Breaking News
Home / ਨਜ਼ਰੀਆ / ਦੀਵਾਰ, ਗੜ੍ਹੀ ਤੇ ਮੌਣ ਦੀ ਮੂਕ-ਵੇਦਨਾ਼

ਦੀਵਾਰ, ਗੜ੍ਹੀ ਤੇ ਮੌਣ ਦੀ ਮੂਕ-ਵੇਦਨਾ਼

ਡਾ. ਗੁਰਬਖ਼ਸ਼ ਸਿੰਘ ਭੰਡਾਲ
ਦੀਵਾਰ, ਗੜ੍ਹੀ ਅਤੇ ਮੌਣ ਮੋਨ ਨੇ। ਉਹਨਾਂ ਦੇ ਚਿਹਰਿਆਂ ‘ਤੇ ਜੰਮ ਚੁੱਕੀਆਂ ਨੇ ਅੱਥਰੂਆਂ ਦੀਆਂ ਘਰਾਲਾਂ। ਦੀਦਿਆਂ ‘ਚ ਉਤਰ ਚੁੱਕੀ ਏ ਮਰਨ-ਰੁੱਤ। ਉਹਨਾਂ ਦੀ ਮੂਕ ਵੇਦਨਾ ਨੂੰ ਸੁਣਨ ਵਾਲਾ ਕੋਈ ਨਹੀਂ। ਜਦ ਕਿਸੇ ਦੀ ਹੋਂਦ ਹੀ ਖ਼ਤਮ ਕਰ ਦਿਤੀ ਜਾਵੇ ਤਾਂ ਉਹ ਆਪਣਾ ਦਰਦ ਕਿਸ ਨੂੰ ਸੁਣਾਵੇ? ਕਿੰਝ ਆਪਣੇ ‘ਤੇ ਬੀਤੀ ਦੇ ਕੀਰਨੇ ਪਾਵੇ? ਪਿੰਡਿਆਂ ‘ਤੇ ਉਕਰੀਆਂ ਕਹਾਣੀਆਂ ਕਿਹੜੇ ਹਰਫ਼ਾਂ ਦੀ ਝੋਲੀ ਪਾਵੇ ਕਿ ਵਰਕਿਆਂ ‘ਤੇ ਸੋਗ ਉਗ ਆਵੇ ਅਤੇ ਤਹਿਰੀਕ ਵਿਚ ਰੋਹ ਦੀ ਜਵਾਲਾ ਪ੍ਰਚੰਡ ਹੋ ਜਾਵੇ। ਇਹਨਾਂ ਦੀ ਕਹਾਣੀ ਪੜ੍ਹ ਜਾਂ ਸੁਣ ਰਿਹਾ ਹਰ ਸਖ਼ਸ਼ ਕਦੋਂ ਬੀਤੇ ਵਕਤ ਦੀ ਕਰੁਣਾ ਆਪਣੀ ਸੋਚ ‘ਚ ਸਮਾਵੇ?
ਦੀਵਾਰ, ਗੜ੍ਹੀ ਅਤੇ ਮੌਣ, ਆਪਣਿਆਂ ਹੱਥੋਂ ਹੋਈ ਬੇਕਦਰੀ ਦਾ ਰੋਣਾ ਕਿਸ ਕੋਲ ਰੋਣ? ਕਿਸ ਸਾਹਵੇਂ ਹਾਵਿਆਂ ਦੇ ਤੰਦ ਪਰੋਣ? ਪਾਟੇ ਹੋਏ ਸੀਨਿਆਂ ‘ਤੇ ਕਿਸ ਧਰਵਾਸ ਦੇ ਤਰੋਪੇ ਲਾਉਣ ਤਾਂ ਕਿ ਤੜਫ਼ਦੇ ਹਿਰਦਿਆਂ ਨੂੰ ਸਕੂਨ ਆਵੇ? ਸੰਗਮਰਮਰ ਹੇਠ ਦਫ਼ਨ ਹੋ ਚੁੱਕੀ ਸਰਹਿੰਦ ਦੀ ਦੀਵਾਰ, ਚਮਕੌਰ ਦੀ ਕੱਚੀ ਗੜ੍ਹੀ ਅਤੇ ਮਾਛੀਵਾੜੇ ਵਿਚ ਖ਼ੂਹ ਦੀ ਮੌਣ, ਵਿਥਿਆ ਦਾ ਬਿਰਤਾਂਤ ਕਿਵੇਂ ਬਣਨਗੀਆਂ? ਕਿੰਝ ਆਉਣ ਵਾਲੀਆਂ ਨਸਲਾਂ ਨੂੰ ਯਕੀਨ ਆਵੇਗਾ ਕਿ ਦੀਵਾਰ, ਗੜ੍ਹੀ ਅਤੇ ਮੌਣ ਨੂੰ ਇਤਿਹਾਸ ਦਾ ਚਸ਼ਮਦੀਦ ਗਵਾਹ ਹੋਣ ਦਾ ਮਾਣ ਪ੍ਰਾਪਤ ਸੀ। ਉਸ ਮਾਣ ਨੇ ਹੀ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਸੀ ਅਤੇ ਰੋਹੀਲੀ ਵਿਰਾਸਤ ਨੂੰ ਉਹਨਾਂ ਦੇ ਦੀਦਿਆਂ ਵਿਚ ਧਰਨਾ ਸੀ। ਨਵੀਂ ਪੀਹੜੀ ਨੇ ਜ਼ੁਲਮ ਤੇ ਸਿੱਤਮ ਦੀਆਂ ਤਹਿਆਂ ਫਰੋਲਦਿਆਂ, ਨਵੀਂ ਸੋਚ ਤੇ ਨਵੀਂ ਤਰਕੀਬ ਨੂੰ ਸਮਿਆਂ ਦੇ ਨਾਮ ਕਰਨਾ ਸੀ ਤਾਂ ਕਿ ਅਜੇਹੀ ਅਣਹੋਣੀ ਫਿਰ ਕਦੇ ਨਾ ਵਾਪਰੇ। ਜਦ ਅਚੇਤ ਜਾਂ ਸੁਚੇਤ ਰੂਪ ਵਿਚ ਮਾਣਮੱਤੀਆਂ ਨਿਸ਼ਾਨੀਆਂ ਨੂੰ ਮਲੀਆਮੇਟ ਕਰਨ ਦਾ ਅਹਿਦ ਆਪਣੇ ਹੀ ਕਰ ਲੈਣ ਅਤੇ ਇਹਨਾਂ ਨੂੰ ਸੰਗਮਰਮਰੀ ਲਿਬਾਸ ਵਿਚ ਸਾਹ ਲੈਣ ਤੋਂ ਵੀ ਆਤੁਰ ਕਰ ਦੇਣ ਤਾਂ ਸੰਵੇਦਨਸ਼ੀਲ ਮਨ ‘ਚੋਂ ਬੜਾ ਕੁਝ ਲਾਵਾ ਬਣ ਕੇ ਬਾਹਰ ਨਿਕਲਦਾ। ਕੀ ਇਹ ਸੋਚੀ ਸਮਝੀ ਸਾਜਿਸ਼ ਸੀ? ਜਾਣ ਬੁੱਝ ਕੇ ਵਿਰਸੇ ਤੋਂ ਵਿਰਵਾ ਕਰਨਾ ਸੀ? ਜਾਂ ਕਿਸੇ ਦੂਰ-ਰਸੀ ਭਵਿੱਖੀ ਯੋਜਨਾ ਦਾ ਹਿੱਸਾ ਸੀ ਕਿ ਕਾਰ ਸੇਵਾ ਦੇ ਨਾਮ ‘ਤੇ ਸਿੱਖੀ ਦੀਆਂ ਫ਼ਖਰਯੋਗ ਨਿਸ਼ਾਨੀਆਂ ਨੂੰ ਸਦੀਵੀ ਸਮੇਟਿਆ ਜਾਵੇ ਅਤੇ ਇਹਨਾਂ ਨੂੰ ਲੋਕ-ਚੇਤਿਆਂ ਵਿਚੋਂ ਸਦਾ ਲਈ ਮਿਟਾਇਆ ਜਾਵੇ।
ਹੁਣ ਸਰਹਿੰਦ ਦੀ ਦੀਵਾਰ ਦੇ ਹਟਕੋਰਿਆਂ ਨੂੰ ਕੌਣ ਸੁਣੇਗਾ ਜਿਸਨੇ ਨਿੱਕੇ ਨਿੱਕੇ ਲਾਲਾਂ ਨੂੰ ਵਜ਼ੀਰ ਖਾਨ ਦੇ ਸਾਹਮਣੇ ਲਲਕਾਰਦੇ ਸੁਣਿਆ ਸੀ? ਉਹਨਾਂ ਦੀਆਂ ਰੋਹ ਭਰੀਆਂ ਗੱਲਾਂ, ਇੱਟਾਂ ਦੇ ਹਰ ਰਦੇ ਨਾਲ ਸਾਹਿਬਜ਼ਾਦਿਆਂ ਦੀ ਸੋਚ ਅਤੇ ਮਾਨਸਿਕ ਅਵਸਥਾ ਦੀ ਉਚਿਆਈ, ਦਾਦੇ ਦੇ ਪਾਏ ਪੁਰਨਿਆਂ ‘ਤੇ ਚੱਲਣ ਦੀ ਪਕਿਆਈ ਅਤੇ ਦਾਦੀ ਵਲੋਂ ਦਿਤੀਆਂ ਮੌਤ ਦੀਆਂ ਲੋਰੀਆਂ ਨੇ ਦਰਬਾਰ ਦੇ ਹਰ ਸਖ਼ਸ਼ ਨੂੰ ਠਿੱਠ ਹੋਣ ਲਈ ਮਜਬੂਰ ਹੁੰਦਿਆਂ ਦੇਖਿਆ ਸੀ ਦੀਵਾਰ ਨੇ। ਦੀਵਾਰ ਨੂੰ ਤਾਂ ਇਹ ਵੀ ਯਾਦ ਆ ਕਿ ਕਿਵੇਂ ਫੁੱਲਾਂ ਨੇ ਦੀਵਾਰ ਦਾ ਭਾਰ ਸਹਿੰਦਿਆਂ, ਜਲਾਦ ਨੂੰ ਵੰਗਾਰਿਆ ਸੀ। ਮਿਸਟਰੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਪਣੇ ਸੀਨਿਆਂ ਨਾਲ ਦੀਵਾਰ ਦੀ ਪਕਿਆਈ ਤੇ ਉਚਾਈ ਪਰਖੀ ਸੀ। ਮਾਸੂਮੀਅਤ ਵਿਚ ਭਿੱਜੇ ਰੋਹ ਨੇ ਦੀਵਾਰੀ-ਅੱਖੜਤਾ ਨੂੰ ਮੋਮ ਕਰ ਦਿਤਾ ਸੀ। ਇੱਟਾਂ ਵੀ ਮਾਸੂਮਾਂ ਨੂੰ ਆਪਣੀ ਜਦ ਵਿਚ ਲੈਂਦਿਆਂ ਹੰਝੂਆਂ ‘ਚ ਖੁਰ ਗਈਆਂ ਸਨ। ਦੀਵਾਰ ਨੂੰ ਤਾਂ ਚੰਗਾ ਤਰ੍ਹਾਂ ਯਾਦ ਹੋਵੇਗਾ ਜਦ ਫਤਹਿ ਸਿੰਘ ਨੇ ਵੱਡੇ ਵੀਰ ਜੋਰਾਵਰ ਸਿੰਘ ਤੋਂ ਪਹਿਲਾਂ ਮੌਤ ਨੂੰ ਗਲ ਨਾਲ ਲਾਇਆ ਹੋਵੇਗਾ। ਨਿੱਕੇ ਵੀਰੇ ਦਾ ਕਾਹਲਾਪਣ ਅਤੇ ਆਪਣੀ ਵਾਰੀ ਨੂੰ ਉਡੀਕਣ ਦੀ ਜ਼ੋਰਾਵਰ ਸਿੰਘ ਦੀ ਤੀਬਰਤਾ ਵੀ ਦੀਵਾਰ ਦੇ ਨੈਣਾਂ ਵਿਚ ਅੱਥਰੂ ਧਰ ਗਈ ਹੋਵੇਗੀ। ਦੀਵਾਰ ਦੇ ਸਾਹਮਣੇ ਹੀ ਕਾਜ਼ੀ ਦਾ ਫ਼ਤਵਾ ਆਪਣੀ ਕਠੋਰਤਾ ‘ਤੇ ਝੂਰਦਾ, ਬਹਾਦਰੀ ਦੇ ਨਵੇਂ ਕੀਰਤੀਮਾਨਾਂ ਸਾਹਵੇਂ ਛਿੱਥਾ ਪੈ ਗਿਆ ਹੋਵੇਗਾ। ਦੀਵਾਰ ਨੇ ਤਾਂ ਮਲੇਰਕੋਟਲੇ ਦੇ ਨਵਾਬ ਦਾ ਹਾਅ ਦਾ ਨਾਹਰਾ ਵੀ ਆਪਣੇ ਸੀਨੇ ਵਿਚ ਜ਼ਜ਼ਬ ਕੀਤਾ ਹੋਵੇਗਾ ਅਤੇ ਸੋਚਦੀ ਹੋਵੇਗੀ ਕਿ ਹੁਕਮਰਾਨ ਵੀ ਰਹਿਮਦਿਲ ਹੋ ਸਕਦੇ ਨੇ? ਚੌਗਿਰਦੇ ਵਿਚ ਨਿੱਕੇ ਸਾਹਿਬਜ਼ਾਦਿਆਂ ਦੀ ਜ਼ਾਂਬਾਜ਼ੀ, ਉਹਨਾਂ ਦੀ ਗੱਲਬਾਤ ਵਿਚਲੀ ਰੂਹਾਨੀਅਤ, ਉਹਨਾਂ ਦੇ ਮੁੱਖੜਿਆਂ ਦਾ ਜਲਾਲ ਅਤੇ ਉਹਨਾਂ ਦੀ ਚੜ੍ਹਦੀ ਕਲਾ ਨੂੰ ਆਪਣੇ ਅੰਤਰੀਵ ਵਿਚ ਉਤਾਰਦੀ ਹੋਈ ਦੀਵਾਰ ਜਰੂਰ ਕਿਆਸਦੀ ਹੋਵੇਗੀ ਕਿ ਇਹ ਕਿਹੜੀ ਮਾਂ ਦੇ ਜਾਏ ਨੇ? ਕਿਸ ਨੇ ਇਹਨਾਂ ਨੂੰ ਅਸੂਲ-ਪ੍ਰਸਤੀ ਅਤੇ ਮਰਨ ਦੇ ਗੁਰ ਸਿਖਾਏ ਨੇ ਜੋ ਮੌਤ ਨੂੰ ਸ਼ੁਗਲ ਤੋਂ ਵੱਧ ਕੁਝ ਨਹੀਂ ਸਮਝਦੇ? ਉਹਨਾਂ ਨੇ ਮੌਤ ਦੀ ਕਰੂਰਤਾ ਨੂੰ ਵੀ ਹਰਾ ਦਿਤਾ ਸੀ। ਦੀਵਾਰ ਤਾਂ ਹੁੱਬਕੀ ਰੋਂਦੀ ਹੋਵੇਗੀ ਜਦ ਸ਼ਹੀਦ ਹੋਏ ਸਾਹਿਬਜ਼ਾਦਿਆਂ ਦਾ ਅੰਤਮ ਸਸਕਾਰ ਕਰਨ ਲਈ ਦੀਵਾਨ ਟੋਡਰ ਮਲ ਨੇ ਇਹਨਾਂ ਮਾਸੂਮਾਂ ਨੂੰ ਦੀਵਾਰ ਤੋਂ ਵੱਖ ਕੀਤਾ ਹੋਵੇਗਾ। ਭਲਾ! ਉਹ ਦੀਵਾਰ ਆਪਣੇ ਸਾਹਾਂ ਤੋਂ ਬਗੈਰ ਕਿਵੇਂ ਜਿਊਂਦੀ ਰਹੀ ਹੋਵੇਗੀ?
ਬਹੁਤ ਚਿੱਰ ਤੀਕ ਤਾਂ ਦੀਵਾਰ ਨੱਤਮਸਤਕ ਹੋਣ ਵਾਲੇ ਹਰ ਸ਼ਰਧਾਲੂ ਦੇ ਮਨ ਵਿਚ ਕਹਿਰਾਂ ਭਰੇ ਵਕਤਾਂ ਦੀ ਕਹਾਣੀ ਧਰਦੀ ਰਹੀ। ਤੁਹਾਥੋਂ ਹੁੰਗਾਰਾ ਲੋੜਦੀ ਏ ਕਿ ਪੁੱਤਾਂ ਵਾਲਿਓ! ਕਦੇ ਉਸ ਮਾਂ ਦੀ ਦਲੇਰੀ, ਸਬਰ-ਸਬੂਰੀ ਤੇ ਮਾਨਸਿਕ ਉਚਾਣ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਜਿਸਦੇ ਮਾਸੂਮ ਬੱਚਿਆਂ ਨੇ ਅਦੁੱਤੀ ਸ਼ਹਾਦਤ ਨਾਲ ਤਵਾਰੀਖ਼ ਨੂੰ ਨਵੇਂ ਅਰਥ ਦਿਤੇ ਸਨ। ਬੱਚਿਆਂ ਦੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਆਪਣੀ ਔਲਾਦ ਨੂੰ ਜਰੂਰ ਸੁਣਾਉਣਾ ਤਾਂ ਕਿ ਉਹਨਾਂ ਨੂੰ ਆਪਣੇ ਇਤਿਹਾਸ ‘ਤੇ ਮਾਣ ਹੋਵੇ। ਪਰ ਅੱਜ ਕੱਲ ਹੋਂਦ-ਵਿਹੂਣੀ ਦੀਵਾਰ ਬਹੁਤ ਉਦਾਸ ਅਤੇ ਹਤਾਸ਼ ਹੈ। ਉਸਦੀ ਉਦਾਸੀ ‘ਚ ਹੈ ਆਪਣਿਆਂ ਦੀ ਅਕ੍ਰਿਤਘਣਤਾ ਅਤੇ ਵਿਰਸੇ ਪ੍ਰਤੀ ਅਣਡਿੱਠਤਾ। ਬੌਣੀ ਮਾਨਸਿਕਤਾ ਹੋ ਰਹੀ ਏ ਜੱਗ-ਜਹਾਰ। ਦੀਵਾਰ ਨੂੰ ਦੁੱਖ ਹੈ ਕਿ ਸੋਗ-ਸਮਾਗਮ, ਜਸ਼ਨ ਬਣ ਗਏ ਨੇ। ਸ਼ਹਾਦਤ ਦੇ ਨਾਮ ‘ਤੇ ਰਾਜਸੀ ਰੋਟੀਆਂ ਸੇਕਣਾ ਅਤੇ ਨਿੱਜੀ ਮੁਫ਼ਾਦ ਤੀਕ ਸਿਮਟਣਾ, ਧਾਰਮਿਕ ਲੀਡਰਾਂ ਦਾ ਅਕੀਦਾ ਬਣ ਗਿਆ ਏ। ਦੀਵਾਰ ਪੁੱਛਦੀ ਏ ਕਿ ਦੱਸੋ ਵੇ ਵਾਰਸੋ! ਅੱਜ ਮੈਂ ਕਿਥੇ ਹਾਂ? ਕਿਸਨੂੰ ਆਪਣੀ ਵੇਦਨਾ ਸੁਣਾਵਾਂ? ਕਿਸਦੇ ਅੱਗੇ ਝੋਲੀ ਫੈਲਾਵਾਂ ਕਿ ਮੇਰੀ ਵਿਥਿਆ ਇਤਿਹਾਸ ਦਾ ਸਦੀਵੀ ਸ਼ਰਫ਼ ਬਣ ਜਾਵੇ? ਯਾਦ ਰੱਖਣਾ! ਇਤਿਹਾਸ ਤੋਂ ਬੇਮੁੱਖ ਹੋਣ ਵਾਲੀਆਂ ਕੌਮਾਂ ਦਾ ਕੋਈ ਇਤਿਹਾਸ ਨਹੀਂ ਰਹਿੰਦਾ। ਜੜ੍ਹ-ਹੀਣ ਹੋ ਕੇ ਜਿਉਣ ਨਾਲੋਂ ਤਾਂ ਮਰਨਾ ਹੀ ਬਿਹਤਰ। ਸ਼ਾਇਦ ਇਸ ਕਰਕੇ ਸਰਹਿੰਦ ਦੀ ਦੀਵਾਰ ਸੰਗਮਰਮਰ ਦੇ ਭਾਰ ਹੇਠ ਸਿੱਸਕਦੀ ਏ। ਇਹ ਸਿੱਸਕੀਆਂ ਉਸ ਸ਼ਰਧਾਵਾਨ ਨੂੰ ਸੁਣਦੀਆਂ ਨੇ ਜਿਹੜਾ ਅਨੂਠੀ ਸ਼ਹਾਦਤ ਦੀ ਅਕੀਦਤ ਕਰਨ ਆਉਂਦਾ ਏ। ਅਜੇਹੇ ਸ਼ਰਧਾਲੂਆਂ ਦੀ ਉਡੀਕ ਵਿਚ ਤਾਂ ਦੀਵਾਰ ਦੀਆਂ ਸਿੱਸਕੀਆਂ ਜਾਰੀ ਨੇ। ਸੋਚ-ਸ਼ੋਰ ਬਣਨ ਦੀ ਉਡੀਕ ਵਿਚ ਇਹ ਸਿੱਸਕੀਆਂ ਆਪਣੀ ਆਊਧ ਨੂੰ ਲੰਮੇਰਾ ਕਰ ਰਹੀਆਂ ਨੇ।
ਦੀਵਾਰ ਦੇ ਗਲ ਲੱਗ ਕੇ ਰੋਂਦੀ ਕੱਚੀ ਗੜ੍ਹੀ ਬਹੁਤ ਦੁੱਖਿਆਰੀ। ਉਸਦੀ ਦੁੱਖਦੀ ਰਗ ‘ਤੇ ਹੱਥ ਧਰਨ ਲੱਗਿਆਂ ਮਨ ਵੀ ਸਹਿਮ ਜਾਂਦਾ ਏ। ਗੜ੍ਹੀ ਪ੍ਰਸ਼ਨ ਕਰਦੀ ਹੈ ਕਿ ਕਿਥੇ ਹਾਂ ਮੈਂ? ਕਿਹੜੇ ਨੇ ਉਹ ਹੱਥ ਜਿਹਨਾਂ ਨੇ ਮੇਰੀ ਹੋਂਦ ਮਿਟਾਈ? ਮੈਂ ਤਾਂ ਸ਼ਰਧਾਲੂਆਂ ਦੇ ਨਾਮ ਅੱਖੀਂ ਡਿੱਠਾ ਵਰਨਣ ਕਰਨਾ ਸੀ ਕਿ ਤਾਂ ਕਿ ਉਹਨਾਂ ਦੇ ਦੀਦਿਆਂ ਵਿਚ ਰੱਤ ਉਤਰ ਆਵੇ। ਪਰ ਇਸ ਤੋਂ ਪਹਿਲਾਂ ਹੀ ਮੇਰੀ ਕੱਚੀ ਹੋਂਦ ਨੂੰ ਬਾਬਿਆਂ ਨੇ ਸੰਗਮਰਮਰ ਹੇਠ ਦਫ਼ਨ ਕਰ ਦਿਤਾ। ਦੱਸੋ ਤਾਂ ਸਹੀ ਕਿ ਮੈਂਨੂੰ ਕਿਉਂ ਅਲੋਪ ਕੀਤਾ? ਕੀ ਮੇਰੀ ਹੋਂਦ ਰੜ੍ਹਕਦੀ ਸੀ? ਇਹ ਕਿਹੋ ਜੇਹੀ ਹੈ ਅੰਨ੍ਹੀ ਸ਼ਰਧਾ ਜੋ ਜਿਉਂਦੇ-ਜਾਗਦੇ ਇਤਿਹਾਸ ਨੂੰ ਮਿੱਟੀ ‘ਚ ਮਿਟਾਉਣ ਲਈ ਉਤਾਵਲੀ ਏ। ਮੈਂਨੂੰ ਤਾਂ ਗੁਰੁ ਗੋਬਿੰਦ ਸਿੰਘ ਜੀ ਦੀ ਸੰਗਤ ਵਿਚ ਬਿਤਾਏ ਹਰ ਪਲ ਯਾਦ ਸਨ। ਕਿਵੇਂ ਉਹਨਾਂ ਨੇ ਚਾਲੀ ਕੁ ਸਿੰਘਾਂ ਨਾਲ ਮੇਰੀ ਕਿਲਾਬੰਦੀ ਕੀਤੀ? ਕਿਵੇਂ ਉਹਨਾਂ ਦਾ ਜਾਹੋ-ਜਲਾਲ ਅਤੇ ਦਹਾੜ ਮੇਰੇ ਚੌਗਿਰਦੇ ਵਿਚ ਫੈਲੀ? ਕਿਵੇਂ ਉਹਨਾਂ ਦੀ ਲਲਕਾਰ ਨੇ ਵੈਰੀਆਂ ‘ਚ ਕੰਬਣੀ ਛੇੜੀ? ਕਿਵੇਂ ਉਹ ਮਚਾਣ ‘ਤੇ ਬਹਿ ਕੇ ਸਿੰਘਾਂ ਨੂੰ ਸਹੀਦ ਹੁੰਦਿਆਂ ਨਿਹਾਰਦੇ ਸਨ? ਕਿਵੇਂ ਉਹਨਾਂ ਨੇ ਆਪਣੇ ਜੇਠੇ ਪੁੱਤ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਮੌਤ ਵਿਹਾਜਣ ਲਈ ਮੈਦਾਨੇ-ਜੰਗ ਵਿਚ ਭੇਜਿਆ ਸੀ? ਕਿਵੇ ਉਹਨਾਂ ਦੁਨੀਆਂ ਨੂੰ ਦਰਸਾ ਦਿਤਾ ਕਿ ਹੱਕ, ਸੱਚ ਤੇ ਇਨਸਾਫ਼ ਲਈ ਆਪਣੇ ਪੁੱਤਰਾਂ ਨੂੰ ਵਾਰਨ ਲੱਗਿਆਂ ਬਾਪ ਪਲ ਵੀ ਨਹੀਂ ਲਾਉਂਦਾ? ਮੈਂਨੂੰ ਤਾਂ ਹੁਣ ਤੀਕ ਯਾਦ ਸੀ ਉਹਨਾਂ ਦਾ ਸਾਹਿਬਜ਼ਾਦੇ ਜੁਝਾਰ ਸਿੰਘ ਨੂੰ ਅਲੂਈਂ ਉਮਰੇ ਦੁਸ਼ਮਣਾਂ ਨੂੰ ਵੰਗਾਰਦੇ ਅਤੇ ਫਿਰ ਵੀਰਗਤੀ ਨੂੰ ਪ੍ਰਾਪਤ ਕਰਦਿਆਂ, ਅੱਖੀਂ ਦੇਖਣਾ। ਕਿੰਨਾ ਮਹਾਨ ਅਤੇ ਵੱਡਾ ਸੀ ਉਸ ਬਾਪ ਦਾ ਜਿਗਰਾ। ਉਹ ਕੇਹਾ ਵਕਤ ਸੀ ਜਦ ਬਾਪ ਆਪਣੇ ਸਿੰਘਾਂ ਤੇ ਪੁੱਤਰਾਂ ਨੂੰ ਸ਼ਹੀਦ ਕਰਵਾ, ਵਾਹਿਗੁਰੂ ਦਾ ਸ਼ੂਕਰਾਨਾ ਕਰ ਰਿਹਾ ਸੀ। ਅਜੇਹੇ ਮਰਦ-ਅਗੰਮੜੇ ਸੰਗ ਬਿਤਾਏ ਪਲ ਤਾਂ ਮੈਂ ਹਰ ਸਖ਼ਸ਼ ਨੂੰ ਸੁਣਾਣੇ ਸਨ ਕਿ ਮੈਂਨੂੰ ਹੀ ਮਿਟਾ ਦਿਤਾ ਗਿਆ। ਮੇਰਾ ਕੀ ਸੀ ਕਸੂਰ? ਮੈਂਨੂੰ ਕਿਉਂ ਇੰਨੀ ਵੱਡੀ ਸਜ਼ਾ ਦਿਤੀ ਗਈ? ਮੇਰੀ ਹਿੱਕ ਵਿਚ ਦਫ਼ਨ ਹੋ ਚੁੱਕੀ ਜੰਗ ਦੀ ਦਾਸਤਾਨ ਹੁਣ ਕੌਣ ਸੁਣਾਵੇਗਾ? ਜਦ ਗੱਭਰੇਟ ਇਸ ਅਸਥਾਨ ‘ਤੇ ਆਉਣਗੇ ਤਾਂ ਉਹ ਕਿਥੋਂ ਭਾਲਣਗੇ ਕੱਚੀ ਗੜੀ? ਕਿਵੇਂ ਕਿਆਸਣਗੇ ਗੁਰੂ ਜੀ ਦਾ ਜੰਗ ਦੇਖਣਾ? ਸਿੰਘਾਂ ਨੂੰ ਵਾਰੀ-ਵਾਰੀ ਸ਼ਹਾਦਤ ਲਈ ਤੋਰਨਾ? ਕਿਵੇਂ ਉਸ ਵਕਤ ਦਾ ਅੰਦਾਜ਼ਾ ਲਾਉਣਗੇ ਜਦ ਪੰਜ ਸਿੱਖਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਹੁਕਮਨਾਮਾ-ਰੂਪੀ ਜੋਦੜੀ ਕੀਤੀ ਸੀ? ਉਹਨਾਂ ਦੇ ਹਿਰਦੇ ‘ਤੇ ਕੀ ਬੀਤਦੀ ਹੋਵੇਗੀ ਅਤੇ ਉਹ ਕੀ ਸੋਚਦੇ ਹੋਣਗੇ ਜਦ ਉਹਨਾਂ ਨੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਨੂੰ ਸ਼ਹੀਦ ਕਰਵਾ, ਮਾਚੀਵਾੜੇ ਨੂੰ ਚਾਲੇ ਪਾਏ ਹੋਣਗੇ? ਕਿਵੇਂ ਸ਼ੁਕਰਗੁਜ਼ਾਰੀ ਵਿਚ ਉਪਰ ਵੱਲ ਨੂੰ ਹੱਥ ਉਠਾਏ ਹੋਣਗੇ? ਉਹਨਾਂ ਦੇ ਮਨ ਵਿਚ ਪੁੱਤਰਾਂ ਦੇ ਤੋਤਲੇ ਬੋਲ, ਲਡਾਏ ਲਾਡ ਅਤੇ ਦਿਤੀਆਂ ਲੋਰੀਆਂ ਤੋਂ ਸ਼ਹੀਦ ਹੋਣ ਤੀਕ ਦਾ ਜੀਵਨੀ ਸਫ਼ਰ ਤੈਰਦਾ ਤਾਂ ਹੋਵੇਗਾ ਹੀ। ਪਰਿਵਾਰ ਤੇ ਸਿੰਘਾਂ ਤੋਂ ਸੱਖਣੇ, ਰਾਤ ਦੇ ਹਨੇਰੇ ਵਿਚ ਜਾਂਦੇ ਮਾਹੀ ਦੀ ਪੈੜ ਨੂੰ ਨਿਹਾਰਦੀ, ਮੈਂ ਜ਼ਾਰੋ-ਜ਼ਾਰ ਰੋਂਈ ਸਾਂ। ਤੁਰੇ ਜਾਂਦੇ ਗੁਰ-ਤੇਜ ਸਾਹਵੇਂ ਰਾਤ ਦਾ ਹਨੇਰਾ ਵੀ ਤ੍ਰਭਕ ਗਿਆ ਹੋਵੇਗਾ ਜਦ ਗੁਰੂ ਜੀ ਨੇ ਆਪਣੇ ਸਫ਼ਰ ਨੂੰ ਬਹਾਦਰੀ ਦਾ ਹਮਰਾਜ਼ ਬਣਾਉਣ ਅਤੇ ਸ਼ਹਾਦਤਾਂ ਦੇ ਨਵੇਂ ਕੀਰਤੀਮਾਨਾਂ ਦੀ ਤਸ਼ਬੀਹ ਬਣਨ ਦੀ ਮਨ ਵਿਚ ਧਾਰੀ ਹੋਵੇਗੀ। ਉਸ ਵਕਤ ਤਾਰਿਆਂ ਦੀ ਰੌਸ਼ਨੀ ਉਹਨਾਂ ਦੇ ਪੈਰਾਂ ਨੂੰ ਚੁੰਮਦੀ ਹੋਵੇਗੀ। ਤ੍ਰੇਲ ਉਹਨਾਂ ਦੇ ਲਹੂ-ਲੁਹਾਣ ਪੈਰਾਂ ਨੂੰ ਧੋਂਦੀ, ਉਸ ਮਿੱਟੀ ਨੂੰ ਨਮਸਕਾਰਦੀ ਹੋਵੇਗੀ ਜਿਹਨਾਂ ਨੇ ਨੰਗੇ ਪੈਰਾਂ ਦੀ ਛੋਹ ਮਾਣੀ। ਬਹੁਤ ਕੁਝ ਆਉਂਦਾ ਏ ਕੱਚੀ ਗੜ੍ਹੀ ਦੇ ਮਨ ਵਿਚ ਜੋ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਚਾਹੁੰਦੀ ਏ। ਪਰ ਉਹ ਕੀ ਕਰੇ? ਕਿਸਦੇ ਸਾਹਵੇਂ ਫਰਿਆਦ ਕਰੇ? ਕੋਈ ਵੀ ਉਸਦੇ ਦਰਦ ਦੀ ਹਾਥ ਨਹੀਂ ਪਾ ਸਕਦਾ। ਜਦ ਚਸ਼ਮਦੀਦ ਖ਼ਤਮ ਹੋ ਜਾਂਦਾ ਤਾਂ ਇਸ ਨਾਲ ਜੁੜਿਆ ਇਤਿਹਾਸ ਅਤੇ ਦੁਰਲੱਭ ਰਾਜ਼, ਆਪਣੇ-ਆਪ ਹੀ ਖਤਮ ਹੋ ਜਾਂਦੇ। ਫਿਰ ਬਹੁਤ ਸੌਖਾ ਹੁੰਦਾ ਏ ਲੋਕ-ਚੇਤਿਆਂ ਨੂੰ ਲੁਭਾਊ, ਤਰਕਹੀਣ ਅਤੇ ਤੱਥ-ਗਤ ਕਹਾਣੀਆਂ ਵਿਚ ਉਲਝਾਅ ਅਤੇ ਪ੍ਰਚਾਅ ਕੇ , ਅਮੀਰ ਵਿਰਸੇ ਦੀ ਵਿਲੱਖਣਤਾ ਅਤੇ ਸਦੀਵਤਾ ਨੂੰ ਸਦਾ ਲਈ ਮਲੀਆਮੇਟ ਕਰ ਦੇਣਾ। ਕੱਚੀ ਗੜ੍ਹੀ ਦੇ ਦੁੱਖ ਨੂੰ ਫਰੋਲਣ ਲੱਗਿਆਂ ਤਾਂ ਕਲਮ ਵੀ ਹੁੱਬਕੀਂ ਰੋਂਦੀ ਏ। ਪਤਾ ਨਹੀਂ ਕੌਣ ਸਨ ਪੱਥਰ-ਦਿਲ ਲੋਕ ਜਿਹਨਾਂ ਨੇ ਕੱਚੀ ਗੜ੍ਹੀ ਦੇ ਨੈਣਾਂ ਵਿਚ ਝਾਕਣ ਦੀ ਬਜਾਏ ਇਸਨੂੰ ਸੰਗਮਰਮਰੀ ਕਬਰ ਬਣਾ ਦਿਤਾ। ਕਬਰਾਂ ਕਦੇ ਨਹੀਂ ਬੋਲਦੀਆਂ, ਨਿਸ਼ਾਨੀਆਂ ਹੀ ਇਤਿਹਾਸ ਬਣ ਕੇ ਬੋਲਦੀਆਂ ਨੇ।
ਦੀਵਾਰ ਤੇ ਗੜ੍ਹੀ ਦੇ ਦਰਦ ਦਰਮਿਆਨ ਜਦ ਮਾਛੀਵਾੜੇ ਦੇ ਖੂਹ ਦੀ ਮੌਣ ਨੂੰ ਆਪਣਾ ਦੁੱਖੜਾ ਫਰੋਲਣ ਦਾ ਵਕਤ ਮਿਲਿਆ ਤਾਂ ਹਿੱਚਕੀਆਂ ‘ਚ ਹਾਰੀ, ਉਹ ਬੋਲਣ ਤੋਂ ਵੀ ਅਸਮਰਥ ਸੀ। ਕੀ ਬੋਲੇ ਅਤੇ ਕੀ ਨਾ ਬੋਲੋ? ਅਬੋਲ ਰਹਿ ਕੇ ਵੀ ਬਹੁਤ ਕੁਝ ਸਮਿਆਂ ਦੇ ਨਾਮ ਕਰਨ ਵਾਲੀ ਮੌਣ, ਬਹੁਤ ਖਾਮੋਸ਼ ਏ। ਇਸਦੀ ਖਾਮੋਸ਼ੀ ਵਿਚ ਸੁੱਲਗਦੇ ਨੇ ਦਿਲ ਵਿੰਨਵੇਂ ਵੈਣ, ਨਹੋਰੇ ਅਤੇ ਉਲਾਹਮੇ। ਨੱਤ-ਮਸਤਕ ਹੋਣ ਵਾਲੇ ਹਰ ਸਖਸ਼ ਨੂੰ ਆਪਣੀ ਆਤਮਾ ਵੰਨੀਂ ਝਾਕਣ ਲਈ ਜੋਦੜੀ ਕਰਦੀ ਏ ਮੌਣ। ਮਰਨ-ਹਾਰੀ ਮੌਣ, ਮੌਤ ਵਰਗੀ ਸੰਗਣੀ ਚੁੱਪ ਅਤੇ ਕਠੋਰਤਾ ਹੰਢਾਉਂਦੀ, ਸੰਗਮਰਮਰ ਹੇਠ ਦੱਬੀ ਆਪਣੀ ਹੋਣੀ ਨੂੰ ਚਿੱਤਵਦੀ, ਰੂਹ ਨੂੰ ਪੱਛੀ ਜਾਂਦੀ ਏ। ਮੌਣ ਦੀ ਹੂਕ ਸੁਣਨ ਦਾ ਹੀਆ ਕਰੋ ਜੋ ਕੂਕਦੀ ਆ, ”ਸਿੰਘ ਅਤੇ ਪੁੱਤਰ ਸ਼ਹੀਦ ਕਰਵਾ ਤੇ ਉਹਨਾਂ ਦੀ ਲਾਸ਼ਾਂ ਨੂੰ ਜੰਗੇ ਮੈਦਾਨ ਵਿਚ ਹੀ ਛੱਡ ਕੇ ਤੁਰਿਆ, ਰਾਤ ਦੇ ਪੈਂਡੇ ਦਾ ਭੰਨਿਆ ਬਾਦਸ਼ਾਹ-ਦਰਵੇਸ਼ ਮੇਰੀ ਹਦੂਦ ਵਿਚ ਆਇਆ ਸੀ ਤਾਂ ਮੈਂ ਭਾਗਾਂ ਵਾਲੀ ਬਣ ਗਈ। ਉਸਨੇ ਮੈਨੂੰ ਆਪਣੀ ਆਗੋਸ਼ ਵਿਚ ਲੈ, ਘੜੀ ਪਲ ਅੱਖ ਲਾਉਣ ਦਾ ਮਨ ਬਣਾਇਆ। ਉਸ ਵੇਲੇ ਅੰਬਰੀ ਚੁੱਪ ਅਤੇ ਤਾਰਿਆਂ ਦੀਆਂ ਹੰਝੂਆਂ ਸੰਗ ਤਾਰੀ ਅੱਖਾਂ, ਗੁਰੂ ਜੀ ਦੀ ਕੁਰਬਾਨੀ ਨੂੰ ਸਿੱਜਦਾ ਕਰਦੀਆਂ, ਉਸਦੇ ਦਰਦ ‘ਚ ਪਸੀਜ, ਉਸਦੇ ਰੱਤ-ਰੱਤੜੇ ਕਦਮਾਂ ਨੂੰ ਚੁੰਮ ਰਹੀਆਂ ਸਨ। ਮੇਰੇ ਉਪਰ ਬੈਠ ਕੇ ਹੀ ਗੁਰੂ ਜੀ ਨੇ ਰੱਬ ਦੀ ਸ਼ੂਕਰ-ਗੁਜਾਰੀ ਵਿਚ ਉਚਾਰਿਆ ਸੀ, ”ਮਿਤਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ।” ਕਿੰਨੀ ਉਚੀ ਸੀ ਸ਼ਹਿਨਸਾਹ ਦੀ ਮਾਨਸਿਕ ਅਵਸਥਾ ਅਤੇ ਰਹਿਬਰੀ। ਉਸ ਵਕਤ ਗੁਰੂ ਜੀ ਦੇ ਮਨ ਵਿਚ ਆਏ ਵਿਚਾਰਾਂ ਅਤੇ ਆਤਮਿਕ-ਰੂਹਾਨੀਅਤ ਨਾਲ ਭਿੱਜੀਆਂ ਸੰਵੇਦਨਾਵਾਂ, ਮੇਰੇ ਵਿਚ ਰਮ ਗਈਆਂ ਸਨ। ਖੂਹ ਦਾ ਪਾਣੀ ਅੰਮ੍ਰਿਤ ਹੋ ਗਿਆ ਸੀ। ਮੈਂ ਉਸ ਦ੍ਰਿਸ਼ ਨੂੰ ਆਪਣੇ ਅੰਤਰੀਵ ਵਿਚ ਖੁੱਣ ਲਿਆ ਸੀ। ਮੇਰਾ ਤਾਂ ਮਨ ਕਰਦਾ ਸੀ ਕਿ ਯੁੱਗਾਂ ਤੀਕ ਉਹ ਵਿਥਿਆ ਰਹੇਕ ਨੂੰ ਸੁਣਾਵਾਂਗੀ। ਸ਼ਰਧਾਲੂਆਂ ਦੀ ਸੋਚ ਵਿਚ ਗੁਰੂ ਜੀ ਦੀ ਵਡਿਆਈ ਅਤੇ ਮਹਾਨਤਾ ਦੇ ਨਗ਼ਮਿਆਂ ਦਾ ਜਾਗ ਲਾਵਾਂਗੀ ਤਾਂ ਕਿ ਉਹ ਆਪਣੇ ਵਿਰਸੇ ਪ੍ਰਤੀ ਅਵੇਸਲੇ ਨਾ ਹੋਣ। ਪਰ ਪਤਾ ਨਹੀਂ ਕਿਹੜਾ ਕੁਲਹਿਣਾ ਵਕਤ ਆਇਆ ਕਿ ਮੇਰੀ ਮੁਢਲੀ ਹੋਂਦ ਨੂੰ ਮਿਟਾ, ਅਧੁਨਿਕਤਾ ਦੀ ਆੜ ‘ਚ ਮੇਰੀ ਪਛਾਣ ਹੀ ਮਿਟਾ ਦਿਤੀ।
ਸਦਾ ਜਿਉਂਦੀਆਂ ਰਹਿਣ ਵਾਲੀਆਂ ਕੌਮਾਂ ਆਪਣੇ ਪੁਰਖਿਆਂ ਦਾ ਇਤਿਹਾਸ, ਸ਼ਹੀਦੀ ਸਮਾਰਕਾਂ, ਨਿਸ਼ਾਨੀਆਂ ਅਤੇ ਉਹਨਾਂ ਨਾਲ ਸਬੰਧਤ ਯਾਦਗਾਰੀ ਅਸਥਾਨਾਂ ਨੂੰ ਮੁੱਢਲੇ ਰੂਪ ਵਿਚ ਰੱਖਦੀਆਂ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਬੀਤੇ ਹੋਏ ਸਮੇਂ ਨੂੰ ਹੂ-ਬ-ਹੂ ਚਿੱਤਵ ਸਕਣ। ਉਹਨਾਂ ਦੇ ਹਿਰਦਿਆਂ ਵਿਚ ਬੀਤੇ ਦਾ ਹਰ ਵਰਕਾ ਅਤੇ ਹਰ ਹਰਫ਼ ਉਕਰਿਆ ਜਾਵੇ। ਸ਼ਹਾਦਤਾਂ ਨਾਲ ਲਬਰੇਜ਼ ਤਹਿਜ਼ੀਬੀ ਵਰਕਾ ਉਹਨਾਂ ਦੀ ਸੋਚ-ਧੂਣੀ ਨੂੰ ਧੁਖਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ, ਇਤਿਹਾਸਕ ਰਹਿਬਰੀ ਵਿਚੋਂ ਆਪਣੀ ਪਹਿਚਾਣ, ਪ੍ਰੰਪਰਾਵਾਂ, ਮਾਨਤਾਵਾਂ ਅਤੇ ਮਰਿਆਦਾਵਾਂ ਨੂੰ ਸਦੀਵੀ ਜਿਉਂਦਾ ਰੱਖਣ ਸਕਣ। ਪਰ ਕੇਹੀ ਤਰਾਸਦੀ ਹੈ ਕਿ ਸਿੱਖ ਕੌਮ ਆਪਣਾ 300 ਸਾਲ ਦਾ ਹੀ ਇਤਿਹਾਸ ਨਹੀਂ ਸੰਭਾਲ ਸਕੀ। ਹੋਰ ਕੀ ਆਸ ਰੱਖੀ ਜਾ ਸਕਦੀ ਏ?
ਦੀਵਾਰ ਤੇ ਗੜ੍ਹੀ ਨੂੰ ਇਹ ਧਰਵਾਸ ਹੈ ਕਿ ਮੁਸਲਮਾਨ ਸ਼ਾਇਰ ਯਾਰ ਅੱਲ੍ਹਾ ਖਾਂ ਯੋਗੀ ਨੇ ਦੀਵਾਰ ਅਤੇ ਗ੍ਹੜੀ ਦੇ ਹੰਝੂਆਂ ਤੇ ਅਸਹਿ ਪੀੜਾ ਨੂੰ ਹਰਫ਼ਾਂ ਵਿਚ ਪਰੋ ਕੇ, ਅਜੇਹੀ ਕਾਵਿਕ ਦਸਤਾਵੇਜ਼ ਦਾ ਰੂਪ ਦਿਤਾ ਜਿਸਨੂੰ ਪੜਦਿਆਂ ਪਾਠਕ ਦੀਆਂ ਅੱਖਾਂ ਵਿਚ ਸਿੱਲ ਤੇ ਰੋਹ ਦਾ ਅਜੇਹਾ ਦਰਿਆ ਫੁਟਦਾ ਜੋ ਵਕਤ ਦੀ ਕੁੱਖ ਨੂੰ ਵੀ ਅੱਥਰੂ ਬਣਾ ਜਾਂਦਾ।
ਦੀਵਾਰ, ਗੜ੍ਹੀ ਤੇ ਮੌਣ ਦੀ ਦੱਬ ਦਿਤੀ ਗਈ ਦਰਦੀਲੀ ਦਾਸਤਾਨ, ਬਹਿਰੇ ਅਤੇ ਗੁੰਗਿਆਂ ਨੇ ਤਾਂ ਸੁਣਨੀ ਨਹੀਂ। ਹਾਂ! ਜੇਕਰ ਵਰਕੇ ‘ਤੇ ਉਗੇ ਕਲਮ ਦੇ ਹਾਵੇ, ਹਾੜੇ, ਹੇਰਵੇ ਅਤੇ ਹੌਕੇ, ਪਾਠਕਾਂ ਦੇ ਦੀਦਿਆਂ ਨੂੰ ਸਿੱਲੇ ਕਰ ਗਏ ਤਾਂ ਉਹਨਾਂ ਦੇ ਅੰਤਰੀਵ ਵਿਚ ਉਗੀ ਸੰਵੇਦਨਾ ਹੀ ਕਿਸੇ ਦਿਨ ਦੀਵਾਰ, ਗੜ੍ਹੀ ਅਤੇ ਮੌਣ ਦਾ ਹੁੰਗਾਰਾ ਜਰੂਰ ਬਣੇਗੀ।
ਅਜੇਹੀ ਆਸ ਕਲਮ ਨੂੰ ਤਾਂ ਹੈ।
ਫੋਨ 1-216-556-2080

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …