੀ ਵਾਰ ਕਰਨ ਦੀ ਨੀਤੀ ਤੋਂ ਇਹ ਆਸ਼ਾ ਆਦਰਸ਼ਮਾਨ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਜੰਗ-ਯੁੱਧ ਕਦੇ ਵੀ ਦੁਸ਼ਮਣ ‘ਤੇ ਵਾਧਾ ਕਰਨ ਲਈ ਨਹੀਂ, ਸਗੋਂ ਸਵੈ-ਰੱਖਿਆ ਲਈ ਜਾਂ ਮਜ਼ਲੂਮਾਂ ਦਾ ਬਿਰਦ ਪਾਲਣ ਖ਼ਾਤਰ ਹੀ ਲੜੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨੁੱਖੀ ਜਾਮੇ ਅੰਦਰ ਵਿਚਰਦਿਆਂ ਸਿਰਫ਼ ਜੰਗ ਦੇ ਮੈਦਾਨ ‘ਚ ਇਕ ਅਗੰਮੀ ਬੀਰ-ਯੋਧੇ ਹੀ ਨਹੀਂ, ਸਗੋਂ ਸਦ-ਬਖ਼ਸ਼ਣਹਾਰ ਗੁਣੀ ਨਿਧਾਨ, ਮੁਕਤੀ ਦੇ ਦਾਤੇ, ਦਿਆਲੂ-ਕਿਰਪਾਲੂ ਅਤੇ ਬੰਧਨ ਕਾਟਨਹਾਰ ਫ਼ਕੀਰ ਵੀ ਸਨ। ਪੁਰਖ ਭਗਵੰਤ, ਗੁਰੂ ਦਸਮੇਸ਼ ਜੀ ਦਾ ਤੀਰ ਜੰਗ ਦੇ ਮੈਦਾਨ ਵਿਚ ਜ਼ਾਲਮ ਨੂੰ ਨਹੀਂ, ਉਸ ਦੇ ਅੰਦਰਲੇ ਜ਼ੁਲਮ ਨੂੰ ਮਾਰਦਾ ਹੈ। ਦਸਮੇਸ਼ ਪਿਤਾ ਦਾ ਤੀਰ ਖਾ ਕੇ ਕਦੇ ਕਿਸੇ ਨੇ ”ਉਫ” ਜਾਂ ”ਹਾਏ” ਨਹੀਂ ਸੀ ਕੀਤੀ ਬਲਕਿ ਉਸ ਨੂੰ ਅਨੰਦ ਆ ਜਾਂਦਾ ਸੀ। ਉਸ ਦੀ ਆਤਮਾ ਮੁਕਤ ਹੋ ਜਾਂਦੀ ਸੀ। ਗੁਰੂ ਜੀ ਦੇ ਹਰੇਕ ਤੀਰ ਨਾਲ ‘ਸਵਾ ਤੋਲਾ ਸੋਨਾ’ ਲੱਗਾ ਹੋਣਾ ਕਿ; ਜੇਕਰ ਜ਼ਾਲਮ ਫ਼ੌਜ ਦਾ ਕੋਈ ਸਿਪਾਹੀ ਇਸ ਤੀਰ ਨਾਲ ਜ਼ਖ਼ਮੀ ਹੋਵੇ ਤਾਂ ਇਸ ਸੋਨੇ ਨਾਲ ਆਪਣਾ ਦਵਾ-ਦਾਰੂ ਦਾ ਇੰਤਜ਼ਾਮ ਕਰ ਸਕੇ ਤੇ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੇ ਪਰਿਵਾਰ ਵਾਲੇ ਉਸ ਦੇ ਅੰਤਮ ਕਿਰਿਆ-ਕਰਮ ਕਰ ਸਕਣ। ਪੁਰਖ ਭਗਵੰਤ ਦਾ ਬਿਰਦ ਬੜਾ ਨਿਰਾਲਾ ਹੈ। ਭੁੱਲਿਆਂ ਨੂੰ ਗਲ ਨਾਲ ਲਾਉਂਦਾ ਹੈ। ਪਤਿਤਾਂ ਦਾ ਉਧਾਰ ਕਰ ਦਿੰਦਾ ਹੈ। ਹੰਕਾਰੀਆਂ ਦੇ ਹੰਕਾਰ ਤੋੜ ਦਿੰਦਾ ਹੈ। ਆਪਣੇ ਆਪ ਨੂੰ ਬੜਾ ਵੱਡਾ ਸੂਰਬੀਰ ਯੋਧਾ ਸਮਝਣ ਵਾਲੇ, ਔਰੰਗਜ਼ੇਬ ਦੇ ਸੈਨਾਪਤੀ ਸੈਦ ਖਾਂ ਦੇ ਹੰਕਾਰ ਦੇ ਗੜ੍ਹ ਦਸਮੇਸ਼ ਪਿਤਾ ਦੇ ਨੈਣਾਂ ਦੇ ‘ਪ੍ਰੇਮ’ ਤੀਰਾਂ ਨੇ ਤੋੜੇ ਸਨ। ਸੈਦ ਖਾਂ ਨੇ ਆਪਣੀ ਭੈਣ ਨਸੀਰਾਂ ਕੋਲੋਂ ਸੁਣਿਆ ਸੀ ਕਿ, ਦਸਮੇਸ਼ ਗੁਰੂ ਬੜਾ ਜ਼ਾਹਰਾ ਜ਼ਹੂਰ ਹੈ। ਉਹ ਦਿਲਾਂ ਦੀਆਂ ਜਾਨਣ ਵਾਲਾ ਹੈ। ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਅਨੰਦਪੁਰ ਦੇ ਕਿਲ੍ਹੇ ‘ਤੇ ਫ਼ਤਹਿ ਪਾਉਣ ਅਤੇ ਦਸਮੇਸ਼ ਗੁਰੂ ਨੂੰ ‘ਜ਼ਿੰਦਾ’ ਫੜ ਕੇ ਦਿੱਲੀ ਲਿਆਉਣ ਦੇ ਸੁਪਨੇ ਦੇਖਣ ਵਾਲਾ ਸੈਦ ਖਾਂ ਜਦੋਂ ਔਰੰਗਜ਼ੇਬ ਦੇ ਥਾਪੜੇ ਨਾਲ ਲਾਮ-ਲਸ਼ਕਰ ਸਮੇਤ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਜੰਗ ਦੇ ਮੈਦਾਨ ‘ਚ ਪੁੱਜਿਆ ਤਾਂ ਆਪਣੀ ਜਵਾਨੀ ਅਤੇ ਬਹਾਦਰੀ ‘ਤੇ ਘੁਮੰਡ ਕਰਨ ਵਾਲੇ ਪਠਾਨ ਦੇ ਮਨ ‘ਚ ਫ਼ੁਰਨਾ ਸਫੁਟਿਆ, ”ਜੇ ਸੱਚੀਂ ਸਿੱਖਾਂ ਦਾ ਗੁਰੂ ਘਟ-ਘਟ ਦੀ ਜਾਨਣ ਵਾਲਾ ਹੈ ਤਾਂ ਮੇਰੇ ਸਾਹਮਣੇ ਆ ਕੇ ਮੇਰਾ ਮੁਕਾਬਲਾ ਕਰੇ।” ਉਸੇ ਵੇਲੇ ਆਪਣੇ ਘੋੜੇ ‘ਤੇ ਅਸਵਾਰ ਹੋ ਕੇ ਚੋਜੀ ਪ੍ਰੀਤਮ ਦੋਹਾਂ ਪਾਸਿਆਂ ਦੀਆਂ ਫ਼ੌਜਾਂ ਨੂੰ ਚੀਰਦੇ ਹੋਏ, ਦੁਸ਼ਮਣਾਂ ਦੇ ਸੈਨਾਪਤੀ ਦੇ ਸਾਹਮਣੇ ਆ ਕੇ ਲਲਕਾਰੇ, ”ਸੈਦ ਖਾਂ… ਮੈਂ ਆ ਗਿਆ ਹਾਂ, ਆਪਣਾ ਆਪ ਸੰਭਾਲ ਅਤੇ ਪਹਿਲਾਂ ਆਪਣਾ ਵਾਰ ਕਰ ਲੈ, ਮਤੇ ਕੋਈ ਹਿਰਖ਼ ਨਾ ਰਹਿ ਜਾਏ।” ਸੈਦ ਖਾਂ ਨੇ ਆਪਣਾ ਤੀਰ-ਕਮਾਨ ਸੰਭਾਲਿਆ। ਸ਼ਿਸ਼ਤ ਬੰਨ੍ਹ ਕੇ ਚਿੱਲਾ ਚੜ੍ਹਾਉਣ ਲੱਗਾ ਤਾਂ ਗੁਰੂ ਪਾਤਿਸ਼ਾਹ ਦੇ ਜਾਹੋ-ਜਲਾਲ ਭਰੇ ਚਿਹਰੇ ਵੱਲ ਤੱਕਿਆ। ਉਨ੍ਹਾਂ ਦੀਆਂ ਨੂਰੀ ਅੱਖਾਂ ਦੇ ਨਾਲ ਅੱਖਾਂ ਮਿਲਾਈਆਂ। ਉਨ੍ਹਾਂ ਸੁੰਦਰ ਅੱਖਾਂ ਨੇ ਅਜਿਹੇ ਖਿੱਚ ਕੇ ‘ਪ੍ਰੇਮ’ ਤੀਰ ਮਾਰੇ ਕਿ ਉਸ ਦਾ ਹਿਰਦਾ ਵਿੰਨ੍ਹਿਆ ਗਿਆ। ਦਰਸ਼ਨ ਕਰਕੇ ਠੰਢਾ ਠਾਰ ਹੋ ਗਿਆ। ਸੱਚੇ ਪਾਤਿਸ਼ਾਹ ਦੇ ਚਰਨੀਂ ਲੱਗਣ ਲਈ ਅੱਗੇ ਵਧਿਆ ਤਾਂ ਦਸਮੇਸ਼ ਪਿਤਾ ਕਹਿਣ ਲੱਗੇ, ”ਸੈਦ ਖਾਂ ਇਹ ਮੈਦਾਨੇ-ਜੰਗ ਹੈ। ਮੈਂ ਤੇਰਾ ਇਰਾਦਾ ਵੇਖ ਕੇ ਸਾਰੀ ਫ਼ੌਜ ਨੂੰ ਚੀਰ ਕੇ ਤੇਰੇ ਕੋਲ ਪੁੱਜਾ ਹਾਂ, ਤੂੰ ਮੇਰੇ ਉਤੇ ਵਾਰ ਕਿਉਂ ਨਹੀਂ ਕਰਦਾ?” ਗੁਰੂ ਪਾਤਿਸ਼ਾਹ ਦੇ ਰੱਬੀ ਜੋਤਿ ਨੈਣਾਂ ਦਾ ਜ਼ਖ਼ਮੀ ਹੋਇਆ ਸੈਦ ਖਾਂ ਬੋਲਿਆ ”ਸੱਚੇ ਸਾਂਈ! ਮੈਨੂੰ ਇਹ ਨਹੀਂ ਸੀ ਪਤਾ ਕਿ ‘ਪ੍ਰੇਮ’ ਨਜ਼ਰ ਦਾ ਵਾਰ ਇਤਨਾ ਤਿੱਖਾ ਹੈ ਕਿ ਜ਼ਖ਼ਮ ਦੀ ਥਾਂ ਮੇਰੇ ਸੀਨੇ ਦੀ ਬਲਦੀ ਅਗਨੀ ਨੂੰ ਸ਼ਾਂਤ ਕਰ ਦੇਵੇਗਾ। ਤੇਰੀ ਇਸ ਤੱਕਣੀ ਨੇ ਮੇਰਾ ਜਨਮਾਂ-ਜਨਮਾਂਤਰਾਂ ਦਾ ਹੰਕਾਰ ਤੋੜ ਕੇ ਰੱਖ ਦਿੱਤਾ ਹੈ। ਵਲੀ ਅਲਾਹ! ਮੈਨੂੰ ਬਖ਼ਸ਼ ਦਿਓ, ਮੈਨੂੰ ਮੁਆਫ਼ ਕਰ ਦਿਓ।” ਤੇ ਸੈਦ ਖਾਂ ਉਸ ਦਿਨ ਤੋਂ ਗੁਰੂ ਦਾ ਹੀ ਹੋ ਕੇ ਰਹਿ ਗਿਆ।
ਭਾਈ ਗਨੀ ਖਾਂ-ਨਬੀ ਖਾਂ, ਕੋਟਲਾ ਨਿਹੰਗ ਖਾਂ, ਸੈਦਾ ਬੇਗ, ਪੀਰ ਬੁੱਧੂ ਸ਼ਾਹ, ਭਾਈ ਨੰਦ ਲਾਲ ਅਤੇ ਹੋਰ ਅਨੇਕਾਂ ਮੁਸਲਮਾਨ ਅਤੇ ਹਿੰਦੂ, ਜਿਹੜੇ ਚੋਜੀ ਪ੍ਰੀਤਮ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਰੀਦ ਹੋਏ ਅਤੇ ਪਰਮਪਦ ਪਾ ਕੇ ਗੁਰਸਿੱਖੀ ‘ਚ ਪ੍ਰਵਾਨ ਚੜ੍ਹੇ, ਦਸਮੇਸ਼ ਪਿਤਾ ਦੀ ਸਰਬ-ਸਾਂਝੀਵਾਲਤਾ ਅਤੇ ਮਨੁੱਖੀ ਪ੍ਰੇਮ ਦੇ ਹੀ ਲਖਾਇਕ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰਬ-ਸਾਂਝੀਵਾਲਤਾ ਤੇ ਮਨੁੱਖੀ ਪਿਆਰ ਦੀ ਚਰਮ ਸੀਮਾ ਦੇਖੋ, ਪਿਤਾ ਦੇ ਰੂਪ ਵਿਚ ਆਪਣੇ ਸਾਹਮਣੇ, ਚਮਕੌਰ ਦੀ ਗੜ੍ਹੀ ਵਿਚ ਪੁੱਤਰ ਸ਼ਹੀਦ ਹੁੰਦੇ ਦੇਖਦਿਆਂ ਵੀ ਸ਼ਾਂਤ ਰਹੇ ਤੇ ਅਕਾਲ ਪੁਰਖ ਦਾ ਸ਼ੁਕਰ ਮਨਾਉਂਦਿਆਂ ਮਾਛੀਵਾੜੇ ਦੇ ਜੰਗਲਾਂ ਵਿਚ ਪਾਟੇ ਹੋਏ ਜਾਮੇ, ਕੰਢਿਆਂ ਦੀ ਸੇਜ ‘ਤੇ ਰਾਤ ਦਾ ਵਾਸਾ ਕਰਦਿਆਂ ਵੀ ਅਡੋਲ ਰਹੇ। ਜਦੋਂ ਦੀਨਾ ਕਾਂਗੜ ਦੀ ਧਰਤੀ ‘ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਵੀ ਸੁਣੀ ਤਾਂ ਮੁੱਖੋਂ ਸਹਿਜ ਤੇ ਸ਼ਾਂਤ ਰਸ ‘ਚ ਇਹੀ ਉਚਾਰਿਆ, ”ਇਨ ਪੁਤਰਨ ਕੇ ਕਾਰਨੇ, ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ॥”
ਸੰਸਾਰਕ ਯਾਤਰਾ ਦੇ ਅੰਤਲੇ ਸਮੇਂ ਪਠਾਨ ਜਮਸ਼ੇਦ ਖਾਨ ਨੇ ਗੁਰੂ ਸਾਹਿਬ ‘ਤੇ ਖੰਜ਼ਰ ਨਾਲ ਹਮਲਾ ਕੀਤਾ ਤਾਂ ਦਸਮੇਸ਼ ਪਿਤਾ ਦੀ ਸ਼ਮਸ਼ੀਰ ਦੇ ਜੁਆਬੀ ਵਾਰ ਨਾਲ ਡਿੱਗਦੇ ਹੋਏ ਪਠਾਨ ਨੇ ‘ਹਾਇ ਅੰਮਾ’ ਕਿਹਾ ਤਾਂ ਆਪ ਜੀ ਉਸੇ ਸ਼ਾਂਤ ਰਸ ਵਿਚ ਬੋਲੇ, ”ਕਿਆ ਯਿਹ ਅੰਮਾ ਕਹਿਨੇ ਕਾ ਵਕਤ ਹੈ, ਅਲਾਹ ਕਹੋ! ਅਲਾਹ!”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਚ ਏਨਾ ਹੁਲਾਸ ਤੇ ਕਰੁਣਾ ਹੈ ਕਿ ਹਰ ਇਕ ਹਿਰਦਾ ਹਿੱਲ ਜਾਂਦਾ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ”ਸੱਚੀ ਗੱਲ ਇਹ ਹੈ ਕਿ ਆਪੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਨਾ ਕੀਤਾ ਹੁੰਦਾ ਕਿ ਉਨ੍ਹਾਂ ਨੂੰ ਕੋਈ ਪ੍ਰਮੇਸ਼ਰ ਨਾ ਆਖੇ ਤਾਂ ਇਹ ਮੰਨਣਾ ਮੁਸ਼ਕਲ ਹੋ ਜਾਣਾ ਸੀ ਕਿ ਇਨਸਾਨੀ ਜਾਮੇ ਵਿਚ ਕੋਈ ਅਜਿਹੀ ਸ਼ਖ਼ਸੀਅਤ ਵੀ ਹੋ ਸਕਦੀ ਹੈ।”
ਸਰਬੰਸਦਾਨੀ, ਦੁਸ਼ਟ ਦਮਨ, ਪੁਰਖ ਭਗਵੰਤ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰਬੱਗ ਸ਼ਖ਼ਸੀਅਤ ਦੀ ਉਪਮਾ ਭਾਈ ਗੁਰਦਾਸ ਜੀ (ਦੂਜੇ) ਇਉਂ ਕਰਦੇ ਹਨ :
ਪ੍ਰਾਨ ਮੀਤ ਪਰਮਾਤਮਾ ਪੁਰਖੋਤਮ ਪੂਰਾ।
ਪੋਖਨਹਾਰਾ ਪਾਤਿਸਾਹ ਹੈ ਪ੍ਰਤਿਪਾਲਨ ਊਰਾ।
ਪਤਿਤ ਉਧਾਰਨ ਪ੍ਰਾਨਪਤਿ ਸਦ ਸਦਾ ਹਜੂਰਾ।
ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ।
ਅਨਦ ਬਿਨੋਦੀ ਜੀਅ ਜਪਿ ਸਚੁ ਸਚੀ ਵੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥੧੪॥

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …