ਮੋਗਾ : ਵਰਲਡ ਕੈਂਸਰ ਕੇਅਰ ਸੁਸਾਇਟੀ ਵਿਸ਼ਵ ਪੱਧਰ ‘ਤੇ ਕੈਂਸਰ ਜਾਗਰੂਕਤਾ ਮੁਹਿੰਮ ਦੇ ਤੌਰ ‘ਤੇ ਜਾਣੀ ਜਾਂਦੀ ਹੈ। ਡਾ. ਕੁਲਵੰਤ ਸਿੰਘ ਧਾਲੀਵਾਲ ਜੋ ਕਿ ਵਰਲਡ ਕੈਂਸਰ ਕੇਅਰ ਦੇ ਗਲੋਬਲ ਅਬੈਂਸਡਰ ਹਨ, ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਕੈਂਸਰ ਕੇਅਰ ਲਈ ਕੰਮ ਕਰਦੇ ਹਨ।
ਵੱਖ-ਵੱਖ ਥਾਵਾਂ ਉੱਪਰ ਫਰੀ ਚੈੱਕਅਪ ਕੈਂਪ, ਆਮ ਰੋਗਾਂ ਦੀਆਂ ਦਵਾਈਆਂ, ਲੋੜਵੰਦਾਂ ਲਈ ਵੀਲ੍ਹ ਚੇਅਰ ਵੰਡਣੀਆਂ ਉਹਨਾਂ ਦੇ ਕੈਂਪਾਂ ਦਾ ਹਿੱਸਾ ਹੁੰਦੀਆਂ ਹਨ।
ਡਾ. ਧਾਲੀਵਾਲ ਵੱਲੋਂ ਡਾ. ਜਗਜੀਤ ਸਿੰਘ ਧੂਰੀ ਨੂੰ ਵਰਲਡ ਕੈਂਸਰ ਕੇਅਰ ਦੇ ਪੰਜਾਬ ਡਾਇਰੈਕਟਰ ਅਤੇ ਮੋਗਾ ਤੋਂ ਦਵਿੰਦਰਪਾਲ ਸਿੰਘ ਨੂੰ ਬਤੌਰ ਡਾਇਰੈਕਟਰ (ਮਾਲਵਾ) ਵਰਲਡ ਕੈਂਸਰ ਕੇਅਰ ਨਿਯੁਕਤ ਕੀਤਾ ਗਿਆ।
ਡਾ. ਧੂਰੀ ਜੋ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਅਤੇ ਕਾਲਜਾਂ ਦੀ ਐਸੋਸੀਏਸ਼ਨ ਜੈਕ ਦੇ ਪ੍ਰਧਾਨ ਹਨ, ਵੱਲੋਂ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਵਰਲਡ ਕੈਂਸਰ ਕੇਅਰ ਵੱਲ ਹੱਥ ਵਧਾਇਆ ਗਿਆ ਹੈ ਅਤੇ ਹੁਣ ਉਹ ਵਰਲਡ ਕੈਂਸਰ ਕੇਅਰ ਦੀ ਸਹਾਇਤਾ ਨਾਲ ਪੂਰੇ ਪੰਜਾਬ ਭਰ ਵਿੱਚ ਕੈਂਪ ਲਗਾਉਣਗੇ ਤੇ ਕੈਂਸਰ ਅਵੇਅਰਨੈਸ ਲਈ ਸਕੂਲਾਂ ਅਤੇ ਕਾਲਜਾਂ ‘ਚ ਸੈਮੀਨਾਰ ਲਗਾਉਣਗੇ। ਡਾ. ਧੂਰੀ ਨੇ ਕਿਹਾ ਕਿ ਉਹ ਫੈਡਰੇਸ਼ਨ ਰਾਹੀਂ ਸਕੂਲਾਂ ਅਤੇ ਕਾਲਜਾਂ ਦੀਆਂ ਮੈਨੇਜਮੈਂਟਸ ਨੂੰ ਬੇਨਤੀ ਕਰਨਗੇ ਕਿ ਉਹ ਵਿਦਿਆਰਥੀਆਂ ਨੂੰ ਹੈਲਥ ਅਵੇਅਰਨੈਸ ਮੁਹਿੰਮ ਨਾਲ ਜੋੜਨ। ਡਾ. ਧੂਰੀ ਨੇ ਕਿਹਾ ਕਿ ਉਹਨਾਂ ਦੀ ਆਰਗੇਨਾਈਜੇਸ਼ਨ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਵੇਗੀ। ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਮੁਹਿੰਮ ਦਾ ਹਿੱਸਾ ਹਨ ਅਤੇ ਕੈਂਸਰ ਦੇ ਚੈੱਕਅੱਪ ਕੈਂਪ ਤੇ ਅਵੇਰਨੈੱਸ ਕੈਂਪ ਲਗਵਾਉਂਦੇ ਰਹੇ ਹਨ, ਅੱਗੋ ਵੀ ਵੱਧ ਚੜ੍ਹ ਕੇ ਕੰਮ ਕਰਦੇ ਰਹਿਣਗੇ।
ਡਾ. ਕੁਲਵੰਤ ਧਾਲੀਵਾਲ ਨੇ ਇਸ ਉੱਦਮ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਧੂਰੀ ਅਤੇ ਦਵਿੰਦਰਪਾਲ ਸਿੰਘ ਨੂੰ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਇਹ ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਇਸ ਨਿਯੁਕਤੀ ਮੌਕੇ ਸੰਜੀਵ ਸੈਣੀ, ਸੰਜੈ ਗੁਪਤਾ ਤੇ ਮਨਮੋਹਨ ਸਿੰਘ ਵੀ ਮੌਜੂਦ ਸਨ। ਨਵਨੀਤ ਸੇਖਾ, ਡਾਕਟਰ ਨਵਦੀਪ ਸੇਖਾ, ਬਲਜਿੰਦਰ ਸੇਖਾ ਕੈਨੇਡਾ ਨੇ ਉਹਨਾਂ ਨੂੰ ਵਧਾਈ ਭੇਜੀ ਹੈ।