Breaking News
Home / ਪੰਜਾਬ / ਕੇਜਰੀਵਾਲ ਵੱਲੋਂ ਨੌਜਵਾਨਾਂ ਨਾਲ ਵੱਡੇ ਵਾਅਦੇ

ਕੇਜਰੀਵਾਲ ਵੱਲੋਂ ਨੌਜਵਾਨਾਂ ਨਾਲ ਵੱਡੇ ਵਾਅਦੇ

1404402__smiasma copy copy51 ਨੁਕਾਤੀ ਯੂਥ ਮੈਨੀਫੈਸਟੋ ਜਾਰੀ; 25 ਲੱਖ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਵਾਅਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਪਾਰਟੀ ਵੱਲ ਖਿੱਚਣ ਲਈ 51 ਨੁਕਾਤੀ ਯੂਥ ਮੈਨੀਫੈਸਟੋ ਰਲੀਜ਼ ਕਰਦਿਆਂ ਐਲਾਨ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਬੇਰੁਜ਼ਗਾਰਾਂ ਲਈ ਪੰਜਾਂ ਸਾਲਾਂ ਦੌਰਾਨ 25 ਲੱਖ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਥੇ ਰਣਜੀਤ ਐਵੀਨਿਊ ਵਿਚ ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਨਾਲ ਸੰਬੋਧਨ ਕਰਦਿਆਂ ਦਿੱਲੀ ਦੇ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਮਨੋਰਥ ਪੱਤਰ ਨੂੰ ਨੌਜਵਾਨਾਂ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਇਕਰਾਰਨਾਮਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਨਾਲ ਅੱਜ ਨਵੇਂ ਪੰਜਾਬ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ, ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਵਾਈ ਫਾਈ ਦੀ ਸਹੂਲਤ ਦਿੱਤੀ ਜਾਵੇਗੀ। ਸਿਆਸੀ ਲੀਡਰਾਂ ਅਤੇ ਮਾਫੀਆ ਦੇ ਕਬਜ਼ੇ ਹੇਠਲੇ ਮੌਜੂਦਾ ਠੇਕਾ ਸਿਸਟਮ ਨੂੰ ਖ਼ਤਮ ਕਰ ਕੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਠੇਕੇ ਦਿੱਤੇ ਜਾਣਗੇ, ਪੜ੍ਹਾਈ ਅਤੇ ਰੁਜ਼ਗਾਰ ਵਾਸਤੇ ਬਾਹਰ ਜਾਣ ਵਾਲੇ ਇੱਛੁਕ ਨੌਜਵਾਨਾਂ ਲਈ ਵਿਦੇਸ਼ੀ ਰੁਜ਼ਗਾਰ ਨੌਜਵਾਨ ਬੋਰਡ ਦਾ ਗਠਨ ਕੀਤਾ ਜਾਵੇਗਾ,
ਉਚੇਰੀ ਸਿਖਿਆ ਗਾਰੰਟੀ ਸਕੀਮ ਤਹਿਤ ਨੌਜਵਾਨਾਂ ਨੂੰ ਦਸ ਲੱਖ ਤੱਕ ਦਾ ਬਿਨਾਂ ਸ਼ਰਤ ਕਰਜ਼ ਮੁਹੱਈਆ ਕਰਾਇਆ ਜਾਵੇਗਾ, ਸਰਕਾਰੀ ਨੌਕਰੀਆਂ ਵਾਸਤੇ ਅਤੇ ਅਰਜ਼ੀ ਫੀਸ ਖ਼ਤਮ ਕਰਨਾ ਅਤੇ ਹਰ ਜ਼ਿਲ੍ਹਾ ਪੱਧਰ ‘ਤੇ ਪ੍ਰੀਖਿਆ ਕੇਂਦਰ ਬਣਾਉਣਾ ਪ੍ਰਮੁੱਖ ਕੰਮ ਹੋਵੇਗਾ।
ਯੂਥ ਮੈਨੀਫੈਸਟੋ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਸ਼ਿਆਂ ਵਿਚ ਗ੍ਰਸਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਮੁੜ ਵਸੇਬੇ ਲਈ ਯਤਨ ਕੀਤੇ ਜਾਣਗੇ, ਸੂਬੇ ਵਿਚ ਖੇਡਾਂ ਨੂੰ ਲੋਕ ਲਹਿਰ ਬਣਾਉਣਾ ਅਤੇ ਪੰਜਾਬ ਓਲੰਪਿਕ ਮਿਸ਼ਨ ਕਾਇਮ ਕਰਕੇ ਓਲੰਪਿਕ ਖੇਡਾਂ ਵਿਚ ਤਗਮਾ ਜੇਤੂ ਖਿਡਾਰੀ ਤਿਆਰ ਕਰਨੇ ਵੀ ਪ੍ਰਮੁੱਖ ਕਾਰਜ ਹੋਣਗੇ।
ਬੇਰੁਜ਼ਗਾਰ ਨੌਜਵਾਨਾਂ ਲਈ 10 ਮੁੱਖ ਸ਼ਹਿਰਾਂ ਵਿਚ ਦਸ ਨਵੇਂ ਕਾਰੋਬਾਰ ਸੈਂਟਰ ਸਥਾਪਤ ਕਰਨ ਦੇ ਪ੍ਰੋਜੈਕਟ ਤਿਆਰ ਕੀਤੇ ਜਾਣਗੇ, ਜਿਨ੍ਹਾਂ ਵਿਚ ਨੌਜਵਾਨ ਤਕਨਾਲੋਜੀ, ਬੁਨਿਆਦੀ ਢਾਂਚਾ, ਵਿੱਤੀ ਸਹਿਯੋਗ, ਉਦਯੋਗ ਦੇ ਮਾਹਿਰਾਂ ਅਤੇ ਮਾਰਕੀਟ ਸਹੂਲਤਾਂ ਦਾ ਸਹਾਰਾ ਲੈ ਸਕਣਗੇ। ਇਹ ਸੈਂਟਰ ਅੰਮ੍ਰਿਤਸਰ, ਮੁਹਾਲੀ, ਬਟਾਲਾ, ਪਠਾਨਕੋਟ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਸ਼ਹਿਰਾਂ ਵਿੱਚ ਬਣਾਉਣ ਦੀ ਗੱਲ ਕਹੀ ਗਈ ਹੈ।
ਲੜਕੀਆਂ ਨੂੰ ਪੁਲਿਸ ਤੇ ਨੀਮ ਫ਼ੌਜੀ ਦਸਤਿਆਂ ਵਿਚ ਭਰਤੀ ਵਾਸਤੇ ਤਿਆਰੀ ਕਰਾਉਣ ਲਈ ਮਾਤਾ ਗੁਜਰੀ ਟਰੇਨਿੰਗ ਅਕਾਦਮੀ ਖੋਲ੍ਹੀ ਜਾਵੇਗੀ। ਦੁਆਬੇ ਵਿਚ ਕਾਂਸ਼ੀ ਰਾਮ ਯੂਥ ਸਕਿੱਲ ਯੂਨੀਵਰਸਿਟੀ ਸਥਾਪਤ ਕਰ ਕੇ ਮਾਲਵੇ ਅਤੇ ਮਾਝੇ ਵਿਚ ਇਸ ਦੇ ਦੋ ਖੇਤਰੀ ਕੈਂਪਸ ਬਣਨਗੇ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਨੌਜਵਾਨਾਂ ਖਿਲਾਫ ਦਰਜ ਝੂਠੇ ਕੇਸ ਅਤੇ ਫਰਜ਼ੀ ਐਨਡੀਪੀਐਸ ਮੁਕੱਦਮੇ ਵਾਪਸ ਲਏ ਜਾਣਗੇ।
ਉਨ੍ਹਾਂ ਇਹ ਵਾਅਦਾ ਵੀ ਕੀਤਾ ਗਿਆ ਕਿ ਸਰਕਾਰ ਸਵੈ ਉਦਯੋਗ ਅਤੇ ਹੁਨਰ ਕੇਂਦਰ ਸਥਾਪਤ ਕਰੇਗੀ, ਜਿਸ ਵਿਚ ਖੇਤੀਬਾੜੀ ਅਤੇ ਸਬੰਧਤ ਉਦਯੋਗਾਂ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਪੰਜਾਬ ઠਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਨਾਲ ਕਿਹਾ ਗਿਆ ਹੈ ਕਿ ਸਰਕਾਰ ਬਣਨ ਤੋਂ ਇਕ ਮਹੀਨੇ ਦੇ ਅੰਦਰ ਨਸ਼ਾ ਸਪਲਾਈ ਚੇਨ ਨੂੰ ਖਤਮ ਕੀਤਾ ਜਾਵੇਗਾ।
ਨਸ਼ਿਆਂ ਦੀ ਵਿਕਰੀ ਅਤੇ ਸਪਲਾਈ ਦਾ ਖਾਤਮਾ ਕਰਨ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ‘ਤੇ ਪੰਜਾਬ ਪੁਲਿਸ ਦੀ ਇਕ ਵਿਸ਼ੇਸ਼ ਡਰੱਗ ਟਾਸਕ ਫੋਰਸ ਬਣਾਈ ਜਾਵੇਗੀ। ਨਸ਼ੇ ਦੇ ਵਪਾਰ ਵਿਚ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਦੀ ਸ਼ਮੂਲੀਅਤ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਨਸ਼ਾ ਤਸਕਰੀ ਦਾ ਗੁਨਾਹ ਸਾਬਤ ਹੋਣ ‘ਤੇ ਮੌਤ ਤੱਕ ਉਮਰ ਕੈਦ ਦੇਣ ਲਈ ਕਾਨੂੰਨ ਬਣਾਇਆ ਜਾਵੇਗਾ। ਸਾਲਾਨਾ 150 ਵਿਦਿਆਰਥੀਆਂ ਨੂੰ ਗਰੈਜੂਏਟ ਅਤੇ ਮਾਸਟਰ ਡਿਗਰੀਆਂ ਦੀ ਪੜ੍ਹਾਈ ਕਰਾਉਣ ਲਈ ਸਕੂਲ ਆਫ ਅਡਿਕਸ਼ਨ ਸਟੱਡੀਜ਼ ਖੋਲ੍ਹਿਆ ਜਾਵੇਗਾ।
ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸੇਵਾ ਮਿਲੇਗੀ ਅਤੇ ਵਿਦਿਆਰਥਣਾਂ ਵਾਸਤੇ ਖ਼ਾਸ ਬੱਸਾਂ ਚਲਾਈਆਂ ਜਾਣਗੀਆਂ, ਨੌਵੀਂ ਕਲਾਸ ਤੋਂ ਮੁਫ਼ਤ ਲੈਪਟਾਪ ਦਿੱਤੇ ਜਾਣਗੇ, ਅਧਿਆਪਕਾਂ ਦੀਆਂ ਖਾਲੀ ਪਈਆਂ 29000 ਆਸਾਮੀਆਂ ਤੁਰੰਤ ਭਰੀਆਂ ਜਾਣਗੀਆਂ। ਨੌਵੀਂ ਤੋਂ ਹੁਨਰ ਵਿਕਾਸ ਅਤੇ ਕਰੀਅਰ ਕੌਂਸਲਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ, 85 ਫੀਸਦੀ ਤੋਂ ਵਧ ਨੰਬਰ ਲੈਣ ਵਾਲੀਆਂ ਲੜਕੀਆਂ ਨੂੰ ਦਸਵੀਂ ਪਾਸ ਕਰਨ ਉਪਰੰਤ ਉਚ ਸਿਖਿਆ ਵਜ਼ੀਫੇ ਦੀ ਸਹੂਲਤ ਪੋਸਟ ਗਰੈਜੂਏਟ ਪੱਧਰ ਤੱਕ ਦਿੱਤੀ ਜਾਵੇਗੀ।
ਅਧਿਆਪਕਾਂ ਤੋਂ ਕੋਈ ਗੈਰ-ਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ। ਅੰਤਰਰਾਸ਼ਟਰੀ ਖੇਡ ਸਹੂਲਤਾਂ ਵਾਲੀ ਯੂਨੀਵਰਸਿਟੀ ਦੀ ਸਥਾਪਤ ਕੀਤੀ ਜਾਵੇਗੀ। ਤਿੰਨ ਸਪੋਰਟਸ ਕਾਲਜ ਬਣਾਏ ਜਾਣਗੇ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੋਈ ਵੀ ਪ੍ਰਾਈਵੇਟ ਸਕੂਲ ਆਪਣੀਆਂ ਮਰਜ਼ੀ ਨਾਲ ਫੀਸ ਨਹੀਂ ਵਧਾਵੇਗਾ ਅਤੇ ਪ੍ਰਾਈਵੇਟ ਸਕੂਲਾਂ ਦੀ ਆਡਿਟ ਯਕੀਨੀ ਬਣਾਈ ਜਾਵੇਗੀ। ਹਰ ਪਿੰਡ ਵਿਚ ਇਕ ਕਲੀਨਿਕ ਬਣੇਗਾ, ਜਿਸ ਵਿਚ ਦਵਾਈਆਂ ਤੇ ਟੈਸਟ ਮੁਫ਼ਤ ਹੋਣਗੇ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਵਿਚ 117 ਵਿਚੋਂ 100 ਸੀਟਾਂ ਲੈ ਕੇ ਸਰਕਾਰ ਬਣਾਵੇਗੀ।

ਕੇਜਰੀਵਾਲ ‘ਤੇ ਸੁੱਟੇ ਗਏ ‘ਸਿੱਖਾਂ ਦਾ ਦੋਸ਼ੀ’ ਹੋਣ ਬਾਰੇ ਪੋਸਟਰ
ਅਰਵਿੰਦ ਕੇਜਰੀਵਾਲ ਨੇ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਜਦੋਂ ਉਹ ਬਾਹਰ ਆਏ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ‘ਮਿਸਟਰ ਕੇਜਰੀਵਾਲ ਤੂੰ ਸਿੱਖਾਂ ਦਾ ਦੋਸ਼ੀ ਏਂ’ ਵਾਲੇ ਪੋਸਟਰ ਉਨ੍ਹਾਂ ਵੱਲ ਸੁੱਟੇ। ‘ਆਪ’ ਦੇ ਵਰਕਰਾਂ ਦੀ ਉਨ੍ਹਾਂ ਨਾਲ ਤੂੰਂ ਤੂੰਂ ਮੈਂ ਮੈਂ ਵੀ ਹੋਈ ਪਰ ਕੇਜਰੀਵਾਲ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਸਾਰੀਆਂ ਥਾਵਾਂ ਉਤੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ‘ਪੰਜਾਬ ਤੇ ਪੰਜਾਬੀਆਂ ਦਾ ਦੋਸ਼ੀ’ ਦੱਸਦੇ ਪੋਸਟਰ ਲਾਏ, ਜਿਥੇ-ਜਿਥੇ ਵੀ ‘ਆਪ’ ਨੇ ਕੇਜਰੀਵਾਲ ਦੇ ਹੋਰਡਿੰਗ ਤੇ ਪੋਸਟਰ ਲਾਏ ਹੋਏ ਸਨ। ਇਨ੍ਹਾਂ ਪੋਸਟਰਾਂ ਵਿਚ ਕੇਜਰੀਵਾਲ ਨੂੰ ਪੰਜਾਬ ਤੇ ਪੰਜਾਬੀਆਂ ਦਾ ਦੋਸ਼ੀ ਦੱਸਦਿਆਂ ઠਕਿਹਾ ਗਿਆ ਹੈ ਕਿ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਾਂਦਨੀ ਚੌਕ ਸਥਿਤ ਪਿਆਓ ਅਤੇ ਭਾਈ ਮਤੀ ਦਾਸ ਚੌਕ ਵਿਖੇ ਬਣੀ ਉਨ੍ਹਾਂ ਦੀ ਸਮਾਰਕ ਨੂੰ ਤੋੜ ਦਿੱਤਾ। ਦਿੱਲੀ ਦੇ ਸਕੂਲਾਂ ਵਿਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਆਸਾਮੀਆਂ ਨਹੀਂ ਭਰੀਆਂ ਗਈਆਂ। ਇਕ ਹੋਰ ਪੋਸਟਰ ਵਿਚ ਕੇਜਰੀਵਾਲ ਨੂੰ ‘ਝੂਠ ਦੀ ਪੰਡ’ ਦੱਸਿਆ ਗਿਆ। ਕਿਹਾ ਗਿਆ ਕਿ ਦਿੱਲੀ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਫੁਟਪਾਥਾਂ ‘ਤੇ ਬੱਚੇ ਸ਼ਰੇਆਮ ਡਰਗ ਲੈ ਰਹੇ ਹਨ। ਇਸ ਮੌਕੇ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ, ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਹਰਜੋਤ ਸਿੰਘ ਬੈਂਸ, ਸੁੱਚਾ ਸਿੰਘ ਛੋਟੇਪੁਰ, ਯਾਮਨੀ ਗੋਮਰ ਨੇ ਵੀ ਸੰਬੋਧਨ ਕੀਤਾ ਅਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਸਿਆਸਤ ਤੋਂ ਲਾਂਭੇ ਕਰਨ ਲਈ ‘ਆਪ’ ਨੂੰ ઠਲਿਆ ਕੇ ਨਵੀਂ ਕ੍ਰਾਂਤੀ ਪੈਦਾ ਕਰਨ। ਪਾਰਟੀ ਆਗੂ ਕੰਵਰ ਸੰਧੂ ਨੇ ਚੋਣ ਮਨੋਰਥ ਪੱਤਰ ઠਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਚੋਣ ਮਨੋਰਥ ਪੱਤਰ ਆਧੁਨਿਕ, ਭ੍ਰਿਸ਼ਟਾਚਾਰ ਮੁਕਤ ਅਤੇ ਖੁਸ਼ਹਾਲ ਪੰਜਾਬ ਲਈ ਨੌਜਵਾਨਾਂ ਵਲੋਂ ਤਿਆਰ ਕੀਤਾ ਗਿਆ ਹੈ।
ਨਸ਼ਿਆਂ ਸਬੰਧੀ ਮਜੀਠੀਆ ਦੀ ਹੋਵੇਗੀ ਜਾਂਚ
ਕੇਜਰੀਵਾਲ ਨੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਬਣਨ ‘ਤੇ ਜਾਂਚ ਕਰਾਈ ਜਾਵੇਗੀ ਅਤੇ ਜੇ ‘ਮਜੀਠੀਆ ਸਾਹਿਬ ਕਸੂਰਵਾਰ ਪਾਏ ਗਏ’ ਤਾਂ ਉਨ੍ਹਾਂ ਤੇ ਉਨ੍ਹਾਂ ਦੇ ਮਾਫੀਆ ਗੈਂਗ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਧਰਮ ਦੇ ਨਾਂ ‘ਤੇ ਗੰਦੀ ਰਾਜਨੀਤੀ ਕਰ ਰਿਹਾ ਹੈ।
ਮਲੇਰਕੋਟਲਾ ਵਿਚ ਕੁਰਾਨ ਦੀ ਹੋਈ ਬੇਅਦਬੀ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਕਹਿੰਦਾ ਰਿਹਾ ਕਿ ਫੜਿਆ ਗਿਆ ਮੁਲਜ਼ਮ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਾਰਕੁਨ ਹੈ ਪਰ ਹੁਣ ਗਲਤ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਇਸ ਮਾਮਲੇ ਵਿਚ ‘ਆਪ’ ਦਾ ਦਿੱਲੀ ਤੋਂ ਇਕ ਵਿਧਾਇਕ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਗਲਤ ਪ੍ਰਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …