Breaking News
Home / ਮੁੱਖ ਲੇਖ / ਕੌਮਾਂਤਰੀ ਪੱਧਰ ‘ਤੇ ਸਿੱਖ ਵਿਚਾਰਧਾਰਾ ਦੇ ਉਭਾਰ ਵਾਲਾ ਰਿਹਾ ਸਾਲ 2021

ਕੌਮਾਂਤਰੀ ਪੱਧਰ ‘ਤੇ ਸਿੱਖ ਵਿਚਾਰਧਾਰਾ ਦੇ ਉਭਾਰ ਵਾਲਾ ਰਿਹਾ ਸਾਲ 2021

ਤਲਵਿੰਦਰ ਸਿੰਘ ਬੁੱਟਰ
ਬੇਸ਼ੱਕ ਸਾਲ 2021 ਦੌਰਾਨ ਸਿੱਖ ਪੰਥ ਨੂੰ ਅਨੇਕਾਂ ਅੰਦਰੂਨੀ-ਬਾਹਰੀ, ਕੌਮੀ ਤੇ ਕੌਮਾਂਤਰੀ ਚੁਣੌਤੀਆਂ-ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਇਹ ਵਰ੍ਹਾ ਸਿੱਖ ਵਿਚਾਰਧਾਰਾ ਦੇ ਉਭਾਰ ਵਾਲਾ ਰਿਹਾ ਹੈ। ਕਰੋਨਾ ਕਾਲ ਅਤੇ ਕਿਸਾਨੀ ਸੰਘਰਸ਼ ਦੌਰਾਨ ਸਿੱਖਾਂ ਵਿਚ ਸੇਵਾ, ਸੰਘਰਸ਼ ਤੇ ਸਿਰੜ ਦੀਆਂ ਮਾਨਤਾਵਾਂ ਨੇ ਭਾਰਤਵਰਸ਼ ਦੇ ਲੋਕਾਂ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਅਤੇ ਸਿੱਖਾਂ ਬਾਰੇ ਬਣੀਆਂ ਗ਼ਲਤ ਧਾਰਨਾਵਾਂ ਨੂੰ ਦੂਰ ਕਰਕੇ ਭਾਈਚਾਰਕ ਏਕਤਾ ਦਾ ਬਾਨ੍ਹਣੂ ਬੰਨ੍ਹਿਆ ਹੈ। ਰਾਜਨੀਤਕ ਬਖੇੜਿਆਂ ਕਾਰਨ ਦਹਾਕਿਆਂ ਤੋਂ ਇਕ-ਦੂਜੇ ਦੇ ਵਿਰੋਧੀ ਬਣੇ ਆ ਰਹੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿਚਾਲੇ ਬਣੀ ਭਰਮ ਦੀ ਦੀਵਾਰ ਟੁੱਟ ਗਈ ਤੇ ਭਾਈਚਾਰੇ ਤੇ ਸਦਭਾਵਨਾ ਦਾ ਇਕ ਨਵਾਂ ਬਿਰਤਾਂਤ ਉੱਭਰਿਆ ਹੈ। ਆਲਮੀ ਪੱਧਰ ‘ਤੇ ਸਿੱਖ ਧਰਮ ਦੀਆਂ ਵੰਡ ਕੇ ਛਕਣ ਅਤੇ ਸਰਬੱਤ ਦੇ ਭਲੇ ਦੀਆਂ ਮਾਨਤਾਵਾਂ ਦਾ ਪ੍ਰਭਾਵ ਵੀ ਵਧਿਆ ਹੈ।
ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੇ ਵਸਨੀਕ ਲੋਕ ਜਦੋਂ ਆਪਣੇ ਬੱਚਿਆਂ ਨੂੰ ਲੈ ਕੇ ਕਿਸਾਨੀ ਸੰਘਰਸ਼ ਵਾਲੀਆਂ ਥਾਵਾਂ ‘ਤੇ ਸਿਦਕ ਤੇ ਸੇਵਾ ਦੇ ਸਿੱਖੀ ਜਜ਼ਬੇ ਨੂੰ ਵੇਖਣ ਆਉਂਦੇ ਸਨ ਤਾਂ ਉੱਥੇ ਸਿੱਖ ਗੁਰੂ ਸਾਹਿਬਾਨ ਦੁਆਰਾ ਦਿੱਤੇ ਮਨੁੱਖੀ ਸਦਭਾਵਨਾ ਤੇ ਸਰਬ-ਸਾਂਝੀਵਾਲਤਾ ਦੇ ਸਿਧਾਂਤਾਂ ਦੇ ਪ੍ਰਗਟਾਵੇ ਨੂੰ ਵੇਖਦਿਆਂ ਮੁਤਾਸਰ ਹੋਏ ਬਗ਼ੈਰ ਨਹੀਂ ਰਹਿੰਦੇ ਸਨ। ਹੈਦਰਾਬਾਦ ਦੀ ਇਕ ਉਦਯੋਗਪਤੀ ਹਿੰਦੂ ਬੀਬੀ ਨੇ ਜਦੋਂ ਕਿਸਾਨੀ ਸੰਘਰਸ਼ ‘ਚ ਸ਼ਮੂਲੀਅਤ ਕਰਕੇ ਸਿੱਖਾਂ ਦੇ ਸੇਵਾ ਦੇ ਜਜ਼ਬੇ ਨੂੰ ਵੇਖਿਆ ਤਾਂ ਇਹ ਕਹਿਣ ਲਈ ਮਜਬੂਰ ਹੋ ਗਈ ਕਿ, ਜੇਕਰ ਸਰਕਾਰਾਂ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਅਪਨਾ ਲੈਣ ਤਾਂ ਮੇਰੇ ਦੇਸ਼ ਦਾ ਕੋਈ ਵੀ ਬੱਚਾ ਭੁੱਖਾ ਨਹੀਂ ਰਹੇਗਾ। ਕਿਸਾਨੀ ਮੋਰਚੇ ਦੀ ਸਮਾਪਤੀ ‘ਤੇ ਦਿੱਲੀ ਦੇ ਆਸਪਾਸ ਦੇ ਲੋਕਾਂ ਦੇ ਇਹ ਬੋਲ ਸਿੱਖ ਧਰਮ ਦੀਆਂ ਸੱਭਿਅਕ ਮਾਨਤਾਵਾਂ ਦੀ ਮਕਬੂਲੀਅਤ ਦੇ ਪ੍ਰਤੀਕ ਸਨ ਕਿ, ‘ਜਦੋਂ ਤੱਕ ਪੰਜਾਬੀ ਕਿਸਾਨ ਦਿੱਲੀ ਦੀਆਂ ਹੱਦਾਂ ‘ਤੇ ਬੈਠੇ ਰਹੇ, ਇੱਥੇ ਆਸ-ਪਾਸ ਦੂਰ-ਦੂਰ ਤੱਕ ਕੋਈ ਵੀ ਭੁੱਖੇ ਢਿੱਡ ਨਹੀਂ ਸੁੱਤਾ। ਸਾਡੀਆਂ ਧੀਆਂ-ਭੈਣਾਂ ਨੂੰ ਰਾਤ-ਬਰਾਤੇ ਵੀ ਘਰਾਂ ਤੋਂ ਬਾਹਰ ਨਿਕਲਣ ਲੱਗਿਆਂ ਕੋਈ ਖ਼ਤਰਾ ਮਹਿਸੂਸ ਨਹੀਂ ਹੋਇਆ। ਹੁਣ ਅਸੀਂ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਾਂਗੇ।’
ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਸਿੱਖਾਂ ਵਲੋਂ ਲੰਗਰ ਅਤੇ ਆਕਸੀਜਨ ਦੀ ਸੇਵਾ ਦੀ ਚਰਚਾ ਵਿਸ਼ਵ ਭਰ ਵਿਚ ਹੋਈ। ਇਸ ਸਬੰਧੀ ਬਾਲੀਵੁੱਡ ਦੇ ਗਾਇਕ ਅਰਮਾਨ ਮਲਿਕ ਦੇ ਸ਼ਬਦ ਇਤਿਹਾਸਕ ਮਹੱਤਤਾ ਵਾਲੇ ਹਨ ਕਿ, ‘ਦੇਸ਼ ਵਿਚ ਕਰੋਨਾ ਪੀੜਤਾਂ ਲਈ ਲੰਗਰ (ਭੋਜਨ ਤੇ ਆਕਸੀਜਨ) ਲਾ ਰਹੇ ਸਿੱਖਾਂ ਵਾਸਤੇ ਦਿਲ ਵਿਚ ਬੇਹੱਦ ਸਤਿਕਾਰ ਹੈ। ਸਿੱਖ ਲੋੜ ਪੈਣ ‘ਤੇ ਹਮੇਸ਼ਾ ਹਾਜ਼ਰ ਰਹਿੰਦੇ ਹਨ ਅਤੇ ਹਰ ਕਿਸੇ ਦੀ ਮਦਦ ਕਰਦੇ ਹਨ।’ ਕੁਦਰਤੀ ਆਫ਼ਤਾਂ ਅਤੇ ਔਕੜਾਂ ਵਾਲੇ ਮੁਲਕਾਂ ਵਿਚ ਬਿਨਾਂ ਕਿਸੇ ਵਿਤਕਰੇ ਦੇ ਮਨੁੱਖਤਾ ਦੀ ਸੇਵਾ ਕਰਨ ਬਦਲੇ ਵਿਸ਼ਵ-ਵਿਆਪੀ ਸਮਾਜ-ਸੇਵੀ ਸਿੱਖ ਸੰਸਥਾ ‘ਖ਼ਾਲਸਾ ਏਡ’ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦਗੀ ਮਿਲਣੀ ਵੀ ਸਿੱਖ ਧਰਮ ਦੀਆਂ ਸਿੱਖਿਆਵਾਂ ਦੇ ਵੱਧ ਰਹੇ ਪ੍ਰਭਾਵ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ‘ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ’ ਵਲੋਂ ਕਰੋਨਾ ਮਹਾਂਮਾਰੀ ਦੌਰਾਨ ਮਨੁੱਖਤਾ ਦੀ ਭਲਾਈ ਲਈ ਨਿਭਾਈਆਂ ਸੇਵਾਵਾਂ ਬਦਲੇ ਸ਼੍ਰੋਮਣੀ ਕਮੇਟੀ ਨੂੰ ਸਨਮਾਨ ਦੇਣਾ ਵੀ ਵੱਡੇ ਅਰਥ ਰੱਖਦਾ ਹੈ।
ਕਰੋਨਾ ਮਹਾਂਮਾਰੀ ਅਤੇ ਕਿਸਾਨੀ ਸੰਘਰਸ਼ ਦੌਰਾਨ ਸਿੱਖ ਧਰਮ ਦੇ ਬਰਾਬਰਤਾ ਅਤੇ ਸੰਘਰਸ਼ ਦੇ ਜਜ਼ਬੇ ਤੋਂ ਪ੍ਰੇਰਿਤ ਹੋ ਕੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਿਤ ਵੱਡੀ ਗਿਣਤੀ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਤੋਂ ਅੰਮ੍ਰਿਤ ਪਾਨ ਕਰਕੇ ਸਿੱਖ ਧਰਮ ਅਪਨਾਉਣ ਦਾ ਫ਼ੈਸਲਾ ਕੀਤਾ, ਜਿਨ੍ਹਾਂ ਵਿਚ ਹਰਿਆਣਾ ਦੇ ਉੱਘੇ ਜਾਟ ਆਗੂ ਤੇ ਸੇਵਾਮੁਕਤ ਸੀ.ਆਰ.ਪੀ.ਐਫ਼. ਕਮਾਡੈਂਟ ਹਵਾ ਸਿੰਘ ਸਾਂਗਵਾਨ ਵੀ ਸ਼ਾਮਲ ਸਨ। ਇਸੇ ਦੌਰਾਨ ਉੱਘੇ ਭਾਰਤੀ ਪੱਤਰਕਾਰ ਦਲੀਪ ਮਨਦਾਲ ਨੇ ਲਿਖਿਆ ਕਿ, ‘ਸਿੱਖਾਂ ਨੇ ਆਪਣੀ ਸੇਵਾ ਅਤੇ ਲਗਨ ਨਾਲ ਇੰਨੇ ਸਾਲਾਂ ‘ਚ ਜੋ ਭਰੋਸਾ ਅਤੇ ਨਾਮ ਕਮਾਇਆ ਹੈ, ਉਹ ਅੱਜ ਉਨ੍ਹਾਂ ਨੂੰ ਕੌਮਾਂਤਰੀ ਸਮਰਥਨ ਦੇ ਰੂਪ ‘ਚ ਮਿਲ ਰਿਹਾ ਹੈ। ਪੂਰੀ ਦੁਨੀਆ ‘ਚ ਸਿੱਖਾਂ ਤੋਂ ਕਿਸੇ ਨੂੰ ਵੀ ਸ਼ਿਕਾਇਤ ਨਹੀਂ ਹੈ। ਇਹ (ਗੁਰੂ) ਨਾਨਕ, ਕਬੀਰ ਅਤੇ ਰਵੀਦਾਸ ਜੀ ਦੀ ਬਾਣੀ ਦਾ ਅਸਰ ਹੈ।’
ਨਿਰਸੰਦੇਹ 1984 ਦੇ ਘੱਲੂਘਾਰੇ ਤੋਂ ਬਾਅਦ ਭਾਰਤ ਦੇ ਦੂਜੇ ਸੂਬਿਆਂ ਦੇ ਲੋਕਾਂ ਦੇ ਮਨਾਂ ਵਿਚ ਸਿੱਖਾਂ ਪ੍ਰਤੀ ਜੋ ਗ਼ਲਤ ਧਾਰਨਾਵਾਂ ਬਣੀਆਂ ਹੋਈਆਂ ਸਨ, ਉਨ੍ਹਾਂ ਨੂੰ ਤੋੜਨ ਵਿਚ, ਅਤੇ ਸਿੱਖਾਂ ਦੀ ਸੇਵਾ, ਸਰਬੱਤ ਦੇ ਭਲੇ ਤੇ ਮਨੁੱਖਤਾ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਬਾਰੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਨੇੜਿਓਂ ਜਾਨਣ ਵਿਚ, ਕਿਸਾਨੀ ਸੰਘਰਸ਼ ਨੇ ਬੇਹੱਦ ਸਾਰਥਿਕ ਭੂਮਿਕਾ ਨਿਭਾਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਰਨਾ ਵੀ ਆਪਣੇ ਆਪ ‘ਚ ਇਕ ਅਨੂਠਾ ਬਿਰਤਾਂਤ ਹੈ।
ਆਨਲਾਈਨ ਤੋਹਫ਼ੇ ਪ੍ਰਦਾਨ ਕਰਨ ਵਾਲੀ ਈ-ਕਾਮਰਸ ਕੰਪਨੀ ਐਮਾਜੋਨ ਇੰਡੀਆ ਵਲੋਂ ਦੀਵਾਲੀ ਦੇ ਤਿਓਹਾਰ ‘ਤੇ ਤਿਆਰ ਕੀਤੀ ਇਕ ਮਸ਼ਹੂਰੀ ਵਿਚ, ਔਖੇ ਸਮੇਂ ਦੂਜਿਆਂ ਦੀ ਮਦਦ ਤੇ ਸੇਵਾ ਕਰਨ ਦੀ ਸਿੱਖਾਂ ਵਿਚਲੀ ਭਾਵਨਾ ਨੂੰ ਅਨੋਖੇ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਨ ਦੀ ਚਰਚਾ ਵੀ ਵਿਸ਼ਵ ਭਰ ‘ਚ ਹੋਈ। ਇਸ ਮਸ਼ਹੂਰੀ ਨੂੰ ਇਕੱਲੇ ਯੂ-ਟਿਊਬ ‘ਤੇ ਹੀ 1.1 ਕਰੋੜ ਅਤੇ ਫੇਸਬੁਕ ‘ਤੇ 40 ਲੱਖ ਤੋਂ ਵਧੇਰੇ ਵਿਊਜ਼ ਮਿਲੇ ਹਨ। ਐਮਾਜੋਨ ਦੀ ਇਸ ਮਸ਼ਹੂਰੀ ਨੇ ਦੁਨੀਆ ਸਾਹਮਣੇ ਇਹ ਬਿਰਤਾਂਤ ਪੇਸ਼ ਕੀਤਾ ਹੈ ਕਿ ਜਦੋਂ ਵੀ ਦੂਜਿਆਂ ਦੀ ਮਦਦ ਦਾ ਜ਼ਿਕਰ ਛਿੜੇਗਾ ਤਾਂ ਸਰਬੱਤ ਦੇ ਭਲੇ ਨੂੰ ਪ੍ਰਣਾਏ ਫ਼ਲਸਫ਼ੇ ‘ਤੇ ਚੱਲਣ ਵਾਲੇ ਸਿੱਖ ਧਰਮ ਦਾ ਜ਼ਿਕਰ ਸਭ ਤੋਂ ਪਹਿਲਾਂ ਹੋਵੇਗਾ।
ਪਿਛਲੇ ਵਰ੍ਹੇ ਹੀ ਦੁਨੀਆ ਦੀ ਸਭ ਤੋਂ ਮਹਿੰਗੀਆਂ ਗੱਡੀਆਂ ਬਣਾਉਣ ਵਾਲੀ ਕੰਪਨੀ ‘ਲੈਂਬਰਗਿਨੀ’ ਨੇ ਆਪਣੇ ਐੱਸ.ਯੂ.ਵੀ. ‘ਉਰੂਸ’ ਮਾਡਲ ਦੀ ਮਸ਼ਹੂਰੀ ਲਈ ਇਕ ਨਿਹੰਗ ਸਿੰਘ ਦੀ ਤਸਵੀਰ ਦੀ ਵਰਤੋਂ ਕੀਤੀ ਅਤੇ ਲਿਖਿਆ ਕਿ, ‘ਜਿਵੇਂ ਇਕ ਨਿਹੰਗ ਸਿੰਘ ਦੇ ਨੇੜੇ ਜਾ ਕੇ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ, ਇਸੇ ਤਰ੍ਹਾਂ ਇਸ ਗੱਡੀ ‘ਚ ਬੈਠ ਕੇ ਆਪਣੇ ਆਪ ਨੂੰ ਮਹਿਫ਼ੂਜ਼ ਸਮਝੋਗੇ। ਇਹ ਦੋਵੇਂ ਤਾਕਤ ਅਤੇ ਸੁਰੱਖਿਆ ਦੇ ਪ੍ਰਤੀਕ ਹਨ ਅਤੇ ਇਨ੍ਹਾਂ ‘ਤੇ ਭਰੋਸਾ ਕਰਨ ਤੋਂ ਪਹਿਲਾਂ ਕੋਈ ਦੋ ਵਾਰ ਨਹੀਂ ਸੋਚਦਾ।’
ਇਸੇ ਤਰ੍ਹਾਂ ਸਾਲ 2021 ਦੌਰਾਨ ਵਿਦੇਸ਼ਾਂ ਵਿਚ ਸਿੱਖਾਂ ਵਲੋਂ ਆਪਣੀ ਕਾਬਲੀਅਤ, ਮਿਹਨਤ ਅਤੇ ਭਰੋਸੇਯੋਗਤਾ ਕਾਰਨ ਮਾਰੀਆਂ ਮੱਲਾਂ ਵੀ ਜ਼ਿਕਰਯੋਗ ਰਹੀਆਂ। ਆਸਟਰੇਲੀਆ ਦੀ ਹਵਾਈ ਫ਼ੌਜ ਵਿਚ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਬਤੌਰ ਮਿਸ਼ਨ ਅਫ਼ਸਰ ਨਿਯੁਕਤ ਹੋਏ। ਅਮਰੀਕਾ ਵਿਚ ਇਕ 26 ਸਾਲਾ ਅਮਰੀਕੀ ਜਲ ਸੈਨਾ ਸਿੱਖ ਅਧਿਕਾਰੀ ਸੁਖਬੀਰ ਸਿੰਘ ਤੂਰ ਨੂੰ ਦਸਤਾਰ ਸਜਾ ਕੇ ਡਿਊਟੀ ਨਿਭਾਉਣ ਦੀ ਆਗਿਆ ਮਿਲੀ। ਅਮਰੀਕੀ ਜਲ ਸੈਨਾ ਦੇ 246 ਸਾਲਾ ਇਤਿਹਾਸ ਵਿਚ ਅਜਿਹਾ ਪਹਿਲਾ ਮੌਕਾ ਹੈ। ਸਵਰਨਜੀਤ ਸਿੰਘ ਖ਼ਾਲਸਾ ਅਮਰੀਕਾ ਦੇ ਸ਼ਹਿਰ ਨੌਰਵਿਚ ਦੇ ਕਨੈਕਟੀਕਟ ਵਿਚ ਸਿਟੀ ਕੌਂਸਲਰ ਵਜੋਂ ਚੁਣੇ ਗਏ। ਇਕ ਦਸਤਾਰਧਾਰੀ ਗੁਰਸਿੱਖ ਪਰਮੀਤ ਸਿੰਘ ਬੋਪਾਰਾਏ ਅਲਬਰਟਾ ਐਨ.ਡੀ.ਪੀ. ਪਾਰਟੀ ਦੇ ਉਪ ਪ੍ਰਧਾਨ ਬਣੇ। ਸਕਾਟਲੈਂਡ ਦੀ ਪਹਿਲੀ ਸਿੱਖ ਸੰਸਦ ਮੈਂਬਰ ਪਾਮ ਗੋਸਲ ਗੁਟਕਾ ਸਾਹਿਬ ਨਾਲ ਮੂਲ ਮੰਤਰ ਦਾ ਜਾਪ ਕਰਨ ਤੋਂ ਬਾਅਦ ਅਹੁਦੇ ਦੀ ਸਹੁੰ ਚੁੱਕਣ ਨਾਲ ਚਰਚਾ ਵਿਚ ਰਹੀ। ਉੱਘੇ ਗੁਰਮਤਿ ਸੰਗੀਤ ਸ਼ਾਸਤਰੀ ਪ੍ਰੋਫ਼ੈਸਰ ਕਰਤਾਰ ਸਿੰਘ ਦਾ ਗਣਤੰਤਰ ਦਿਵਸ ਮੌਕੇ ਪਦਮ ਸ੍ਰੀ ਐਵਾਰਡ ਨਾਲ ਸਨਮਾਨ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨਿਕ ਅਧਿਕਾਰੀ ਡਾ. ਪ੍ਰਭਲੀਨ ਸਿੰਘ ਵਲੋਂ ਤਿਆਰ ਕੀਤੀ ਗਈ ‘ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ’ ਨਾਂਅ ਦੀ ਕਿਤਾਬ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਜਾਰੀ ਕੀਤੀ ਗਈ ਅਤੇ ਇਸ ਵਿਚ ਭਾਰਤ ਅੰਦਰ ਵੱਖ-ਵੱਖ ਖੇਤਰਾਂ ‘ਚ ਮਿਸਾਲੀ ਕੰਮ ਕਰਨ ਵਾਲੇ 100 ਪ੍ਰੇਰਨਾਦਾਇਕ ਸਿੱਖ ਨੌਜਵਾਨਾਂ ਦੀ ਸੂਚੀ ਸ਼ਾਮਲ ਕੀਤੀ ਗਈ, ਜਿਸ ਵਿਚ ਰੋਜ਼ਾਨਾ ਅਜੀਤ ਦੇ ਚੀਫ਼ ਐਗਜ਼ੀਕਿਊਟਿਵ ਸ੍ਰੀਮਤੀ ਸਰਵਰਿੰਦਰ ਕੌਰ ਅਤੇ ਸੀਨੀਅਰ ਐਗਜ਼ੀਕਿਊਟਿਵ ਸ੍ਰੀਮਤੀ ਗੁਰਜੋਤ ਕੌਰ ਵੀ ਸ਼ਾਮਲ ਸਨ।
ਹਾਲਾਂਕਿ ਇਸੇ ਦਰਮਿਆਨ ਵਿਦੇਸ਼ਾਂ ‘ਚ ਨਸਲੀ ਭੁਲੇਖਿਆਂ ਕਾਰਨ ਸਿੱਖਾਂ ‘ਤੇ ਹਮਲਿਆਂ ਦਾ ਸਿਲਸਿਲਾ ਵੀ ਜਾਰੀ ਰਿਹਾ। ਅਮਰੀਕੀ ਜਾਂਚ ਏਜੰਸੀ ਐਫ਼.ਬੀ.ਆਈ. ਮੁਤਾਬਿਕ ਪਿਛਲੇ 12 ਸਾਲਾਂ ਦੌਰਾਨ ਅਮਰੀਕਾ ‘ਚ ਨਫ਼ਰਤੀ ਅਪਰਾਧਾਂ ਵਿਚ ਵਾਧਾ ਹੋਇਆ, ਜਿਸ ਦਾ ਨਿਸ਼ਾਨਾ ਬਣਨ ਵਾਲਿਆਂ ‘ਚ ਸਿੱਖਾਂ ਦੀ ਵੀ ਚੋਖੀ ਗਿਣਤੀ ਸੀ। ਆਸਟਰੇਲੀਆ ਦੇ ਨਿਊ ਸਾਊਥ ਵੇਲਸ ਦੇ ਸਕੂਲਾਂ ‘ਚ ਇਸ ਵਰ੍ਹੇ ਪਹਿਲਾਂ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ‘ਤੇ ਰੋਕ ਲਗਾ ਦਿੱਤੀ ਗਈ ਪਰ ਬਾਅਦ ਵਿਚ ਸਿੱਖ ਸੰਸਥਾਵਾਂ ਵਲੋਂ ਕੀਤੀ ਪੈਰਵੀ ਤੋਂ ਬਾਅਦ ਇਹ ਰੋਕ ਹਟਾ ਦਿੱਤੀ ਗਈ। ਬਰਤਾਨੀਆ ਵਿਚ 21 ਮਈ ਨੂੰ ਦੱਖਣੀ ਲੰਡਨ ਦੇ ਅਲੈਗਜੈਂਡਰਾ ਮੈਕਲੌਡ ਸਕੂਲ ਐਬੀ ਵੁੱਡ ‘ਚ ਇਕ 5 ਸਾਲਾ ਸਿੱਖ ਬੱਚੇ ਦੇ ਇਕ ਹੋਰ ਵਿਦਿਆਰਥੀ ਵਲੋਂ ਜਬਰੀ ਕੇਸ ਕਤਲ ਕਰਨ ਦੀ ਘਟਨਾ ਵਾਪਰੀ। ਇੰਗਲੈਂਡ ਦੇ ਸਾਊਥਾਲ ਵਿਚ 24 ਨਵੰਬਰ ਨੂੰ 16 ਸਾਲਾ ਸਿੱਖ ਨੌਜਵਾਨ ਅਸ਼ਮੀਤ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੈਨੇਡਾ ਦੇ ਟਰੂਰੋ ਵਿਚ ਇਕ ਸਿੱਖ ਨੌਜਵਾਨ ਪ੍ਰਭਜੋਤ ਸਿੰਘ ਕਾਤਰੀ ਦੀ ਇਕ ਅਪਾਰਟਮੈਂਟ ‘ਚ ਹੱਤਿਆ ਕਰ ਦਿੱਤੀ ਗਈ। ਸਤੰਬਰ ਮਹੀਨੇ ਅਮਰੀਕਾ ‘ਚ 60 ਸਾਲਾ ਤੇਜਪਾਲ ਸਿੰਘ ਦੀ ਲੁਟੇਰਿਆਂ ਨੇ ਹੱਤਿਆ ਕਰ ਦਿੱਤੀ। ਦਸੰਬਰ ਮਹੀਨੇ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਵਾ ‘ਚ ਸਿੱਖਾਂ ਦੇ ਕਿਰਪਾਨ ਪਹਿਨ ਕੇ ਕਿਸੇ ਵੀ ਅਦਾਲਤੀ ਜਾਂ ਸਰਕਾਰੀ ਅਹਾਤੇ ਦੇ ਅੰਦਰ ਜਾਣ ‘ਤੇ ਰੋਕ ਲਗਾ ਦਿੱਤੀ ਗਈ।
ਇਸ ਸਭ ਦੇ ਬਾਵਜੂਦ ਪਿਛਲੇ ਸਾਲ ਦੌਰਾਨ ਸਿੱਖ ਧਰਮ ਦੀਆਂ ਮਾਨਵ-ਕਲਿਆਣਕਾਰੀ ਮਾਨਤਾਵਾਂ ਨੂੰ ਕੌਮਾਂਤਰੀ ਪੱਧਰ ‘ਤੇ ਮਿਲੇ ਹੁੰਗਾਰੇ ਨੂੰ ਵੇਖਦਿਆਂ ਇਹ ਸੰਭਾਵਨਾ ਪ੍ਰਬਲ ਹੋ ਗਈ ਹੈ ਕਿ ਭਵਿੱਖ ਸਿੱਖ ਵਿਚਾਰਧਾਰਾ ਦੇ ਉਭਾਰ ਦੀ ਮੰਗ ਕਰਦਾ ਹੈ। ਕਿਉਂਕਿ ਸਰਮਾਏਦਾਰੀ ਪ੍ਰਧਾਨ ਵਿਵਸਥਾ ਤੋਂ ਅੱਕੀ ਮਨੁੱਖਤਾ ਹੁਣ ਜੀਵਨ ਦੇ ਸਾਵੇਂ ਤੇ ਸਾਂਝੇ ਨਵੇਂ ਬਦਲ ਦੀ ਭਾਲ ਵਿਚ ਹੈ। ਦਰਅਸਲ ਵਿਸ਼ਵ ਦੀ ਮੌਜੂਦਾ ਵਿਵਸਥਾ ਮਨੁੱਖ ਨੂੰ ਪਦਾਰਥਕ ਬਹੁਤਾਤ ਤਾਂ ਦੇ ਰਹੀ ਹੈ ਪਰ ਮਨੁੱਖ ਦੀਆਂ ਮਾਨਸਿਕ ਲੋੜਾਂ ਦੀ ਪੂਰਤੀ ਕਰਨ ‘ਚ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ। ਨਤੀਜੇ ਵਜੋਂ ਮਨੁੱਖਤਾ ਜੀਵਨ ਤੋਂ ਬੇਮੁਖਤਾਈ ਤੇ ਨਿਰਾਸ਼ਤਾ ਵੱਲ ਵੱਧ ਰਹੀ ਹੈ। ਜਦੋਂਕਿ ਮਨੁੱਖ ਦੀਆਂ ਲੋੜਾਂ ਨਿਰੀਆਂ ਪਦਾਰਥਕ ਨਹੀਂ, ਉਹ ਮਾਨਸਿਕ ਵੀ ਹਨ। ਕਿਉਂਕਿ ਮਨੁੱਖ ਤਨ ਦੇ ਨਾਲ ਮਨ ਰੱਖਦਾ ਪ੍ਰਾਣੀ ਹੈ। ਇਸ ਕਰਕੇ ਮਨੁੱਖ ਦੇ ਤਨ ਦੇ ਨਾਲ-ਨਾਲ ਮਨ ਦੀਆਂ ਲੋੜਾਂ ਦੀ ਪੂਰਤੀ ਕਰਨ ਦੇ ਤਰੀਕੇ ਸਿੱਖ ਧਰਮ ਦੀਆਂ ਸਿੱਖਿਆਵਾਂ ਵਿਚ ਮਹਿਫ਼ੂਜ਼ ਹਨ। ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੇ ਸਿੱਖ ਸਿਧਾਂਤ ਵਿਚ ਹੀ ਮਨੁੱਖਤਾ ਦਾ ਭਲਾ ਹੈ। ਭਾਵ, ਹਰ ਕੋਈ ਆਪਣੀ ਸਮਰੱਥਾ ਅਨੁਸਾਰ ਕੰਮ ਕਰੇ, ਆਪਣੀ ਲੋੜ ਅਨੁਸਾਰ ਲਵੇ ਤੇ ਬਾਕੀ ਜ਼ਰੂਰਤਮੰਦਾਂ ‘ਚ ਵੰਡੇ। ਇਸ ਦੇ ਨਾਲ ਸਰਬ-ਵਿਆਪਕਤਾ ਦੇ ਅਹਿਸਾਸ ਵਿਚ ਭਿੱਜੇ ਰਹਿ ਕੇ ਉਹ ਆਪਣੇ ਮਨ ਦਾ ਸਕੂਨ ਹਾਸਲ ਕਰ ਸਕਦਾ ਹੈ। ਸੋ, ਸਮਾਂ ਆ ਗਿਆ ਹੈ ਕਿ ਸਿੱਖ ਵਿਚਾਰਧਾਰਾ ਬਾਰੇ ਸਾਰੇ ਸੰਸਾਰ ਵਿਚ ਸਹੀ ਤੇ ਪੂਰੀ ਜਾਣਕਾਰੀ ਦੇਣੀ ਸਿੱਖਾਂ ਦੀ ਵੱਡੀ ਪਹਿਲ ਬਣ ਜਾਵੇ।

 

Check Also

ਨਿਰਭਉ-ਨਿਰਵੈਰ ਹੋ ਕੇ ਜਿਊਣ ਦੀ ਜੁਗਤ ਹੈ ‘ਮੀਰੀ’ ਤੇ ‘ਪੀਰੀ’ ਦਾ ਸਿਧਾਂਤ

ਤਲਵਿੰਦਰ ਸਿੰਘ ਬੁੱਟਰ ਮੀਰੀ ਅਤੇ ਪੀਰੀ, ਦੋਵੇਂ ਸ਼ਬਦ ਅਰਬੀ-ਫਾਰਸੀ ਪਿਛੋਕੜ ਵਾਲੇ ਹਨ। ‘ਮੀਰੀ’ ਦਾ ਸਬੰਧ …