ਪੰਜਾਬ ਤੋਂ ਬਲਬੀਰ ਸਿੰਘ ਰਾਜੇਵਾਲ ਤੇ ਡਾ. ਸਵੈਮਾਨ ਸਿੰਘ ਤੇ ਕਈ ਹੋਰਨਾਂ ਨੇ ਕੀਤੀ ਸ਼ਮੂਲੀਅਤ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਫ਼ਰਵਰੀ ਨੂੰ ਅਮਰੀਕਾ ਤੇ ਕੈਨੇਡਾ ਦੇ ਸੰਯੁਕਤ ਸਮਾਜ ਮੋਰਚਾ ਹਮਾਇਤੀ ਗਰੁੱਪ ਵਲੋਂ ਇਕ ਵਿਸ਼ਾਲ ਜ਼ੂਮ-ਸਮਾਗ਼ਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਇਨ੍ਹਾਂ ਦੋਹਾਂ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਪੰਜਾਬ ਤੋਂ ਬਹੁਤ ਸਾਰੇ ਵਿਅਕਤੀਆਂ ਵੱਲੋਂ ਭਾਗ ਲਿਆ ਗਿਆ। ਇਸ ਸਮਾਗ਼ਮ ਵਿਚ ਸੰਯੁਕਤ ਸਮਾਜ ਮੋਰਚੇ ਦੇ ਪ੍ਰਮੁੱਖ ਲੀਡਰ ਬਲਬੀਰ ਸਿੰਘ ਰਾਜੇਵਾਲ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਸਾਲ ਤੋਂ ਵਧੇਰੇ ਚੱਲੇ ਕਿਸਾਨ ਮੋਰਚੇ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਡਾ. ਸਵੈਮਾਨ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਪ੍ਰੋਗਰਾਮ ਦੇ ਆਰੰਭ ਵਿਚ ਇਸ ਹਮਾਇਤੀ ਗਰੁੱਪ ਦੇ ਪੰਜ ਕਨਵੀਨਰਾਂ ਵਿੱਚ ਸ਼ਾਮਲ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਵਿਚ ਸ਼ਾਮਲ ਹੋਏ ਸਮੂਹ ਮੈਂਬਰਾਂ ਤੇ ਵਿਅਕਤੀਆਂ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ। ਉਪਰੰਤ, ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲੜ ਰਹੇ ਸੰਯੁਕਤ ਸਮਾਜ ਮੋਰਚੇ ਦੇ ਹਮਾਇਤੀ ਗਰੁੱਪ ਦੀ ਬਣਤਰ ਅਤੇ ਇਸ ਸਮਾਗ਼ਮ ਦੀ ਰੁਪ-ਰੇਖਾ ਦੱਸਣ ਤੋਂ ਬਾਅਦ ਬੁਲਾਰਿਆਂ ਨੂੰ ਚੋਣਾਂ ਵਿਚ ਖੜ੍ਹੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਕੀਤਾ ਗਿਆ। ਅਜੇ ਦੋ-ਤਿੰਨ ਬੁਲਾਰਿਆਂ ਨੇ ਹੀ ਆਪਣੇ ਵਿਚਾਰ ਰੱਖੇ ਸਨ ਕਿ ਏਨੇ ਚਿਰ ਨੂੰ ਪੰਜਾਬ ਤੋਂ ਸੰਯੁਕਤ ਸਮਾਜ ਮੋਰਚੇ ਦੇ ਪ੍ਰਮੁੱਖ ਨੇਤਾ ਬਲਬੀਰ ਸਿੰਘ ਰਾਜੇਵਾਲ ਤੇ ਡਾ. ਸਵੈਮਾਨ ਸਿੰਘ ਵੀ ਇਸ ਸਮਾਗ਼ਮ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ।
ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸੰਬੋਧਨ ਵਿਚ ਕਿਸਾਨ ਮੋਰਚੇ ਵਿਚ ਐੱਨ.ਆਰ.ਆਈਜ਼. ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਚੋਣ ਵਿਚ ਸੰਯੁਕਤ ਸਮਾਜ ਮੋਰਚੇ ਨੂੰ ਵੀ ਓਸੇ ਤਰ੍ਹਾਂ ਹੀ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਮੋਰਚੇ ਵੱਲੋਂ ਚੋਣਾਂ ਵਿਚ ਹਿੱਸਾ ਲੈਣ ਦਾ ਫ਼ੈਸਲਾ ਕਾਫੀ ਲੇਟ ਹੋਣ ਕਾਰਨ ਇਸ ਦੀ ਚੋਣ-ਕਮਿਸ਼ਨ ਵੱਲੋਂ ਰਜਿਸਟ੍ਰੇਸ਼ਨ ਕਰਵਾਉਣ ਅਤੇ ਸਾਂਝਾ ਚੋਣ-ਨਿਸ਼ਾਨ ਪ੍ਰਾਪਤ ਕਰਨ ਵਿਚ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੋਣ-ਕਮਿਸ਼ਨ ਵੱਲੋਂ ਮੋਰਚੇ ਨੂੰ ਚੋਣ-ਨਿਸ਼ਾਨ ਅਲਾਟ ਕਰਨ ਵਿਚ ਹੋਈ ਦੇਰੀ ਕਾਰਨ ਸਾਡੇ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਹੁਣ ‘ਮੰਜੇ’ ਦੇ ਸਾਂਝੇ ਚੋਣ-ਨਿਸ਼ਾਨ ਤੋਂ ਇਲਾਵਾ ਕਈ ਹੋਰਨਾਂ ਵੱਲੋਂ ਘੜਾ, ਕੈਂਚੀ, ਹਲ਼ ਆਦਿ ਚੋਣ-ਨਿਸ਼ਾਨਾਂ ਉੱਪਰ ਵੀ ਇਹ ਚੋਣ ਲੜੀ ਜਾ ਰਹੀ ਹੈ ਅਤੇ ਉਹ ਬੜੇ ਉਤਸ਼ਾਹ ਤੇ ਦਲੇਰੀ ਨਾਲ ਆਪੋ ਆਪਣੇ ਹਲਕਿਆਂ ਵਿਚ ਆਪਣਾ ਚੋਣ-ਪ੍ਰਚਾਰ ਕਰ ਰਹੇ ਹਨ।
ਸਮਾਗ਼ਮ ਨੂੰ ਸੰਬੋਧਨ ਕਰਦਿਆਂ ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ।
ਉਨ੍ਹਾਂ ਵੱਲੋਂ ਇਸ ਚੋਣ ਵਿਚ ਬੇਤਹਾਸ਼ਾ ਖ਼ਰਚਾ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਕੋਲ ਇਸ ਦੇ ਲਈ ਬਥੇਰੇ ‘ਹੀਲੇ-ਵਸੀਲੇ’ ਹਨ, ਜਦਕਿ ਸੰਯੁਕਤ ਸਮਾਜ ਮੋਰਚਾ ਘੱਟ ਤੋਂ ਘੱਟ ਖ਼ਰਚ ਕਰਕੇ ਇਸ ਵਿਚ ਰਵਾਇਤੀ ਵਿਰੋਧੀਆਂ ਦੇ ਵਿਰੋਧ ਵਿਚ ਲੋਕ-ਲਹਿਰ ਖੜ੍ਹੀ ਕਰਕੇ ਵੋਟਰਾਂ ਵਿਚ ਨਵੀਂ ਚੇਤਨਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਐੱਨ.ਆਰ.ਆਈਜ਼. ਨੂੰ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਟੈਲੀਫ਼ੋਨ ਕਰਕੇ ਸੰਯੁਕਤ ਸਮਾਜ ਮੋਰਚੇ ਨੂੰ ਸਫ਼ਲ ਬਨਾਉਣ ਦੀ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ ਤਰਨਤਾਰਨ ਦੇ ਏਰੀਏ ਵਿਚ ਝਬਾਲ ਤੋਂ ਤਰਨਤਾਰਨ ਤੱਕ ਵੱਖ-ਵੱਖ ਪਿੰਡਾਂ ਵਿਚ ਕੱਢੇ ਗਏ ‘ਟਰੈੱਕਟਰ-ਮਾਰਚ’ ਵਿਚ ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੇ ਟਰੈੱਕਰਾਂ ਦੇ ਨਾਲ ਬੜੇ ਉਤਸ਼ਾਹ ਨਾਲ ਭਾਗ ਲਿਆ। ਲੋਕਾਂ ਵਿਚ ਸੰਯੁਕਤ ਸਮਾਜ ਮੋਰਚੇ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਹ ਆਪ ਵੀ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਵੱਲੋਂ ਰੱਖੇ ਗਏ ਇਕ ਦਿਨ ਵਿਚ ਚਾਰ-ਪੰਜ ਸਮਾਗ਼ਮਾਂ ਵਿਚ ਹਿੱਸਾ ਲੈ ਰਹੇ ਹਨ।
ਸਮਾਗ਼ਮ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਆਏ ਸੁਝਾਆਂ ਵਿਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਨਾ, ਬਲਬੀਰ ਸਿੰਘ ਰਾਜੇਵਾਲ ਵੱਲੋਂ ਹੋਰ ਸਿਆਸੀ ਪਾਰਟੀਆਂ ਦੇ ਮੁੱਖ-ਮੰਤਰੀਆਂ ਦੇ ਚਿਹਰਿਆਂ ਦੇ ਨਾਲ ਸਾਂਝੀ ਡਿਬੇਟ ਕਰਨਾ, ਸੰਯੁਕਤ ਸਮਾਜ ਮੋਰਚੇ ਦੇ ਮੁੱਖ-ਪ੍ਰਚਾਰਕਾਂ ਵੱਲੋਂ ਚੰਡੀਗੜ੍ਹ ਪ੍ਰੈੱਸ-ਕਲੱਬ ਵਿਚ ਪ੍ਰੈੱਸ ਕਾਨਫ਼ਰੰਸਾਂ ਰਾਹੀਂ ਪੱਤਰਕਾਰਾਂ ਦੇ ਸਨਮੁੱਖ ਹੋਣਾ ਅਤੇ ਪੰਜਾਬ ਵਿਚ ਆਪਣੇ ਸੰਪਰਕਾਂ ਰਾਹੀਂ ਇਸ ਚੋਣ ਵਿਚ ਸੰਯੁਕਤ ਸਮਾਜ ਮੋਰਚੇ ਨੂੰ ਸਫ਼ਲ ਬਨਾਉਣ ਲਈ ਸਿਰਤੋੜ ਯਤਨ ਕਰਨਾ, ਆਦਿ ਮੁੱਖ ਤੌਰ ‘ਤੇ ਸ਼ਾਮਲ ਸਨ।
ਬੁਲਾਰਿਆਂ ਵਿਚ ਅਮਰੀਕਾ ਤੇ ਕੈਨੇਡਾ ਤੋਂ ਡਾ. ਇੰਦਰਜੀਤ ਸਿੰਘ ਮਾਨ, ਅਮੋਲਕ ਸਿੰਘ, ਸੰਗਰਾਮ ਸਿੰਘ, ਸੁਖਦੇਵ ਸਿੰਘ ਝੰਡ, ਸੁਰਿੰਦਰ ਕੌਰ ਖਹਿਰਾ ਸਮਰਾ, ਵਰਿੰਦਰ ਸਿੰਘ ਗੋਲਡੀ, ਜਗਮੋਹਨ ਸਿੰਘ, ਹਰਜੀਤ ਗਿੱਲ, ਅਵੀ ਗਰੇਵਾਲ, ਨਛੱਤਰ ਸਿੰਘ ਬਦੇਸ਼ਾ, ਸੁਖਜੀਤ ਸਿੰਘ ਹੀਰ਼, ਕਿਰਤ ਕੋਹਾੜ, ਜਸਵਿੰਦਰ ਸਿੰਘ ਦਿਓਲ, ਪਰਗਟ ਸਿੰਘ ਮੱਟੂ, ਮਨਦੀਪ ਸਿੰਘ, ਅਵਤਾਰ ਸਿੰਘ ਬਰਾੜ, ਬਲਜਿੰਦਰ ਬਿਲਿੰਗ, ਧਰਮ ਸਿੰਘ ਗੁਰਾਇਆ, ਸੁਖਵਿੰਦਰ ਸਿੰਘ ਕੌੜਾ, ਪ੍ਰੋ. ਪਰਮਜੀਤ ਕੌਰ ਮਾਹਲ, ਹਰਜਿੰਦਰ ਦੂਹੜੇ ਤੇ ਹਰਿੰਦਰ ਸਿੰਘ ਸੋਮਲ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਪ੍ਰੋ. ਜੈਪਾਲ ਸਿੰਘ, ਡਾ. ਕੰਵਲਜੀਤ ਕੌਰ, ਸਤਨਾਮ ਸਿੰਘ ਚਾਨਾ ਤੇ ਕਈ ਹੋਰ ਸ਼ਾਮਲ ਸਨ।