ਪੰਜਾਬ ਅਤੇ ਹਰਿਆਣਾ ਨੇ ਫੌਜ ਦੀ ਮੱਦਦ ਲਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਣੇ ਉਤਰੀ ਭਾਰਤ ਵਿਚ ਪਏ ਜ਼ੋਰਦਾਰ ਮੀਂਹ ਨੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਇਸ ਭਾਰੀ ਮੀਂਹ ਦੌਰਾਨ ਭਾਰਤ ਦੇ 7 ਸੂਬਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਅਤੇ ਲੈਂਡ ਸਲਾਈਡ ਵੀ ਹੋਇਆ। ਇਸ ਕੁਦਰਤੀ ਆਫਤ ਦੇ ਅੱਗੇ ਲੋਕ ਬੇਬਸ ਹੋ ਗਏ ਅਤੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਵੀ ਨਜ਼ਰ ਆਏ। ਪੰਜਾਬ ਅਤੇ ਹਰਿਆਣਾ ਨੂੰ ਇਸ ਕੁਦਰਤੀ ਆਫਤ ਨਾਲ ਨਜਿੱਠਣ ਲਈ ਫੌਜ ਦੀ ਮੱਦਦ ਲੈਣੀ ਪਈ। ਪੰਜਾਬ, ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਣੇ ਦੇਸ਼ ਦੇ ਉਤਰੀ ਸੂਬਿਆਂ ਵਿਚ ਹੜ੍ਹ ਵਰਗੇ ਹਾਲਾਤ ਹਨ। ਸੱਤ ਸੂਬਿਆਂ ਵਿਚ ਭਾਰੀ ਮੀਂਹ ਅਤੇ ਲੈਂਡ ਸਲਾਈਡ ਨਾਲ ਵੱਖ-ਵੱਖ ਘਟਨਾਵਾਂ ਵਿਚ 70 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਚਲੇ ਗਈ। ਯਮੁਨਾ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ। ਮੀਂਹ ਕਾਰਨ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ 13 ਜੁਲਾਈ ਤੱਕ ਬੰਦ ਹਨ। ਮੌਸਮ ਵਿਭਾਗ ਅਨੁਸਾਰ ਭਾਰਤ ਦੇ ਉਤਰੀ ਰਾਜਾਂ ਵਿਚ ਅਜੇ ਹੋਰ ਮੀਂਹ ਪੈ ਸਕਦਾ ਹੈ। ਪੰਜਾਬ ਅਤੇ ਹਰਿਆਣਾ ਨੇ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਫੌਜ ਦੀ ਮੱਦਦ ਲਈ ਹੈ। ਪਟਿਆਲਾ ਦੇ ਬਹੁਤੇ ਹਿੱਸਿਆਂ ਵਿਚ ਪਾਣੀ ਭਰਿਆ ਹੋਇਆ ਹੈ ਅਤੇ ਫੌਜ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਪਾਣੀ ਨੇ ਰੂੁਪਨਗਰ, ਨਵਾਂ ਸ਼ਹਿਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਜ਼ਿਆਦਾ ਨੁਕਸਾਨ ਕੀਤਾ ਹੈ। ਸਤਲੁਜ ਦਰਿਆ ਵਿੱਚ ਆਏ ਜ਼ੋਰਦਾਰ ਪਾਣੀ ਨੇ ਲੋਕਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਅਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ। ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ।