ਜੰਗਬੰਦੀ ਤੱਕ ਕੋਈ ਚਰਚਾ ਨਹੀਂ
ਨਵੀਂ ਦਿੱਲੀ : ਲੈਬਨਾਨ ਦੇ ਰਾਸ਼ਟਰਪਤੀ ਜੋਸੇਫ ਆਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜਿੰਨਾ ਚਿਰ ਇਲਾਕੇ ਵਿੱਚ ਮੁਕੰਮਲ ਜੰਗਬੰਦੀ ਨਹੀਂ ਹੁੰਦੀ, ਉਦੋਂ ਤੱਕ ਇਜ਼ਰਾਈਲ ਨਾਲ ਕੋਈ ਵੀ ਰਾਬਤਾ ਕਾਇਮ ਨਹੀਂ ਕੀਤਾ ਜਾਵੇਗਾ। ਮੀਡੀਆ ਦੀ ਰਿਪੋਰਟ ਅਨੁਸਾਰ ਲੈਬਨਾਨ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਨੂੰ ਵੀ ਇਸ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਹੈ ਕਿ ਉਹ ਫਿਲਹਾਲ ਅਜਿਹੀ ਕਿਸੇ ਵੀ ਗੱਲਬਾਤ ਲਈ ਤਿਆਰ ਨਹੀਂ ਹਨ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਰਾਨ ਨੂੰ ਹੋਰਮੁਜ਼ ਜਲਮਾਰਗ ਰਾਹੀਂ ਆਵਾਜਾਈ ਦੀ ਆਜ਼ਾਦੀ ਅਤੇ ਸੁਰੱਖਿਅਤ ਰਸਤਾ ਯਕੀਨੀ ਬਣਾਉਣ ਲਈ ਕਿਹਾ ਹੈ। ਚੀਨ ਵੱਲੋਂ ਇਹ ਪਹਿਲੀ ਅਜਿਹੀ ਅਪੀਲ ਹੈ, ਕਿਉਂਕਿ ਅਮਰੀਕਾ ਨਾਲ ਜੰਗ ਦੇ ਵਿਚਕਾਰ ਇਰਾਨ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ।
ਉੱਧਰ ਮੱਧ ਪੂਰਬ ਦੇ ਵਧਦੇ ਤਣਾਅ ਦਰਮਿਆਨ ਇਰਾਨ ਨੇ ਅਮਰੀਕਾ ਵੱਲੋਂ ਕੀਤੀ ਗਈ ਜਲ-ਸੈਨਾ ਦੀ ਘੇਰਾਬੰਦੀ ਦੇ ਜਵਾਬ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਰਾਨ ਦੀ ਸਾਂਝੀ ਫੌਜੀ ਕਮਾਨ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਖ਼ਤਮ ਨਾ ਕੀਤੀ, ਤਾਂ ਉਹ ਖਾੜੀ ਖੇਤਰ ਵਿੱਚ ਹੋਣ ਵਾਲੇ ਸਮੁੱਚੇ ਸਮੁੰਦਰੀ ਵਪਾਰ ਨੂੰ ਠੱਪ ਕਰ ਦੇਣਗੇ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਇੰਟਰਵਿਊ ਦੌਰਾਨ ਆਸ਼ਾਵਾਦੀ ਸੁਰ ਵਿੱਚ ਕਿਹਾ ਹੈ ਕਿ ਇਰਾਨ ਨਾਲ ਚੱਲ ਰਹੀ ਜੰਗ ‘ਖ਼ਤਮ ਹੋਣ ਦੇ ਬਿਲਕੁਲ ਕਰੀਬ’ ਹੈ।
ਅਮਰੀਕਾ ਦੇ ਖ਼ਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਇਰਾਨ ‘ਤੇ ਆਰਥਿਕ ਸ਼ਿਕੰਜਾ ਹੋਰ ਕੱਸਣ ਦੇ ਸੰਕੇਤ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਵਿੱਤੀ ਸੰਸਥਾਵਾਂ ‘ਤੇ ਸੈਕੰਡਰੀ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜੋ ਇਰਾਨ ਨਾਲ ਕਾਰੋਬਾਰ ਕਰ ਰਹੀਆਂ ਹਨ। ਬੇਸੈਂਟ ਨੇ ਇਸ ਕਦਮ ਨੂੰ ‘ਵਿੱਤੀ ਖੇਤਰ ਵਿੱਚ ਬੰਬਾਰੀ’ ਦੇ ਬਰਾਬਰ ਕਰਾਰ ਦਿੱਤਾ ਹੈ।

