ਜੀਟੀਏ ਵਿਚ ਵੱਖ-ਵੱਖ ਵਿਸ਼ਵਾਸ਼ਾਂ ਵਾਲੇ ਭਾਈਚਾਰਿਆਂ ਵਿਚਕਾਰ ਆਪਸੀ ਸਮਝਦਾਰੀ ਅਤੇ ਸ਼ਾਂਤੀ ਨੂੰ ਪ੍ਰਮੋਟ ਕਰਨ ਲਈ ਇਕ ਇਵੈਂਟ ਬੀਤੇ ਦਿਨੀਂ ਬਰੈਂਪਟਨ ਦੇ ਬੰਬੇ ਪੈਲੇਸ ਬੈਂਕਟ ਹਾਲ ਵਿਚ ਕੀਤਾ ਗਿਆ। ਇਸ ਇਵੈਂਟ ਨੂੰ ‘ਇੰਟਰਫੇਥ ਇਨਸਾਈਟਸ-ਬਿਲਡਿੰਗ ਬ੍ਰਿਜਜ਼ ਆਫ ਹਿਉਮੈਨਟੀ’ ਨਾਂ ਦਿੱਤਾ ਗਿਆ ਸੀ। ਕੈਨੇਡਾ ਵਿਚ ਇਸ ਤਰ੍ਹਾਂ ਦੀ ਇਹ ਪਹਿਲੀ ਇਵੈਂਟ ਸੀ, ਜਿਸ ਦਾ ਮਕਸਦ ਵੱਖ-ਵੱਖ ਧਾਰਮਿਕ ਗਰੁੱਪਾਂ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਇਵੈਂਟ 30 ਜੁਲਾਈ ਵਾਲੇ ਦਿਨ ਦਿਨੇ 3:30 ਤੋਂ ਸ਼ਾਮ ਦੇ 6 ਵਜੇ ਤੱਕ ਹੋਈ।
ਇਵੈਂਟ ਦੌਰਾਨ ਸਭ ਤੋਂ ਪਹਿਲਾਂ ਛੇ ਵੱਖ-ਵੱਖ ਪਿਛੋਕੜਾਂ ਤੋਂ ਆਏ ਛੇ ਸੰਗੀਤਕਾਰਾਂ ਨੇ ਇੰਡੀਅਨ ਕਲਾਸੀਕਲ ਮਿਊਜ਼ਿਕ ਸਾਜ਼ਾਂ ਨਾਲ ਬਹੁਤ ਹੀ ਯਾਦਗਾਰੀ ਪੇਸ਼ਕਾਰੀ ਕੀਤੀ।
ਇਨ੍ਹਾਂ ਦੁਆਰਾ ਵਰਤੇ ਗਏ ਸਾਜ਼ ਪੂਰਬੀ ਅਤੇ ਪੱਛਮੀ ਸਾਜ਼ਾਂ ਦਾ ਸੰਗਮ ਸੀ, ਜਿਨ੍ਹਾਂ ਵਿਚ ਸਾਰੰਗੀ, ਸੰਤੂਰ, ਤਬਲਾ, ਸੈੱਲੋ ਅਤੇ ਕੀਬੋਰਡ ਸ਼ਾਮਲ ਸਨ। ਕਿਵੇਂ ਵੱਖ-ਵੱਖ ਸਾਜ਼ ਮਿਲ ਕੇ ਇਕ ਨਵੀਂ ਸੁਰ ਪੈਦਾ ਕਰ ਸਕਦੇ ਹਨ, ਇਹ ਪੇਸ਼ਕਾਰੀ ਉਸ ਗੱਲ ਨੂੰ ਦਰਸਾ ਰਹੀ ਸੀ।
ਇਸ ਤੋਂ ਬਾਅਦ ਵੱਖ-ਵੱਖ ਧਾਰਮਿਕ ਪਿਛੋਕੜਾਂ ਵਾਲੇ ਧਾਰਮਿਕ ਲੀਡਰਜ਼ ਨੇ ਅੱਜ ਦੇ ਯੁਗ ਵਿਚ ਸ਼ਾਂਤੀ ਅਤੇ ਸਦਭਾਵਨਾ ਪ੍ਰਮੋਟ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਵਿਚ ਕ੍ਰਿਸ਼ਚੈਨਿਟੀ, ਇਸਲਾਮ, ਹਿੰਦੂ ਮਤ, ਸਿਖ ਮਤ ਅਤੇ ਬੁਧ ਮੱਤ ਦੇ ਲੀਡਰਜ਼ ਸ਼ਾਮਲ ਸਨ।
ਮੁਖ ਵਿਸ਼ਾ ਮਾਨਵਤਾ ਨੂੰ ਇਕ ਸਾਂਝੀ ਸੱਤਾ ਵੱਜੋਂ ਪੇਸ਼ ਕਰਨਾ ਸੀ, ਜਿਸ ਵਿਚ ਜ਼ੋਰ ਮਤਭੇਦਾਂ ਦੀ ਬਜਾਏ ਏਕਤਾ ਤੇ ਦਿੱਤਾ ਗਿਆ।
ਨਾਮਧਾਰੀ ਸਿੱਖ ਸੰਗਤ ਦੇ ਰੂਹਾਨੀ ਮੁਖੀ ਸਤਗੁਰੂ ਉਦੈ ਸਿੰਘ ਜੀ ਨੇ ਆਪਣੀ ਸਪੀਚ ਵਿਚ ਕਿਹਾ, ਕਿ ਜੇ ਮੇਰੇ ਘਰ ਨੂੰ ਅੱਗ ਲੱਗੀ ਹੋਵੇ ਅਤੇ ਕੋਈ ਬਾਲਟੀ ਲੈ ਕੇ ਬੁਝਾਉਣ ਆਏ ਤਾਂ ਮੈਂ ਉਸ ਨੂੰ ਰੋਕਾਂਗਾ ਨਹੀਂ ਅਤੇ ਉਸਦਾ ਧਰਮ ਨਹੀਂ ਪੁੱਛਾਂਗਾ। ਉਨ੍ਹਾਂ ਤੋਂ ਇਲਾਵਾ ਅਹਿਮਦੀਆ ਮੁਸਲਮ ਜਮਾਤ ਔਫ ਕੈਨੇਡਾ ਦੇ ਇਮਾਮ ਨਾਸੀਮ ਬੱਟ, ਬਪਸ ਕੈਨੇਡਾ ਦੇ ਮੁਖੀ ਸਵਾਮੀ ਸਾਧੂ ਗੁਨਸਾਗਰਦਾਸ ਸਵਾਮੀ, ਨਿਰਮਲਾ ਮਹਾਮੰਡਲ ਦੇ ਸੰਤ ਯਾਦਵਿੰਦਰ ਸਿੰਘ, ਮਹਾਮੇਵਨਾਮਾ ਬੁਧਿਸਟ ਮੋਨੈਸਟਰੀ ਦੇ ਚੀਫ ਮੰਕ ਭਾਂਟੇ ਜੀਵਾਂਦਾ, ਹਰੇ ਕ੍ਰਿਸ਼ਨਾ ਟੈਂਪਲ ਦੇ ਵੱਲਭ ਹਰੀ ਦਾਸ, ਯੂਨੀਵਰਸਿਟੀ ਔਫ ਟੋਰਾਂਟੋ ਵਿਚ ਰਿਲੀਜਸ ਸਟੱਡੀ ਦੇ ਪ੍ਰੋਫੈਸਰ ਜੋਸੇਫ ਚੰਦਰਾਕਾਂਤਨ, ਹਿੰਦੂ ਮਹਾਂਸਭਾ ਮੰਦਰ ਦੇ ਚੇਅਰਪਰਸਨ ਰਾਕੇਸ਼ ਗੋਇਨਕਾ, ਅਤੇ ਇੰਡੀਆ ਦੇ ਕੌਂਸਲੇਟ ਜਰਨਲ ਤੋਂ ਕੌਂਸਲ ਅਰੁਨ ਕੁਮਾਰ ਨੇ ਵੀ ਆਪਣੇ ਖਿਆਲ ਪੇਸ਼ ਕੀਤੇ।
ਪ੍ਰਬੰਧਕੀ ਕਮੇਟੀ ਦੇ ਚੇਅਰ ਹਰਦਿਆਲ ਕੱਲ੍ਹਾ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਸਿਰਫ ਆਪਣੀ ਸਮਝਦਾਰੀ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਇਵੈਂਟ ਇਸ ਗੱਲ ਦੀ ਗਵਾਹ ਹੈ ਕਿ ਅਸੀਂ ਇਕ ਸਰਬਸਾਂਝਾ ਸਮਾਜ ਬਣਾਉਣ ਲਈ ਵਚਨਬੱਧ ਹਾਂ। ਇਵੈਂਟ ਦਾ ਪ੍ਰਬੰਧ ਨਾਮਧਾਰੀ ਸਿੱਖ ਸੰਗਤ ਕੈਨੇਡਾ ਦੁਆਰਾ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …