Breaking News
Home / ਮੁੱਖ ਲੇਖ / ਬ੍ਰਹਿਮੰਡੀ ਪਸਾਰੇ ਨੂੰ ਦੇਖਣ ਵਾਲੀ ਵਿਗਿਆਨਕ ਅੱਖ

ਬ੍ਰਹਿਮੰਡੀ ਪਸਾਰੇ ਨੂੰ ਦੇਖਣ ਵਾਲੀ ਵਿਗਿਆਨਕ ਅੱਖ

ਇੰਜ. ਈਸ਼ਰ ਸਿੰਘ
25 ਦਸੰਬਰ, 2021 ਨੂੰ ਪੁਲਾੜ-ਵਿਗਿਆਨੀਆਂ ਨੇ ਵਿਸ਼ਵ-ਪੱਧਰ ‘ਤੇ ਇੱਕ ਇਤਿਹਾਸਕ ਅਤੇ ਮਹੱਤਵ-ਪੂਰਨ ਪ੍ਰਾਪਤੀ ਕੀਤੀ ਹੈ, ਜਿਸ ਦਾ ਬਾਹਰ ਦੇ ਜਗਤ ਨੂੰ ਘੱਟ ਪਤਾ ਲੱਗਿਆ ਹੈ। ਇਸ ਦਿਨ ‘ਜੇਮਸ ਵੈੱਬ’ ਨਾਉਂ ਦੀ ਇੱਕ ਬਹੁ-ਮੰਤਵੀ ‘ਦੂਰਬੀਨ’ ਪੁਲਾੜ ਵਿੱਚ ਭੇਜੀ ਗਈ ਹੈ ਜਿਹੜੀ ਕਿ ਹੁਣ ਤੱਕ ਬਣੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਉੱਨਤ ਕਿਸਮ ਦੀ ਦੂਰਬੀਨ ਹੈ। ਇਸ ਦੀ ਕੀਮਤ 75 ਹਜ਼ਾਰ ਕਰੋੜ ਰੁਪਏ ਹੈ ਅਤੇ ਇਸ ਦੀ ਯੋਜਨਾ-ਬੰਦੀ ਕਰਨ ਅਤੇ ਇਸ ਨੂੰ ਬਣਾਉਣ ਵਿੱਚ 25 ਸਾਲ ਲੱਗੇ ਹਨ। ਗੁੰਝਲਦਾਰ ਤਕਨੀਕੀ ਪ੍ਰੋਜੈਕਟ ਹੋਣ ਅਤੇ ਮਾਇਕ ਕਾਰਨਾਂ ਕਰਕੇ ਇਸ ਨੂੰ ਇੰਨਾ ਸਮਾਂ ਲੱਗ ਗਿਆ। ਭਾਵੇਂ ਇਹ ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ਾਂ ਦੀ ਸਾਂਝੀ ਪਰਿਯੋਜਨਾ ਹੈ ਪਰ ਇਸ ਨੂੰ ਹੋਰ ਦੇਸ਼ ਅਤੇ ਸਾਇੰਸਦਾਨ ਵੀ ਵਰਤ ਸਕਦੇ ਹਨ।ਇਸ ਤੋਂ ਪਹਿਲਾਂ, ਆਪਣੇ ਵੇਲ਼ਿਆਂ ਦੀ ‘ਹਬਲ’ ਨਾਉਂ ਦੀ ਬਹੁਤ ਸਫਲ ਦੂਰਬੀਨ, ਪਿਛਲੇ 31 ਸਾਲਾਂ ਤੋਂ ਪੁਲਾੜ ਦੀ ਖੋਜ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਇਹ ਵੀ ਆਪਣੇ ਸਮੇਂ ਦੀ ਸਭ ਤੋਂ ਵੱਡੀ ਅਤੇ ਸ਼ਕਤੀਸ਼ਾਲੀ ਦੂਰਬੀਨ ਸੀ। ਇਸ ਨੇ ਉਸ ਤੋਂ ਕਿਤੇ ਵੱਧ ਕੰਮ ਕੀਤਾ ਹੈ ਜਿੰਨੇ ਵਾਸਤੇ ਇਹ ਬਣਾਈ ਗਈ ਸੀ ਅਤੇ ਅਜੇ ਵੀ ਇਸ ਨੂੰ ਛੇਤੀ ਰਿਟਾਇਰ ਕਰਨ ਦੀ ਕੋਈ ਤਜਵੀਜ਼ ਨਹੀਂ। ਬ੍ਰਹਿਮੰਡ ਦੀ ਖੋਜ ਵਿੱਚ ਇਸ ਦੀਆਂ ਪ੍ਰਾਪਤੀਆ ਵੀ ਕ੍ਰਾਂਤੀਕਾਰੀ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ ਮੁੱਖ ਪੰਜ ਇਹ ਹਨ :
ਬ੍ਰਹਿਮੰਡ (ਯੂਨੀਵਰਸ) ਦੀ ਉਮਰ ਦਾ ਗਿਆਨ,ਇਸਦੇ ਫੈਲਣ ਦੀ ਗਤੀ
ਇਸ ਵਿੱਚ ਗਲੈਕਸੀਆਂ ਅਤੇ ਸਾਡੇ ਸੂਰਜ ਵਰਗੇ ਤਾਰੇ ਰੇਤ ਦੇ ਕਣਾਂ ਵਾਂਗ ਹਨ, ਦੇ ਤੱਥ ਦੀ ਜਾਣਕਾਰੀ
ਸੁਪਰਮੈਸਿਵ ਬਲੈਕ-ਹੋਲਾਂ ਦੀ ਪਛਾਣ ਅਤੇ
ਸਭ ਪਾਸੇ ਧਰਤੀਆਂ ਹੀ ਧਰਤੀਆਂ ਹੋਣ ਦੀ ਖੋਜ
‘ਜੇਮਸ ਵੈੱਬ’ ਪੁਲਾੜ ਦੂਰਬੀਨ (ਜੇਮਸ ਵੈੱਬ ਸਪੇਸ ਟੈਲੀਸਕੋਪ) ਹੋਰ ਵੀ ਉੱਨਤ ਅਤੇ ਬਿਲਕੁਲ ਵੱਖਰੀ ਤਕਨੀਕ ਨਾਲ਼ ਬਣੀ ਹੈ। ਇਹ ਪਹਿਲੀ ਨਾਲੋਂ ਸੌ-ਗੁਣਾ ਵੱਧ ਸ਼ਕਤੀਸ਼ਾਲੀ ਹੈ। ਹਬਲ ਦੂਰਬੀਨ ਸਿਰਫ ਦਿਖਣਯੋਗ ਰੌਸ਼ਨੀ ਅਤੇ ਅਲਟਰਾ-ਵਾਇਓਲਟ ਰੌਸ਼ਨੀ ਨੂੰ ਹੀ ਪਛਾਣਦੀ ਹੈ ਜਦ ਕਿ ‘ਜੇਮਸ ਵੈੱਬ’ ਇਨਫਰਾ-ਰੈੱਡ ਨੂੰ ਵੀ ਪਛਾਣਦੀ ਹੈ। ਇਹ ਇਸ ਦੀ ਇੱਕ ਵੱਡੀ ਖ਼ਾਸੀਅਤ ਹੈ ਅਤੇ ਇਸ ਦੀ ਸਮਰੱਥਾ ਅਤੇ ਇਸ ਦੀ ਵੱਧ ‘ਰੇਂਜ’ ਦਾ ਭੇਦ ਹੈ। ਕਿਹਾ ਜਾ ਸਕਦਾ ਹੈ ਕਿ ‘ਜੇਮਸ ਵੈੱਬ’ ਦੂਰਬੀਨ ਆਪਣੀ ਪੂਰਵਜ ਹਬਲ ਦੀ ਸੁਯੋਗ ਉੱਤਰਾ-ਅਧਿਕਾਰੀ ਹੈ।
ਜ਼ਿਕਰਯੋਗ ਹੈ ਕਿ ਬ੍ਰਹਿਮੰਡ ਬਾਰੇ ਸਭ ਤੋਂ ਵੱਧ ਜਾਣਕਾਰੀ ਸਾਨੂੰ ਅੱਡ-ਅੱਡ ਕਿਸਮ ਦੀਆਂ ਰੌਸ਼ਨੀਆਂ ਤੋਂ ਹੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਦੀਆਂ ਦੂਰਬੀਨਾਂ, ਸੂਰਜਾਂ ਅਤੇ ਹੋਰ ਬ੍ਰਹਿਮੰਡੀ ਵਸਤੂਆਂ ਵਿੱਚੋਂ ਨਿਕਲ਼ ਰਹੀਆਂ ਅੱਡ-ਅੱਡ ਤਰ੍ਹਾਂ ਦੀਆਂ ਰੌਸ਼ਨੀਆਂ ਦੇ ਕੰਪਿਊਟਰਾਂ ਰਾਹੀਂ ਕੀਤੇ ਵਿਸ਼ਲੇਸ਼ਣਾਂ ਦੇ ਅਧਾਰ ‘ਤੇ ਕੰਮ ਕਰਦੀਆਂ ਹਨ।
‘ਜੇਮਸ ਵੈੱਬ’ ਨੂੰ ਪੁਲਾੜ ਵਿੱਚ ਭੇਜਣ ਵਾਸਤੇ ਇੱਕ ਖਾਸ ਕਿਸਮ ਦੇ ਰਾਕਟ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਸਦੇ ਅਗਲੇ ਭਾਗ ਵਿੱਚ ਇਸ ਨੂੰ ਛਤਰੀ ਵਾਂਗੂੰ ਇਕੱਠੀ ਕਰਕੇ ਬੰਦ ਕੀਤਾ ਹੋਇਆ ਸੀ ਅਤੇ ਹੁਣ ਸਫਲਤਾਪੂਰਨ ਪੁਲਾੜ ਵਿੱਚ ਛੱਡੀ ਜਾ ਚੁੱਕੀ ਹੈ। ਧਰਤੀ ਤੋਂ ਉੱਪਰ ਜਾ ਕੇ, ਰਾਕਟ ਵਿੱਚੋਂ ਬਾਹਰ ਨਿਕਲ਼ ਕੇ ਛਤਰੀਨੁਮਾ ਇਹ ਦੂਰਬੀਨ ਇੱਕ ਮਿੱਥੀ ਤਰਤੀਬ ਅਨੁਸਾਰ ਹੌਲ਼ੀ-ਹੌਲ਼ੀ ਖੁੱਲ੍ਹ ਚੁੱਕੀ ਹੈ। ਇਸ ਵਾਸਤੇ ਦੋ ਹਫ਼ਤਿਆਂ ਦਾ ਸਮਾਂ ਲੱਗਿਆ ਅਤੇ ਖੁੱਲ੍ਹਣ ਤੋਂ ਬਾਅਦ ਇਸ ਦਾ ਸਾਈਜ਼ ਚਾਰ ਕਮਰਿਆਂ ਦੇ ਦੋ-ਮੰਜ਼ਲੇ ਮਕਾਨ ਜਿੰਨਾ ਹੋ ਗਿਆ ਹੈ। ਇਸ ਦੇ ਖੁੱਲ੍ਹਣ ਦੀ ਪ੍ਰਕਿਰਿਆ ਬਹੁਤ ਹੀ ਸਨਸਨੀਖੇਜ਼ ਸੀ ਜਿਸ ਬਾਰੇ ਇਸ ਦੇ ਸੰਚਾਲਕ ਪੂਰੀ ਤਰ੍ਹਾਂ ਸਾਹ ਰੋਕ ਕੇ ਬੈਠੇ ਹੋਏ ਸਨ। ਇਸ ਦੇ ਖੁੱਲ੍ਹਣ ਦੀਆਂ ਤਿੰਨ ਸੌ ਤੋਂ ਵੱਧ ਪ੍ਰਕਿਰਿਆਵਾਂ ਸਨ ਅਤੇ ਹਰ ਸਟੇਜ ‘ਤੇ ਨੁਕਸ ਪੈਣ ਦਾ ਡਰ ਬਣਿਆ ਹੋਇਆ ਸੀ। ਆਮ ਕਰਕੇ ਪੁਲਾੜ ਵਿੱਚ ਭੇਜੇ ਜਾਣ ਵਾਲ਼ੇ ਰਾਕਟਾਂ ਦੀ ਸਭ ਤੋਂ ਗੰਭੀਰ ਘੜੀ ਇਨ੍ਹਾਂ ਦੇ ਧਰਤੀ ਤੋਂ ਉੱਡਣ ਵੇਲ਼ੇ ਦੀ ਹੁੰਦੀ ਹੈ। ਪਰ ਇਸ ਪ੍ਰੋਜੈਕਟ ਵਿੱਚ, ਇਸ ਦੇ ਪੂਰੀ ਤਰ੍ਹਾਂ ਖੁੱਲ੍ਹ ਕੇ ਕਾਰਜਸ਼ੀਲ ਹੋਣ ਦੀ ਘੜੀ ਇਸ ਤੋਂ ਵੀ ਕਿਤੇ ਵੱਧ ਜਾਨ-ਸੁਕਾਊ ਸੀ। ਖੁਸ਼ਕਿਸਮਤੀ ਨਾਲ਼ ਇਹ ਸਭ ਕੁਛ ਪੂਰੇ ਤਸੱਲੀ-ਬਖ਼ਸ਼ ਢੰਗ ਨਾਲ਼ ਹੋ ਚੁੱਕਿਆ ਹੈ ਅਤੇ ਇਸ ਅਦੁੱਤੀ ਪਰਿਯੋਜਨਾ ਨਾਲ਼ ਜੁੜੇ ਜਗਤ ਵਿੱਚ ਪੂਰੀ ਖੁਸ਼ੀ ਅਤੇ ਉਤਸ਼ਾਹ ਹੈ।
ਹੁਣ ਇਹ 2,100 ਕਿਲੋਮੀਟਰ ਪ੍ਰਤੀ ਘੰਟੇ ਦੀ ਔਸਤ ਸਪੀਡ ਨਾਲ਼ ਆਪਣੀ ਮੰਜ਼ਲ ਵਲ ਵਧ ਰਹੀ ਹੈ ਅਤੇ ਇਸ ਦੇ ਸਫਰ ਬਾਰੇ ਲਗਾਤਾਰ ‘ਲਾਈਵ’ ਪ੍ਰਸਾਰਨ ਹੋ ਰਿਹਾ ਹੈ। ਇੱਕ ਮਹੀਨੇ ਬਾਅਦ (23 ਜਨਵਰੀ, 2022 ਤੱਕ) ਇਹ ਆਪਣੀ ਮੰਜ਼ਲ ‘ਤੇ ਪਹੁੰਚ ਜਾਵੇਗੀ ਜਿਹੜੀ ਧਰਤੀ ‘ਤੋਂ 15 ਲੱਖ ਕਿਲੋਮੀਟਰ ਦੂਰ ਹੈ। ਇਹ ਫਾਸਲਾ ਧਰਤੀ ‘ਤੋਂ ਚੰਦ ਦੇ ਫਾਸਲੇ ਨਾਲੋਂ ਚਾਰ ਗੁਣਾ ਵੱਧ ਹੈ ਜਿਹੜਾ ਕਿ ਪੌਣੇ ਚਾਰ ਲੱਖ ਕਿਲੋਮੀਟਰ ਹੈ। ਅਜੋਕੀ ਦੂਰਬੀਨ ‘ਹਬਲ’ ਧਰਤੀ ਤੋਂ 540 ਕਿਲੋਮੀਟਰ ਉੱਪਰ ਇਸ ਦੇ ਆਲ਼ੇ-ਦੁਆਲ਼ੇ ਚੱਕਰ ਲਾ ਰਹੀ ਹੈ ਜਦ ਕਿ ਨਵੀਂ ਦੂਰਬੀਨ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਇਸਦੇ ਬਾਹਰਲੇ ਪਾਸੇ ਰਹਿ ਕੇ, ਇਸ ਦੇ ਨਾਲ਼-ਨਾਲ਼ ਸੂਰਜ ਦੇ ਦੁਆਲ਼ੇ ਘੁੰਮੇਗੀ। ਸਪੱਸ਼ਟ ਹੈ ਕਿ ਇਹ ਧਰਤੀ ਦੇ ਇਰਦ-ਗਿਰਦ ਨਹੀਂ ਘੁੰਮੇਗੀ। ‘ਹਬਲ’ ਨੂੰ ਧਰਤੀ ਤੋਂ ਇੰਨੀ ਕੁ ਦੂਰੀ ਤੇ ਇਸ ਕਰਕੇ ਰੱਖਿਆ ਗਿਆ ਹੈ ਤਾਂ ਕਿ ਇਸ ‘ਤੇ ਵਾਤਾਵਰਨ ਦਾ ਪ੍ਰਭਾਵ ਵੀ ਨਾ ਪਵੇ ਅਤੇ ਇਸਦੀ ਮੁਰੰਮਤ ਵੀ ਹੁੰਦੀ ਰਹੇ। ਮੁਰੰਮਤ ਹੁੰਦੀ ਰਹਿਣ ਕਰਕੇ ਹੀ ਇਹ ਇੰਨੀ ਦੇਰ ਤੋਂ ਕੰਮ ਕਰ ਰਹੀ ਹੈ। ਨਵੀਂ ਦੂਰਬੀਨ ਦੀ ਮੁਰੰਮਤ ਤਾਂ ਬਿਲਕੁਲ ਹੀ ਸੰਭਵ ਨਹੀਂ, ਇਸ ਲਈ ਇਸ ਦੀ ਉਮਰ ਦਸ ਸਾਲ ਮੰਨੀ ਗਈ ਹੈ।
ਜੁਲਾਈ, 2022 ਤੋਂ ਇਹ ਆਪਣੇ ਸਾਰੇ ਕੰਮ ਕਰਨੇ ਸ਼ੁਰੂ ਕਰ ਦੇਵੇਗੀ। ਇਹ ਪੁਲਾੜ-ਵਿਗਿਆਨੀਆਂ ਦਾ ਇੱਕ ਇਤਿਹਾਸਕ ਕਾਰਨਾਮਾ ਹੈ ਅਤੇ ਇਸ ਤੋਂ ਉਨ੍ਹਾਂ ਸਣੇ ਹੋਰ ਕਈ ਖੇਤਰਾਂ ਦੇ ਸਾਇੰਸਦਾਨਾਂ ਨੂੰ ਬਹੁਤ ਉਮੀਦਾਂ ਹਨ। ਇਸ ਰਾਹੀਂ ਬ੍ਰਹਿਮੰਡ (ਯੂਨੀਵਰਸ) ਦੇ ਉਨ੍ਹਾਂ ਗੁਪਤ ਭੇਦਾਂ ਦਾ ਰਾਜ ਖੁੱਲੇਗਾ ਜਿਹੜੇ ਹੁਣ ਤਕ ਮਨੁੱਖ ਨੂੰ ਪਤਾ ਨਹੀਂ , ਬਲਕਿ ਇਸ ਦੀ ਕਲਪਨਾ ਤੋਂ ਹੀ ਬਾਹਰ ਹਨ। ਕਿਉਂਕਿ ਇਹ ਧਰਤੀ ਦੇ ਆਲ਼ੇ-ਦੁਆਲ਼ੇ ਨਹੀਂ ਘੁੰਮੇਗੀ, ਇਸ ਕਰਕੇ ਇਸ ‘ਤੇ ਧਰਤੀ ਦਾ ਪਰਛਾਵਾਂ ਨਹੀਂ ਪਵੇਗਾ। ਇਸ ਨੂੰ ਇੱਕ ਖਾਸ ਜਗ੍ਹਾ ‘ਤੇ ਰੱਖਿਆ ਗਿਆ ਹੈ ਜਿੱਥੇ ਇਸ ‘ਤੇ ਨਾਂ ਸੂਰਜ ਦੀ, ਨਾ ਧਰਤੀ ਦੀ ਅਤੇ ਨਾਂ ਹੀ ਚੰਦ ਦੀ ਗਰਮੀ ਪੈ ਸਕੇਗੀ। ਇਸ ਦਾ ਤਾਪਮਾਨ ਮਨਫੀ 266 ਡਿਗਰੀ ਸੈਂਟੀਗ੍ਰੇਡ ਰਹੇਗਾ ਜਿਸ ਨਾਲ਼ ਇਹ ਇਨਫਰਾ-ਰੈੱਡ ਕਿਰਨਾਂ ਦੀ ਪੂਰੀ ਕਾਰਜ-ਕੁਸ਼ਲਤਾ ਨਾਲ਼ ਪਕੜ ਕਰ ਸਕੇਗੀ। ਇਹ ਗੁਣ ਇਸ ਦੀਆਂ ਖਾਸ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ।
ਇਹ ਖਾਸ ਕਰਕੇ ਸਾਡੇ ਬ੍ਰਹਿਮੰਡ ਦੀਆਂ ਸਭ ਤੋਂ ਦੂਰ ਉਨ੍ਹਾਂ ਗਲੈਕਸੀਆਂ ਦਾ ਅਧਿਐਨ ਕਰੇਗੀ ਜਿਹੜੀਆਂ ਇਸਦੀ ਰਚਨਾ ਤੋਂ ਥੋੜੀ ਦੇਰ ਬਾਅਦ ਬਣੀਆਂ ਪਰ ਜਿਨ੍ਹਾਂ ਦਾ ਸਰੂਪ ਅਤੇ ਸਾਈਜ਼ ਹੁਣ ਤੱਕ ਬਦਲ ਚੁੱਕਿਆ ਹੈ। ਇਸ ਤਰ੍ਹਾਂ ਇਹ ਮਨੁੱਖ ਨੂੰ ਬੀਤ ਚੁੱਕਿਆ ਸਮਾਂ ਦਿਖਾ ਸਕੇਗੀ। ਇਹ ਸਾਡੇ ਸੂਰਜੀ ਪਰਿਵਾਰ ਤੋਂ ਬਾਹਰਲੀਆਂ ਧਰਤੀਆਂ ਬਾਰੇ ਵੀ ਖੋਜ ਕਰੇਗੀ। ਇਸੇ ਕਰਕੇ ਸਾਇੰਸਦਾਨ ਇਸ ਨੂੰ ‘ਖੋਜ ਮਸ਼ੀਨ’ ਕਹਿੰਦੇ ਹਨ। ਸਰਸਰੀ ਨਜ਼ਰ ਨਾਲ ਦੇਖਿਆਂ ਪੁਲਾੜ ਦਾ ਵਿਸ਼ਾ ਨੀਰਸ ਲਗਦਾ ਹੈ, ਕਿਉਂਕਿ ਇਸ ਵਿੱਚ ਅੰਕੜਿਆਂ ਦਾ ਬਹੁਤ ਪ੍ਰਯੋਗ ਹੁੰਦਾ ਹੈ। ਪਰ ਇਹ ਇਸ ਵਿਸ਼ੇ ਦੀ ਵਡਿਆਈ ਹੈ ਅਤੇ ਇਨ੍ਹਾਂ ਰਾਹੀਂ ਇਹ ਸਾਨੂੰ ਕੁਦਰਤ ਦੇ ਅਥਾਹ ਅਤੇ ਬੇਅੰਤ ਹੋਣ ਦਾ ਅਮਲੀ ਗਿਆਨ ਪ੍ਰਾਪਤ ਹੁੰਦਾ ਹੈ। ਕਿਸੇ ਅਲੌਕਿਕ ਸ਼ਕਤੀ ਵਿੱਚ ਭਰੋਸਾ ਨਾ-ਰੱਖਣ ਵਾਲ਼ਿਆਂ ਵਾਸਤੇ ਵੀ ਇਹ ਜ਼ਰੂਰੀ ‘ਸਧਾਰਨ-ਗਿਆਨ’ ਦਾ ਵਿਸ਼ਾ ਹੈ ਪਰ ਪਰਮਾਤਮਾ ਅਤੇ ਕੁਦਰਤ ‘ਚ ਭਰੋਸਾ ਰੱਖਣ ਵਾਲ਼ਿਆਂ ਵਾਸਤੇ ਤਾਂ ਇਹ ਉਸ ਦੀ ਅਦਭੁੱਤ ਅਤੇ ਵਿਸਮਾਦਮਈ ਰਚਨਾ ਦਾ ਪ੍ਰਤੱਖ ਸਬੂਤ ਹੈ। ਇੱਥੇ ਇਹ ਗੱਲ ਪ੍ਰਸੰਗਕ ਹੈ ਕਿ ਅੱਜ ਲੱਗਭੱਗ ਹਰ ਵਿਗਿਆਨਕ ਥਿਊਰੀ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਬ੍ਰਹਿਮੰਡ ਦੀ ਰਚਨਾ 1,380 ਕਰੋੜ ਸਾਲ ਪਹਿਲਾਂ ਵਾਪਰੇ ਮਹਾਂ-ਵਿਸਫੋਟ (ਬਿੱਗ-ਬੈਂਗ) ਨਾਲ਼ ਹੋਈ ਹੈ। ਨਿਰਸੰਦੇਹ ਇਸਦੇ ਹੋ ਰਹੇ ਫੈਲਾਓ ਬਾਰੇ ਮੱਤਭੇਦ ਜ਼ਰੂਰ ਹਨ।
‘ਹਬਲ’ ਦੂਰਬੀਨ ਵਲੋਂ ਕੀਤੇ ਵਡਮੁੱਲੇ ਕੰਮ ਅਤੇ ਹੁਣ ਭੇਜੀ ਗਈ ‘ਜੇਮਸ ਵੈੱਬ’ ਦੂਰਬੀਨ ਦੇ ਭਵਿੱਖ ਦੇ ਕਾਰਨਾਮਿਆਂ ਨੂੰ ਸਮਝਣ ਵਾਸਤੇ ਪੁਲਾੜ ਦੇ ਕੁਝ ਮੁੱਢਲੇ ਤੱਥਾਂ ਅਤੇ ਅੰਕੜਿਆਂ ‘ਤੇ ਨਜ਼ਰਸਾਨੀ ਜ਼ਰੂਰੀ ਹੈ। ਇਨ੍ਹਾਂ ਵਿੱਚ ਰੌਸ਼ਨੀ ਦੀ ਸਪੀਡ ਦਾ ਖਾਸ ਮਹੱਤਵ ਹੈ। ਸਾਡੀਆਂ ਰੋਜ਼-ਮਰਾ ਦੀਆਂ ਗਿਣਤੀਆਂ-ਮਿਣਤੀਆਂ ਦੀ ਤੁਲਨਾ ਵਿੱਚ ਪੁਲਾੜ ਦੇ ਫਾਸਲੇ ਅਸੀਮ ਅਤੇ ਬੇਅੰਤ ਹਨ। ਇਨ੍ਹਾਂ ਨੂੰ ਨਾਪਣ ਦੇ ਢੰਗ-ਤਰੀਕੇ ਵੀ ਇਨ੍ਹਾਂ ਫਾਸਲਿਆਂ ਅਨੁਸਾਰ ਹੀ ਹਨ ਅਤੇ ਇਨ੍ਹਾਂ ਦਾ ਪੈਮਾਨਾ ‘ਰੌਸ਼ਨੀ ਦੀ ਸਪੀਡ’ ਹੈ। ਇਹ ਸਪੀਡ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕੰਡ ਹੈ। ਲਾਈਟ ਦੀ ਇੰਨੀ ਸਪੀਡ ਹੋਣ ਦੇ ਬਾਵਜੂਦ ਵੀ ਪੁਲਾੜ ਦੀਆਂ ਦੂਰੀਆਂ ਨਾਪਣ ਵਾਸਤੇ ਇੰਨਾ ਹੀ ਕਾਫੀ ਨਹੀਂ। ਇਸ ਵਾਸਤੇ ਹੋਰ ਵੱਡਾ ‘ਗਜ’ ਬਣਾਇਆ ਗਿਆ ਹੈ ਜਿਸ ਨੂੰ ਰੌਸ਼ਨੀ-ਸਾਲ (ਲਾਈਟ ਯੀਅਰ) ਕਿਹਾ ਜਾਂਦਾ ਹੈ। ਇਹ ਰੌਸ਼ਨੀ ਵਲੋਂ ਇੱਕ ਸਾਲ ਵਿੱਚ ਤਹਿ ਕੀਤੇ ਕਿਲੋਮੀਟਰਾਂ ਬਰਾਬਰ ਅਰਥਾਤ ਸਾਢੇ ਨੌਂ ਲੱਖ ਕਰੋੜ ਕਿਲੋਮੀਟਰ ਦਾ ਹੈ। ਉਦਾਹਰਣ ਵਜੋਂ ਸੂਰਜ, ਜੋ ਸਾਡੀ ਧਰਤੀ ਤੋਂ ਪੰਦਰਾਂ ਕਰੋੜ ਕਿਲੋਮੀਟਰ ਦੂਰ ਹੈ, ਦੀ ਰੌਸ਼ਨੀ ਧਰਤੀ ਤੱਕ ਪਹੁੰਚਣ ਵਿੱਚ ਸਿਰਫ ਅੱਠ ਮਿੰਟ ਲਗਦੇ ਹਨ।
ਇੰਨੇ ਵੱਡੇ ‘ਗਜ’ ਦੀ ਜ਼ਰੂਰਤ ਸਮਝਣ ਵਾਸਤੇ ਸਾਡੇ ਬ੍ਰਹਿਮੰਡ (ਯੂਨੀਵਰਸ) ਦੀ ਅਨੰਤਤਾ ‘ਤੇ ਨਜ਼ਰ-ਸਾਨੀ ਦੀ ਲੋੜ ਹੈ। ਅੱਜ ਦੇ ਪ੍ਰਸਿੱਧ ਪੁਲਾੜ-ਵਿਗਿਆਨੀਆਂ ਵਿੱਚੋਂ ਇੱਕ ‘ਨੀਲ ਡੀ-ਗਰੈਸ ਟਾਈਸਨ’ ਅਨੁਸਾਰ:
ਸਾਡੇ ਸੂਰਜ ਦੇ ਸਭ ਤੋਂ ਨੇੜੇ ਦਾ ਹੋਰ ਸੂਰਜ ਇਸ ਤੋਂ ਸਵਾ ਚਾਰ (4.3) ‘ਰੌਸ਼ਨੀ-ਸਾਲ’ ਦੂਰ ਹੈ।
ਸਾਡੀ ਗਲੈਕਸੀ ਵਿੱਚ ਦਸ ਹਜ਼ਾਰ ਕਰੋੜ ਸੂਰਜ ਹਨ।
ਸਾਡੇ ਬ੍ਰਹਿਮੰਡ ਵਿੱਚ ਅੱਗੇ ਦਸ ਹਜ਼ਾਰ ਕਰੋੜ ਗਲੈਕਸੀਆਂ ਹਨ।
ਅੱਜ ਸਮਝਿਆ ਜਾ ਰਿਹਾ ਹੈ ਕਿ ਅਨੇਕਾਂ ਬ੍ਰਹਿਮੰਡ ਹਨ।
ਗੁਰਬਾਣੀ ਵਿੱਚ ”ਕੋਟਿ ਬ੍ਰਹਿਮੰਡ ਕੋ ਠਾਕੁਰੁ ਸੁਆਮੀ” ਦਾ ਜ਼ਿਕਰ ਹੈ।
ਨਵੀਂ ਦੂਰਬੀਨ ਦੇ ਜਿੰਮੇ ਲੱਗੇ ਕੰਮਾਂ ਦੀ ਕਿਸਮ ਅਤੇ ਵਿਲੱਖਣਤਾ ਸਮਝਣ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਬ੍ਰਹਿਮੰਡ ਦੀ ਰਚਨਾ ਅਤੇ ਇਸ ਦੀ ਬਣਤਰ ਬਾਰੇ ਮੁੱਢਲੀ ਜਾਣਕਾਰੀ ਦੀ ਦੁਹਰਾਈ ਕੀਤੀ ਜਾਵੇ। ਇਹ ਕਿਸੇ ਧਾਰਮਿਕ ਗ੍ਰੰਥ ਦੀਆਂ ਗੱਲਾਂ ਨਹੀਂ ਬਲਕਿ ਇਹ ਵਿਗਿਆਨਕ ਤੱਥ ਹਨ । ਕੁਝ ਦਿਲਚਸਪ ਅਤੇ ਜ਼ਰੂਰੀ ਤੱਥ ਇਹ ਹਨ:
1,380 ਕਰੋੜ ਸਾਲ ਪਹਿਲਾਂ ‘ਬਿੱਗ-ਬੈਂਗ’ ਦੇ ਅਦਭੁਤ ਵਰਤਾਰੇ ਨਾਲ਼ ਬ੍ਰਹਿਮੰਡ ਦੀ ਰਚਨਾ ਸ਼ੁਰੂ ਹੋਈ।
1,370 ਕਰੋੜ ਸਾਲ ਪਹਿਲਾਂ ਸ਼ੁਰੂ ਦੇ ਤਾਰੇ ਬਣੇ।
1,270 ਕਰੋੜ ਸਾਲ ਪਹਿਲਾਂ ਸ਼ੁਰੂ ਦੀਆ ਗਲੈਕਸੀਆਂ ਬਣੀਆਂ।
1,000 ਕਰੋੜ ਸਾਲ ਪਹਿਲਾਂ ਆਧੁਨਿਕ ਗਲੈਕਸੀਆਂ ਬਣੀਆਂ।
460 ਕਰੋੜ ਸਾਲ ਪਹਿਲਾਂ ਸਾਡਾ ਸੂਰਜੀ ਸਿਸਟਮ ਬਣਿਆ। ਸਾਡਾ ਸੂਰਜ ਇੱਕ ਤਾਰਾ ਹੈ।
455 ਕਰੋੜ ਸਾਲ ਪਹਿਲਾਂ ਧਰਤੀ ਬਣੀ।
ਜਾਣਨਯੋਗ ਹੈ ਕਿ ਕੁਦਰਤ ਨੇ ਬ੍ਰਹਿਮੰਡ ਨੂੰ ਇੱਕ ਹੀ ਵਾਰ ਪੱਕੇ ਤੌਰ ‘ਤੇ ਨਹੀਂ ਬਣਾਇਆ ਬਲਕਿ ਇਹ ਸ਼ੁਰੂ ਤੋਂ ਹੀ ਗਤੀਸ਼ੀਲ ਹੈ, ਭਾਵ ਹਰ ਪਲ ਫੈਲ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਗਲੈਕਸੀਆਂ ਇੱਕ ਦੂਜੀ ਤੋਂ ਦੂਰ ਜਾ ਰਹੀਆਂ ਹਨ ਪਰ ਇਨ੍ਹਾਂ ਦਾ ਆਪਣਾ ਆਕਾਰ ਅਤੇ ਆਪਣੀ ਸ਼ਕਲ ਸਥਿਰ ਹੈ। ਇਸੇ ਕਰਕੇ ਪੁਲਾੜ-ਵਿਗਿਆਨੀ ਇਹ ਸਮਝਣਾ ਚਾਹੁੰਦੇ ਹਨ ਕਿ ‘ਬਿੱਗ-ਬੈਂਗ’ ਰਾਹੀਂ ਰਚਨਾ ਤੋਂ ਕੁਛ ਚਿਰ ਬਾਅਦ ਇਹ ਕਿਹੋ ਜਿਹਾ ਸੀ ਅਤੇ ਹੁਣ ਕਿਹੋ ਜਿਹਾ ਹੈ। ਬਿੱਗ-ਬੈਂਗ (ਜ਼ੀਰੋ-ਪੁਆਂਇਟ) ਵੇਲ਼ੇ ਅਤੇ ਉਸ ਤੋਂ ਤੁਰੰਤ ਬਾਅਦ ਦੀ ਸਥਿਤੀ ਬਾਰੇ ਪਤਾ ਲਾਉਣਾ ਅੱਜ ਦੀ ਤਕਨਾਲੋਜੀ ਵਾਸਤੇ ਸੰਭਵ ਨਹੀ। ਪਰ ਨਵੀਂ ਦੂਰਬੀਨ ਬਿੱਗ-ਬੈਂਗ ਵਾਪਰਨ ਤੋਂ 20 ਕਰੋੜ ਸਾਲ ਬਾਅਦ ਦੀ ਸਥਿਤੀ ਦਾ ਪਤਾ ਕਰ ਸਕਣ ਦੇ ਸਮਰੱਥ ਹੈ। ਜਦ ਕਿ ਪਹਿਲੀ ਦੂਰਬੀਨ ‘ਹਬਲ’, 40 ਕਰੋੜ ਸਾਲ ਬਾਅਦ ਵਾਪਰੇ ਵਰਤਾਰਿਆਂ ਦਾ ਪਤਾ ਕਰ ਸਕਦੀ ਸੀ। ਆਮ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਇੰਨੇ ਕੁ ਫਰਕ ਨਾਲ਼ ਕਿੰਨੀ ਕੁ ਜਾਣਕਾਰੀ ਵਧ ਸਕੇਗੀ। ਜਵਾਬ ਹੈ ਕਿ ‘ਬਿੱਗ-ਬੈਂਗ’ ਤੋਂ ਤੁਰੰਤ ਬਾਅਦ ਘਟਨਾਵਾਂ ਬਹੁਤ ਹੀ ਤੇਜ਼ ਗਤੀ ਨਾਲ਼ ਵਾਪਰੀਆਂ, ਇਸ ਕਰਕੇ ਪਹਿਲੇ ਵੀਹ ਕਰੋੜ ਸਾਲਾਂ ਅੰਦਰ ਰਚਨਾ ਦੀ ਬਣਤਰ ਦੇ ਬਹੁਤ ਜ਼ਿਆਦਾ ਅਹਿਮ ਭੇਦ ਸਮੋਏ ਹੋਏ ਹਨ। ਪੁਲਾੜ-ਵਿਗਿਆਨੀ ਅਤੇ ਸਾਇੰਸਦਾਨ ਇਹੀ ਭੇਦ ਜਾਣਨ ਦੇ ਇੱਛੁਕ ਹਨ ਜੋ ਸਾਡੇ ਗਿਆਨ ‘ਚ ਸਾਡੀ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਵਾਧਾ ਕਰਨਗੇ। ਇਸ ਤਰ੍ਹਾਂ ‘ਜੇਮਸ ਵੈੱਬ ਪੁਲਾੜ ਦੂਰਬੀਨ’ ਸਹੀ ਅਰਥਾਂ ਵਿੱਚ ਬ੍ਰਹਿਮੰਡੀ ਪਸਾਰੇ ਨੂੰ ਦੇਖਣ ਵਾਲ਼ੀ ਵਿਗਿਆਨਕ ਅੱਖ ਸਾਬਤ ਹੋਵੇਗੀ ਅਤੇ ਆਪਣੇ ‘ਤੇ ਖਰਚੇ ਧੰਨ ਅਤੇ ਕੀਤੀ ਵਿਗਿਆਨਕ ਮਿਹਨਤ ਦਾ ਪੂਰਾ ਮੁੱਲ ਮੋੜ ਸਕੇਗੀ।

 

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …